ਸੁਪਰ ਸੀਡਰ ਨਾਲ ਬੀਜੀ ਕਣਕ ਨੂੰ ਗੁਲਾਬੀ ਸੁੰਡੀ ਪਈ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 24 ਨਵੰਬਰ
ਇੱਥੋਂ ਨੇੜਲੇ ਪਿੰਡ ਮੱਟਰਾਂ ਵਿਖੇ ਇਕ ਕਿਸਾਨ ਦੀ ਛੇ ਏਕੜ ਕਣਕ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਦਾ ਭਾਰੀ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੱਟਰਾਂ ਵਿੱਚ ਇਕ ਕਿਸਾਨ ਲਾਲ ਸਿੰਘ ਨੇ ਠੇਕੇ ’ਤੇ ਲੈ ਕੇ ਛੇ ਏਕੜ ਜ਼ਮੀਨ ਵਿੱਚ ਸੁਪਰ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਸੀ। ਜਦੋਂ ਕਣਕ ਦੀ ਫ਼ਸਲ ਨੂੰ ਪਾਣੀ ਦੇਣ ਲਈ ਕਿਸਾਨ ਨੇ ਖੇਤ ਵਿੱਚ ਗੇੜਾ ਮਾਰਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਕਣਕ ਦੀ ਫਸਲ ਨੂੰ ਗੁਲਾਬੀ ਸੁੰਡੀ ਪੈਣ ਲੱਗ ਪਈ ਹੈ ਕਿਉਂਕਿ ਅਜੇ ਕਣਕ ਨੂੰ ਪਹਿਲਾ ਪਾਣੀ ਹੀ ਲੱਗਣਾ ਸੀ। ਅੱਜ ਜਦੋਂ ਕਿਸਾਨ ਦੇ ਖੇਤ ਵਿੱਚ ਜਾ ਕੇ ਦੇਖਿਆ ਤਾਂ ਛੇ ਏਕੜ ਕਣਕ ਫ਼ਸਲ ਸੁੰਡੀ ਪੈਣ ਕਾਰਨ ਪ੍ਰਭਾਵਿਤ ਹੋਈ ਹੈ ਅਤੇ ਇਸ ਵਿੱਚੋਂ ਦੋ ਏਕੜ ਵਾਹਨ ’ਚ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਖ਼ਤਮ ਕਰ ਦਿੱਤਾ ਹੈ। ਕਿਸਾਨ ਲਾਲ ਸਿੰਘ, ਕਿਸਾਨ ਆਗੂ ਪ੍ਰਗਟ ਸਿੰਘ ਸਿੱਧੂ, ਯਾਦਵਿੰਦਰ ਸੰਘ, ਮਨਿੰਦਰ ਸਿੰਘ ਅਤੇ ਗੁਰਧਿਆਨ ਸਿੰਘ ਨੇ ਦੱਸਿਆ ਕਿ ਕਣਕ ਦੀ ਬਿਜਾਈ ’ਤੇ 70 ਹਜ਼ਾਰ ਰੁਪਏ ਖਰਚ ਆ ਚੁੱਕਾ ਹੈ ਅਤੇ ਹੁਣ ਜੇਕਰ ਕਿਸਾਨ ਦੁਬਾਰਾ ਕਣਕ ਦੀ ਬਿਜਾਈ ਕਰਦਾ ਹੈ ਤਾਂ ਐਨੀ ਰਕਮ ਦੁਬਾਰਾ ਖਰਚਣੀ ਪਵੇਗੀ। ਇਸੇ ਤਰ੍ਹਾਂ ਬਲਾਕ ਦੇ ਕਾਫੀ ਪਿੰਡਾਂ ਵਿੱਚ ਗੁਲਾਬੀ ਸੁੰਡੀ ਨੇ ਸੈਂਕੜੇ ਏਕੜ ਕਣਕ ਤਬਾਹ ਕਰ ਦਿੱਤੀ ਹੈ। ਉਨ੍ਹਾਂ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਸਾਨ ਨੂੰ ਕਿਹਾ ਕਿ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕੀਤੀ ਜਾਵੇ।