ਜਦੋਂ ਮਾਈਕਰੋਫੋਨ ਖੁੱਲ੍ਹਾ ਰਹਿਣ ਕਾਰਨ ਰੋਹਿਤ ਤੇ ਅਗਰਕਰ ਦੀ ਗੱਲਬਾਤ ਸਾਰਿਆਂ ਦੇ ਕੰਨੀ ਪਈ
ਮੁੰਬਈ, 18 ਜਨਵਰੀ
ਚੈਪੀਅਨਜ਼ ਟਰਾਫ਼ੀ ਲਈ ਭਾਰਤੀ ਟੀਮ ਦੇ ਐਲਾਨ ਵਾਸਤੇ ਸੱਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਅੱਜ ਮਾਈਕ ਖੁੱਲ੍ਹਾ ਰਹਿਣ ਕਰਕੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਮੁੱਖ ਚੋਣਕਾਰ ਅਜੀਤ ਅਗਰਕਰ ਦਰਮਿਆਨ ਹੋਈ ਗੱਲਬਾਤ ਸਾਰਿਆਂ ਦੇ ਕੰਨੀ ਪੈ ਗਈ। ਦੋਵੇਂ ਦਰਅਸਲ ਭਾਰਤੀ ਕ੍ਰਿਕਟ ਬੋਰਡ ਵੱਲੋਂ ਪਿਛਲੇ ਦਿਨੀਂ ਖਿਡਾਰੀਆਂ ਲਈ ਜਾਰੀ ਦਸ ਨੁਕਤਿਆਂ ਵਾਲੇ ਫ਼ਰਮਾਨ ਬਾਰੇ ਗੱਲ ਕਰ ਰਹੇ ਸਨ। ਰੋਹਿਤ ਨੂੰ ਮੁੰਬਈ ਟੀਮ ਵਿਚਲੇ ਆਪਣੇ ਪੁਰਾਣੇ ਸਾਥੀ (ਅਗਰਕਰ) ਨੂੰ ਇਹ ਕਹਿੰਦਿਆਂ ਸੁਣਿਆ ਗਿਆ, ‘‘ਹੁਣ ਫੈਮਿਲੀ-ਵੈਮਿਲੀ ਬਾਰੇ ਡਿਸਕਸ ਕਰਨ ਲਈ ਮੈਨੂੰ ਸੈਕਟਰੀ ਨਾਲ ਬੈਠਣਾ ਪਏਗਾ। ਸਾਰੇ ਮੈਨੂੰ ਬੋਲ ਰਹੇ ਹਨ ਯਾਰ। ਸਾਰੇ (ਖਿਡਾਰੀ) ਮੈਨੂੰ ਆਖ ਰਹੇ ਹਨ।’’ ਰੋਹਿਤ ਦੀਆਂ ਇਹ ਟਿੱਪਣੀਆਂ ਹਾਲਾਂਕਿ ਮੀਡੀਆ ਲਈ ਨਹੀਂ ਸਨ, ਪਰ ਇਹ ਗੱਲ ਮਾਈਕੋਫੋਨ ’ਤੇ ਫੜੀ ਗਈ। ਪੱਤਰਕਾਰਾਂ ਨੇ ਰੋਹਿਤ ਨੂੰ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਤੁਹਾਨੂੰ ਇਨ੍ਹਾਂ ਨੇਮਾਂ ਬਾਰੇ ਕਿਸ ਨੇ ਦੱਸਿਆ ਹੈ? ਕੀ ਇਹ ਬੀਸੀਸੀਆਈ ਦੇ ਅਧਿਕਾਰਤ ਹੈਂਡਲ ਤੋਂ ਆਇਆ ਹੈ? ਪਹਿਲਾਂ ਇਸ ਨੂੰ ਅਧਿਕਾਰਤ ਤੌਰ ’ਤੇ ਆਉਣ ਦਿਓ।’’ ਹਾਲਾਂਕਿ ਜਦੋਂ ਅਗਰਕਰ ਬੋਲਿਆ ਤਾਂ ਰੋਹਿਤ ਨੇ ਮੰਨਿਆ ਕਿ ਦਿਸ਼ਾ ਨਿਰਦੇਸ਼ਾਂ ਦਾ ਖਰੜਾ ਤਿਆਰ ਹੋਇਆ ਹੈ। ਉਂਝ ਅਜੀਤ ਅਗਰਕਰ ਨੇ ਕਿਹਾ ਕਿ ਬੀਸੀਸੀਆਈ ਦਾ ਫ਼ਰਮਾਨ ਖਿਡਾਰੀਆਂ ਲਈ ‘ਸਜ਼ਾ’ ਨਹੀਂ ਹੈ।