ਜਦੋਂ ਅਫ਼ਸੋਸ ਕਰਨ ਗਿਆਂ ਨੂੰ ਵਧਾਈਆਂ ਦੇਣੀਆਂ ਪਈਆਂ
ਕੁਲਦੀਪ ਸਿੰਘ
ਇਹ 35 ਸਾਲ ਪਹਿਲਾਂ ਦੀ ਗੱਲ ਹੈ। ਅਸੀਂ ਯਾਨੀ ਮੈਂ ਅਤੇ ਮੇਰੀ ਪਤਨੀ ਕੁਲਦੀਪ ਕੌਰ ਅਮਰੀਕਾ ਦੇ ਸੂਬੇ ਨਿਊ ਜਰਸੀ ਦੇ ਅਟਲਾਂਟਿਕ ਸਾਗਰ ਦੇ ਪੂਰਬੀ ਤੱਟ ਨੇੜਲੇ ਕਸਬੇ ਟਕਰਟਨ ਰਹਿੰਦੇ ਸਾਂ। ਉਨ੍ਹੀਂ ਦਿਨੀਂ ਮੈਂ ਆਰ.ਬੀ.ਏ. ਗਰੁੱਪ (ਮੋਰਿਸਟਾਊਨ) ਵਿੱਚ ਕੰਸਟਰਕਸ਼ਨ ਇੰਜੀਨੀਅਰ (ਸਿਵਲ) ਸਾਂ। ਮੇਰਾ ਕੰਮ ਗਾਰਡਨ ਸਟੇਟ ਪਾਰਕਵੇਅ ’ਤੇ ਦੋ ਪੁਰਾਣੇ ਦਰਿਆਵਾਂ ਦੇ ਪੁਲਾਂ ਦੀ ਮੁਰੰਮਤ ਕਰਨ ਲਈ ਚੱਲ ਰਹੇ ਕੰਮ ਦੀ ਨਿਗਰਾਨੀ ਕਰਨਾ ਸੀ। ਇੱਕ ਪੁਲ ਦਾ ਨਾਂ ‘ਮਲਕਾ ਰਿਵਰ ਬ੍ਰਿਜ’ ਅਤੇ ਦੂਜੇ ਦਾ ‘ਬਾਸ ਰਿਵਰ ਬ੍ਰਿਜ’ ਹੈ।
ਮੇਰੀ ਘਰਵਾਲੀ ਕੁਲਦੀਪ ਕੌਰ ਵੀ ਟਕਰਟਨ ਤੋਂ 25 ਮੀਲ ਦੂਰ ਪਲੈਜੇਂਟਵਿਲ ਵਿੱਚ ਇੱਕ ਕੱਪੜੇ ਦੇ ਸਟੋਰ ’ਤੇ ਕੈਸ਼ੀਅਰ ਦਾ ਕੰਮ ਕਰਦੀ ਸੀ। ਇਹ ਸਟੋਰ ਇੱਕ ਅਮਰੀਕਨ 62 ਕੁ ਸਾਲਾ ਗੋਰੀ ਕੈਥੀ ਦਾ ਸੀ। ਉਹ ਬਹੁਤ ਹੀ ਸਾਊ ਤੇ ਮਿਲਾਪੜੇ ਸੁਭਾਅ ਦੀ ਸੀ। ਕੁਲਦੀਪ ਕੌਰ ਹਮੇਸ਼ਾਂ ਘਰ ਆ ਕੇ ਮੇਰੇ ਕੋਲ ਆਪਣੀ ਬੌਸ ਦੇ ਨੇਕ ਸੁਭਾਅ ਦੇ ਸਿਫ਼ਤਾਂ ਦੇ ਪੁਲ ਬੰਨ੍ਹਦੀ ਰਹਿੰਦੀ ਸੀ। ਕੁਲਦੀਪ ਕੌਰ ਨੂੰ ਵੀ ਕੈਥੀ ਨੌਕਰ ਘੱਟ ਤੇ ਆਪਣੀ ਧੀ ਜ਼ਿਆਦਾ ਸਮਝਦੀ ਸੀ। ਕੈਥੀ ਦਾ ਪਤੀ ਪੀਟਰ ਵੀ ਕਦੇ ਕਦਾਈਂ ਸਟੋਰ ’ਤੇ ਗੇੜਾ ਮਾਰ ਜਾਂਦਾ।
ਕੁਲਦੀਪ ਕੌਰ ਦਾ ਕੈਥੀ ਨਾਲ ਪਿਆਰ ਐਨਾ ਵਧ ਗਿਆ ਕਿ ਕੈਥੀ ਨੇ ਇੱਕ ਦਿਨ ਆਪਣੇ ਘਰ ਸਾਨੂੰ ਡਿਨਰ ਦਾ ਸੱਦਾ ਦਿੱਤਾ। ਅਸੀਂ ਨਵੇਂ ਨਵੇਂ ਨਿਊ ਜਰਸੀ ਵਿੱਚ ਆਏ ਸਾਂ, ਨਾ ਕੋਈ ਜਾਣ ਨਾ ਪਹਿਚਾਣ, ਅੰਨ੍ਹਾਂ ਕੀ ਭਾਲੇ ਦੋ ਅੱਖਾਂ, ਇਸ ਲਈ ਮੈਨੂੰ ਚਾਅ ਚੜ੍ਹ ਗਿਆ। ਪ੍ਰੀਤੀ ਭੋਜ ਦੀ ਤਰੀਕ ਮੁਕੱਰਰ ਸੀ ਅਤੇ ਅਸੀਂ ਹਾਂ ਕਰ ਦਿੱਤੀ। ਨਿਯਤ ਦਿਨ ਅਸੀਂ ਸਮੇਂ ਸਿਰ ਉਨ੍ਹਾਂ ਦੇ ਘਰ ਪੁੱਜ ਗਏ। ਬਹੁਤ ਸਲੀਕੇ ਨਾਲ ਉਨ੍ਹਾਂ ਸਾਡੀ ਆਉ-ਭਗਤ ਕੀਤੀ। ਸਨੈਕਸ ਤੇ ਕੋਲਡ ਡਰਿੰਕ ਲੈਣ ਤੋਂ ਬਾਅਦ ਗੱਲਾਂ-ਬਾਤਾਂ ਦਾ ਦੌਰ ਸ਼ੁਰੂ ਹੋਇਆ। ਸਾਨੂੰ ਪਰਿਵਾਰਕ ਮਾਹੌਲ ਵਿੱਚ ਅਪਣੱਤ ਮਹਿਸੂਸ ਹੋਈ। ਕੈਥੀ ਨੇ ਆਪਣੇ ਹੱਥੀਂ ਸਾਰੇ ਭੋਜਨ ਤਿਆਰ ਕੀਤੇ ਸਨ। ਖ਼ੁਸ਼ੀ ਖ਼ੁਸ਼ੀ ਅਸੀਂ ਡਿਨਰ ਕਰਕੇ ਵਾਪਸ ਮੁੜਨ ਦੀ ਇਜਾਜ਼ਤ ਲਈ।
ਅਜੇ ਦੋ ਕੁ ਮਹੀਨੇ ਲੰਘੇ ਸਨ ਕਿ ਕੁਲਦੀਪ ਕੌਰ ਇੱਕ ਦਿਨ ਉਦਾਸ ਹੋਈ ਕੰਮ ਤੋਂ ਪਰਤੀ। ਭਰੀਆਂ ਅੱਖਾਂ ਨਾਲ ਕਹਿਣ ਲੱਗੀ, ‘‘ਕੈਥੀ ਦਾ ਘਰਵਾਲਾ ਸੀ ਨਾ, ਪੀਟਰ, ਉਹ ਗੁਜ਼ਰ ਗਿਆ।’’
‘‘ਹਾਏ ਰੱਬਾ, ਇਹ ਕੀ ਹੋਇਆ, ਉਸ ਦਿਨ ਤਾਂ ਉਹ ਚੰਗਾ ਭਲਾ ਸੀ।’’ ਮੈਂ ਕੁਲਦੀਪ ਨੂੰ ਹੌਸਲਾ ਦਿੰਦਿਆਂ ਕਹਿ ਰਿਹਾਂ ਸਾਂ। ਧੀਰਜ ਅਤੇ ਹੌਸਲੇ ਨਾਲ ਕੁਲਦੀਪ ਨੂੰ ਦਿਲਾਸਾ ਦੇ ਕੇ ਸ਼ਾਂਤ ਕੀਤਾ।
ਅਸੀਂ ਵੀਕਐਂਡ ’ਤੇ ਕੈਥੀ ਦੇ ਸਟੋਰ ’ਤੇ ਜਾ ਕੇ ਉਸ ਨਾਲ ਅਫ਼ਸੋਸ ਕਰਨ ਦੀ ਸਲਾਹ ਬਣਾਈ। ਅਸੀਂ ਦੋਵੇਂ ਕਾਰ ਲੈ ਕੇ ਘਰੋਂ ਪਲੈਜੇਂਟਵਿਲ ਨੂੰ ਚੱਲ ਪਏ। ਰਸਤੇ ਵਿੱਚ ਸੀਨਿਕ (ਰਮਣੀਕ) ਗਾਰਡਨ ਸਟੇਟ ਪਾਰਕਵੇਅ ’ਤੇ ਮੈਂ ਕਾਰ ਚਲਾਉਂਦਿਆਂ ਆਪਣੀਆਂ ਸੋਚਾਂ ਵਿੱਚ ਗੁਆਚਾ ਅਫ਼ਸੋਸ ਦੇ ਲਫਜ਼ਾਂ ਦੀ ਬੁਣਤੀ ਬੁਣ ਰਿਹਾ ਸਾਂ। ਦੋਵਾਂ ਜੀਆਂ ਨਾਲ ਬਿਤਾਏ ਡਿਨਰ ਮੌਕੇ ਖ਼ੁਸ਼ੀ ਦੇ ਪਲ ਅਤੇ ਪੀਟਰ ਵੱਲੋਂ ਮਿਲਿਆ ਪਿਆਰ ਮੈਨੂੰ ਵਾਰ ਵਾਰ ਯਾਦ ਆ ਰਹੇ ਸਨ।
ਚਾਲੀ-ਪੰਜਾਹ ਮਿੰਟ ਦੀ ਡਰਾਈਵ ਤੋਂ ਬਾਅਦ ਅਸੀਂ ਕਾਰ ਪਾਰਕ ਕਰਕੇ ਸਟੋਰ ਵੱਲ ਨੂੰ ਜਾ ਹਰੇ ਸਾਂ। ਦੂਰੋਂ ਹੀ ਕੈਥੀ ਅਤੇ ਇੱਕ ਗੋਰਾ ਆਪਸ ਵਿੱਚ ਘੁਲ-ਮਿਲ ਕੇ ਗੱਲਾਂ ਕਰਦੇ, ਅਸੀਂ ਵੇਖੇ। ਨਜ਼ਦੀਕ ਪੁੱਜੇ ਤਾਂ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਕੈਥੀ ਉਸ ਗੋਰੇ ਆਦਮੀ ਦਾ ਸਾਡੇ ਨਾਲ ਤੁਆਰਫ ਕਰਾਉਂਦੀ ਬੋਲੀ, ‘‘ਮੀਟ ਮਿਸਟਰ ਨਾਰਮਨ, ਹੀ ਇਜ਼ ਮਾਈ ਨਿਊ ਹਸਬੈਂਡ।’’
ਕੈਥੀ ਦੀ ਗੱਲ ਸੁਣ ਕੇ ਮੈਂ ਡੌਰ-ਭੌਰ ਹੋ ਗਿਆ, ਪਰ ਮੌਕਾ ਸੰਭਾਲਦਿਆਂ ਕਿਹਾ, ‘‘ਕਾਂਗਰੈਚੂਲੇਸੰਨਜ਼ ਆਨ ਯੂਅਰ ਨਿਊ ਮੈਰਿਜ। ਵਿਸ਼ ਯੂ ਦਿ ਬੈਸਟ! ਵੀ ਵਿਲ ਕੰਮ ਅਗੇਨ।’’
ਅੱਜ ਮੈਂ ਦੋ ਸੱਭਿਆਚਾਰਾਂ ਵਿੱਚ ਫਸਿਆ ਹੋਇਆ ਹਾਂ। ਅਮਰੀਕਾ ਵਿੱਚ 40 ਸਾਲ ਰਹਿਣ ਮਗਰੋਂ ਵੀ ਅੱਜ ਮੈਨੂੰ ਆਉਣ ਵਾਲੇ ਸਮੇਂ ਵਿੱਚ ਆਪਣੇ ਪੋਤੇ-ਪੜਪੋਤਿਆਂ ਦਾ ਕੈਥੀ-ਨਾਰਮਨ ਵਾਂਗ ਹੀ ਹੋ ਜਾਣ ਦਾ ਡਰ ਕਦੇ ਕਦਾਈਂ ਆਣ ਹੀ ਘੇਰਦਾ ਹੈ।
ਸੰਪਰਕ: 6284040857 (ਵੱਟਸਐਪ)
ਕੈਲੀਫੋਰਨੀਆ (ਅਮਰੀਕਾ)