ਵਿਧਾਇਕ ਸੌਂਦ ਦੇ ਕੈਬਨਿਟ ਮੰਤਰੀ ਬਣਨ ’ਤੇ ਖੰਨਾ ਵਾਸੀ ਬਾਗ਼ੋ-ਬਾਗ਼
ਜੋਗਿੰਦਰ ਸਿੰਘ ਓਬਰਾਏ
ਖੰਨਾ, 23 ਸਤੰਬਰ
ਆਮ ਆਦਮੀ ਪਾਰਟੀ ਦੇ ਹਲਕਾ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਕੈਬਨਿਟ ਮੰਤਰੀ ਬਣਨ ਨਾਲ ਖੰਨਾ ਵਾਸੀ ਬਾਗ਼ੋ-ਬਾਗ਼ ਹਨ। ਉਨ੍ਹਾਂ ਦਾ ਜਨਮ 7 ਸਤੰਬਰ 1983 ਨੂੰ ਖੰਨਾ ਇਲਾਕੇ ਦੇ ਨਾਮਵਰ ਉਦਯੋਗਪਤੀ ਭੁਪਿੰਦਰ ਸਿੰਘ ਸੌਂਦ ਦੇ ਘਰ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਦਾਦਾ ਗੁਰਚਰਨ ਸਿੰਘ ਜਿੱਥੇ ਇਕ ਵੱਡੇ ਕਾਰੋਬਾਰੀ ਸਨ ਉੱਥੇ ਉਹ ਵਿਸ਼ਵਕਰਮਾ ਰਾਮਗੜ੍ਹੀਆ ਬਰਾਦਰੀ ਪੰਜਾਬ ਦੇ ਮੁਖੀ ਸਨ। ਇਸੇ ਤਰ੍ਹਾਂ ਇਨ੍ਹਾਂ ਦੇ ਪਿਤਾ ਹੁਣ ਖੰਨਾ ਵਿਖੇ ਸ੍ਰੀ ਵਿਸ਼ਵਕਰਮਾ ਰਾਮਗੜ੍ਹੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਅਤੇ ਨਾਮਵਰ ਸਮਾਜ ਸੇਵੀ ਹਨ। ਤਰੁਨਪ੍ਰੀਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਉਪਰੰਤ ਇਮਪੋਰਟ ਐਕਸਪੋਰਟ ਦਾ ਕੋਰਸ ਕਰਨ ਪਿੱਛੋਂ ਆਟੋ ਕੈਂਡ ਸਾਫਟਵੇਅਰ ਦਾ ਕੋਰਸ ਕੀਤਾ ਅਤੇ ਇਲਾਕੇ ਵਿੱਚ ਨਾਮਵਰ ਉਦਯੋਗਪਤੀ, ਮਸ਼ੀਨਰੀ ਐਕਸਪੋਰਟ ਤੋਂ ਇਲਾਵਾ ਰਾਜਨੀਤੀ ਵਿੱਚ ਸਰਗਰਮ ਹੋਏ। ਉਹ ਸਾਲ 2015 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਲੋਕ ਹੱਕਾਂ ਦੀ ਅਵਾਜ਼ ਉਠਾਉਂਦੇ ਹੋਏ ਅਨੇਕਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਈਆਂ ਤੇ ਅਜਿਹੇ ਮਸਲਿਆਂ ਲਈ ਕਈ ਵਾਰ ਧਰਨਿਆਂ, ਜਲਸਿਆਂ ਆਦਿ ਦੀ ਅਗਵਾਈ ਵੀ ਕੀਤੀ। ਪਾਰਟੀ ਪ੍ਰਤੀ ਇਮਾਨਦਾਰੀ ਅਤੇ ਕੰਮਾਂ ਨੂੰ ਦੇਖਦਿਆਂ ਪਾਰਟੀ ਨੇ ਸਾਲ 2022 ਵਿੱਚ ਉਨ੍ਹਾਂ ਨੂੰ ਖੰਨਾ ਤੋਂ ਵਿਧਾਨ ਸਭਾ ਦੀ ਟਿਕਟ ਦਿੱਤੀ ਜਿਸ ਦੌਰਾਨ ਸ੍ਰੀ ਸੌਂਦ ਨੇ ਕਾਂਗਰਸ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਭਾਰੀ ਬਹੁਮਤ ਨਾਲ ਹਰਾਇਆ, ਇੱਥੋਂ ਤੱਕ ਕਿ ਕੋਟਲੀ ਦੀ ਜ਼ਮਾਨਤ ਵੀ ਜ਼ਬਤ ਹੋ ਗਈ।
ਵਿਧਾਇਕ ਬਣਨ ਉਪਰੰਤ ਸ੍ਰੀ ਸੌਂਦ ਨੇ ਕਈ ਵਿਕਾਸ ਕਾਰਜ ਆਰੰਭ ਕਰਵਾਏ ਜੋ ਨਿਰੰਤਰ ਜਾਰੀ ਹਨ। ਸ੍ਰੀ ਸੌਂਦ ਦੇ ਕੰਮਾਂ ਨੂੰ ਦੇਖਦਿਆਂ ਪਾਰਟੀ ਨੇ ਉਨ੍ਹਾਂ ਨੂੰ ਆਪ ਆਦਮੀ ਪਾਰਟੀ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਅਤੇ ਹੁਣ ਉਨ੍ਹਾਂ ਦੀ ਭਰਵੀਂ ਕਾਰਗੁਜ਼ਾਰੀ ਅਤੇ ਪਾਰਟੀ ਪ੍ਰਤੀ ਸੁਹਿਰਦਤਾ ਨਾਲ ਕੰਮ ਨੂੰ ਦੇਖਦਿਆਂ ਕੈਬਨਿਟ ਮੰਤਰੀ ਬਣਾਇਆ ਗਿਆ।