ਜਦੋਂ ਲਤਾ ਤੇ ਰਫ਼ੀ ਨੇ ਦਾਦਰਾ ਅਤੇ ਨਗਰ ਹਵੇਲੀ ਦੀ ਆਜ਼ਾਦੀ ਲਈ ਯੋਗਦਾਨ ਪਾਇਆ
ਨਵੀਂ ਦਿੱਲੀ:
ਉੱਘੇ ਗਾਇਕਾਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫ਼ੀ ਨੇ ਦਾਦਰਾ ਅਤੇ ਨਗਰ ਹਵੇਲੀ ਨੂੰ ਆਜ਼ਾਦ ਕਰਵਾਉਣ ਲਈ ਮੁਕਤੀ ਅੰਦੋਲਨ ਵਿੱਚ ਅਹਿਮ ਯੋਗਦਾਨ ਪਾਇਆ। ਇਹ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ ਪਰ ਇੱਹ ਖੁਲਾਸਾ ਨਿਲੇਸ਼ ਕੁਲਕਰਨੀ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਪੁਸਤਕ ‘ਅਪਰਾਇਜ਼ਿੰਗ: ਦਿ ਲਿਬਰੇਸ਼ਨ ਆਫ ਦਾਦਰਾ ਐਂਡ ਨਗਰ ਹਵੇਲੀ’ ਵਿਚ ਕੀਤਾ ਗਿਆ ਹੈ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੀ ਮੁਕਤੀ ਲਈ ਫੰਡ ਇਕੱਠਾ ਕਰਨ ਲਈ ਸਮਾਗਮ ਸਾਲ 1954 ਵਿੱਚ ਕਰਵਾਇਆ ਗਿਆ, ਜਿਸ ਵਿਚ ਦੋ ਉੱਘੇ ਗਾਇਕਾਂ ਨੇ ਯੋਗਦਾਨ ਪਾਇਆ। ਦਾਦਰਾ ਤੇ ਨਗਰ ਹਵੇਲੀ ਨੂੰ ਰਸਮੀ ਤੌਰ ’ਤੇ 1961 ਵਿੱਚ ਗੋਆ ਅਤੇ ਦਮਨ ਅਤੇ ਦਿਓ ਨਾਲ ਭਾਰਤ ਦੇ ਅਨਿੱਖੜਵੇਂ ਅੰਗ ਵਜੋਂ ਮਾਨਤਾ ਦਿੱਤੀ ਗਈ ਸੀ ਪਰ ਗੋਆ ਦੇ ਉਲਟ ਦਾਦਰਾ ਅਤੇ ਨਗਰ ਹਵੇਲੀ ਦੇ ਮਾਮਲੇ ਵਿੱਚ ਭਾਰਤੀ ਹਥਿਆਰਬੰਦ ਬਲਾਂ ਦਾ ਇੱਥੇ ਕੋਈ ਸਿੱਧਾ ਦਖਲ ਨਹੀਂ ਸੀ। ਪੁਸਤਕ ਦੇ ਲੇਖਕ ਨੇ ਲਿਖਿਆ ਕਿ ਸੰਗੀਤ ਨਿਰਦੇਸ਼ਕ ਅਤੇ ਆਜ਼ਾਦੀ ਘੁਲਾਟੀਏ ਸੁਧੀਰ ਫੜਕੇ ਨੇ ਹਥਿਆਰਬੰਦ ਸੰਘਰਸ਼ ਲਈ ਫੰਡ ਇਕੱਠਾ ਕਰਨ ਵਿੱਚ ਮਦਦ ਲਈ ਲਤਾ ਮੰਗੇਸ਼ਕਰ ਨੂੰ ਮਿਲਣ ਦਾ ਫੈਸਲਾ ਕੀਤਾ। ਲਤਾ ਵੱਲੋਂ ਹਾਂ ਕਰਨ ਤੋਂ ਬਾਅਦ ਇਸ ਸਮਾਗਮ ਵਿਚ ਮੁਹੰਮਦ ਰਫੀ ਨੂੰ ਸੱਦਣ ਦਾ ਫੈਸਲਾ ਕੀਤਾ ਗਿਆ। ਇਸ ਸਮਾਗਮ ਵਾਲੇ ਦਿਨ ਲਤਾ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ ਦੇ ਬਾਵਜੂਦ ਲਤਾ ਅਤੇ ਰਫੀ ਨੇ ਉਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸਮਾਗਮ ਸਮਾਪਤ ਹੋ ਚੁੱਕਿਆ ਸੀ। ਇਸ ਤੋਂ ਬਾਅਦ ਲਤਾ ਮੁੜ ਸਮਾਗਮ ਵਿਚ ਸ਼ਾਮਲ ਹੋਈ ਤੇ ਇਸ ਪੈਸੇ ਨਾਲ ਹਥਿਆਰ ਖਰੀਦੇ ਗਏ ਤੇ ਪੁਰਤਗਾਲੀਆਂ ਤੋਂ ਦਾਦਰ ਤੇ ਨਗਰ ਹਵੇਲੀ ਨੂੰ ਆਜ਼ਾਦ ਕਰਵਾਇਆ ਗਿਆ। -ਪੀਟੀਆਈ