ਰਾਹੁਲ ਗਾਂਧੀ ਜਦੋਂ ਦਸਤਾਰ ਸਜਾ ਕੇ ਗੁਰਦੁਆਰੇ ਜਾਂਦੇ ਨੇ ਤਾਂ ਕੋਈ ਨਹੀਂ ਰੋਕਦਾ: ਸਿਰਸਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਸਤੰਬਰ
ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਦਸਤਾਰ ਸਜਾ ਕੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ। ਸ੍ਰੀ ਸਿਰਸਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਦੇਸ਼ ਵਿਚ ਸਿੱਖਾਂ ਦੇ ਅਧਿਕਾਰਾਂ ਬਾਰੇ ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕੀਤਾ ਅਤੇ ਅੱਜ ਫਿਰ ਤੋਂ ਆਪਣਾ ਬਿਆਨ ਮੁੜ ਦੁਹਰਾਇਆ ਜੋ ਝੂਠ ਤੇ ਮਨਘੜਤ ਹੈ। ਉਨ੍ਹਾਂ ਕਿਹਾ ਕਿ ਇਹ ਗਾਂਧੀ ਪਰਿਵਾਰ ਦੇ ਉੱਤਰਾਧਿਕਾਰੀ ਦੀ ਆਦਤ ਬਣ ਗਈ ਹੈ ਕਿ ਜਦੋਂ ਵੀ ਉਹ ਵਿਦੇਸ਼ ਦੌਰੇ ’ਤੇ ਹੁੰਦੇ ਹਨ ਤਾਂ ਮੁਲਕ ਬਾਰੇ ਝੂਠ ਬੋਲਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਉਦੋਂ ਪੀੜਤ ਸਨ ਜਦੋਂ ਇੰਦਰਾ ਗਾਂਧੀ ਵੇਲੇ ਉਨ੍ਹਾਂ ਦੇ ਹੁਕਮਾਂ ’ਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਇਆ। ਬਾਅਦ ਵਿਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਉਸ ਵੇਲੇ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਨੇ ਇਹ ਕਹਿ ਕੇ ਕਤਲੇਆਮ ਨੂੰ ਜਾਇਜ਼ ਠਹਿਰਾਇਆ ਕਿ ਜਦੋਂ ਵੱਡਾ ਦਰੱਖਤ ਹਿਲਦਾ ਹੈ ਤਾਂ ਧਰਤੀ ਕੰਬਦੀ ਹੈ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਦੌਰ ਵਿੱਚ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਇੰਦਰਾ ਗਾਂਧੀ ਤੇ ਫਿਰ ਰਾਜੀਵ ਗਾਂਧੀ ਦੇ ਰਾਜ ਵਿੱਚ ਸਿੱਖਾਂ ਲਈ ਗੁਰੂ ਘਰਾਂ ਦੇ ਦਰਵਾਜ਼ੇ ਬੰਦ ਕੀਤੇ ਗਏ। ਉਨ੍ਹਾਂ ਕਿਹਾ ਕਿ ਬਜਾਏ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਦੇ ਰਾਹੁਲ ਗਾਂਧੀ ਝੂਠ ਫੈਲਾ ਰਹੇ ਹਨ ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।