ਜਦ ਚੋਣਾਂ ਆਉਂਦੀਆਂ ਨੇ...!
ਬਲਦੇਵ ਸਿੰਘ (ਸੜਕਨਾਮਾ)
ਇਸ ਵਾਰ ਪਾਠਕਾਂ ਦੇ ਰੂ-ਬ-ਰੂ ਹੋਣ ਸਮੇਂ ਮੈਂ ਬੜੀ ਦੁਬਿਧਾ ਵਿਚ ਪਿਆ ਰਿਹਾ। ਗੱਲ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ? ਸੋਸ਼ਲ ਮੀਡੀਆ ਉੱਪਰ ਇਕ ਸ਼ੁੱਭਚਿੰਤਕ ਵੱਲੋਂ ਭੇਜੀ ਵੀਡੀਓ ਪੋਸਟ ਨੇ ਮੈਨੂੰ ਪਰੇਸ਼ਾਨ ਕਰੀ ਰੱਖਿਆ। ਆਪਣੇ ਨਜ਼ਦੀਕੀ ਮਿੱਤਰਾਂ ਨੇ ਵੀਡੀਓ ਸੁਣਾਈ, ਹੈਰਾਨ ਤਾਂ ਉਹ ਵੀ ਹੋਏ, ਇਕ ਨੇ ਤਾਂ ਕਿਹਾ, ”ਸਾਡੇ ਪਿੰਡ ‘ਚ ਵੀ ਇਹੀ ਹਾਲ ਹੈ, ਕੀਤਾ ਕੀ ਜਾਵੇ?” ਇਕ ਹੋਰ ਮਿੱਤਰ ਨਾਲ ਗੱਲ ਸਾਂਝੀ ਕੀਤੀ, ਉਸ ਨੂੰ ਯਕੀਨ ਨਾ ਹੋਇਆ ਤਾਂ ਮੈਂ ਵੀਡੀਓ ਸੁਣਾਈ:
ਸਿੱਖੀ ਸਰੂਪ ਵਿਚ ਇਕ ਵਿਅਕਤੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ ਬੋਲ ਰਿਹਾ ਸੀ:
”ਨਗਰ ਨਿਵਾਸੀ ਮਾਈ ਭਾਈ, ਮੈਂ ਬਹੁਤਾ ਸਮਾਂ ਨਹੀਂ ਲੈਣਾ, ਆਪਣੇ ਕੰਮ ਛੱਡ ਕੇ ਮੇਰੀ ਬੇਨਤੀ ਧਿਆਨ ਨਾਲ ਸੁਣਿਓ।… ਆਪ ਸਭ ਜਾਣਦੇ ਹੋ ਕਿ ਆਪਣਾ ਨਗਰ ਕਿਵੇਂ ਨਸ਼ਿਆਂ ਵਿਚ ਗ੍ਰਸਤ ਹੋਇਆ ਹੈ। ਮੈਂ ਇਹ ਗੱਲਾਂ ਕਰਨੀਆਂ ਤਾਂ ਨਹੀਂ ਸਨ, ਪਰ ਬੜਾ ਸੋਚ-ਵਿਚਾਰ ਕੇ ਕਰ ਰਿਹਾ ਹਾਂ। ਜੇ ਗੱਲ ‘ਕੱਲੇ ਨਸ਼ਿਆਂ ਤੱਕ ਸੀਮਤ ਰਹਿ ਜਾਂਦੀ ਤਾਂ ਗੱਲਾਂ ਹੋਰ ਹੋਣੀਆਂ ਸਨ। ਪਿਛਲੇ ਕੁਝ ਦਿਨਾਂ ਤੋਂ ਪਿੰਡ ਦੇ ਜੋ ਬੱਚੇ ਨਸ਼ੇ ਦੀ ਲਪੇਟ ਵਿਚ ਆਏ ਹਨ, ਅਸੀਂ ਉਨ੍ਹਾਂ ਦੇ ਪਰਸਨਲੀ ਟੈਸਟ ਕਰਵਾਏ ਹਨ। ਉਨ੍ਹਾਂ ਟੈਸਟਾਂ ਦੀਆਂ ਰਿਪੋਰਟਾਂ ਵੇਖੀਆਂ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਰਿਪੋਰਟਾਂ ਮੇਰੀ ਜੇਬ ਵਿਚ ਹਨ ਭਾਈ। ਮੈਂ ਪਰੂਫ ਨਾਲ ਗੱਲ ਕਰ ਰਿਹਾ। ਔਨ ਰਿਕਾਰਡ ਗੱਲ ਕਰ ਰਿਹਾ, ਜੋ ਅਲਫਾਜ਼ ਮੈਂ ਵਰਤ ਰਿਹਾਂ ਇਸ ਲਈ ਮੁਆਫ਼ੀ ਚਾਹੁੰਗਾ। ਜੇ ਕੋਈ ਇਸ ਪਿੰਡ ਵਿਚ ਆਪਣੀ ਧੀ-ਭੈਣ ਜਾਂ ਪੁੱਤਰ ਦਾ ਰਿਸ਼ਤਾ ਕਰਨਾ ਚਾਹੇ ਤਾਂ ਪਹਿਲਾਂ ਹਜ਼ਾਰ ਵਾਰ ਸੋਚੇ। ਮੈਂ ਇਹ ਗੱਲਾਂ ਕਹਿਣੀਆਂ ਤਾਂ ਨਹੀਂ ਸਨ ਭਾਈ, ਬੜਾ ਸੋਚ-ਸਮਝ ਕੇ ਕਹਿ ਰਿਹਾਂ, ਸਾਡੇ ਬੱਚੇ ਰਿਪੋਰਟਾਂ
ਅਨੁਸਾਰ ਐੱਚਆਈਵੀ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਜੋ ਨਸ਼ੇ ਦੇ ਇਕ ਦੂਸਰੇ ਨੂੰ ਟੀਕੇ ਲਾਉਂਦੇ ਹਨ ਤੇ ਲੁਆਉਂਦੇ ਹਨ। ਉਨ੍ਹਾਂ ਨੂੰ ਪੀਲੀਆ ਤੇ ਕਾਲਾ ਪੀਲੀਆ ਹੋ ਚੁੱਕਿਆ ਹੈ। ਜੇ ਕਿਸੇ ਨੇ ਇਸ ਪਿੰਡ ਵਿਚ ਰਿਸ਼ਤਾ ਕਰਨਾ ਹੈ ਤਾਂ ਬੱਚੇ ਦਾ ਪਹਿਲਾਂ ਮੈਡੀਕਲ ਟੈਸਟ ਜ਼ਰੂਰ ਕਰਵਾ ਲਵੇ। ਮੈਂ ਵਿਦ ਪਰੂਫ ਗੱਲ ਕਰ ਰਿਹਾਂ, ਐਵੇਂ ਨ੍ਹੀਂ ਧੂੜ ‘ਚ ਟੱਟੂ ਛੱਡ ਰਿਹਾ। ਅਸੀਂ ਸਿਹਤ ਵਿਭਾਗ ਨੂੰ ਸ਼ਿਕਾਇਤਾਂ ਕੀਤੀਆਂ, ਬੇਨਤੀਆਂ ਕੀਤੀਆਂ। ਸਾਡੀ ਗੱਲ ਦਾ ਕਿਸੇ ਉੱਪਰ ਅਸਰ ਨਹੀਂ ਹੋਇਆ। ਸਮੇਂ ਦੀਆਂ ਸਰਕਾਰਾਂ ਨੂੰ ਵੋਟਾਂ ਤੋਂ ਵਿਹਲ ਨਹੀਂ, ਉਹ ਆਪਣੀਆਂ ਕੁਰਸੀਆਂ ਬਚਾਉਣ ਦੇ ਫਿਕਰਾਂ ‘ਚ ਰਹਿੰਦੇ ਨੇ। ਅਸੀਂ ਧਰਮ ਤੇ ਰਾਜਨੀਤੀ ਨੂੰ ਪਿੱਛੇ ਛੱਡ ਕੇ ਤੁਰੇ ਸਾਂ। ਅਸੀਂ ਜਾਤ, ਰੰਗ ਭੇਦ, ਜਮਾਤ ਨੂੰ ਪਿੱਛੇ ਛੱਡ ਕੇ ਤੁਰੇ ਸਾਂ, ਪਰ ਹੁਣ ਸਾਡੀ ਕੋਈ ਬਾਂਹ ਨਹੀਂ ਫੜ ਰਿਹਾ। ਸੋ ਭਾਈ ਇਹ ਗੱਲਾਂ ਕੌੜੀਆਂ ਨੇ ਪਰ ਸੱਚੀਆਂ ਨੇ। ਮੇਰੀਆਂ ਗੱਲਾਂ ‘ਤੇ ਗੌਰ
ਕਰਿਓ ਭਾਈ…। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।’
ਵੀਡੀਓ ਸੁਣ ਕੇ ਮਿੱਤਰ ਨੀਵੀਂ ਪਾ ਕੇ ਸਿਰ ਖੁਰਕਣ ਲੱਗਾ। ਫਿਰ ਜਿਵੇਂ ਡੂੰਘੇ ਖੂਹ ਵਿਚੋਂ ਬੋਲਿਆ:
”ਅੱਜ ਕੱਲ੍ਹ ਦੇ ਸਮੇਂ ਵਿਚ ਸੁਣਦਾ ਵੀ ਕੌਣ ਹੈ। ਹਰ ਥਾਂ ਸਿਆਸੀ ਧਿਰਾਂ ਇਕ ਦੂਸਰੇ ਨੂੰ ਠਿੱਬੀ ਲਗਾਉਣ ਦੇ ਦਾਅ ‘ਤੇ ਰਹਿੰਦੀਆਂ ਹਨ। ਗ਼ਰੀਬਾਂ ਦੀ, ਲੋੜਵੰਦਾਂ ਦੀ ਕੌਣ ਸੁਣਦਾ ਹੈ? ਹਾਂ ਸੱਚ, ਰੁਕ, ਸੁਣਦੇ ਨੇ ਗ਼ਰੀਬਾਂ ਦੀ ਵੀ, ਹਾਸ਼ੀਏ ‘ਤੇ ਧੱਕੇ ਲੋਕਾਂ ਦੀ ਵੀ। ਔਨ ਰਿਕਾਰਡ ਤੈਨੂੰ ਇਕ ਕਮਾਲ ਦੀ ਚੀਜ਼ ਦਿਖਾਉਂਦਾ ਹਾਂ।” ਆਖ ਕੇ ਮਿੱਤਰ ਆਪਣੇ ਮੋਬਾਈਲ ਵਿਚੋਂ ਕੁਝ ਲੱਭਣ ਲੱਗਾ। ਪਹਿਲਾਂ ਚਿਹਰਾ ਕੁਝ ਚਿੰਤਤ ਦਿਸਿਆ, ਫਿਰ ਉਹ ਇਕਦਮ ਖਿੜ ਗਿਆ… ”ਆਹ ਪਿਆ ਤੇਰੇ ਲਈ ਮਸਾਲਾ।” ਉਸ ਨੇ ਮੋਬਾਈਲ ਦਾ ਸਕਰੀਨ ਮੇਰੇ ਵੱਲ ਘੁੰਮਾ ਦਿੱਤਾ।
ਕੁਝ ਸਿਆਸੀ ਪਾਰਟੀਆਂ ਦੇ ਆਗੂ ਆਉਣ ਵਾਲੀਆਂ ਚੋਣਾਂ ਦੇ ਸਬੰਧ ਵਿਚ ਜਨ-ਸੰਪਰਕ ਮੁਹਿੰਮ ਤਹਿਤ ਇਕ ਦਲਿਤ ਬਸਤੀ ਵਿਚ ਜਾਂਦੇ ਹਨ।
ਸਿਆਸੀ ਆਗੂ ”ਕਿਆ ਪੀਤੇ ਹੋ ਭਾਈ?”
”ਉਹੀ ਜੋ ਦਲਿਤ ਪੀਂਦਾ ਹੈ।”
”ਹਮ ਪੂਛਤੇ ਹੈਂ, ਕਿਆ ਕਿਆ ਪੀਤੇ ਹੋ?”
ਦਲਿਤ: ”ਛੂਆ-ਛਾਤ ਦਾ ਗ਼ਮ ਪੀਂਦੇ ਹਾਂ।
ਟੁੱਟੇ ਅਰਮਾਨਾਂ ਦਾ ਗ਼ਮ ਪੀਂਦੇ ਹਾਂ,
ਤੇ ਨੰਗੀਆਂ ਅੱਖਾਂ ਨਾਲ ਦੇਖਿਆ ਭਰਮ ਪੀਂਦੇ ਹਾਂ।”
ਸਿਆਸੀ ਆਗੂ: ”ਮੁਝੇ ਲਗਾ ਤੁਮ ਸ਼ਰਾਬ ਪੀਤੇ ਹੋ?”
ਦਲਿਤ: ”ਪੀਂਦੇ ਹਾਂ ਨਾ ਸਾਹਬ, ਜਦ ਆਪ ਦੀਆਂ ਚੋਣਾਂ ਆਉਂਦੀਆਂ ਨੇ।”
ਦੂਸਰੀ ਜਗ੍ਹਾ ਇਕ ਹੋਰ ਸਿਆਸੀ ਨੇਤਾ:
”ਕੌਣ ਹੋ ਭਾਈ?”
”ਦਲਿਤ ਹਾਂ ਸਾਹਬ।”
ਨੇਤਾ: ”ਮੈਂ ਪੂਛਤਾ ਹੂੰ ਕਿਸ ਮੇਂ ਆਤੇ ਹੋ?”
ਦਲਿਤ: ”ਆਪ ਦੀਆਂ ਗਾਲ੍ਹਾਂ ਵਿਚ ਆਉਂਦੇ ਹਾਂ।
ਗੰਦੀ ਨਾਲੀ ਵਿਚ ਆਉਂਦੇ ਹਾਂ।
ਅਲੱਗ ਕੀਤੀ ਥਾਲੀ ਵਿਚ ਆਉਂਦੇ ਹਾਂ।”
ਨੇਤਾ: ”ਮੁਝੇ ਲਗਾ ਆਪ ਹਿੰਦੂ ਮੇਂ ਆਤੇ ਹੋ।”
ਦਲਿਤ: ”ਆਉਂਦਾ ਹਾ ਨਾ ਸਾਹਬ, ਹਿੰਦੂਆਂ ਵਿਚ ਆਉਂਦਾ ਹਾਂ, ਜਦ ਆਪ ਦੀਆਂ ਚੋਣਾਂ ਆਉਂਦੀਆਂ ਨੇ।”
ਤੀਸਰੀ ਜਗ੍ਹਾ ਇਕ ਹੋਰ ਸਿਆਸੀ ਨੇਤਾ:
ਨੇਤਾ: ”ਕਿਆ ਖਾਤੇ ਹੋ ਭਾਈ?”
ਦਲਿਤ: ”ਜੋ ਦਲਿਤ ਖਾਂਦਾ ਹੈ ਸਾਹਬ।”
ਨੇਤਾ: ”ਮੇਰਾ ਮਤਲਬ ਹੈ ਕਿਆ ਕਿਆ ਖਾਤੇ ਹੋ?”
ਦਲਿਤ: ”ਆਪ ਲੋਕਾਂ ਦੀ ਮਾਰ ਖਾਂਦਾ ਹਾਂ ਸਾਹਬ।
ਕਰਜ਼ੇ ਦਾ ਭਾਰ ਖਾਂਦਾ ਹਾਂ।
ਬਹੁਤੀ ਤੰਗੀ ਵਿਚ ਲੂਣ ਤੇ ਕਦੇ ਆਚਾਰ ਨਾਲ ਸੁੱਕੀ ਰੋਟੀ ਖਾਂਦਾ ਹਾਂ।”
ਨੇਤਾ: ”ਮੁਝੇ ਲਗਾ ਤੁਮ ਮੁਰਗਾ ਖਾਤੇ ਹੋ।”
ਦਲਿਤ: ”ਖਾਂਦਾ ਹਾਂ ਨਾ ਸਾਹਬ, ਮੁਰਗਾ ਵੀ ਖਾਂਦਾ ਹਾਂ, ਜਦ ਆਪ ਦੀਆਂ ਚੋਣਾਂ ਆਉਂਦੀਆਂ ਨੇ।”
ਮਿੱਤਰ ਨੇ ਮੋਬਾਈਲ ਮੇਰੇ ਹੱਥੋਂ ਫੜ ਲਿਆ।
”ਇਹ ਤਾਂ ਇਕ ਵੰਨਗੀ ਹੈ। ਸਿਆਸੀ ਧਿਰਾਂ ਦੇ ਆਗੂ ਹੋਰ ਬੜੇ ਮਖੌਟੇ ਪਹਿਨ ਕੇ ਦਲਿਤਾਂ ਦੀਆਂ ਬਸਤੀਆਂ ਵਿਚ ਚੋਣਾਂ ਸਮੇਂ ਘੁੰਮਦੇ ਹਨ। ਕਦੇ ਉਨ੍ਹਾਂ ਦੇ ਲਿੱਬੜੇ-ਤਿੱਬੜੇ ਬੱਚਿਆਂ ਨੂੰ ਗੋਦੀ ਵਿਚ ਚੁੱਕ ਕੇ ਹੇਜ ਪ੍ਰਗਟ ਕਰਦੇ ਹਨ। ਕਦੇ ਦਲਿਤਾਂ ਦੇ ਘਰਾਂ ਵਿਚ ਬੈਠ ਕੇ ਖਾਣਾ ਖਾਣ ਦੇ ਢੌਂਗ ਰਚਦੇ ਹਨ। ਤੇ ਫਿਰ ਜਿਵੇਂ ਤੂੰ ਦੱਸਿਆ ਹੈ, ਉਨ੍ਹਾਂ ਕੋਲ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੀ ਵਿਹਲ ਨਹੀਂ ਹੁੰਦੀ। ਇਹ ਸਿਲਸਿਲਾ ਦਹਾਕਿਆਂ ਤੋਂ, ਮੈਨੂੰ ਸਦੀਆਂ ਤੋਂ ਕਹਿਣਾ ਚਾਹੀਦਾ ਹੈ, ਚੱਲਦਾ ਆ ਰਿਹਾ ਹੈ ਤੇ ਸ਼ਾਇਦ ਇਸੇ ਤਰ੍ਹਾਂ ਚੱਲਦਾ ਰਹੇਗਾ।”
ਸੰਪਰਕ : 98147-83069