ਕਣਕ ਦੇ ਪੀਲੇ ਪੈਣ ਦੀ ਸਮੱਸਿਆ ਅਤੇ ਇਸ ਦੇ ਹੱਲ
ਰਜਿੰਦਰ ਸਿੰਘ ਬੱਲ*, ਅਮਨਦੀਪ ਸਿੰਘ ਸਿੱਧੂ ਤੇ ਹਰਪਾਲ ਸਿੰਘ ਰੰਧਾਵਾ**
ਕਣਕ ਦਾ ਪੀਲਾ ਪੈ ਜਾਣਾ ਇੱਕ ਬਹੁਤ ਵੱਡੀ ਸਮੱਸਿਆ ਹੈ। ਕਈ ਵਾਰੀ ਉੱਗਣ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਕਣਕ ਦੀ ਫ਼ਸਲ ਪੀਲੀ ਪੈ ਜਾਂਦੀ ਹੈ। ਕਣਕ ਦੇ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ: ਜਿਵੇਂ ਖ਼ਰਾਬ ਮੌਸਮ, ਜ਼ਿਆਦਾ ਪਾਣੀ ਲੱਗਣਾ, ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਹੋ ਜਾਣਾ, ਤੱਤਾਂ ਦੀ ਘਾਟ ਆਦਿ ਹੈ। ਕਈ ਕਿਸਾਨ ਪੀਲੀ ਕੁੰਗੀ ਸਮਝ ਕੇ ਉੱਲੀਨਾਸ਼ਕਾਂ ਦਾ ਛਿੜਕਾਅ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਖੇਤੀ ਖ਼ਰਚਾ ਵੀ ਵਧਦਾ ਹੈ ਅਤੇ ਫ਼ਸਲ ਦਾ ਵੀ ਨੁਕਸਾਨ ਹੋ ਜਾਂਦਾ ਹੈ।
ਫ਼ਸਲ ਪੀਲੀ ਪੈਣ ਦੇ ਕਾਰਨ
ਖ਼ਰਾਬ ਮੌਸਮ: ਜੇ ਬਿਜਾਈ ਤੋਂ ਬਾਅਦ ਤਾਪਮਾਨ ਬਹੁਤ ਘਟ ਜਾਵੇ ਤਾਂ ਬੂਟੇ ਪੀਲੇ ਪੈ ਸਕਦੇ ਹਨ। ਕੋਰਾ ਪੈਣ ਨਾਲ ਵੀ ਫ਼ਸਲ ਦਾ ਰੰਗ ਪੀਲਾ ਪੈ ਜਾਂਦਾ ਹੈ। ਮਾੜੇ ਮੌਸਮ ਕਰ ਕੇ ਸਾਰੇ ਇਲਾਕੇ ਵਿੱਚ ਦੀ ਫ਼ਸਲ ਪੀਲੀ ਪੈ ਸਕਦੀ ਹੈ। ਅਕਸਰ ਹੀ ਇਸ ਤਰ੍ਹਾਂ ਦਾ ਪੀਲਾਪਣ ਆਪਣੇ-ਆਪ ਠੀਕ ਹੋ ਜਾਂਦਾ ਹੈ ਪਰ ਫ਼ਸਲ ਨੂੰ ਲੋੜ ਅਨੁਸਾਰ ਪਾਣੀ ਲਗਾਉਂਦੇ ਰਹਿਣਾ ਚਾਹੀਦਾ ਹੈ।
ਜ਼ਿਆਦਾ ਪਾਣੀ ਜਾਂ ਮਾੜੇ ਪਾਣੀ ਦੀ ਵਰਤੋਂ: ਪਹਿਲਾ ਪਾਣੀ ਲਾਉਣ ਤੋਂ ਬਾਅਦ ਫ਼ਸਲ ਅਕਸਰ ਹੀ ਪੀਲੀ ਪੈ ਜਾਂਦੀ ਹੈ ਅਤੇ ਕਈ ਵਾਰੀ ਪਾਣੀ ਵੱਧ ਲੱਗ ਜਾਂਦਾ ਜਾਂ ਪਾਣੀ ਲੱਗਣ ਤੋਂ ਛੇਤੀ ਬਾਅਦ ਹੀ ਭਾਰੀ ਮੀਂਹ ਪੈ ਜਾਂਦਾ ਹੈ, ਜਿਸ ਕਾਰਨ ਪਾਣੀ ਜ਼ਿਆਦਾ ਹੋਣ ਕਰ ਕੇ ਜੜ੍ਹਾਂ ਨੂੰ ਹਵਾ ਘੱਟ ਮਿਲਦੀ ਹੈ ਅਤੇ ਜੜ੍ਹਾਂ ਕੰਮ ਨਹੀਂ ਕਰਦੀਆਂ। ਇਸ ਕਰ ਕੇ ਫ਼ਸਲ ਪੀਲੀ ਪੈ ਜਾਂਦੀ ਹੈ। ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਫ਼ਸਲ ਦਾ ਝਾੜ ਘਟ ਸਕਦਾ ਹੈ। ਭਾਰੀਆਂ ਜ਼ਮੀਨਾਂ ਵਿੱਚ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਸਮੱਸਿਆ ਦੇ ਹੱਲ ਲਈ ਭਾਰੀਆਂ ਜ਼ਮੀਨਾਂ ਵਿੱਚ ਅੱਠ ਕਿਆਰੇ ਅਤੇ ਹਲਕੀਆਂ ਜ਼ਮੀਨਾਂ ਵਿੱਚ 16 ਕਿਆਰੇ ਪ੍ਰਤੀ ਏਕੜ ਬਣਾਉਣੇ ਚਾਹੀਦੇ ਹਨ। ਭਾਰੀਆਂ ਜ਼ਮੀਨਾਂ ਵਿੱਚ ਫ਼ਸਲ ਨੂੰ ਪਹਿਲਾਂ ਭਰਵਾਂ ਪਾਣੀ ਨਾ ਦਿਓ ਅਤੇ ਪਾਣੀ ਲਗਾਉਣ ਵੇਲੇ ਮੌਸਮ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਵਾਧੂ ਪਾਣੀ ਖੇਤ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ।
ਕਈ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ ਮਾੜਾ ਅਤੇ ਸਿੰਜਾਈ ਦੇ ਯੋਗ ਨਹੀਂ ਹੁੰਦਾ। ਅਜਿਹੇ ਮਾੜੇ ਪਾਣੀ ਦੀ ਵਰਤੋਂ ਨਾਲ ਵੀ ਕਈ ਵਾਰੀ ਫ਼ਸਲ ਪੀਲੀ ਪੈ ਜਾਂਦੀ ਹੈ। ਇਸ ਲਈ ਟਿਊਬਵੈੱਲ ਦੇ ਪਾਣੀ ਦੀ ਪਰਖ ਕਰਾਉਣੀ ਚਾਹੀਦੀ ਹੈ। ਜੇ ਪਾਣੀ ਮਾੜਾ ਹੋਵੇ ਤਾਂ ਸਿਫ਼ਾਰਸ਼ ਅਨੁਸਾਰ ਜਿਪਸਮ ਪਾਉਣੀ ਚਾਹੀਦੀ ਹੈ। ਮਾੜੇ ਪਾਣੀ ਨੂੰ ਚੰਗੇ ਪਾਣੀ ਨਾਲ ਰਲਾ ਕੇ ਜਾਂ ਅਦਲ-ਬਦਲ ਕੇ ਵੀ ਵਰਤਿਆ ਜਾ ਸਕਦਾ ਹੈ।
ਤੱਤਾਂ ਦੀ ਘਾਟ: ਕਈ ਵਾਰੀ ਤੱਤਾਂ (ਨਾਈਟ੍ਰੋਜਨ, ਜ਼ਿੰਕ, ਮੈਂਗਨੀਜ਼ ਜਾਂ ਗੰਧਕ) ਦੀ ਘਾਟ ਕਰ ਕੇ ਵੀ ਫ਼ਸਲ ਪੀਲੀ ਪੈ ਜਾਂਦੀ ਹੈ ਅਤੇ ਫ਼ਸਲ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਨਾਈਟ੍ਰੋਜਨ ਤੱਤ ਦੀ ਘਾਟ ਕਰ ਕੇ ਵੀ ਫ਼ਸਲ ਪੀਲੀ ਪੈ ਸਕਦੀ ਹੈ।
ਨਾਈਟ੍ਰੋਜਨ ਦੀ ਘਾਟ ਕਾਰਨ ਪੁਰਾਣੇ ਅਤੇ ਹੇਠਲੇ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ। ਨਾਈਟ੍ਰੋਜਨ ਤੱਤ ਦੀ ਘਾਟ ਪੂਰੀ ਕਰਨ ਲਈ ਸਿਫ਼ਾਰਸ਼ ਮਾਤਰਾ ਵਿੱਚ ਯੂਰੀਆ ਖਾਦ ਜਾਂ ਮਿੱਟੀ ਪਰਖ ਦੇ ਆਧਾਰ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ। ਮਾੜੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿੱਚ ਫ਼ਸਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਤੋਂ 25 ਫ਼ੀਸਦੀ ਵੱਧ ਨਾਈਟ੍ਰੋਜਨ ਖਾਦ ਪਾਉ।
ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ। ਪੱਤੇ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਉੱਥੋਂ ਟੁੱਟ ਕੇ ਲਮਕ ਜਾਂਦੇ ਹਨ। ਘਾਟ ਵਾਲੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 25 ਕਿਲੋ ਜ਼ਿੰਕ ਸਲਫੇਟ (21 ਫ਼ੀਸਦੀ) ਪ੍ਰਤੀ ਏਕੜ ਜ਼ਮੀਨ ਵਿੱਚ ਛੱਟੇ ਨਾਲ ਪਾਓ। ਜ਼ਿੰਕ ਦੀ ਘਾਟ ਪੂਰੀ ਕਰਨ ਲਈ ਜ਼ਿੰਕ ਸਲਫ਼ੇਟ (0.5 ਫ਼ੀਸਦੀ) ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ। ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫ਼ੇਟ ਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ’ਤੇ 2-3 ਵਾਰੀ ਛਿੜਕਾਅ ਕਰੋ।
ਮੈਂਗਨੀਜ਼ ਤੱਤ ਦੀ ਘਾਟ ਨਾਲ ਵੀ ਫ਼ਸਲ ਪੀਲੀ ਪੈ ਜਾਂਦੀ ਹੈ। ਇਸ ਦੀ ਘਾਟ ਕਾਰਨ ਪੱਤੇ ਦੀਆਂ ਨਾੜੀਆਂ ਦੇ ਵਿਚਕਾਰਲਾ ਹਿੱਸਾ ਪੀਲਾ ਪੈ ਜਾਂਦਾ ਹੈ ਪਰ ਨਾੜੀਆਂ ਦਾ ਰੰਗ ਹਰਾ ਹੀ ਰਹਿੰਦਾ ਹੈ। ਪੱਤਿਆਂ ਦੇ ਪੀਲੇ ਹਿੱਸੇ ’ਤੇ ਹਲਕੇ ਪੀਲੇ-ਸਲੇਟੀ ਜਾਂ ਗੁਲਾਬੀ-ਭੂਰੇ ਰੰਗ ਦੇ ਚਟਾਕ ਪੈ ਜਾਂਦੇ ਹਨ। ਬਾਅਦ ਵਿੱਚ ਇਹ ਚਟਾਕ ਆਪਸ ਵਿੱਚ ਮਿਲ ਜਾਂਦੇ ਹਨ ਅਤੇ ਗੁਲਾਬੀ ਰੰਗ ਦੀਆਂ ਧਾਰੀਆਂ ਬਣ ਜਾਂਦੀਆਂ ਹਨ। ਜ਼ਿਆਦਾਤਰ ਹਲਕੀਆਂ ਜ਼ਮੀਨਾਂ ਵਿੱਚ ਜਿੱਥੇ 5-6 ਸਾਲਾਂ ਤੋਂ ਲਗਾਤਾਰ ਕਣਕ-ਝੋਨਾ ਫ਼ਸਲੀ ਚੱਕਰ ਅਪਣਾਇਆ ਜਾ ਰਿਹਾ ਹੋਵੇ, ਵਿੱਚ ਮੈਂਗਨੀਜ਼ ਦੀ ਘਾਟ ਦੇਖਣ ਨੂੰ ਮਿਲਦੀ ਹੈ। ਇਸ ਤੱਤ ਦੀ ਪੂਰਤੀ ਲਈ ਧੁੱਪ ਵਾਲੇ ਦਿਨ 1 ਕਿਲੋ ਮੈਂਗਨੀਜ਼ ਸਲਫੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਾਉਣ ਤੋਂ 2-4 ਦਿਨ ਪਹਿਲਾਂ ਛਿੜਕਾਅ ਕਰ ਦੇਣਾ ਚਾਹੀਦਾ ਹੈ। ਫਿਰ ਹਫ਼ਤੇ-ਹਫ਼ਤੇ ਦੇ ਵਕਫ਼ੇ ਨਾਲ 3 ਛਿੜਕਾਅ ਹੋਰ ਕਰਨੇ ਚਾਹੀਦੇ ਹਨ। ਧਿਆਨ ਰਹੇ ਕਿ ਮੈਂਗਨੀਜ਼ ਸਲਫੇਟ ਦੀ ਵਰਤੋਂ ਸਿਰਫ਼ ਛਿੜਕਾਅ ਦੇ ਤੌਰ ’ਤੇ ਹੀ ਕੀਤੀ ਜਾਵੇ।
ਗੰਧਕ ਦੀ ਘਾਟ ਨਾਲ ਵੀ ਖ਼ਾਸ ਕਰ ਕੇ ਰੇਤਲੀਆਂ ਜ਼ਮੀਨਾਂ ਵਿੱਚ ਕਣਕ ਦੀ ਫ਼ਸਲ ਪੀਲੀ ਪੈ ਸਕਦੀ ਹੈ। ਗੰਧਕ ਦੀ ਘਾਟ ਕਰ ਕੇ ਬੂਟਿਆਂ ਦੇ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਪੀਲਾ ਪੈ ਜਾਂਦਾ ਹੈ ਪਰ ਹੇਠਲੇ ਪੱਤਿਆਂ ਦਾ ਰੰਗ ਹਰਾ ਹੀ ਰਹਿੰਦਾ ਹੈ। ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ, ਬੂਟੇ ਛੋਟੇ ਰਹਿ ਜਾਂਦੇ ਹਨ ਅਤੇ ਪੂਰਾ ਜਾੜ ਨਹੀਂ ਮਾਰਦੇ। ਜੇ ਫ਼ਸਲ ਦੇ ਮੁੱਢਲੇ ਵਾਧੇ ਦੌਰਾਨ ਲੰਬੇ ਸਮੇਂ ਤੱਕ ਬੱਦਲਵਾਈ ਜਾਂ ਮੀਂਹ ਪੈਂਦਾ ਰਹੇ ਤਾਂ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਗੰਧਕ ਦੀ ਘਾਟ ਪੂਰੀ ਕਰਨ ਲਈ 100 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇ ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਦੇ ਤੌਰ ’ਤੇ ਨਾ ਪਾਇਆ ਹੋਵੇ ਤਾਂ ਬਿਜਾਈ ਵੇਲੇ ਹੀ ਜਿਪਸਮ ਪਾ ਦੇਣੀ ਚਾਹੀਦੀ ਹੈ। ਖ਼ਿਆਲ ਰੱਖਣਾ ਚਾਹੀਦਾ ਹੈ ਕਿ ਜਿਪਸਮ ਹਮੇਸ਼ਾਂ ਤ੍ਰੇਲ ਉਤਰਨ ਤੋਂ ਬਾਅਦ ਹੀ ਪਾਓ ਕਿਉਂਕਿ ਪੱਤਿਆਂ ’ਤੇ ਤ੍ਰੇਲ ਹੋਣ ਕਾਰਨ ਜਿਪਸਮ ਦੇ ਕਣ ਪੱਤਿਆਂ ’ਤੇ ਜਮ ਜਾਂਦੇ ਹਨ ਜਿਸ ਨਾਲ ਪੱਤੇ ਸੜ ਸਕਦੇ ਹਨ।
ਸਿਓਂਕ: ਕਈ ਵਾਰੀ ਬਿਜਾਈ ਤੋਂ ਬਾਅਦ ਛੇਤੀ ਹੀ ਸਿਓਂਕ ਦੇ ਹਮਲੇ ਨਾਲ ਵੀ ਕਣਕ ਦੇ ਬੂਟੇ ਪੀਲੇ ਪੈ ਜਾਂਦੇ ਹਨ। ਫਿਰ ਇਹ ਬੂਟੇ ਸੁੱਕ ਜਾਂਦੇ ਹਨ ਅਤੇ ਆਸਾਨੀ ਨਾਲ ਪੁੱਟੇ ਜਾ ਸਕਦੇ ਹਨ। ਸਿਓਂਕ ਦਾ ਹਮਲਾ ਰੇਤਲੀਆਂ ਪੈਲੀਆਂ ਵਿੱਚ ਜ਼ਿਆਦਾ ਹੁੰਦਾ ਹੈ। ਇਸ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਹੀ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫਾਸ) ਜਾਂ 2 ਮਿਲੀਲਿਟਰ ਨਿਊਨਿਕਸ 20 ਐਫ ਐਸ (ਇਮੀਡਾਕਲੋਪਰਿਡ ਹੈਕਸਾਕੋਨਾਜ਼ੋਲ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ ਜੇਕਰ ਬਿਜਾਈ ਤੋਂ ਬਾਅਦ ਇਸ ਦਾ ਹਮਲਾ ਨਜ਼ਰ ਆਵੇ ਤਾਂ ਪਾਣੀ ਲਾਉਣ ਤੋਂ ਪਹਿਲਾਂ ਇੱਕ ਏਕੜ ਲਈ 7 ਕਿਲੋ ਮੋਰਟਲ 0.3 ਜੀ (ਫਿਪਰੋਨਿਲ) ਦਾ ਛੱਟਾ ਦਿਓ ਜਾਂ 1.2 ਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫਾਸ) ਨੂੰ 20 ਕਿਲੋ ਗਿੱਲੀ ਰੇਤ ਵਿੱਚ ਮਿਲਾ ਕੇ ਛੱਟਾ ਦਿਓ।
ਗੁਲਾਬੀ ਸੁੰਡੀ ਦਾ ਹਮਲਾ: ਇਹ ਸੁੰਡੀਆਂ ਛੋਟੀ ਫ਼ਸਲ ’ਤੇ ਹਮਲਾ ਕਰਦੀਆਂ ਹਨ। ਸੁੰਡੀਆਂ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰ ਕੇ ਅੰਦਰ ਚਲੀਆਂ ਜਾਂਦੀਆਂ ਹਨ ਅਤੇ ਅੰਦਰਲਾ ਮਾਦਾ ਖਾ ਜਾਂਦੀਆਂ ਹਨ। ਹਮਲੇ ਤੋਂ ਬਾਅਦ ਬੂਟੇ ਪੀਲੇ ਪੈ ਕੇ ਸੁੱਕ ਜਾਣ ਮਗਰੋਂ ਖ਼ਤਮ ਹੋ ਜਾਂਦੇ ਹਨ। ਸੁੰਡੀ ਦੇ ਹਮਲੇ ਤੋਂ ਬਚਾਅ ਲਈ ਜੇ ਪਿਛਲੀ ਝੋਨੇ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਅਜਿਹੇ ਖੇਤਾਂ ਵਿੱਚ ਅਕਤੂਬਰ ਦੇ ਮਹੀਨੇ ਦੌਰਾਨ ਕਣਕ ਨਾ ਬੀਜੋ। ਕਣਕ ਨੂੰ ਪਾਣੀ ਦਿਨ ਵੇਲੇ ਲਾਉਣ ਨੂੰ ਤਰਜੀਹ ਦੇਵੋ ਤਾਂ ਕਿ ਪੰਛੀ ਵੱਧ ਤੋਂ ਵੱਧ ਇਨ੍ਹਾਂ ਸੁੰਡੀਆਂ ਨੂੰ ਖਾ ਸਕਣ। ਜੇ ਹਮਲਾ ਜ਼ਿਆਦਾ ਹੋਵੇ ਤਾਂ ਪਾਣੀ ਲਾਉਣ ਤੋਂ ਪਹਿਲਾਂ ਇੱਕ ਏਕੜ ਲਈ 7 ਕਿਲੋ ਮੋਰਟਲ/ਰੀਜੈਂਟ 0.3 ਜੀ (ਫਿਪਰੋਨਿਲ) ਦਾ ਛੱਟਾ ਦਿਓ ਜਾਂ 1.0 ਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫਾਸ) ਨੂੰ 20 ਕਿਲੋ ਸਲ੍ਹਾਬੀ ਰੇਤ ਵਿੱਚ ਮਿਲਾ ਕੇ ਛੱਟਾ ਦਿਓ ਜਾਂ 50 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਪ੍ਰਤੀ ਏਕੜ 80-100 ਲਿਟਰ ਵਿੱਚ ਘੋਲ ਕੇ ਛਿੜਕਾਅ ਕਰੋ।
ਨੀਮਾਟੋਡ ਦਾ ਹਮਲਾ: ਨੀਮਾਟੋਡ ਦੇ ਹਮਲੇ ਕਰ ਕੇ ਵੀ ਫ਼ਸਲ ਪੀਲੀ ਪੈ ਜਾਂਦੀ ਹੈ ਪਰ ਨੀਮਾਟੋਡ ਦਾ ਹਮਲਾ ਧੌੜੀਆਂ ਵਿੱਚ ਹੁੰਦਾ ਹੈ ਅਤੇ ਹਮਲੇ ਵਾਲੇ ਬੂਟੇ ਪੀਲੇ ਰੰਗ ਦੇ ਅਤੇ ਛੋਟੇ ਰਹਿ ਜਾਂਦੇ ਹਨ। ਸ਼ਾਖਾਂ ਵੀ ਘੱਟ ਨਿਕਲਦੀਆਂ ਹਨ। ਬੂਟਿਆਂ ਦੀਆਂ ਜੜ੍ਹਾਂ ਉੱਤੇ ਗੰਢਾਂ ਬਣ ਜਾਂਦੀਆਂ ਹਨ। ਬੂਟਿਆਂ ਨੂੰ ਸਿੱਟੇ ਘੱਟ ਨਿਕਲਦੇ ਹਨ ਅਤੇ ਦਾਣੇ ਵੀ ਚੰਗੀ ਤਰ੍ਹਾਂ ਨਹੀ ਬਣਦੇ। ਹਮਲੇ ਤੋਂ ਫ਼ਸਲ ਨੂੰ ਬਚਾਉਣ ਲਈ ਜਿਹੜੇ ਖੇਤਾਂ ਵਿੱਚ ਨੀਮਾਟੋਡ ਦਾ ਹਮਲਾ ਹੁੰਦਾ ਹੋਵੇ, ਉਨ੍ਹਾਂ ਨੂੰ ਮਈ-ਜੂਨ ਮਹੀਨੇ ਦੌਰਾਨ ਚੰਗੀ ਤਰ੍ਹਾਂ ਵਾਹ ਕੇ ਖੁੱਲ੍ਹਾ ਛੱਡ ਦੇਣਾ ਚਾਹੀਦਾ ਹੈ। ਜ਼ਿਆਦਾ ਹਮਲੇ ਦੀ ਸੂਰਤ ਵਿੱਚ ਕਣਕ ਦੀ ਬਜਾਇ ਗੈਰ-ਅਨਾਜੀ ਫ਼ਸਲਾਂ ਬੀਜੋ। ਕਣਕ ਦੀ ਬਿਜਾਈ ਵੇਲੇ ਹੀ 13 ਕਿਲੋ ਫਿਊਰਾਡਾਨ 3ਜੀ ਪ੍ਰਤੀ ਏਕੜ ਦੇ ਹਿਸਾਬ ਪਾ ਦੇਣੀ ਚਾਹੀਦੀ ਹੈ।
ਪੀਲੀ ਕੁੰਗੀ ਦਾ ਹਮਲਾ: ਪੀਲੀ ਕੁੰਗੀ (ਉੱਲੀ) ਕਰ ਕੇ ਵੀ ਫ਼ਸਲ ਪੀਲੀ ਨਜ਼ਰ ਆਉਂਦੀ ਹੈ। ਇਸ ਦੇ ਹਮਲੇ ਕਰ ਕੇ ਪੱਤਿਆਂ ਉੱਤੇ ਪੀਲੇ ਰੰਗ ਦੇ ਧੂੜੇਦਾਰ ਧੱਬੇ ਲੰਬੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਜੇ ਹਮਲੇ ਵਾਲੇ ਪੱਤਿਆਂ ਨੂੰ ਛੁਹਿਆ ਜਾਵੇ ਤਾਂ ਹੱਥਾਂ ਨੂੰ ਪੀਲਾ ਪਾਊਡਰ ਲੱਗ ਜਾਂਦਾ ਹੈ। ਪਹਿਲਾਂ ਇਹ ਬਿਮਾਰੀ ਨੀਮ-ਪਹਾੜੀ ਇਲਾਕਿਆਂ ਵਿੱਚ ਧੌੜੀਆਂ ਵਿੱਚ ਸ਼ੁਰੂ ਹੁੰਦੀ ਹੈ, ਫਿਰ ਤੇਜ਼ ਹਵਾਵਾਂ ਨਾਲ ਪੈਣ ਵਾਲੇ ਮੀਂਹ ਕਰ ਕੇ ਬਿਮਾਰੀ ਦੇ ਕਣ ਰੋਗੀ ਬੂਟਿਆਂ ਤੋਂ ਸਾਰੇ ਖੇਤ ਵਿੱਚ ਅਤੇ ਛੇਤੀ ਹੀ ਹੋਰ ਇਲਾਕਿਆਂ ਵਿੱਚ ਫੈਲ ਜਾਂਦੇ ਹਨ। ਇਸ ਲਈ ਨੀਮ-ਪਹਾੜੀ ਇਲਾਕਿਆਂ ਦੇ ਫ਼ਸਲ ਦੀ ਬਿਜਾਈ ਅਗੇਤੀ ਬਿਜਾਈ ਨਾ ਕੀਤੀ ਜਾਵੇ। ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਦਸੰਬਰ ਦੇ ਪਹਿਲੇ ਪੰਦਰਵਾੜੇ ਤੋਂ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਵੀ ਬਿਮਾਰੀ ਦੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ 200 ਗ੍ਰਾਮ ਕੈਵੀਅਟ 25 ਡਬਲਯੂ ਜੀ ਜਾਂ 120 ਗ੍ਰਾਮ ਨਟੀਵੋ 75 ਡਬਲਯੂ ਜੀ ਜਾਂ 200 ਮਿਲੀਲਿਟਰ ਅੰਮਪੈਕਟ ਐਕਸਟਰਾ 25.5 ਐਸ ਸੀ ਜਾਂ 200 ਮਿਲੀਲਿਟਰ ਓਪੇਰਾ 18.3 ਐਸ ਈ ਜਾਂ 200 ਮਿਲੀਲਿਟਰ ਕਸਟੋਡੀਆ 320 ਐਸ ਸੀ ਜਾਂ 200 ਮਿਲੀਲਿਟਰ ਟਿਲਟ 25 ਈਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਲੋੜ ਪੈਣ ’ਤੇ ਇੱਕ ਛਿੜਕਾਅ ਦੁਬਾਰਾ ਕੀਤਾ ਜਾ ਸਕਦਾ ਹੈ।
*ਪੀਏਯੂ ਰਿਜ਼ਨਲ ਸਟੇਸ਼ਨ ਗੁਰਦਾਸਪੁਰ।
**ਫ਼ਸਲ ਵਿਗਿਆਨ ਵਿਭਾਗ ਪੀਏਯੂ ਲੁਧਿਆਣਾ।
ਸੰਪਰਕ: 78883-56773