For the best experience, open
https://m.punjabitribuneonline.com
on your mobile browser.
Advertisement

ਜਦੋਂ ਮੁੱਖ ਮੰਤਰੀ ਦੇ ਭੇਟ ਕੀਤੇ ਤਾਲੇ ਨੇ ਛੇੜੀ ਦੁਖਦੀ ਰਗ

07:54 AM Mar 05, 2024 IST
ਜਦੋਂ ਮੁੱਖ ਮੰਤਰੀ ਦੇ ਭੇਟ ਕੀਤੇ ਤਾਲੇ ਨੇ ਛੇੜੀ ਦੁਖਦੀ ਰਗ
ਵਿਧਾਨ ਸਭਾ ਵਿੱਚ ਰੋਂਦੇ ਹੋਏ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ। -ਫੋਟੋ: ਵਿੱਕੀ ਘਾਰੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਮਾਰਚ
ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਅੱਜ ਮਰਿਆਦਾ, ਸੰਜਮ, ਜ਼ਾਬਤਾ ਤੇ ਗੰਭੀਰਤਾ ਸਭ ਲਾਪਤਾ ਸਨ ਜਦਕਿ ਦੂਜੇ ਪਾਸੇ ਨਾਅਰੇ, ਤਲਖ਼ਕਲਾਮੀ, ਬਦਜ਼ੁਬਾਨੀ ਤੇ ਮਿਹਣਿਆਂ ਦੀ ਭਰਮਾਰ ਦੇਖਣ ਨੂੰ ਮਿਲੀ। ਜਿਸ ਸਦਨ ਤੋਂ ਪੰਜਾਬ ਦੀ ਬੰਦ ਕਿਸਮਤ ਦਾ ਤਾਲਾ ਖੋਲ੍ਹਣ ਦੀ ਉਮੀਦ ਸੀ ਉਸ ਸਦਨ ਵਿੱਚ ਵਿਰੋਧੀ ਧਿਰ ਦਾ ‘ਵਾਕਆਊਟ’ ਅੱਜ ਇੱਕ ਤਾਲੇ ਵਿੱਚ ਬੱਝਿਆ ਨਜ਼ਰ ਆਇਆ। ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੀਕਰ ਨੂੰ ਤਾਲਾ ਭੇਟ ਕਰਦਿਆਂ ਸਦਨ ਦੇ ਗੇਟ ਨੂੰ ਅੰਦਰੋਂ ਤਾਲਾ ਲਾਉਣ ਲਈ ਕਿਹਾ ਤਾਂ ਜੋ ਵਿਰੋਧੀ ਧਿਰ ਸਦਨ ਵਿੱਚ ਬੈਠ ਕੇ ਚਰਚਾ ਕਰੇ ਤੇ ਸੁਣੇ।
ਵਿਰੋਧੀ ਧਿਰ ਅੱਜ ਚਾਹੁੰਦੀ ਹੋਈ ਵੀ ਵਾਕਆਊਟ ਤੋਂ ਟਲਦੀ ਰਹੀ। ਮੁੱਖ ਮੰਤਰੀ ਨੇ ਕਿਹਾ, ‘‘ਏਹ ਕਸੂਤੇ ਫਸ ਗਏ ਨੇ, ਹੁਣ ਬਾਹਰ ਨਹੀਂ ਜਾ ਸਕਦੇ।’’ ਇਸ ’ਤੇ ਇਤਰਾਜ਼ ਜ਼ਾਹਰ ਕਰਦਿਆਂ ਵਿਰੋਧੀ ਧਿਰ ਦੇ ਆਗੂ ਸਪੀਕਰ ਦੀ ਕੁਰਸੀ ਅੱਗੇ ਆ ਕੇ ਚਾਰ ਘੰਟੇ ਨਾਅਰੇਬਾਜ਼ੀ ਕਰਦੇ ਰਹੇ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਚੁਣੌਤੀ ਦਿੱਤੀ ਕਿ ਸਪੀਕਰ ਸਦਨ ਦੇ ਗੇਟ ਨੂੰ ਤਾਲਾ ਲਾ ਕੇ ਦਿਖਾਉਣ। ਇੰਝ, ਲੱਗ ਰਿਹਾ ਸੀ ਕਿ ਵਿਰੋਧੀ ਧਿਰ ਅੱਜ ਸਦਨ ਵਿੱਚ ਰਹਿਣ ਲਈ ਮਜਬੂਰ ਸੀ। ਐਨਾ ਲੰਬਾ ਸਮਾਂ ਖੜ੍ਹ ਕੇ ਵਿਰੋਧ ਦਰਜ ਕਰਵਾਉਣਾ ਸੌਖਾ ਨਹੀਂ ਸੀ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਬੈਂਚਾਂ ’ਤੇ ਬੈਠ ਬੈਠ ਕੇ ਨਾਅਰੇ ਲਾਏ। ਉਧਰ ਹਾਕਮ ਧਿਰ ਵੀ ਵਿਰੋਧੀ ਧਿਰ ਨੂੰ ਉਕਸਾਉਂਦੀ ਨਜ਼ਰ ਆਈ।
ਮੁੱਖ ਮੰਤਰੀ ਨੇ ਤਾਂ ਇੱਕ ਕਾਂਗਰਸੀ ਵਿਧਾਇਕ ਨੂੰ ਪਾਣੀ ਦੀ ਬੋਤਲ ਵੀ ਦਿੱਤੀ। ਰਾਜਾ ਵੜਿੰਗ ਨੂੰ ਵੀ ਮੁੜ ਮੁੜ ਢਾਕ ’ਤੇ ਹੱਥ ਰੱਖ ਕੇ ਸਾਹ ਲੈਂਦਿਆਂ ਦੇਖਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਬੱਸਾਂ ਦੀ ਮਾੜੀ ਹਾਲਤ ਦੇ ਮੁੱਦੇ ’ਤੇ ਵੜਿੰਗ ਨੂੰ ਟਿੱਚਰ ਵੀ ਕੀਤੀ। ਸਦਨ ਵਿੱਚ ਹੀ ਮੁੱਖ ਮੰਤਰੀ ਨੇ ਇੱਕ ਸ਼ਿਕਾਇਤ ਦੀ ਕਾਪੀ ਸੁਖਜਿੰਦਰ ਰੰਧਾਵਾ ਨੂੰ ਫੜਾ ਦਿੱਤੀ, ਜੋ ਕਿ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨਾਲ ਸਬੰਧਤ ਸੀ। ਵਿਰੋਧੀ ਧਿਰ ਆਖਰ ’ਚ ਐਨੀ ਥੱਕ ਹਾਰ ਗਈ ਕਿ ਕਈ ਵਿਧਾਇਕ ਉਬਾਸੀਆਂ ਲੈਂਦੇ ਦੇਖੇ ਗਏ।
ਮੁੱਖ ਮੰਤਰੀ ਨੇ ਅੱਜ ਨਵਜੋਤ ਸਿੱਧੂ ਦੀ ਤੁਲਨਾ ‘ਕਠੂਆ ਵਾਲੀ ਗੱਡੀ’ ਨਾਲ ਕੀਤੀ। ਪਹਿਲਾਂ ਉਹ ਭਾਸ਼ਨਾਂ ਵਿੱਚ ਸਿੱਧੂ ਦੀ ਤੁਲਨਾ ਵਿਆਹਾਂ ਵਿੱਚ ਦਿੱਤੇ ਜਾਂਦੇ ਲੈਣ-ਦੇਣ ਵਾਲੇ ਸੂਟਾਂ ਨਾਲ ਕਰਦੇ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਕਠੂਆ ਤੋਂ ਬਿਨਾਂ ਡਰਾਈਵਰ ਵਾਲੀ ਗੱਡੀ ਨੂੰ ਰੋਕਣਾ ਮੁਸ਼ਕਲ ਹੋਇਆ ਪਿਆ ਸੀ ਉਸੇ ਤਰ੍ਹਾਂ ਸਿੱਧੂ ਨੂੰ ਰੋਕਣਾ ਵੀ ਔਖਾ ਹੋਇਆ ਪਿਆ ਹੈ। ਉਨ੍ਹਾਂ ਇਹ ਵੀ ਕਿਹਾ, “ਸਿੱਧੂ ਵਨ ਮੈਨ ਸ਼ੋਅ ਹੈ, ਜਿਸ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ।” ਮੁੱਖ ਮੰਤਰੀ ਨੇ ਕਾਂਗਰਸ ਦੀ ਤੁਲਨਾ ਪੁਰਾਣੇ ਮਾਡਲ ਦੀ ਫਿਏਟ ਕਾਰ ਨਾਲ ਕੀਤੀ ਜਿਸ ਨੂੰ ਲੋੜਾਂ ਮੁਤਾਬਕ ਅਪਡੇਟ ਨਹੀਂ ਕੀਤਾ ਗਿਆ।

Advertisement

ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਮਜ਼ਾਕ ਉਡਾਇਆ: ਬਾਜਵਾ

ਚੰਡੀਗੜ੍ਹ (ਟਨਸ): ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਇਜਲਾਸ ਦੇ ਦੂਜੇ ਦਿਨ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਨੈਤਿਕ ਅਤੇ ਗ਼ੈਰ-ਸੰਵਿਧਾਨਕ ਵਿਹਾਰ ਲਈ ਆਲੋਚਨਾ ਕੀਤੀ। ਸ੍ਰੀ ਬਾਜਵਾ ਨੇ ਮੁੱਖ ਮੰਤਰੀ ’ਤੇ ਸੂਬੇ ਦੇ ਅਸਲ ਮੁੱਦਿਆਂ ’ਤੇ ਚਰਚਾ ਕਰਨ ਦੀ ਬਜਾਏ ਵਿਧਾਨ ਸਭਾ ਵਿੱਚ ਬੇਲੋੜੀ ਡਰਾਮੇਬਾਜ਼ੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸਦਨ ਨੂੰ ਅੰਦਰੋਂ ਜਿੰਦਰਾ ਲਾਉਣ ਲਈ ਕਹਿ ਕੇ ਮੁੱਖ ਮੰਤਰੀ ਦੇ ਅਹੁਦੇ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਦੋ ਸਾਲਾਂ ਦੇ ਕਾਰਜਕਾਲ ’ਚ ਪੰਜਾਬ ਦੀ ਸਨਅਤ ਪਹਿਲੇ ਸਥਾਨ ਤੋਂ ਡਿੱਗ ਕੇ 24ਵੇਂ ਸਥਾਨ ’ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਅੱਜ ਵਿਧਾਨ ਸਭਾ ’ਚ ਉਠਾਉਣਾ ਚਾਹੁੰਦੀ ਸੀ, ਪਰ ਮੁੱਖ ਮੰਤਰੀ ਹੋਰਨਾਂ ਗੱਲਾਂ ’ਚ ਲੱਗੇ ਰਹੇ। ਸ੍ਰੀ ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਵਿਧਾਨ ਸਭਾ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ’ਤੇ ਚਰਚਾ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਮੁਹੱਈਆ ਕਰਵਾਏਗੀ ਪਰ ਸਰਕਾਰ ਇਸ ਬਾਰੇ ਗੱਲ ਕਰਨ ਲਈ ਤਿਆਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਵੱਲੋਂ ਪੰਜਾਬ ਦੇ ਇਲਾਕੇ ਵਿੱਚ ਦਾਖ਼ਲ ਹੋ ਕਿਸਾਨਾਂ ’ਤੇ ਹਮਲਾ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵਿਰੁੱਧ ਕੇਸ ਦਰਜ ਕਰਨ ਲਈ ਤਿਆਰ ਨਹੀਂ ਹੈ।

Advertisement
Author Image

joginder kumar

View all posts

Advertisement
Advertisement
×