ਜਦੋਂ ਗੱਡੀ ਨਿਕਲ ਗਈ...
ਪ੍ਰੋ. ਮੋਹਣ ਸਿੰਘ
ਉਦੋਂ, 1947 ਤੋਂ ਪਹਿਲਾਂ, ਰੇਲ ਗੱਡੀਆਂ ਦੇ ਡੱਬੇ ਲੱਕੜ ਦੇ ਹੁੰਦੇ ਸਨ। ਖਿੜਕੀਆਂ ’ਤੇ ਸੀਖਾਂ ਨਹੀਂ ਸਨ ਹੁੰਦੀਆਂ। ਇੱਕ ਸ਼ਟਰ ਉੱਪਰੋਂ ਖਿੱਚ ਕੇ ਠਾਂਹ ਨੂੰ ਕਰੀਦਾ ਸੀ ਤੇ ਲੋੜ ਮੁਤਾਬਿਕ ਅੱਧਾ ਵੀ ਖੁੱਲ੍ਹ ਸਕਦਾ ਸੀ। ਦੂਜਾ ਸ਼ਟਰ, ਸ਼ੀਸ਼ੇ ਵਾਲਾ ਨਹੀਂ ਸੀ ਹੁੰਦਾ ਅਤੇ ਹੇਠੋਂ ਖਿੱਚ ਕੇ ਉਤਾਂਹ ਨੂੰ ਕਰਨਾ ਹੁੰਦਾ ਸੀ। ਸੀਟਾਂ ਲੰਮੇ ਰੁਖ਼ ਹੁੰਦੀਆਂ ਸਨ ਅਤੇ ਸਵਾਰੀਆਂ ਆਹਮੋ-ਸਾਹਮਣੇ ਚਾਰ ਕਤਾਰਾਂ ’ਚ ਬੈਠਦੀਆਂ ਸਨ। ਪੱਖੇ ਕਿਸੇ ਕਿਸੇ ਡੱਬੇ ’ਚ ਹੁੰਦੇ ਸਨ ਅਤੇ ਟੌਇਲਟ ਇੱਕ ਡੱਬੇ ਵਿੱਚ ਦੋ। ਦਾਖ਼ਲ ਹੋਣ ਵਾਲੇ ਚਾਰੇ ਦਰਵਾਜ਼ੇ ਬਾਹਰ ਨੂੰ ਖੁੱਲ੍ਹਦੇ ਸਨ ਅਤੇ ਦਰਵਾਜ਼ੇ ਨਾਲ ਢੋਅ ਲਾ ਕੇ ਖੜ੍ਹਾ ਵਿਅਕਤੀ, ਜੇ ਦਰਵਾਜ਼ਾ ਖੁੱਲ੍ਹ ਜਾਵੇ, ਤਾਂ ਬਾਹਰ ਡਿੱਗ ਸਕਦਾ ਸੀ। ਗੱਡੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੱਤ ਅੱਠ ਡੱਬੇ ਹੁੰਦੇ ਸਨ ਤੇ ਚੱਲਦੀ ਗੱਡੀ ਦਾ ਖੁੱਲ੍ਹਾ ਦਰਵਾਜ਼ਾ ਪਲੈਟਫਾਰਮ ਦੇ ਕਿਨਾਰੇ ’ਤੇ ਖਲੋਤੇ ਵਿਅਕਤੀ ਨੂੰ ਮੂਧੇ ਮੂੰਹ ਸੁੱਟਦਾ ਸੀ। ਮੈਨੂੰ ਯਾਦ ਹੈ, ਫੁੱਟਬੋਰਡ ’ਤੇ ਖਲੋ ਕੇ, ਹੈਂਡਲਾਂ ਨੂੰ ਫੜ ਕੇ, ਚਾਰ-ਚਾਰ ਪੰਜ-ਪੰਜ ਨਿਡਰ ਜਾਂ ਅਣਜਾਣ ਆਦਮੀ, ਲਮਕ ਕੇ ਸਫ਼ਰ ਕਰਦੇ ਸਨ ਹਾਲਾਂਕਿ ਕਾਨੂੰਨਨ ਇਸਦੀ ਮਨਾਹੀ ਸੀ। ਬ੍ਰਾਂਚ ਲਾਈਨ ’ਤੇ ਖ਼ਾਸ ਕਰਕੇ ਮੱਸਿਆ ਵਾਲੇ ਦਿਨ ਬੱਸਾਂ ਵਾਂਗ ਰੇਲ ਦੀ ਛੱਤ ’ਤੇ ਬੈਠ ਕੇ ਸਫ਼ਰ ਕਰਨਾ ਆਮ ਵਰਤਾਰਾ ਸੀ। ਜੰਡਿਆਲੇ ਵਰਗੇ ਬੀ-ਕਲਾਸ ਸਟੇਸ਼ਨਾਂ ਦੇ ਦੋਵੇਂ ਪਾਸੇ ਦੂਰ ਦੂਰ ਤੱਕ ਜੰਗਲਾ ਜਾਂ ਕੰਡਿਆਂ ਵਾਲੀ ਤਾਰ ਹੁੰਦੀ ਸੀ ਅਤੇ ਥੋੜ੍ਹੇ ਕੀਤੇ ਕੋਈ ਜਾਨਵਰ ਪਲੇਟਫਾਰਮ ਤੱਕ ਨਹੀਂ ਸੀ ਆ ਸਕਦਾ। ਵੈਸੇ ਵੀ ਵਾਗੀ ਖਬਰਦਾਰ ਰਹਿੰਦੇ ਸਨ ਕਿ ਕਿਤੇ ਵੀ ਕੋਈ ਮੱਝ ਜਾਂ ਗਾਂ ਰੇਲ ਪਟੜੀ ’ਤੇ ਨਾ ਜਾਵੇ ਕਿਉਂਕਿ ਜੋ ਕੋਈ ਜਾਨਵਰ ਵਲ਼ਿਆ ਗਿਆ, ਮਤਲਬ ਫੜਿਆ ਗਿਆ ਤਾਂ ਭਾਰੀ ਜੁਰਮਾਨਾ ਹੁੰਦਾ ਸੀ। ਚੜ੍ਹਨ ਵਾਲੀਆਂ ਸਵਾਰੀਆਂ ਨੂੰ ਸਟੇਸ਼ਨ ਦੇ ਗੇਟ ’ਤੇ ਹੀ ਟਿਕਟ ਵਿਖਾਉਣੀ ਪੈਂਦੀ ਸੀ ਤੇ ਟਿਕਟ ਚੈੱਕਰ ਇੱਕ ਖ਼ਾਸ ਕਿਸਮ ਦੇ ਪਲਾਸ ਨਾਲ ਉਸ ਗੱਤੇ ਦੀ ਟਿਕਟ ’ਤੇ ਤਿਕੋਣਾ ਜਿਹਾ ਇੱਕ ਵੱਖਰੀ ਕਿਸਮ ਦਾ ਨਿਸ਼ਾਨ ਲਾ ਦਿੰਦਾ ਸੀ। ਟਰੇਨ ਦੇ ਅੰਦਰ ਵੀ ਟੀ.ਟੀ. ਆਉਂਦਾ ਸੀ। ਸਪੱਸ਼ਟ ਹੋ ਜਾਂਦਾ ਸੀ ਕਿ ਇਹ ਟਿਕਟ ਵਰਤੀ ਗਈ ਹੈ। ਸਟੇਸ਼ਨ ਦੇ ਅੰਦਰ ਜੇ ਕਿਸੇ ਕੋਲ ਪਲੈਟਫਾਰਮ ਟਿਕਟ ਵੀ ਨਹੀਂ ਤਾਂ ਉਸ ਨੂੰ ਬੇ-ਟਿਕਟੀ ਸਵਾਰੀ ਸਮਝ ਕੇ ਕਾਰਵਾਈ ਹੁੰਦੀ ਸੀ। ਮੈਨੂੰ ਯਾਦ ਹੈ ਜੰਡਿਆਲੇ ਤੋਂ ਅੰਮ੍ਰਿਤਸਰ ਆ ਰਹੀ ਇੱਕ ਤੀਹ ਕੁ ਮੈਂਬਰੀ ਬਰਾਤ ਵਿੱਚ ਮੈਂ ਵੀ ਸ਼ਾਮਲ ਸਾਂ। ਮੇਰੀ ਓਦੋਂ ਅੱਧੀ ਟਿਕਟ ਲੱਗਦੀ ਸੀ ਪਰ ਇੱਕ ਹੋਰ ਲੜਕਾ ਜਿਸ ਦੀ ਬਣਦੀ ਅੱਧੀ ਟਿਕਟ ਨਹੀਂ ਸੀ ਲਈ ਹੋਈ, ਟਿਕਟ ਕੁਲੈੱਕਟਰ ਦੇ ਧਿਆਨ ’ਚ ਆ ਗਿਆ। ਸਾਰੀ ਬਰਾਤ ਤਕਰੀਬਨ ਅੱਧਾ ਘੰਟਾ ਰੁਕੀ ਰਹੀ। ਅੰਤ ਮੇਰੇ ਵੱਡੇ ਭਰਾ ਨੇ ਜੋ ਓਦੋਂ ਨਵੇਂ ਨਵੇਂ ਖੁੱਲ੍ਹੇ ਰਾਸ਼ਨਿੰਗ ਦੇ ਮਹਿਕਮੇ ਵਿੱਚ ਸਟੈਨੋ ਸੀ ਅਤੇ ਬਰਮਾ ਰੇਲਵੇ ਵਿੱਚ ਨੌਕਰੀ ਦਾ ਵੀ ਤਜਰਬਾ ਰੱਖਦਾ ਸੀ, ਉਸਨੇ ਅੰਗਰੇਜ਼ੀ ਵਿੱਚ ਕੋਈ ਗਿਟਮਿਟ ਕਰਕੇ ਮਸਲਾ ਨਿਬੇੜਿਆ। ਜੇ ਟਿਕਟ ਲੈਂਦੇ ਤਾਂ ਇੱਕ ਆਨੇ ਦੀ ਹੋਣੀ ਸੀ ਹਾਲਾਂਕਿ ਗ਼ਲਤੀ ਸਹਿਜ ਹੀ ਹੋ ਗਈ ਸੀ। ਰਾਜ ਅੰਗਰੇਜ਼ਾਂ ਦਾ ਨਹੀਂ, ਕਾਨੂੰਨ ਦਾ ਸੀ। ਉਦੋਂ ਫਸਟ-ਸੈਕਿੰਡ ਦਾ ਇੱਕੋ ਡੱਬਾ ਹੁੰਦਾ ਸੀ ਅਤੇ ਇਹ ਡੱਬਾ ਹਮੇਸ਼ਾ ਰੇਲ ਦੇ ਵਿਚਕਾਰ ਜਿਹੇ ਹੁੰਦਾ ਸੀ। ਬਹੁਤੇ ਡੱਬੇ ਥਰਡ ਕਲਾਸ ਦੇ ਹੁੰਦੇ ਸਨ, ਅਨਪੜ੍ਹ ਲੋਕ ਕੇਵਲ ਤਿੰਨ ਡੰਡੇ ਵੇਖਦੇ ਸਨ। ਇੱਕ ਹੋਰ ਕਲਾਸ ਹੁੰਦੀ ਸੀ, ਇੰਟਰ। ਇਸ ਦਾ ਕਿਰਾਇਆ ਥਰਡ ਨਾਲੋਂ ਡੇਢਾ ਹੁੰਦਾ ਸੀ। ਫ਼ਰਕ ਕੇਵਲ ਇਹ ਸੀ ਕਿ ਇੱਥੇ ਭੀੜ ਬਿਲਕੁਲ ਨਹੀਂ ਸੀ ਹੁੰਦੀ। ਸਵਾਰੀਆਂ ਕੋਲ ਸਾਮਾਨ ਬਹੁਤ ਹੁੰਦਾ ਸੀ। ਸਿਰਾਂ ’ਤੇ ਲੋਹੇ ਦੇ ਟਰੰਕ, ਟਰੰਕ ਉੱਤੇ ਸੂਟਕੇਸ, ਹੋਰ ਉੱਤੇ ਬੈੱਡ-ਰੋਲ ਬਿਸਤਰ-ਬੰਦ ਅਤੇ ਮੋਢੇ ’ਤੇ ਕੋਈ ਭਾਰਾ ਝੋਲਾ ਲਟਕਾਈ ਕਾਹਲੀ-ਕਾਹਲੀ ਆਉਂਦੇ ਕੁੱਲੀ ਕਈਆਂ ਦੇ ਸਿਰ ਭੰਨਦੇ ਜਾਂਦੇ ਸਨ। ਵੈਸੇ ਓਦੋਂ ਫਸਟ ਕਲਾਸ ’ਚ ਕੇਵਲ ਅੰਗਰੇਜ਼ ਅਫਸਰ ਹੀ ਸਫਰ ਕਰਦੇ ਸਨ। ਰੇਲ ਚੱਲਣ ਵੇਲੇ ਸਵਾਰੀਆਂ ਨੂੰ ਇੱਕ ਧੱਕਾ ਜਿਹਾ ਮਹਿਸੂਸ ਹੋਇਆ ਕਰਦਾ ਸੀ ਜਿਸ ਤੋਂ ਪਤਾ ਲੱਗ ਜਾਂਦਾ ਕਿ ਗੱਡੀ ਚੱਲ ਪਈ ਹੈ। ਅੱਜਕੱਲ੍ਹ ਕੋਈ ਧੱਕਾ ਨਹੀਂ ਲੱਗਦਾ। ਮੈਂ ਇੱਕ ਵਾਰੀ ਆਪਣੇ ਇੱਕ ਮਰਚੈਂਟ ਨੇਵੀ ਅਫਸਰ ਦੋਸਤ ਨੂੰ ਸਵੇਰੇ ਸਵੇਰੇ ਮੁੰਬਈ ਜਾਣ ਵਾਲੀ ਰੇਲ ਚੜ੍ਹਾਉਣ ਗਿਆ। ਫਸਟ ਕਲਾਸ ਏਸੀ ਕੋਚ ਮੈਂ ਕਦੇ ਅੰਦਰੋਂ ਨਹੀਂ ਸੀ ਵੇਖਿਆ। ਨਰਮ ਗੱਦੇ, ਲਿਸ਼ਕਦੇ ਸ਼ੀਸ਼ੇ, ਹਸਪਤਾਲਾਂ ਵਰਗੀ ਸਫ਼ਾਈ ਅਤੇ ਹੋਰ ਸਵਿੱਚ ਤੇ ਲਾਈਟਾਂ ਵੇਖਣ ਵਿੱਚ ਮੈਂ ਗੁੰਮ ਹੋਇਆ ਪਿਆ ਸਾਂ। ਤਾਹੀਓਂ ਖੌਰੇ ਸ਼ੀਸ਼ੇ ’ਚੋਂ ਬਾਹਰ ਦੀਆਂ ਚੀਜ਼ਾਂ ਪਿਛਾਂਹ ਨੂੰ ਜਾਂਦੀਆਂ ਵੇਖ ਕੇ ਪਤਾ ਲੱਗਾ ਕਿ ਗੱਡੀ ਤਾਂ ਚੱਲ ਪਈ ਹੋਈ ਹੈ। ਚੱਲਦੀ ਗੱਡੀ ’ਚੋਂ ਛਾਲ ਮਾਰ ਕੇ ਉਤਰਿਆ। ਸਾਲ 1957 ਵਿੱਚ ਬੀ.ਟੀ. ਦੇ ਸਿਖਿਆਰਥੀਆਂ ਲਈ ਸ਼ਿਮਲੇ ਦੇ ਨੇੜੇ ਸਕਾਊਟਿੰਗ ਕੈਂਪ ਲਾਉਣਾ ਲਾਜ਼ਮੀ ਹੁੰਦਾ ਸੀ। ਦਸੰਬਰ ਦਾ ਮਹੀਨਾ ਸੀ। ਰਾਤ 9.30 ਵਜ੍ਹੇ ਅੰਮ੍ਰਿਤਸਰੋਂ ਚੱਲਣ ਵਾਲੀ ਕਾਲਕਾ-ਮੇਲ ਵਿੱਚ ਅਸੀਂ ਤਕਰੀਬਨ 80 ਲੜਕੇ-ਲੜਕੀਆਂ ਬੈਠੇ ਸਾਂ। ਲੜਕੀਆਂ ਦਾ ਡੱਬਾ ਵੱਖਰਾ ਸੀ। ਗੱਪਾਂ ਮਾਰਦੇ, ਤਾਸ਼ ਖੇਡਦੇ, ਸਭ ਸੌਂ ਚੁੱਕੇ ਸਨ। ਰਾਤ ਡੇਢ ਕੁ ਵਜੇ, ਅੰਬਾਲੇ ਤੋਂ ਪਹਿਲਾਂ ਰਾਜਪੁਰੇ ਸਟੇਸ਼ਨ ’ਤੇ ਗੱਡੀ ਰੁਕੀ। ਡੌਲ਼ੇ ਦਿਖਾਉਣ ਦਾ ਸ਼ੌਕੀਨ ਇੱਕ ਲੜਕਾ ਨੰਗੇ ਸਿਰ, ਨੰਗੇ ਪੈਰੀਂ ਬਨੈਣ-ਨਿੱਕਰ ਪਾਈ ਪਲੈਟਫਾਰਮ ’ਤੇ ਉਤਰ ਗਿਆ। ਸੇਵੀਆਂ ਲੈਣ ਲਈ। ਹੱਥ ’ਚ ਇੱਕ ਰੁਪਿਆ ਸੀ ਤੇ ਇਕੱਠੀਆਂ ਅੱਠਾਂ ਆਨਿਆਂ ਦੀਆਂ ਲੈ ਬੈਠਾ ਕਿ ਰਲ ਕੇ ਖਾਵਾਂਗੇ। ਛਾਬੜੀ ਵਾਲੇ ਨੇ ਅਠਿਆਨੀ ਵਾਪਸ ਕਰ ਦਿੱਤੀ। ਦੋਹਾਂ ਹੱਥਾਂ ’ਚ ਸੇਵੀਆਂ ਫੜੀ ਉਹ ਪਿੱਛੇ ਪੈਂਦੀ ਟੂਟੀ ’ਤੇ ਪਾਣੀ ਪੀਣ ਚਲਾ ਗਿਆ। ਇਸ ਦੌਰਾਨ ਗੱਡੀ ਚੱਲ ਪਈ ਅਤੇ ਉਹ ਹੱਕਾ-ਬੱਕਾ ਰਾਤ ਦੇ ਸੰਨਾਟੇ ਵਿੱਚ, ਕੱਲਮ-ਕੱਲਾ ਰਹਿ ਗਿਆ। ਸਾਨੂੰ ਕੁਝ ਪਤਾ ਨਹੀਂ ਸੀ। ਕਿਸੇ ਰੇਲ ਕਰਮਚਾਰੀ ਨੇ ਉਸ ਨੂੰ ਸਲਾਹ ਦਿੱਤੀ ਕਿ ਪਿੱਛੋਂ ਅੰਮ੍ਰਿਤਸਰ ਵੱਲੋਂ ਆਉਂਦੀ ਹਰਿਦੁਆਰ ਪੈਸੰਜਰ ’ਚ ਬੈਠ ਕੇ ਅੰਬਾਲੇ ਪਹੁੰਚੇ ਤੇ ਜੇ ਉੱਥੋਂ ਹਾਵੜਾ-ਕਾਲਕਾ ਉਸ ਨੂੰ ਮਿਲ ਜਾਵੇ ਤਾਂ ਉਹ ਕਾਲਕਾ ਵਿਖੇ ਆਪਣੇ ਸਾਥੀਆਂ ਨਾਲ ਰਲ ਸਕਦਾ ਹੈ। ਉਸ ਨੂੰ ਹਰਿਦੁਆਰ ਪੈਸੰਜਰ ਮਿਲ ਗਈ। ਅੰਬਾਲੇ ਉੱਤਰਦਿਆਂ ਹੀ ਪਤਾ ਲੱਗਾ ਕਿ ਕਲਕੱਤਿਓਂ ਆਉਣ ਵਾਲੀ ਰੇਲ ਪਲੈਟਫਾਰਮ ’ਤੇ ਪਹੁੰਚ ਰਹੀ ਹੈ। ਉਸ ਦੇ ਦੱਸਣ ਮੁਤਾਬਿਕ ਉਸ ਨੇ ਇੱਕ ਕੁਲੀ ਨੂੰ ਉਹ ਬਚੀ ਹੋਈ ਅਠਿਆਨੀ ਫੜਾਈ। ਕੁਲੀ ਨੇ ਪੁੱਛਿਆ ਸਾਮਾਨ ਕਿੱਥੇ ਹੈ? ਕਹਿੰਦਾ ਬਸ ਸਾਮਾਨ ਮੈਂ ਹੀ ਹਾਂ। ਪੁਲ ਪਾਰ ਕਰਨਾ ਸੀ। ਕੁਲੀ ਅੱਗੇ ਅੱਗੇ ਤੇ ਨੰਗੇ ਸਿਰ, ਨੰਗੇ ਪੈਰ ਸਾਡਾ ਦੋਸਤ ਪਿੱਛੇ ਪਿੱਛੇ। ਪਲੈਟਫਾਰਮ ’ਤੇ ਖਲੋਤਿਆਂ ਸਾਨੂੰ ਉਦੋਂ ਹੀ ਪਤਾ ਹੀ ਲੱਗਾ ਜਦੋਂ ਰੁਕਣ ਲੱਗੀ ਕਾਲਕਾ ਮੇਲ ’ਚੋਂ ਉਹ ਭੱਜਦਾ ਹੋਇਆ ਉੱਤਰਿਆ। ਸਾਨੂੰ ਉਸਦਾ ਪਹਿਲਾ ਸਵਾਲ ਸੀ, ‘‘ਮੇਰੀ ਪੱਗ ਕਿਥੇ ਹੈ?’’ ਅਸੀਂ ਇੱਕ ਬੰਨ੍ਹੀ-ਬੰਨ੍ਹਾਈ ਪੱਗ, ਤਸਮਿਆਂ ਵਾਲੇ ਕਾਲੇ ਬੂਟ ਤੇ ਹੋਰ ਸਾਮਾਨ ਸਾਂਭ ਕੇ ਰੱਖਿਆ ਹੋਇਆ ਸੀ ਪਰ ਪਤਾ ਨਹੀਂ ਸੀ ਕਿ ਇਹ ਸਾਮਾਨ ਕਿਸਦਾ ਹੈ।