ਜਦੋਂ ਮੁੱਖ ਮੰਤਰੀ ‘ਰਿਟਰਨ ਗਿਫ਼ਟ’ ਲੈ ਕੇ ਮੁੜੇ..!
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਸਤੰਬਰ
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਕਈ ਖ਼ਾਸ ਰੰਗ ਦੇਖਣ ਨੂੰ ਮਿਲੇ। ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਸਦਨ ’ਚ ਭਾਸ਼ਣ ਸੰਜਮੀ ਤੇ ਮਿੱਠੀਆਂ ਚੋਭਾਂ ਵਾਲਾ ਰਿਹਾ। ਉਨ੍ਹਾਂ ਨੇ ਵਿਰੋਧੀ ਧਿਰ ਪ੍ਰਤੀ ਅਦਬ ਦਿਖਾਇਆ ਅਤੇ ਵਿਰੋਧੀਆਂ ਤੋਂ ਮੁੱਖ ਮੰਤਰੀ ਨੂੰ ਵੀ ‘ਰਿਟਰਨ ਗਿਫ਼ਟ’ ਉਸੇ ਰੰਗ ਦਾ ਹੀ ਮਿਲਿਆ। ਸਦਨ ਵਿਚ ਦੋ ‘ਪ੍ਰਤਾਪਾਂ’ ਦਾ ਅਲੱਗ-ਅਲੱਗ ਪ੍ਰਤਾਪ ਸੀ। ਇੱਕ ਕੁੰਵਰ ਵਿਜੈ ਪ੍ਰਤਾਪ ਸਿੰਘ, ਜਿਸ ਨੇ ਐਤਕੀਂ ਖੁੱਲ੍ਹਾ ਬੋਲ ਕੇ ਢਿੱਡ ਹਲਕਾ ਕਰ ਲਿਆ ਤੇ ਦੂਜੇ ਪ੍ਰਤਾਪ ਸਿੰਘ ਬਾਜਵਾ ਇਸ ਵਾਰ ਢਿੱਡ ਨੂੰ ਗੱਠ ਦੇ ਕੇ ਬੈਠੇ ਨਜ਼ਰ ਆਏ।
ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਇਹ ਆਖ ਕੇ ‘ਕੀ ਪੰਚਾਇਤੀ ਚੋਣਾਂ ਵੇਲੇ ਕਾਗਜ਼ ਤਾਂ ਰੱਦ ਨਹੀਂ ਕਰੋਗੇ’, ਖ਼ੁਦ ਹੀ ਕਸੂਤੇ ਫਸ ਗਏ। ਮੁੱਖ ਮੰਤਰੀ ਨੇ ਫ਼ੌਰੀ ਜੁਆਬ ਦਿੱਤਾ, ‘ਤੁਹਾਡੇ ਵਾਲੇ ਫ਼ਾਰਮੂਲੇ ਹੁਣ ਨਹੀਂ ਚੱਲਣਗੇ।’ ਵਿਧਾਇਕ ਅਸ਼ੋਕ ਪ੍ਰਾਸ਼ਰ ਨੇ ਗੁਰਦਾਸ ਮਾਨ ਦੇ ਗਾਣੇ ਦੀਆਂ ਸਤਰਾਂ ‘ਆਪੇ ਰੋਗ ਲਾਉਣੇ, ਆਪੇ ਦੇਣੀਆਂ ਦੁਆਵਾਂ’ ਦੇ ਹਵਾਲੇ ਨਾਲ ਕਿਹਾ ਕਿ ਯੂਪੀ ਦੇ ਗੈਂਗਸਟਰਾਂ ਨੂੰ ਇੱਥੇ ਰੱਖਣ ਵਾਲੀ ਪਾਰਟੀ ਦੇ ਦਸ ਬਾਰਾਂ ਵਿਧਾਇਕ ਹੁਣ ਵਹਿਮ ਪਾਲ ਰਹੇ ਹਨ। ਜੁਆਬੀ ਹਮਲੇ ’ਚ ਪ੍ਰਤਾਪ ਬਾਜਵਾ ਨੇ ਕਿਹਾ ਕਿ ‘ਜੀਹਨੇ ਰੱਖੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੋ, ਕਰਨ ਜੋਗੇ ਕੁਝ ਨਹੀਂ, ਸਤਰਾਂ ਪੜ੍ਹਨ ਜੋਗੇ ਨੇ।’
ਸਦਨ ’ਚੋਂ ਅੱਜ ਭਾਜਪਾ ਦੇ ਵਿਧਾਇਕ ਗ਼ੈਰਹਾਜ਼ਰ ਸਨ। ਮੁੱਖ ਮੰਤਰੀ ਵੱਲੋਂ ਸੈਸ਼ਨ ਦੌਰਾਨ ਜਦੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਪ੍ਰਤੀ ਲੋੜੋਂ ਵੱਧ ਮੋਹ ਦਿਖਾਇਆ ਗਿਆ ਤਾਂ ਇਹ ਚਰਚਾ ਛਿੜੀ ਰਹੀ ਕਿ ‘ਕੀ ਇਆਲੀ ਰਹਿਣਗੇ ਅਕਾਲੀ’।
‘ਆਪ’ ਵਿਚ ਸ਼ਾਮਲ ਹੋਏ ਅਕਾਲੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦਾ ਇਸ ਸੈਸ਼ਨ ਵਿਚ ਮੌਨ ਹੀ ਰਿਹਾ। ਪਿਛਲੇ ਸੈਸ਼ਨਾਂ ਵਿਚ ਮੁੱਖ ਮੰਤਰੀ ਡਾ. ਸੁੱਖੀ ਦੀ ਤਾਰੀਫ਼ ਕਰਦੇ ਰਹੇ ਹਨ।
ਭਗਵੰਤ ਮਾਨ ਨੇ ਅਕਾਲੀ ਦਲ ਦੀ ਨਿਵਾਣ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਤਾਂ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਹੀ ਬਣਾ ਸਕਦਾ ਹੈ ਕਿਉਂਕਿ 11 ਮੈਂਬਰੀ ਕਮੇਟੀ ਵਾਸਤੇ ਤਾਂ ਮੈਂਬਰ ਨਹੀਂ ਮਿਲਣੇ।
ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਜੇ ਤਿੰਨ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਮਸ਼ਵਰਾ ਕਰਦੀ ਤਾਂ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਵੀ ਬਚ ਜਾਣੀ ਸੀ।
ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਜਦੋਂ ਸ਼ਾਹਕੋਟ ਵਿਚ 234 ਵਿਚੋਂ 111 ਪੰਚਾਇਤਾਂ ਸਰਬਸੰਮਤੀ ਨਾਲ ਬਣਾਏ ਜਾਣ ਦਾ ਦਾਅਵਾ ਕੀਤਾ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਤੰਜ਼ਨੁਮਾ ਤਰੀਕੇ ’ਚ ਕਿਹਾ ਕਿ ‘ਸਰਬਸੰਮਤੀ ਵਾਲਾ ਫ਼ਾਰਮੂਲਾ ਵੀ ਦੱਸ ਦਿਓ।’