For the best experience, open
https://m.punjabitribuneonline.com
on your mobile browser.
Advertisement

ਜਦੋਂ ਤਰਨ ਤਾਰਨ ਤੋਂ ਜਿੱਤੇ ਅਕਾਲੀ ਉਮੀਦਵਾਰ ਲਾਲਪੁਰਾ ਨੇ ਹੀ ਬਾਦਲਾਂ ਨੂੰ ਪਾਇਆ ਸੀ ਵਾਹਣੀਂ

10:11 AM Apr 08, 2024 IST
ਜਦੋਂ ਤਰਨ ਤਾਰਨ ਤੋਂ ਜਿੱਤੇ ਅਕਾਲੀ ਉਮੀਦਵਾਰ ਲਾਲਪੁਰਾ ਨੇ ਹੀ ਬਾਦਲਾਂ ਨੂੰ ਪਾਇਆ ਸੀ ਵਾਹਣੀਂ
Advertisement

ਗੁਰਬਖਸ਼ਪੁਰੀ
ਤਰਨ ਤਾਰਨ, 7 ਅਪਰੈਲ
ਸਾਲ 1998 ਵਿਚ ਹੋਈਆਂ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਦੌਰਾਨ ਉਸ ਵੇਲੇ ਦੇ ਲੋਕ ਸਭਾ ਹਲਕਾ ਤਰਨ ਤਾਰਨ ਦੀ ਚੋਣ ਨੇ ਉਸ ਵੇਲੇ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੂੰ ਕਾਫ਼ੀ ਮੁਸ਼ਕਲਾਂ ਵਿੱਚ ਪਾ ਕੇ ਰੱਖ ਦਿੱਤਾ ਸੀ| ਤਰਨ ਤਾਰਨ ਲੋਕ ਸਭਾ ਹਲਕਾ ਹੁਣ ਖਡੂਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ| ਇਸ ਤੋਂ ਪਹਿਲਾਂ ਸੂਬੇ ਵਿੱਚ 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਅਕਾਲੀ ਦਲ-ਭਾਜਪਾ ਨੂੰ ਭਾਰੀ ਬਹੁਮਤ ਦੇ ਕੇ ਅਕਾਲੀ ਦਲ ਦੀ 1984 ਤੋਂ 13 ਸਾਲ ਬਾਅਦ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਕੀਤਾ ਸੀ| ਇਸ ਤੋਂ ਪਹਿਲਾਂ 1996 ਵਿੱਚ ਹੋਈਆਂ ਦੇਸ਼ ਦੀਆਂ ਆਮ ਚੋਣਾਂ ਦੌਰਾਨ ਤਰਨ ਤਾਰਨ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਮੇਜਰ ਸਿੰਘ ਉੱਬੋਕੇ ਨੇ ਕਾਂਗਰਸ ਦੇ ਸੁਰਿੰਦਰ ਸਿੰਘ ਕੈਰੋਂ ਨੂੰ ਹਰਾਇਆ ਸੀ, ਪਰ ਕੇਂਦਰ ਸਰਕਾਰ ਵਿਚਾਲੇ ਹੀ ਟੁੱਟ ਜਾਣ ਕਰਕੇ 1998 ਵਿੱਚ ਮੁੜ ਚੋਣ ਹੋਈ। ਸਦਨ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਕਰਵਾਈਆਂ ਜਾਂਦੀਆਂ ਆਮ ਚੋਣਾਂ ਨੂੰ ਮੱਧਕਾਲੀ (ਮਿੱਡ ਟਰਮ) ਚੋਣ ਆਖਿਆ ਜਾਂਦਾ ਹੈ। ਇਸ ਮੱਧਕਾਲੀ ਚੋਣ ਵੇਲੇ ਅਕਾਲੀ ਦਲ ਨੇ ਮੇਜਰ ਸਿੰਘ ਉੱਬੋਕੇ ਦੀ ਥਾਂ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਪ੍ਰੇਮ ਸਿੰਘ ਲਾਲਪੁਰਾ ਨੂੰ ਲੋਕ ਸਭਾ ਦੇ ਪਿੜ ਵਿੱਚ ਉਤਾਰ ਦਿੱਤਾ| ਲਾਲਪੁਰਾ ਲੋਕ ਸਭਾ ਦੀ ਚੋਣ ਜਿੱਤ ਤਾਂ ਗਏ ਪਰ ਉਹ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਦੇ ਪਾਰਟੀ ਦੇ ਹੁਕਮ ਮੰਨਣ ਤੋਂ ਇਨਕਾਰੀ ਹੋ ਗਏ। ਇਸ ਮਾਮਲੇ ਨੂੰ ਲੈ ਕੇ ਉਹ ਪਾਰਟੀ ਦੀ ਲੀਡਰਸ਼ਿਪ ਨਾਲ ਸੰਪਰਕ ਵੀ ਨਹੀਂ ਸੀ ਕਰ ਰਹੇ| ਉਹ ਆਪਣੀ ਤਰਨ ਤਾਰਨ ਦੀ ਰਿਹਾਇਸ਼ ਨੂੰ ਛੱਡ ਕੇ ਪਿੰਡ ਲਾਲਪੁਰ ਚਲੇ ਗਏ ਜਿਥੇ ਉਹ ਵਧੇਰੇ ਕਰਕੇ ਆਪਣੇ ਚੁਬਾਰੇ ’ਤੇ ਹੀ ਰਹਿੰਦੇ ਸਨ|
ਉਨ੍ਹਾਂ ਨਾਲ ਸਰਕਾਰ ਵੱਲੋਂ ਸੰਪਰਕ ਕਰਨ ਲਈ ਉਸ ਵੇਲੇ ਦੇ ਐੱਸਐੱਸਪੀ ਜਸਮਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਕੈਰੋਂ (ਪ੍ਰਕਾਸ਼ ਸਿੰਘ ਬਾਦਲ ਦੇ ਕੁੜਮ) ਇਕ ਸਾਧਨ ਵਜੋਂ ਕੋਸ਼ਿਸ਼ਾਂ ਕਰਦੇ ਰਹੇ ਪਰ ਲਾਲਪੁਰਾ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਦਿੱਲੀ ਜਾਣ ਨੂੰ ਰਜ਼ਾਮੰਦ ਨਾ ਹੋਏ ਅਤੇ ਉਨ੍ਹਾਂ ਵਿਧਾਇਕ ਵਜੋਂ ਵੀ ਅਸਤੀਫ਼ਾ ਨਹੀਂ ਦਿੱਤਾ। ਉਸ ਵੇਲੇ ਬਾਦਲ ਪਰਿਵਾਰ ਆਪਣੇ ਇਕ ਕਰੀਬੀ ਨੂੰ ਤਰਨ ਤਾਰਨ ਤੋਂ ਵਿਧਾਇਕ ਬਣਾਉਣ ਦੀ ਤਾਂਘ ਵਿੱਚ ਸੀ| ਇਸੇ ਦੌਰਾਨ ਪੰਜਾਬ ਵਿਧਾਨ ਦਾ ਇਜਲਾਸ ਆ ਗਿਆ ਤਾਂ ਪ੍ਰੇਮ ਸਿੰਘ ਲਾਲਪੁਰਾ ਨਾਲ ਸੁਰਿੰਦਰ ਸਿੰਘ ਕੈਰੋਂ ਸੰਪਰਕ ਕਰਕੇ ਉਨ੍ਹਾਂ ਨਾਲ ਚੰਡੀਗੜ੍ਹ ਲਈ ਰਵਾਨਾ ਹੋਏ ਜਿਥੇ ਲਾਲਪੁਰਾ ਨੇ ਸੁਰਿੰਦਰ ਸਿੰਘ ਕੈਰੋਂ ਦੇ ਜ਼ੋਰ ਦੇਣ ’ਤੇ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਵਿਧਾਨ ਸਭਾ ਦੇ ਅਜਲਾਸ ਵਿੱਚ ਸ਼ਾਮਲ ਹੋ ਗਏ| ਇਵੇਂ ਲਾਲਪੁਰਾ ਦੇ ਪਾਰਲੀਮੈਂਟ ਵਿੱਚ ਨਾ ਜਾਣ ਕਰਕੇ ਤਰਨ ਤਾਰਨ ਦੀ ਲੋਕ ਸਭਾ ਸੀਟ ਦੇਸ਼ ਦੇ ਚੋਣ ਕਮਿਸ਼ਨ ਨੇ ਖਾਲੀ ਐਲਾਨ ਦਿੱਤੀ।
ਇਸ ਕਾਰਨ ਜੂਨ 1998 ਵਿੱਚ ਹਲਕੇ ਦੀ ਜ਼ਿਮਨੀ ਚੋਣ ਹੋਈ, ਜਿਸ ਲਈ ਅਕਾਲੀ ਦਲ ਨੇ ਤਰਲੋਚਨ ਸਿੰਘ ਤੁੜ ਨੂੰ ਟਿਕਟ ਦਿੱਤਾ ਅਤੇ ਮੁੜ ਚੋਣ ਜਿੱਤੀ। ਉਸ ਵੇਲੇ ਦੀ ਸਮੁੱਚੀ ਸਰਕਾਰ ਚੋਣ ਮੁਹਿੰਮ ਦੌਰਾਨ ਤਰਨ ਤਾਰਨ ਖੇਤਰ ਵਿੱਚ ਹੀ ਰਹੀ। ਤਰਨ ਤਾਰਨ ਵਿੱਚ ਮੁਲਾਜ਼ਮਾਂ ਨੇ ਵੀ ਮੰਗਾਂ ਮੰਨੇ ਜਾਣ ’ਤੇ ਸਰਕਾਰ ਖ਼ਿਲਾਫ਼ ਖੂਬ ਧਰਨੇ, ਮੁਜ਼ਾਹਰੇ ਕੀਤੇ ਸਨ|

Advertisement

Advertisement
Author Image

Advertisement
Advertisement
×