ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਦ ‘ਖਿਮਾ ਦਾਨ’ ਨੇ ਪਲਟੀ ਬਾਜ਼ੀ

10:41 AM Sep 22, 2024 IST
ਗੁਰਦੇਵ ਸਿੰਘ ਸਿੱਧੂ

ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਸਿੱਖ ਗੁਰਧਾਮਾਂ ਦਾ ਪ੍ਰਬੰਧ ਦੁਰਾਚਾਰੀ ਪੁਜਾਰੀਆਂ ਅਤੇ ਮਹੰਤਾਂ ਦੇ ਹੱਥਾਂ ਵਿੱਚੋਂ ਖੋਹ ਕੇ ਸਿੱਖ ਪ੍ਰਤੀਨਿਧਾਂ ਦੇ ਹਵਾਲੇ ਕੀਤੇ ਜਾਣ ਦੀ ਗੱਲ ਜ਼ੋਰ ਨਾਲ ਚੱਲ ਰਹੀ ਸੀ। ਦਿਨੋ-ਦਿਨ ਸਿੱਖ ਅਖ਼ਬਾਰਾਂ ਅਤੇ ਸੰਗਤ ਵੱਲੋਂ ਕੀਤੀ ਜਾ ਰਹੀ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਤਬਦੀਲੀ ਦੀ ਮੰਗ ਨੂੰ ਹੋਰ ਸਮੇਂ ਲਈ ਟਾਲਣ ਵਾਸਤੇ ਪੰਜਾਬ ਸਰਕਾਰ ਨੇ 13 ਮਾਰਚ 1920 ਨੂੰ ਪੰਜਾਬ ਕੌਂਸਲ ਵਿੱਚ ਇਹ ਐਲਾਨ ਕੀਤਾ, ‘‘ਸਵਰਨ ਮੰਦਰ, ਅੰਮ੍ਰਿਤਸਰ ਦੇ ਪ੍ਰਬੰਧ ਦਾ ਸਵਾਲ ਕੁਝ ਸਮੇਂ ਤੋਂ ਸਰਕਾਰ ਦੇ ਵਿਚਾਰ ਅਧੀਨ ਹੈ। ਫ਼ੈਸਲਾ ਕੀਤਾ ਗਿਆ ਹੈ ਕਿ ‘ਸੁਧਾਰ ਸਕੀਮ’ (ਮਾਂਟੇਗਿਊ-ਚੈਮਸਫੋਰਡ ਰਿਫਾਰਮਜ਼) ਨੂੰ ਅਮਲ ਵਿੱਚ ਲਿਆਏ ਜਾਣ ਤੱਕ ਇਸ ਨੂੰ ਨਾ ਛੇੜਿਆ ਜਾਵੇ। ਫਿਰ ਸਿੱਖ ਹਲਕਿਆਂ ਤੋਂ ਜੇਤੂ ਸਿੱਖ ਪ੍ਰਤੀਨਿਧੀਆਂ ਨਾਲ ਵਿਚਾਰਨ ਉਪਰੰਤ ਤਬਦੀਲੀ ਅਮਲ ਵਿੱਚ ਲਿਆਂਦੀ ਜਾਵੇਗੀ। ... ਉਨ੍ਹਾਂ ਦੀ ਸਹਾਇਤਾ ਨਾਲ ਇੱਕ ਕਮੇਟੀ ਬਣਾ ਕੇ ਮੈਨੇਜਰ (ਸਰਬਰਾਹ) ਦੀ ਨਿਯੁਕਤੀ ਅਤੇ ਲੇਖੇ ਦੀ ਪੜਤਾਲ ਉਸ ਦੇ ਹਵਾਲੇ ਕਰ ਦਿੱਤੀ ਜਾਵੇਗੀ। ਕਮੇਟੀ ਬਣ ਜਾਣ ਉਪਰੰਤ ਸਰਕਾਰ ਦੀ ਇੱਛਾ ਭਵਿੱਖ ਵਿੱਚ ਪ੍ਰਬੰਧ ਤੋਂ ਉੱਕਾ ਹੀ ਵੱਖ ਹੋ ਜਾਣ ਦੀ ਹੈ।’’ ਪਰ ਅਸਲੀਅਤ ਵਿੱਚ ਇਹ ਸਰਕਾਰ ਦੀਆਂ ਕਹਿਣ ਦੀਆਂ ਗੱਲਾਂ ਸਨ ਤਾਂ ਜੋ ਸਿੱਖ ਅਜਿਹੇ ਐਲਾਨਾਂ ਨੂੰ ਦੇਖਦਿਆਂ ਖ਼ੁਦ ਕੋਈ ਕਾਰਵਾਈ ਕਰਨ ਬਾਰੇ ਭੰਬਲਭੂਸੇ ਵਿੱਚ ਪਏ ਰਹਿਣ।
ਕਈ ਵਾਰ ਮਨੁੱਖ ਦੇ ਜੀਵਨ ਵਾਂਗ ਕੌਮਾਂ ਦੇ ਜੀਵਨ ਵਿੱਚ ਵੀ ਅਜਿਹਾ ਵਾਪਰਦਾ ਹੈ ਜੋ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ ਅਤੇ ਅਚਾਨਕ ਵਾਪਰੀ ਅਜਿਹੀ ਘਟਨਾ ਕੌਮੀ ਇਤਿਹਾਸ ਨੂੰ ਕਿਸੇ ਅਣਕਿਆਸੀ ਨਵੀਂ ਦਿਸ਼ਾ ਵੱਲ ਮੋੜਾ ਦੇ ਦਿੰਦੀ ਹੈ। ਸਿੱਖ ਕੌਮ ਦੇ ਇਤਿਹਾਸ ਵਿੱਚ 12 ਅਕਤੂਬਰ 1920 ਨੂੰ ਵਾਪਰੀ ਘਟਨਾ ਵੀ ਇਸੇ ਚਰਿੱਤਰ ਦੀ ਧਾਰਨੀ ਹੋ ਨਿੱਬੜੀ ਜਿਸ ਦੇ ਫਲਸਰੂਪ ਅੰਗਰੇਜ਼ ਸਾਮਰਾਜ ਦੀ ‘ਸੱਜੀ ਬਾਂਹ’ ਵਜੋਂ ਜਾਣੀ ਜਾਂਦੀ ਸਿੱਖ ਕੌਮ ਭਾਰਤੀ ਸੁਤੰਤਰਤਾ ਸੰਗਰਾਮ ਦਾ ਮੋਹਰੀ ਦਸਤਾ ਬਣ ਗਈ। ਇਹ ਘਟਨਾ ਸੀ ਇਸਾਈ ਅਤੇ ਹਿੰਦੂ ਧਰਮ ਪ੍ਰਚਾਰਕਾਂ ਵੱਲੋਂ ‘ਅਖੌਤੀ ਨੀਵੀਆਂ ਜਾਤੀਆਂ’ ਦੇ ਸਿੱਖ ਪੈਰੋਕਾਰਾਂ ਨੂੰ ਆਪਣੇ ਧਰਮਾਂ ਵਿੱਚ ਸ਼ਾਮਲ ਕਰਨ ਲਈ ਲਾਈ ਹੋੜ ਦਾ ਮੁਕਾਬਲਾ ਕਰਨ ਲਈ ਸਰਗਰਮ ਜਥੇਬੰਦੀ ‘ਖਾਲਸਾ ਬਰਾਦਰੀ’ ਵੱਲੋਂ ਮਿਤੀ 25, 26 ਅਤੇ 27 ਅੱਸੂ ਸੰਮਤ 1977 ਮੁਤਾਬਿਕ 10, 11 ਅਤੇ 12 ਅਕਤੂਬਰ 1920 ਨੂੰ ਜਲ੍ਹਿਆਂ ਵਾਲੇ ਬਾਗ ਵਿੱਚ ਰੱਖੇ ਦੀਵਾਨ ਦੀ ਸਮਾਪਤੀ ਸਮੇਂ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਦਾ ਸ੍ਰੀ ਦਰਬਾਰ ਸਾਹਿਬ ਜਾ ਕੇ ਕੜਾਹ ਪ੍ਰਸ਼ਾਦ ਭੇਟ ਕਰਨ ਜਾਣਾ। ਹੋਇਆ ਇਹ ਕਿ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਚੋਖੇ ਬਹਿਸ ਮੁਬਾਹਸੇ ਪਿੱਛੋਂ ਸੰਗਤੀ ਦਬਾਅ ਕਾਰਨ ਲਏ ਗੁਰਵਾਕ ਦੀ ਰੋਸ਼ਨੀ ਵਿੱਚ ‘ਅਖੌਤੀ ਨੀਵੀਆਂ ਜਾਤੀਆਂ’ ਵਿੱਚੋਂ ਅੰਮ੍ਰਿਤ ਛਕ ਕੇ ਸਿੰਘ ਸਜੇ ਖਾਲਸੇ ਵੱਲੋਂ ਭੇਟ ਕੀਤੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਕੀਤੀ ਅਤੇ ਉਨ੍ਹਾਂ ਲਈ ਅਰਦਾਸ ਵੀ ਕੀਤੀ ਪਰ ਇਸ ਘਟਨਾਕ੍ਰਮ ਬਾਰੇ ਜਾਣ ਕੇ ਸ੍ਰੀ ਅਕਾਲ ਤਖਤ ਸਾਹਿਬ, ਜਿੱਥੇ ਇਸ ਜਥੇ ਨੇ ਨਤਮਸਤਕ ਹੋਣਾ ਸੀ, ਦੇ ਪੁਜਾਰੀ ਪੱਤਰਾ ਵਾਚ ਗਏ। ਸ੍ਰੀ ਅਕਾਲ ਤਖਤ ਸਾਹਿਬ ਨੂੰ ਸੇਵਾਦਾਰਾਂ ਤੋਂ ਸੁੰਨਾ ਰੱਖਿਆ ਜਾਣਾ ਯੋਗ ਨਹੀਂ ਸੀ। ਇਸ ਲਈ ਭਾਈ ਕਰਤਾਰ ਸਿੰਘ ਝੱਬਰ ਦੀ ਪਹਿਲਕਦਮੀ ਉੱਤੇ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਥਾਪ ਕੇ ਨਵੇਂ ਸੇਵਾਦਾਰ ਥਾਪੇ ਗਏ। ਉਪਰੰਤ ਖਾਲਸਾ ਬਿਰਾਦਰੀ ਦੇ ਪ੍ਰਬੰਧਕਾਂ ਨੇ ਕੜਾਹ ਪ੍ਰਸ਼ਾਦ ਆਪਣੇ ਹੱਥੀਂ ਵਰਤਾਇਆ। ਅਗਲੀ ਕਾਰਵਾਈ ਸਮੂਹ ਸਿੱਖ ਗੁਰਧਾਮਾਂ ਦਾ ਪ੍ਰਬੰਧ ਦੁਰਾਚਾਰੀ ਪੁਜਾਰੀਆਂ ਦੇ ਹੱਥਾਂ ਵਿੱਚੋਂ ਖੋਹ ਕੇ ਸਿੱਖ ਪ੍ਰਤੀਨਿਧਾਂ ਦੇ ਹਵਾਲੇ ਕਰਨ ਦੀ ਹੋਣੀ ਸੀ। ਇਸ ਲਈ ਇਸ ਵਡੇਰੇ ਕਾਰਜ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਆਰੰਭੇ ਜਾਣ ਦਾ ਵਿਧੀ-ਵਿਧਾਨ ਬਣਾਉਣ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਲਾਹ ਦੇਣ ਵਾਸਤੇ ਬਣਾਈ ਪੰਜ ਮੈਂਬਰੀ ਕਮੇਟੀ ਵੱਲੋਂ ਵਿਭਿੰਨ ਸਿੱਖ ਸੰਸਥਾਵਾਂ ਦੇ ਨਿਰਧਾਰਿਤ ਧਾਰਮਿਕ ਆਚਰਣ ਕਸਵੱਟੀ ਉੱਤੇ ਪੂਰੇ ਉੱਤਰਦੇ ਪ੍ਰਤੀਨਿਧਾਂ ਨੂੰ 15 ਅਤੇ 16 ਨਵੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕਰਵਾਏ ਜਾਣ ਵਾਲੇ ‘ਸਰਬੱਤ ਖਾਲਸਾ’ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਪੰਜਾਬ ਭਰ ਵਿੱਚੋਂ 15 ਨਵੰਬਰ ਦੀ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਸਿੱਖ ਸੰਗਤ ਬੜੇ ਉਤਸ਼ਾਹ ਵਿੱਚ ਸੀ। ਪਰ ਜਿਉਂ ਜਿਉਂ 15 ਨਵੰਬਰ ਦਾ ਦਿਨ ਨੇੜੇ ਆਉਂਦਾ ਗਿਆ, ਪੰਜਾਬ ਸਰਕਾਰ ਅਤੇ ਸਰਕਾਰ ਪੱਖੀ ਸਿੱਖਾਂ ਦੀ ਚਿੰਤਾ ਵਧਦੀ ਗਈ। ਸਰਕਾਰ ਕਿਵੇਂ ਨਾ ਕਿਵੇਂ 15 ਨਵੰਬਰ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਲਈ ਕਮੇਟੀ ਗਠਿਤ ਕੀਤੇ ਜਾਣ ਨੂੰ ਟਾਲਣਾ ਚਾਹੁੰਦੀ ਸੀ। ਇਸ ਲਈ ਸਰਕਾਰ ਅਤੇ ਰਾਜ ਦਰਬਾਰ ਵਿੱਚ ਪਹੁੰਚ ਰੱਖਦੇ ਸਿੱਖ ਸਰਦਾਰਾਂ ਦੀ ਵਿਉਂਤਬੰਦੀ ਅਨੁਸਾਰ ਮਹਾਰਾਜਾ ਪਟਿਆਲਾ ਦੀ ਅਗਵਾਈ ਵਿੱਚ ਕਹਿੰਦੇ ਕਹਾਉਂਦੇ 16 ਸਿੱਖ ਸਰਦਾਰਾਂ ਨੇ ਇੱਕ ਵਫ਼ਦ ਦੇ ਰੂਪ ਵਿੱਚ 13 ਨਵੰਬਰ ਨੂੰ ਲੈਫਟੀਨੈਂਟ ਗਵਰਨਰ ਅੱਗੇ ਪੇਸ਼ ਹੋ ਕੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਕਮੇਟੀ ਗਠਿਤ ਕਰਨ ਵਾਸਤੇ 36 ਮੈਂਬਰਾਂ ਦੀ ਇੱਕ ਸੂਚੀ ਪੇਸ਼ ਕੀਤੀ। ਭਾਵੇਂ ਇਸ ਕਮੇਟੀ ਨੂੰ ਸੰਤੁਲਿਤ ਕਮੇਟੀ ਦੀ ਰੰਗਤ ਦੇਣ ਅਤੇ ਸਿੱਖ ਜਗਤ ਵਿੱਚ ਹੋ ਸਕਦੇ ਸੰਭਾਵੀ ਵਿਰੋਧ ਨੂੰ ਟਾਲਣ ਵਾਸਤੇ ਇਸ ਵਿੱਚ ਕੁਝ ਸਰਗਰਮ ਸਿੱਖ ਆਗੂਆਂ ਦੇ ਨਾਂ ਸ਼ਾਮਲ ਸਨ, ਪਰ ਬਹੁਗਿਣਤੀ ਮੈਂਬਰ ਸਰਕਾਰਪ੍ਰਸਤਾਂ ਵਿੱਚੋਂ ਹੀ ਸਨ। ਗੱਲ ਗਿਣੀ ਮਿਥੀ ਹੋਣ ਕਾਰਨ ਲੈਫਟੀਨੈਂਟ ਗਵਰਨਰ ਨੇ ਹਾਂ ਕਰਨ ਵਿੱਚ ਦੇਰ ਨਾ ਲਾਈ।
ਪਹਿਲੇ ਦਿਨ ਦੀ ਕਾਰਵਾਈ: ਟਿੰਡ ਵਿੱਚ ਕਾਨਾ
15 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਇਕੱਤਰ ਹੋ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੁੱਲ੍ਹੀ ਥਾਂ ਅਤੇ ਆਲੇ-ਦੁਆਲੇ ਦੇ ਬੁੰਗੇ ਸੰਗਤ ਨਾਲ ਭਰ ਗਏ। ਹੁਕਮਨਾਮੇ ਵਿੱਚ ਨਿਰਧਾਰਿਤ ਫਾਰਮੂਲੇ ਦੀ ਲੋਅ ਵਿੱਚ ਚੁਣੇ ਹੋਏ ਪ੍ਰਤੀਨਿਧ ਹਾਜ਼ਰ ਸਨ। ਸਮਾਗਮ ਦੀ ਕਾਰਵਾਈ ਚਲਾਉਣ ਵਾਸਤੇ ਪ੍ਰਿੰਸੀਪਲ ਭਾਈ ਤੇਜਾ ਸਿੰਘ ਅਕਾਲ ਕਾਲਜ, ਮਸਤੂਆਣਾ ਨੂੰ ਪ੍ਰਧਾਨ ਥਾਪਿਆ ਗਿਆ। ਤਦ ਉਪਰੰਤ ਮਾਸਟਰ ਚੰਦਾ ਸਿੰਘ ਨੇ ਇਹ ਗੁਰਮਤਾ ਪੇਸ਼ ਕੀਤਾ, ‘‘ਗੁਰਦੁਆਰਿਆਂ ਦੇ ਪ੍ਰਬੰਧ ਲਈ ਜ਼ਿਲ੍ਹੇ ਤੇ ਇਲਾਕੇ ਵਾਰ ਚੋਣਵੇਂ ਸਿੱਖਾਂ ਦੀ ਅੱਜ ਇੱਕ ਕਮੇਟੀ ਬਣਾਈ ਜਾਵੇ ਜੋ ਦਰਬਾਰ ਸਾਹਿਬ ਤੇ ਹੋਰ ਸਭ ਗੁਰ ਅਸਥਾਨਾਂ ਦਾ ਪ੍ਰਬੰਧ ਕਰੇ।’’ ਸਰਕਾਰ ਪੱਖੀ ਸਿੱਖ ਆਗੂ ਸ. ਸ਼ਿਵਦੇਵ ਸਿੰਘ ਰਈਸ ਸਿਆਲਕੋਟ, ਜੋ ਲੈਫਟੀਨੈਂਟ ਗਵਰਨਰ ਨੂੰ ਮਿਲਣ ਗਏ ਵਫ਼ਦ ਵਿੱਚ ਵੀ ਸ਼ਾਮਲ ਸੀ, ਨੇ ਬਦਲਵਾਂ ਮਤਾ ਪੇਸ਼ ਕੀਤਾ ਕਿ ‘‘ਜੋ ਕਮੇਟੀ 36 ਸਿੰਘਾਂ ਦੀ ਲਾਟ ਸਾਹਿਬ ਨਾਲ ਮਿਲ ਕੇ ਮਹਾਰਾਜਾ ਪਟਿਆਲਾ ਅਤੇ ਹੋਰ ਸੱਜਣਾਂ ਨੇ ਬਣਾਈ ਹੈ, ਉਹ ਹੀ ਰਹੇ, ਨਵੀਂ ਕਮੇਟੀ ਨਾ ਬਣਾਈ ਜਾਵੇ।’’ ਮਤੇ ਦੋ ਹੋ ਗਏ ਅਤੇ ਬੁਲਾਰੇ ਆਪੋ ਆਪਣੇ ਮਤੇ ਦੇ ਪੱਖ ਵਿੱਚ ਬੋਲਣ ਲੱਗੇ। ਅੰਤ ਪੂਰੇ ਦਿਨ ਦੀ ਕਾਰਵਾਈ ਭੇਟ ਚੜ੍ਹਨ ਪਿੱਛੋਂ ਲੈਫਟੀਨੈਂਟ ਗਵਰਨਰ ਵੱਲੋਂ ਐਲਾਨੀ ਕਮੇਟੀ ਦੇ ਮੈਂਬਰਾਂ ਨੂੰ ਨਵੀਂ ਬਣਨ ਵਾਲੀ ਵੱਡੀ ਕਮੇਟੀ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਹੋਣ ਨਾਲ ਦਿਨ ਦੀ ਕਾਰਵਾਈ ਸਮਾਪਤ ਹੋਈ।
ਦੂਜੇ ਦਿਨ ਦੀ ਕਾਰਵਾਈ: ‘ਖਿਮਾ ਦਾਨ’ ਨੇ ਪਲਟੀ ਬਾਜ਼ੀ
16 ਨਵੰਬਰ ਨੂੰ ਦੁਪਹਿਰ ਸਮੇਂ ਸਰਬੱਤ ਖਾਲਸਾ ਇਕੱਤਰਤਾ ਪ੍ਰਿੰਸੀਪਲ ਭਾਈ ਤੇਜਾ ਸਿੰਘ ਦੀ ਪ੍ਰਧਾਨਗੀ ਹੇਠ ਮੁੜ ਸ਼ੁਰੂ ਹੋਈ। ਸੰਗਤ ਸ੍ਰੀ ਅਕਾਲ ਬੁੰਗੇ ਦੇ ਸਾਹਮਣੇ ਸਜੀ ਹੋਈ ਸੀ। ਬਾਵਾ ਹਰਕਿਸ਼ਨ ਸਿੰਘ ਨੇ ਵਿਭਿੰਨ ਇਲਾਕਾਵਾਰ ਪ੍ਰਤੀਨਿਧਾਂ ਲਈ ਪਹਿਲਾਂ ਦੱਸੀ ਗਈ ਗਿਣਤੀ ਅਨੁਸਾਰ ਜਿੰਨੇ ਕੁ ਨੁਮਾਇੰਦੇ ਚੁਣੇ ਗਏ ਸਨ, ਦੀ ਸੂਚੀ ਪੜ੍ਹੀ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਆਉਣ ਦੀ ਬੇਨਤੀ ਕੀਤੀ ਜਿੱਥੇ ਜਥੇਦਾਰ ਤੇਜਾ ਸਿੰਘ ਭੁੱਚਰ ਜਥੇਦਾਰ ਅਕਾਲ ਤਖਤ ਸਾਹਿਬ, ਪ੍ਰਿੰਸੀਪਲ ਤੇਜਾ ਸਿੰਘ ਮਸਤੂਆਣਾ, ਮਾਸਟਰ ਮੋਤਾ ਸਿੰਘ, ਸ. ਬਲਵੰਤ ਸਿੰਘ ਕੁੱਲਾ ਅਤੇ ਭਾਈ ਬਖਸ਼ੀਸ ਸਿੰਘ, ਕੇਸਗੜ੍ਹ ਉੱਤੇ ਆਧਾਰਿਤ ਪੰਜ ਪਿਆਰਿਆਂ ਦੀ ਪੜਤਾਲੀਆ ਕਮੇਟੀ ਨੇ ਚੁਣੇ ਗਏ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖਤ ਵੱਲੋਂ ਜਾਰੀ ਹੁਕਮਨਾਮੇ ਵਿੱਚ ਦੱਸੇ ਨਿਯਮਾਂ ਦੀ ਪੂਰਤੀ ਕਰਨ ਦੀ ਪੜਤਾਲ ਕਰਕੇ ਕਿਸੇ ਮੈਂਬਰ ਵਿੱਚ ਊਣਤਾਈ ਵੇਖ ਕੇ ਉਸ ਨੂੰ ਤਨਖਾਹ ਲਾਉਣੀ ਸੀ। ਉਪਰੰਤ ਮੈਂਬਰ ਨੇ ਸੰਗਤ ਪਾਸੋਂ ਭੁੱਲ ਬਖਸ਼ਾਉਣੀ ਸੀ। ਅਜਿਹਾ ਨਾ ਕਰਨ ਵਾਲੇ ਵਿਅਕਤੀ ਨੂੰ ਮੈਂਬਰੀ ਦੇ ਅਯੋਗ ਮੰਨਿਆ ਜਾਣਾ ਸੀ। ਇਸ ਪਿੱਛੋਂ ਕਮੇਟੀ ਲਈ ਚੁਣੇ ਗਏ ਮੈਂਬਰਾਂ ਦੀ ਸੁਧਾਈ ਦਾ ਕਾਰਜ ਸ਼ੁਰੂ ਹੋਇਆ।
ਇਹ ਸਾਰੀ ਕਾਰਵਾਈ ਮੁਕੰਮਲ ਹੋਣ ਉਪਰੰਤ ਸਾਰੇ ਸਿੱਖ ਪ੍ਰਤੀਨਿਧ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਕੱਠੀ ਹੋਈ ਸੰਗਤ ਦੇ ਸਨਮੁੱਖ ਪੇਸ਼ ਹੋਏ। ਕਾਲੀ ਪੁਸ਼ਾਕ ਪਹਿਨੀ ਅਤੇ ਮੋਢਿਆਂ ਉੱਤੇ ਸ੍ਰੀ ਸਾਹਿਬ ਟਿਕਾਈ ਪੰਜ ਪਿਆਰੇ ਜਦੋਂ ਸ਼ਬਦ ਪੜ੍ਹਦੇ ਹੋਏ ਸਿੱਖ ਪ੍ਰਤੀਨਿਧਾਂ ਨੂੰ ਲੈ ਕੇ ਸਿੱਖ ਸੰਗਤ ਦੇ ਸਾਹਮਣੇ ਆਏ ਤਾਂ ਇਹ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਅਦਭੁੱਤ ਨਜ਼ਾਰਾ ਸੀ। ਸੰਗਤ ਦੇ ਸਾਹਮਣੇ ਖੜ੍ਹੇ ਹੋ ਕੇ ਬਾਵਾ ਹਰਕਿਸ਼ਨ ਸਿੰਘ ਨੇ ਇਕੱਲੇ ਇਕੱਲੇ ਸਿੱਖ ਪ੍ਰਤੀਨਿਧ ਦਾ ਨਾਂ ਲੈ ਕੇ ਉਸ ਵਿੱਚ ਪਾਈਆਂ ਗਈਆਂ ਕਮਜ਼ੋਰੀਆਂ ਅਤੇ ਉਨ੍ਹਾਂ ਦੇ ਨਿਵਾਰਣ ਵਾਸਤੇ ਲਾਈ ਗਈ ਤਨਖਾਹ ਦਾ ਵੇਰਵਾ ਪੇਸ਼ ਕੀਤਾ ਜਿਸ ਨੂੰ ਸੰਗਤ ਨੇ ਸਾਹ ਰੋਕ ਕੇ ਸੁਣਿਆ। ਜਦ ਇਹ ਕਾਰਵਾਈ ਚੱਲ ਰਹੀ ਸੀ ਤਾਂ ਸ. ਸੋਹਨ ਸਿੰਘ ਜੋਸ਼ ਅਨੁਸਾਰ ‘‘ਸਾਰਿਆਂ ਦੀਆਂ ਅੱਖਾਂ ਮੁੜ ਮੁੜ ਸ. ਸੁੰਦਰ ਸਿੰਘ ਮਜੀਠੀਆ ਵੱਲ ਉਠਦੀਆਂ ਸਨ। ਲੋਕ ਜਾਨਣਾ ਚਾਹੁੰਦੇ ਸਨ ਕਿ ਮਜੀਠੀਆ ਨੂੰ ਪਿਛਲੇ ਗੁਨਾਹਾਂ ਦੀ ਕੀ ਸਜ਼ਾ ਦਿੱਤੀ ਗਈ ਹੈ? ਕਿਉਂਕਿ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਪੁੱਜ ਕੇ ਜੀ ਹਜ਼ੂਰੀਆ, ਢਿੱਲੜ ਅਤੇ ਸੁਆਰਥੀ ਸੀ ਅਤੇ ਸਿੱਖਾਂ ਵਿੱਚ ਗਦਰੀ ਇਨਕਲਾਬੀਆਂ ਦੇ ਖ਼ਿਲਾਫ਼ ਅਸਿੱਖ ਹੋਣ ਦੇ ਫਤਵੇ ਦੇਣ ਕਰਕੇ ਬੜਾ ਬਦਨਾਮ ਹੋ ਚੁੱਕਾ ਸੀ।’’ ਬਾਵਾ ਹਰਕਿਸ਼ਨ ਸਿੰਘ ਨੇ ਸ. ਸੁੰਦਰ ਸਿੰਘ ਨੂੰ ਸਿੱਖ ਸੰਗਤ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਉਸ ਬਾਰੇ ਵਿਸਥਾਰ ਨਾਲ ਦੱਸਿਆ। ਉਪਰੰਤ ਸ. ਸੁੰਦਰ ਸਿੰਘ ਨੇ ਸੰਗਤ ਦੇ ਸਾਹਮਣੇ ਭਟ ਕੀਰਤਿ ਦਾ ਸਵਈਆ ‘‘ਹਮ ਅਵਗੁਣ ਭਰੇ ਏਕੁ ਗੁਣੁ ਨਾਹੀਂ’’ ਪੜ੍ਹਿਆ ਅਤੇ ਫਿਰ ਜੋ ਕਿਹਾ ਉਹ ਗਿਆਨੀ ਪ੍ਰਤਾਪ ਸਿੰਘ, ਸਾਬਕਾ ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਦੇ ਸ਼ਬਦਾਂ ਵਿੱਚ ‘‘ਮੈਂ ਹੁਣ ਤੀਕ ਜੋ ਕੁਝ ਕੀਤਾ ਹੈ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਪੰਥ ਦੇ ਭਲੇ ਲਈ ਆਪਣੀ ਯੋਗਤਾ ਅਨੁਸਾਰ ਕੀਤਾ ਹੈ। ਮੈਂ ਕੋਈ ਗੱਲ ਨਿੱਜੀ ਸਵਾਰਥ ਲਈ ਨਹੀਂ ਕੀਤੀ। ਜੇ ਮੈਂ ਕੋਈ ਭੁੱਲ ਕੀਤੀ ਹੈ ਤਾਂ ਪੰਥ ਬਖਸ਼ਣਹਾਰ ਹੈ।’’ ਸ. ਸੁੰਦਰ ਸਿੰਘ ਵੱਲੋਂ ਨਿਮਰਤਾ ਸਹਿਤ ਕੀਤੀ ਅਰਜ਼ੋਈ ਸੁਣ ਕੇ ਸੰਗਤ ਦੇ ਨੇਤਰਾਂ ਵਿੱਚ ਅੱਥਰੂ ਆ ਗਏ, ਫਲਸਰੂਪ ਸੰਗਤ ਨੇ ਉਸ ਦੀ ਮੈਂਬਰੀ ਨੂੰ ਹੀ ਪ੍ਰਵਾਨਗੀ ਨਾ ਦਿੱਤੀ ਸਗੋਂ ਅਗਲੀ ਕਾਰਵਾਈ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕਰਨ ਵਾਸਤੇ ਮਿਥੇ 12 ਦਸੰਬਰ 1920 ਦੇ ਦਿਨ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਚੁਣ ਲਿਆ।
ਜਾਪਦਾ ਹੈ, 16 ਨਵੰਬਰ ਨੂੰ ਸਿੱਖ ਸੰਗਤ ਵੱਲੋਂ ਵਿਖਾਈ ਭੁੱਲ ਬਖ਼ਸ਼ ਦੇਣ ਦੀ ਦਰਿਆਦਿਲੀ ਉੱਤੇ ਭਰੋਸਾ ਕਰਦਿਆਂ ਹੁਣ ਤੱਕ ਪੰਥਕ ਆਗੂ ਭੁੱਲਾਂ ਕਰਨ ਤੋਂ ਨਾ ਝਿਜਕਦੇ ਹਨ, ਨਾ ਸ਼ਰਮ ਮੰਨਦੇ ਹਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜਦ ਉਹ ਗੁਰੂ ਦੀ ਹਜ਼ੂਰੀ ਵਿੱਚ ਗਲ ਵਿਚ ਪੱਲਾ ਪਾ ਅਤੇ ਨਿਮਾਣੇ ਬਣ ਕੇ ਬਖ਼ਸ਼ਣਹਾਰ ਪੰਥ ਅੱਗੇ ‘‘ਜਾਣੇ ਜਾਂ ਅਣਜਾਣੇ’’ ਕੀਤੀਆਂ ਭੁੱਲਾਂ ਬਖ਼ਸ਼ ਦੇਣ ਦੀ ਜੋਦੜੀ ਕਰਨਗੇ ਤਾਂ ਪੰਥ ‘ਖਿਮਾ ਦਾਨ’ ਦੇਣ ਵਿੱਚ ਇੱਕ ਪਲ ਨਹੀਂ ਲਾਏਗਾ।
ਸੰਪਰਕ: 94170-49417

Advertisement

Advertisement