ਜਾਨਵਰ ਨਾ ਰੱਖਣ ਲਈ ਕਹਿਣ ’ਤੇ ਧੀ ਨੇ ਪਾਲਤੂ ਕੁੱਤੇ ਤੋਂ ਮਾਂ ਨੂੰ ਵਢਾਇਆ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 15 ਜੁਲਾਈ
ਇੱਥੋਂ ਦੇ ਸੈਕਟਰ-91 ਵਿੱਚ ਰਹਿੰਦੀ ਇੱਕ ਬਿਰਧ ਨੂੰ ਉਸ ਦੀ ਆਪਣੀ ਹੀ ਧੀ ਨੇ ਪਾਲਤੂ ਕੁੱਤੇ ਤੋਂ ਕਟਵਾਇਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਧੀ ਆਪਣੇ ਕੁੱਤੇ ਸਣੇ ਮੌਕੇ ਤੋਂ ਫ਼ਰਾਰ ਹੋ ਗਈ। ਸੋਹਾਣਾ ਥਾਣੇ ਦੀ ਪੁਲੀਸ ਨੇ ਮਾਂ ਦੀ ਸ਼ਿਕਾਇਤ ’ਤੇ ਧੀ ਖ਼ਿਲਾਫ਼ ਕੇਸ ਕਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੀੜਤ ਔਰਤ ਇੰਦਰਜੀਤ ਕੌਰ (76) ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਧੀ ਜਸਪ੍ਰੀਤ ਕੌਰ ਨੇ ਉਸ ਨੂੰ ਆਪਣੇ ਪਾਲਤੂ ਕੁੱਤੇ ਤੋਂ ਕਟਵਾਇਆ ਹੈ। ਸ਼ਿਕਾਇਤਕਰਤਾ ਅਨੁਸਾਰ ਜਸਪ੍ਰੀਤ ਦਾ ਤਲਾਕ ਹੋ ਗਿਆ ਸੀ, ਜਿਸ ਮਗਰੋਂ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ। ਜਸਪ੍ਰੀਤ ਨੇ ਇੱਕ ਹੁੱਕਾ ਨਾਮ ਦਾ ਬੁੱਲਡੌਗ ਪਾਲਿਆ ਹੋਇਆ ਹੈ।
ਡੀਐੱਸਪੀ ਨੇ ਦੱਸਿਆ ਕਿ ਪੀੜਤ ਔਰਤ ਅਨੁਸਾਰ ਉਸ ਨੇ ਆਪਣੀ ਧੀ ਨੂੰ ਕਿਹਾ ਸੀ ਕਿ ਹੁਣ ਉਹ ਬਜ਼ੁਰਗ ਹੋ ਗਈ ਹੈ, ਇਸ ਲਈ ਘਰ ਵਿੱਚ ਖ਼ਤਰਨਾਕ ਜਾਨਵਰ ਨਾ ਰੱਖੇ। ਇਸੇ ਕਾਰਨ ਉਸ ਦੀ ਧੀ ਨਾਲ ਬਹਿਸ ਹੋ ਗਈ ਅਤੇ ਜਸਪ੍ਰੀਤ ਨੇ ਉਸ ਨੂੰ ਗਲੇ ਤੋਂ ਫੜ ਲਿਆ ਅਤੇ ਆਪਣੇ ਕੁੱਤੇ ਨੂੰ ਕੋਲ ਸੱਦ ਕੇ ਉਸ ਨੂੰ ਕਟਵਾ ਦਿੱਤਾ। ਬੁੱਲਡੌਗ ਨੇ ਬਜ਼ੁਰਗ ਔਰਤ ਨੂੰ ਕੂਹਣੀ ਤੋਂ ਕੱਟ ਲਿਆ ਹੈ। ਇਸ ਸਬੰਧੀ ਪੁਲੀਸ ਨੇ ਜਸਪ੍ਰੀਤ ਕੌਰ ਖ਼ਿਲਾਫ਼ ਧਾਰਾ 289, 608 ਅਧੀਨ ਪਰਚਾ ਦਰਜ ਕੀਤਾ ਹੈ। ਜਸਪ੍ਰੀਤ ਕੌਰ ਆਪਣੇ ਕੁੱਤੇ ਨੂੰ ਲੈ ਕੇ ਫਰਾਰ ਹੋ ਗਈ ਹੈ ਅਤੇ ਪੁਲੀਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।