ਜਦੋਂ ਪ੍ਰਸ਼ਾਸਨ ਦੀ ਕਿਸ਼ਤੀ ਜਵਾਬ ਦੇ ਗਈ...
ਪੱਤਰ ਪ੍ਰੇਰਕ
ਮੁਕੇਰੀਆਂ, 16 ਅਗਸਤ
ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਕਈ ਸਮਾਜ ਸੇਵੀ ਵੀ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਜਦੋਂ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਲਿਆਂਦੀ ਮਸ਼ੀਨੀ ਕਿਸ਼ਤੀ ਜਵਾਬ ਦੇ ਗਈ ਤਾਂ ਦੇਸੀ ਕਿਸ਼ਤੀ ਨਾਲ ਪੰਜ ਲੋਕਾਂ ਦੀ ਜਾਨ ਬਚਾਈ ਗਈ। ਜਾਣਕਾਰੀ ਮੁਤਾਬਕ, ਬੀਤੇ ਦਿਨ ਪੌਂਗ ਡੈਮ ਦੇ 52 ਗੇਟਾਂ ਨੇੜੇ ਕੁੱਝ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ ਸੀ। ਇਸ ’ਤੇ ਪ੍ਰਸ਼ਾਸਨ ਵੱਲੋਂ ਲਿਆਂਦੀ ਮਸ਼ੀਨੀ ਕਿਸ਼ਤੀ ਮਾਹਿਰ ਮਕੈਨਿਕ ਦੀ ਅਣਹੋਂਦ ਕਾਰਨ ਜੋੜੀ ਨਹੀਂ ਜਾ ਸਕੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਰੇਅ ਪੱਤਣ ਤੋਂ ਮਲਾਹ ਵੱਲੋਂ ਲਿਆਂਦੀ ਦੇਸੀ ਕਿਸ਼ਤੀ ਰਾਹੀਂ ਪੰਜ ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅੱਜ ਸਵੇਰੇ ਲਗਪਗ 6 ਵਜੇ ਐੱਸਡੀਆਰਐੱਫ ਦੀ ਇੱਕ ਟੀਮ ਨੌਸ਼ਹਿਰਾ ਪੱਤਣ ਪੁਲ ’ਤੇ ਪੁੱਜ ਗਈ, ਪਰ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਟਰੈਕਟਰ ਜਾਂ ਹੋਰ ਵਾਹਨ ਮੁਹੱਈਆ ਨਾ ਕਰਵਾਏ ਜਾਣ ਕਾਰਨ ਲਗਪਗ 10 ਵਜੇ ਤੱਕ ਕਿਸ਼ਤੀ ਸਮੇਤ ਲੋੜਵੰਦਾਂ ਦੀ ਮਦਦ ਨਾ ਕਰ ਸਕੇ। ਉਧਰ, ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ ਨੇ ਪ੍ਰਸ਼ਾਸਨਿਕ ਅਣਗਹਿਲੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।