For the best experience, open
https://m.punjabitribuneonline.com
on your mobile browser.
Advertisement

ਜਦ ਮੇਰੇ ਕੋਲੋਂ ਇੱਕ ਰੁਪਿਆ ਨਾ ਮੁੱਕਿਆ

11:53 AM Jul 21, 2024 IST
ਜਦ ਮੇਰੇ ਕੋਲੋਂ ਇੱਕ ਰੁਪਿਆ ਨਾ ਮੁੱਕਿਆ
Advertisement

ਪ੍ਰੋ. ਜਸਵੰਤ ਸਿੰਘ ਗੰਡਮ

ਆਪ ਬੀਤੀ

ਜੇਠ-ਹਾੜ੍ਹ ਦੇ ਮਹੀਨਿਆਂ ਵਿੱਚ ਸਾਡੇ ਇਲਾਕੇ ਦੋਆਬੇ ਵਿੱਚ ਅਨੇਕਾਂ ਖੇਤਰੀ ਅਤੇ ਸਥਾਨਕ ਮੇਲੇ ਲੱਗਦੇ ਹਨ। ਕਣਕ ਦੀ ਫ਼ਸਲ ਵੱਢੀ, ਵੇਚੀ ਜਾ ਚੁੱਕੀ ਹੁੰਦੀ ਹੈ ਅਤੇ ਚਾਰ ਪੈਸੇ ਖੀਸੇ ’ਚ ਹੋਣ ਕਾਰਨ ਮੇਲੇ ਜਾਣ ਵਾਲੀ ਮੜ੍ਹਕ ਬਣ ਜਾਂਦੀ ਹੈ। ਬੋਝੇ ’ਚ ਧੇਲਾ ਨਾ ਹੋਵੇ ਤਾਂ ਮੇਹਣਾ ਵੱਜਦਾ ਹੈ ‘ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ’।
ਉਂਝ ਤਾਂ ਪੰਜਾਬ ਮੇਲਿਆਂ-ਮੁਸਾਹਿਬਆਂ, ਉਤਸਵਾਂ-ਤਿਉਹਾਰਾਂ, ਜੋੜ ਮੇਲਿਆਂ ਦੀ ਧਰਤੀ ਹੈ। ਕਈ ਮੇਲੇ/ਤਿਉਹਾਰ ਤਾਂ ਹੁਣ ਕੌਮਾਂਤਰੀ ਪੱਧਰ ’ਤੇ ਮਨਾਏ ਜਾਂਦੇ ਹਨ ਜਿਵੇਂ ਵਿਸਾਖੀ/ ਦੀਵਾਲੀ/ ਧਾਰਮਿਕ ਪੁਰਬ ਆਦਿ ਪਰ ਇਲਾਕਾਈ ਜਾਂ ਸਥਾਨਕ ਮੇਲੇ ਵਿਸ਼ੇਸ਼ ਖਿੱਤੇ ਜਾਂ ਪਿੰਡਾਂ ਵਿੱਚ ਮਨਾਏ ਜਾਂਦੇ ਹਨ। ਇਨ੍ਹਾਂ ’ਚੋਂ ਬਹੁਤਿਆਂ ਦਾ ਪਿਛੋਕੜ ਧਾਰਮਿਕ ਹੁੰਦਾ ਹੈ ਅਤੇ ਕਈਆਂ ਦਾ ਸਬੰਧ ਫ਼ਸਲਾਂ/ਰੁੱਤਾਂ ਨਾਲ ਹੁੰਦਾ ਹੈ।
ਇਨ੍ਹਾਂ ਮੇਲਿਆਂ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੀ ਆਉਂਦੇ ਸਨ ਅਤੇ ਪਰਵਾਸੀ ਪੰਜਾਬੀ ਵੀ। ਮੇਲੇ ਬੜੇ ਭਰਦੇ ਸਨ।
ਦੋਆਬੇ ਵਿੱਚ ਤੱਲਣ, ਪਲਾਹੀ, ਚੱਕ ਹਕੀਮ, ਗੰਢਵਾਂ, ਨੰਗਲ-ਸਪਰੋੜ ਦੀ ਥੇਹ, ਨਿਰਮਲ ਕੁਟੀਆ ਛੰਭਵਾਲੀ ਪੰਡਵਾ ਦੇ ਪਿੰਡਾਂ, ਮਣਸਾ ਦੇਵੀ ਹਦੀਆਬਾਦ/ ਫਗਵਾੜਾ, ਫਿਲੌਰ, ਨਕੋਦਰ, ਜਲੰਧਰ ਸ਼ਹਿਰਾਂ ਸਮੇਤ ਕਈ ਮੇਲੇ/ਧਾਰਮਿਕ ਜੋੜ ਮੇਲੇ ਲਗਦੇ ਹਨ।ਅਸੀਂ ਇਹ ਬਚਪਨ ਤੋਂ ਦੇਖਦੇ ਆਏ ਹਾਂ। ਇਹ ਮੇਲੇ 100-100 ਸਾਲ ਤੋਂ ਵੀ ਵਧੇਰੇ ਸਮੇਂ ਤੋਂ ਲੱਗਦੇ ਆ ਰਹੇ ਹਨ। ਸਾਡੇ ਆਪਣੇ ਪਿੰਡ ਦਾ 10 ਹਾੜ੍ਹ ਵਾਲਾ ਮੇਲਾ 105 ਸਾਲਾਂ ਤੋਂ ਲੱਗਦਾ ਆ ਰਿਹਾ ਹੈ। ਇਹ ਸੰਤ ਬਾਬਾ ਖੇਮ ਦਾਸ ਉਦਾਸੀਨ ਆਸ਼ਰਮ ਵਿਖੇ ਲੱਗਦਾ ਹੈ। ਇਸ ਵਾਰ ਇਹ ਸੰਤ ਸਰਨ ਮੁਨੀ ਦੀ ਅਗਵਾਈ ’ਚ ਲੱਗਾ।
ਅਸੀਂ ਬਚਪਨ ਵਿੱਚ ਇਹ ਮੇਲਾ ਦੇਖਣ ਜਾਂਦੇ ਸਾਂ। ਉਦੋਂ ਪੈਸੇ-ਧੇਲੇ ਦੀ ਥੁੜ ਵਾਲਾ ਵਕਤ ਸੀ। ਪਹਿਲਾਂ ਪਹਿਲ ਤਾਂ ਸਾਨੂੰ ਨਿੱਕਾ ਪੈਸਾ ਵੀ ਨਹੀਂ ਸੀ ਮਿਲਦਾ ਮੇਲਾ ਮਾਣਨ ਲਈ। ਬਸ ਕੁਝ ਬਚਪਨ ਦੇ ਬੇਲੀਆਂ ਨਾਲ ਮੇਲਾ-ਗੇਲਾ ਜ਼ਰੂਰ ਹੋ ਜਾਂਦਾ ਸੀ। ਕਹਿੰਦੇ ਹਨ ਕਿ ਮੇਲਾ ਨਹੀਂ ਮੇਲੀ ਬਿਨ ਪਰ ਸਾਨੂੰ ਹਮੇਸ਼ਾ ਲੱਗਦਾ ਸੀ ਕਿ ਇਹ ਸਤਰ ਅਧੂਰੀ ਹੈ। ਇਸ ਵਿੱਚ ਇਹ ਵੀ ਹੋਣਾ ਚਾਹੀਦਾ ਸੀ ‘ਪੈਸੇ ਜਾਂ ਧੇਲੀ ਬਿਨ’ ਭਾਵ ਮੇਲਾ ਨਹੀਂ ਮੇਲੀ ਬਿਨ, ਪੈਸੇ ਜਾਂ ਧੇਲੀ ਬਿਨ, ਜਾਣੀ ਮੇਲਾ ਮੇਲੀਆਂ ਦਾ, ਪੌਲੀ ਧੇਲੀਆਂ ਦਾ।
ਸਾਡੇ ਵੇਲੇ ਨਿੱਕਾ ਪੈਸਾ, ਮੋਰੀ ਵਾਲਾ ਪੈਸਾ, ਧੇਲੀ, ਦਮੜੀ, ਆਨਾ, ਦੁਆਨੀ, ਚੁਆਨੀ, ਅਠਿਆਨੀ ਹੁੰਦੇ ਸਨ। ਰੁਪਿਆ ਤਾਂ ਕਦੇ ਦੇਖਿਆ ਨਹੀਂ ਸੀ, ਹਾਂ ਸੁਣਿਆ ਜ਼ਰੂਰ ਸੀ ਕਿ ਇਸ ਵਿੱਚ ਸੋਲਾਂ ਆਨੇ ਹੁੰਦੇ ਹਨ। ਇਸ ਤੋਂ ਹੀ ਮੁਹਾਵਰਾ ਬਣਿਆ ‘ਸੋਲਾਂ ਆਨੇ ਸੱਚ’। ਧੇਲਾ ਅੱਧੇ ਪੈਸੇ ਨੂੰ ਕਹਿੰਦੇ ਸਨ ਭਾਵ ਅਧੇਲਾ ਅਤੇ ਧੇਲੀ ਅੱਧੇ ਰੁਪਏ ਭਾਵ ਅਠਿਆਨੀ ਨੂੰ ਕਹਿੰਦੇ ਸਨ। ਇੱਕ ਰੁਪਏ ਵਿੱਚ 16 ਆਨੇ, 64 ਪੈਸੇ ਅਤੇ 128 ਧੇਲੇ ਹੁੰਦੇ ਸਨ। ਪਾਈ ਅਤੇ ਕੌਡੀ ਸਾਡੇ ਜਨਮ ਸਮੇਂ ਚਲਦੀਆਂ ਸਨ ਪਰ ਅਸੀਂ ਆਪਣੀ ਸੁਰਤ ਸੰਭਾਲਣ ਵੇਲੇ ਨਹੀਂ ਦੇਖੀਆਂ। ਹਾਂ, ਫੁੱਟੀ ਕੌਡੀ ਜਾਂ ਕਾਣੀ ਕੋਡੀ ਦਾ ਵੀ ਮੁੱਲ ਨਾ ਹੋਣ ਦੇ ਮੁਹਾਵਰੇ ਜ਼ਰੂਰ ਸੁਣੇ ਸਨ।
ਅਸੀਂ ਪੰਜ ਭੈਣ ਭਰਾ ਸਾਂ। ਮੈਂ ਜੇਠਾ ਹਾਂ। ਜੰਮਿਆ ਵੀ ਜੇਠ ਮਹੀਨੇ ’ਚ। ਸਾਧਾਰਨ ਕਿਸਾਨੀ ਪਰਿਵਾਰ ਸੀ। ਉਦੋਂ ਖੇਤੀ ਬਰਾਨੀ ਸੀ। ਟਿੱਬਿਆਂ, ਧੋੜਿਆਂ, ਰੇਤ, ਵਾਵਰੋਲੇ, ਪੋਹਲੀ, ਭੱਖੜਾ, ਖੱਬਲ ਵਾਲੇ ਖੇਤ ਸਨ। ਸੋ ਪੈਸੇ ਟਕੇ ਦੀ ਥੁੜ ਹੀ ਰਹਿੰਦੀ ਸੀ।
ਮੈਨੂੰ ਪਹਿਲੀ ਵਾਰ ਮੇਲੇ ਵਿੱਚ ਜਾਣ ਲਈ ਜਦ ਚੁਆਨੀ ਮਿਲੀ ਤਾਂ ਮੇਰੇ ਪੈਰ ਧਰਤੀ ’ਤੇ ਨਾ ਲੱਗਣ। ਮੈਂ ਹਵਾ ਵਿੱਚ ਉੱਡਦਾ ਫਿਰਾਂ। ਮੇਲਾ ਖ਼ੂਬ ਮਾਣਿਆ। ਆਪਣੀਆਂ ਮਨਪਸੰਦ ‘ਡੈਲੀਕੇਸੀਜ਼’ (ਨਿਆਮਤਾਂ/ ਸੁਆਦਲੀਆਂ ਚੀਜ਼ਾਂ) ਦਾ ਆਨੰਦ ਲਿਆ।
ਫਿਰ ਅਗਲੇ ਸਾਲ ਮਾਂ ਨੇ ਮੈਨੂੰ ਅਠਿਆਨੀ ਦਿੰਦਿਆਂ ਸਾਵਧਾਨ ਵੀ ਕੀਤਾ ਕਿ ਤੈਨੂੰ ਸਭ ਤੋਂ ਵੱਡਾ ਹੋਣ ਕਾਰਨ ਅੱਠ ਆਨੇ ਦਿੱਤੇ ਹਨ, ਬਾਕੀਆਂ ਨੂੰ ਚੁਆਨੀ ਚੁਆਨੀ ਹੀ ਦਿੱਤੀ ਹੈ, ਇਸ ਲਈ ਦੂਜਿਆਂ ਨੂੰ ਨਾ ਦੱਸੀਂ। ...ਤੇ ਮੈਂ ਅੱਜ ਤਕ ਕਿਸੇ ਨੂੰ ਨਹੀਂ ਦੱਸਿਆ।
ਜਦ ਪਹਿਲੀ ਵਾਰ ਮਾਂ ਨੇ ਮੇਲੇ ਜਾਣ ਤੋਂ ਪਹਿਲਾਂ ਮਲਕੜੇ ਜਿਹੇ ਮੇਰੇ ਹੱਥ ਵਿੱਚ ਇੱਕ ਰੁਪਿਆ ਥਮਾਇਆ ਤਾਂ ਮੈਨੂੰ ਲੱਗਾ ਜਿਵੇਂ ਮੈਂ ਬਾਦਸ਼ਾਹ ਬਣ ਗਿਆ ਹੋਵਾਂ, ਭਲਾ ਮਹਾਰਾਜਾ ਪਟਿਆਲਾ ਵੀ ਕਿਹੜਾ ਮੇਰੇ ਨਾਲੋਂ ਵਧੇਰੇ ਪੈਸੇ ਵਾਲਾ ਹੋਊ। ਮੈਂ ਮੇਲੇ ਵਿੱਚ ਮਿਲਣ ਵਾਲੀ ਹਰ ਮਜ਼ੇਦਾਰ ਸ਼ੈਅ ਖਾਧੀ। ਕੁਲਫੀ, ਬਰਫ ਵਾਲਾ ਮਿੱਠਾ ਰੰਗ-ਬਰੰਗਾ ਗੋਲਾ, ਗੱਚਕ, ਗੋਲੀ ਵਾਲਾ ਬੱਤਾ, ਕੌਟਨ ਕੈਂਡੀ (ਜਿਸ ਨੂੰ ਪੇਂਡੂ ਬੋਲੀ ’ਚ ਅੱਜ ਵੀ ਬੁੱਢੀ ਮਾਈ ਦਾ ਝਾਟਾ ਕਹਿੰਦੇ ਹਨ), ਗੱਟਾ ਲਾਚੀਆਂ ਵਾਲਾ, ਪਕੌੜੇ, ਜਲੇਬੀਆਂ। ਹਰ ਰੀਝ ਪੂਰੀ ਕੀਤੀ ਪਰ ਰੁਪੱਈਆ ਸੀ ਕਿ ਮਾਲਗੱਡੀ ਦੇ ਡੱਬਿਆਂ ਵਾਂਗ ਮੁੱਕਣ ’ਚ ਹੀ ਨਹੀਂ ਸੀ ਆ ਰਿਹਾ। ਮੈਨੂੰ ਪਤਾ ਨਾ ਲੱਗੇ ਕਿ ਸਾਰਾ ਰੁਪੱਈਆ ਖਰਚਾਂ ਕਿੱਦਾਂ? ਹੋਰ ਕੁਝ ਖਾਣ ਤੋਂ ਢਿੱਡ ਜਵਾਬ ਦੇ ਗਿਆ ਸੀ। ਆਖ਼ਰ ਢਿੱਡ ਤਾਂ ਢਿੱਡ ਹੀ ਹੈ ਕੋਈ ਮੱਟ ਤਾਂ ਨਹੀਂ ਜਿਸ ਵਿੱਚ ਜੋ ਮਰਜ਼ੀ ਪਾਈ ਜਾਉ। ਸੋ ਕੁਝ ਕੁ ਬਚਦੇ ਪੈਸੇ ਮੈਂ ਵਾਪਸ ਲੈ ਆਇਆ ਅਤੇ ਆਪਣੀ ਮਾਂ ਨੂੰ ਮੋੜ ਦਿੱਤੇ।
ਵਾਹ! ਕੈਸਾ ਜ਼ਮਾਨਾ ਸੀ ਉਹ! ਅੱਜਕੱਲ੍ਹ ਤਾਂ ਇੱਕ ਰੁਪਿਆ ਮੰਗਤਾ ਵੀ ਨਹੀਂ ਲੈਂਦਾ, ਉਹ ਵੀ ਦਸ ਰੁਪਏ ਮੰਗਦਾ ਹੈ। ਜੇ ਗਲਤੀ ਨਾਲ ਤੁਸੀਂ ਕਿਤੇ ਇੱਕ ਰੁਪਿਆ ਦੇ ਬੈਠੋ ਤਾਂ ਇੱਜ਼ਤਦਾਰ ਮੰਗਤਾ ਇੱਕ ਰੁਪਿਆ ਕੋਲੋਂ ਲਾ ਕੇ ਤੁਹਾਨੂੰ ਵਾਪਸ ਕਰ ਦੇਵੇਗਾ ਕਿ ‘ਆਹ ਲਉ ਆਪਣਾ ਰੁਪਿਆ, ਇੱਕ ਮੇਰੇ ਵੱਲੋਂ ਸ਼ਗਨ ਦੇ ਤੌਰ ’ਤੇ ਰੱਖ ਲਉ ਅਤੇ ਅੱਗੇ ਤੋਂ ਕਿਸੇ ਵੀ ਮੰਗਤੇ ਦੀ ਔਕਾਤ ਘੱਟ ਆਂਕ ਕੇ ਉਸ ਦੀ ਅਣਖ ਨਾ ਵੰਗਾਰਿਉ।
ਲਿਖਤ ਉਪਰੰਤ ਲਿਖਤ:
ਮਹਾਨ ਕੋਸ਼ ਅਨੁਸਾਰ ‘ਮੇਲਾ’ ਸ਼ਬਦ ਦਾ ਅਰਥ ਮਿਲਾਪ. ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ।। (ਅੰਗ ੪੩੯). ਲੋਕਾਂ ਦਾ ਏਕਤ੍ਰ ਹੋਇਆ ਸਮੁਦਾਯ. ਬਹੁਤ ਮਿਲੇ ਹੋਏ ਲੋਕ. ‘ਮੇਲਾ ਸੁਣਿ ਸਿਵਰਾਤਿ ਦਾ’ (ਭਾ.ਗੁ.) ਅਤੇ ਜੋੜ ਮੇਲ, ਇਕੱਠ ਹੈ।
ਅੰਗਰੇਜ਼ੀ ਵਿੱਚ ਮੇਲੇ/ਉਤਸਵ ਨੂੰ ਫੇਅਰ ਜਾਂ ਫੈਸਟੀਵਲ ਕਹਿੰਦੇ ਹਨ ਜੋ ਓਲਡ ਫ੍ਰੈਂਚ ਦੇ ਫੇਅਰੇ, ਲਾਤੀਨੀ ਦੇ ਫੇਰੀਆ ਭਾਵ ਹੌਲੀਡੇ (ਛੁੱਟੀ) ਜਾਂ ਫੇਰੀਏ (ਆਰਾਮ ਦੇ ਦਿਨ), ਜਿਸ ਦਾ ਸਬੰਧ ਫੈਸਟਸ ਭਾਵ ਫੈਸਟੀਵਲ/ ਫੀਸਟ (ਉਤਸਵ/ਦਾਅਵਤ) ਨਾਲ ਹੈ, ਤੋਂ ਆਪਣੇ ਮੌਜੂਦਾ ਰੂਪ ’ਚ ਪੁੱਜਾ। ਪੁਰਾਤਨ ਸਮਿਆਂ ਵਿੱਚ ਵਣਜ-ਵਪਾਰ, ਖ਼ਾਸ ਕਰਕੇ ਪਸ਼ੂਧਨ ਦੀ ਖ੍ਰੀਦੋ-ਫਰੋਖਤ ਲਈ ਮੇਲੇ/ਬਾਜ਼ਾਰ ਲੱਗਦੇ ਸਨ। ਨਾਲ ਹੀ ਧਾਰਮਿਕ ਕਾਰਜ ਅਤੇ ਦਿਲ ਪ੍ਰਚਵਾਵੇ ਦੇ ਪ੍ਰੋਗਰਾਮ ਵੀ ਹੁੰਦੇ ਸਨ। ਅੱਜਕੱਲ਼ ਤਾਂ ਵਿਸ਼ਵ-ਵਪਾਰਕ ਮੇਲੇ ਵੀ ਲੱਗਦੇ ਹਨ।

Advertisement

ਸੰਪਰਕ: 98766-55055

Advertisement

Advertisement
Author Image

sukhwinder singh

View all posts

Advertisement