ਜਦੋਂ ਪਾਸਪੋਰਟ ਦੇ ਰੂਪ ’ਚ ਆਇਆ ਵਿਆਹ ਦਾ ਕਾਰਡ
ਸਰਬਜੀਤ ਗਿੱਲ
ਫਿਲੌਰ, 9 ਜਨਵਰੀ
ਸਿਰਫ਼ ਦੋਆਬੇ ’ਚ ਹੀ ਨਹੀਂ ਸਗੋਂ ਸਾਰੇ ਪੰਜਾਬ ’ਚ ਵਿਦੇਸ਼ ਜਾਣ ਪ੍ਰਭਾਵ ਹਾਲੇ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਰੁਝਾਨ ਦਾ ਅਸਰ ਹੁਣ ਸਾਡੇ ਸੱਭਿਆਚਾਰ ’ਤੇ ਵੀ ਲਗਾਤਾਰ ਪੈ ਰਿਹਾ ਹੈ। ਹੁਣੇ ਜਿਹੇ ਇਥੇ ਪਾਸਪੋਰਟ ਵਰਗਾ ਵਿਆਹ ਦਾ ਸੱਦਾ ਪੱਤਰ ਮਿਲਿਆ ਜਿਸ ’ਚ ਬਕਾਇਦਾ ਬੋਰਡਿੰਗ ਪਾਸ ਵੀ ਮੌਜੂਦ ਹੈ। ਸੱਦਾ ਪੱਤਰ ਅੰਦਰ ਲਾੜਾ, ਲਾੜੀ ਦਾ ਨਾਮ ਵੀ ਉਸੇ ਤਰ੍ਹਾਂ ਉਕਰਿਆ ਹੋਇਆ ਹੈ ਜਿਵੇਂ ਪਾਸਪੋਰਟ ’ਤੇ ਲਿਖਿਆ ਹੁੰਦਾ ਹੈ। ਪਾਸਪੋਰਟ ਦੇ ਨੰਬਰ ਦੇ ਕਾਲਮ ’ਚ ਵਿਆਹ ਦੀ ਤਰੀਕ ਲਿਖੀ ਹੋਈ ਹੈ। ਫ਼ੋਟੋ ਵਾਲੀ ਥਾਂ ’ਤੇ ਵੀ ਲਾੜਾ ਤੇ ਲਾੜੀ ਦੀ ਫੋਟੋ ਛਾਪੀ ਗਈ ਹੈ। ਪੈਲੇਸ ਦਾ ਸਥਾਨ ਅਤੇ ਸਮਾਂ ਬੋਰਡਿੰਗ ਪਾਸ ’ਤੇ ਦਰਜ ਕੀਤਾ ਹੋਇਆ ਹੈ।
ਇਸ ਸਬੰਧੀ ਦਸਮੇਸ਼ ਕਾਨਵੈਂਟ ਸਕੂਲ ਦੇ ਮੁਖੀ ਚਰਨਜੀਤ ਸਿੰਘ ਦੁਸਾਂਝ ਨੇ ਕਿਹਾ ਕਿ ਕੁਝ ਅਰਸੇ ਤੋਂ ਲੋਕਾਂ ਨੂੰ ਵਿਦੇਸ਼ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਰੁਝਾਨ ਨੂੰ ਠੱਲ੍ਹ ਨਹੀਂ ਪਈ ਹੈ। ਸਕੂਲ ਦੇ ਵਿਦਿਆਰਥੀ ਅਤੇ ਮਾਪੇ ਅਕਸਰ ਵਿਦੇਸ਼ ਜਾਣ ਦੇ ਮਨਸ਼ੇ ਨਾਲ ਹੀ ਅਗਲੇਰੀ ਪੜ੍ਹਾਈ ਬਾਰੇ ਸਲਾਹ ਪੁੱਛਦੇ ਰਹਿੰਦੇ ਹਨ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਜ਼ਿਆਦਾਤਰ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਅਜਿਹਾ ਕਰ ਰਹੇ ਹਨ।