ਕਣਕ ਦੇ ਪੁੰਗਰਨ ਤੋਂ ਬਾਅਦ ਸੁੰਡੀ ਦਾ ਹਮਲਾ
ਜੋਗਿੰਦਰ ਸਿੰਘ ਮਾਨ
ਮਾਨਸਾ, 18 ਨਵੰਬਰ
ਮਾਲਵਾ ਖੇਤਰ ਵਿੱਚ ਹੁਣ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਪੁੰਗਰਨ ਤੋਂ ਬਾਅਦ ਸੁੰਡੀ ਨੇ ਹਮਲਾ ਕਰ ਦਿੱਤਾ ਗਿਆ ਹੈ, ਜਿਸ ਤੋਂ ਅੰਨਦਾਤਾ ਘਬਰਾ ਗਿਆ ਹੈ। ਖੇਤੀਬਾੜੀ ਵਿਭਾਗ ਵੱਲੋਂ ਕੁੱਝ ਕੁ ਥਾਵਾਂ ਉਤੇ ਇਸ ਹਮਲੇ ਨੂੰ ਸਵੀਕਾਰਦਿਆਂ ਇਸ ਤੋਂ ਬਿਲਕੁਲ ਨਾ ਘਬਰਾਉਣ ਦਾ ਸੱਦਾ ਦਿੱਤਾ ਗਿਆ ਹੈ। ਮਹਿਕਮੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਝੋਨੇ ਵਾਲੇ ਖੇਤਾਂ ਵਿੱਚ ਅਕਸਰ ਹੀ ਕਣਕ ਦੇ ਪੁੰਗਰਣ ਸਮੇਂ ਆ ਜਾਂਦਾ ਹੈ, ਜਿਸ ’ਤੇ ਪਹਿਲਾ ਪਾਣੀ ਲਾਉਣ ਨਾਲ ਇਹ ਠੀਕ ਹੋ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਮਲੇ ਵਾਲੇ ਖੇਤਾਂ ਵਿੱਚ ਖੜ੍ਹੀ ਕਣਕ ਵਿਰਲੀ ਦਿਖਾਈ ਦੇਣ ਲੱਗੀ ਹੈ।
ਇਹ ਹਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ, ਸਰਦੂਲੇਵਾਲਾ, ਘਰਾਂਗਣਾ, ਮੂਸਾ, ਭੰਮੇ ਖੁਰਦ, ਫਫੜੇ ਭਾਈਕੇ ਬੱਪੀਆਣਾ, ਕੋਟਲੱਲੂ, ਟਿੱਬੀ ਹਰੀ ਸਿੰਘ ਤੇ ਗੁਰਨੇ ਖੁਰਦ ਸਮੇਤ ਇੱਕ ਦਰਜਨ ਤੋਂ ਵੱਧ ਹੋਰਨਾਂ ਥਾਵਾਂ ਤੋਂ ਹੋਣ ਦੀਆਂ ਸੂਚਨਾਵਾਂ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਦਿੱਤੀਆਂ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਕੇ ਖੇਤਾਂ ਵਿੱਚ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਭੈਣੀਬਾਘਾ ਦੇ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਪੰਜ ਏਕੜ ਜ਼ਮੀਨ ’ਚ ਝੋਨੇ ਦੀ ਪਰਾਲੀ ਨੂੰ ਨਾ ਸਾੜਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਅਤੇ ਕਣਕ ਹਰੀ ਹੋਣ ਤੋਂ ਬਾਅਦ ਹੁਣ ਕਿਸਾਨ ਦੀ ਕਣਕ ਦੀ ਫ਼ਸਲ ’ਤੇ ਸੁੰਡੀ ਦਾ ਹਮਲਾ ਹੋ ਗਿਆ, ਜਿਸ ਤੋਂ ਬਾਅਦ ਖੇਤਾਂ ’ਚ ਹਰੀ ਹੋਈ ਕਣਕ ਦੀ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਹੈ ਅਤੇ ਕਿਸਾਨ ਵੱਲੋਂ ਖੇਤੀਬਾੜੀ ਵਿਭਾਗ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਖੇਤਾਂ ਵਿੱਚ ਆ ਕੇ ਉਸਦੀ ਕਣਕ ਨੂੰ ਬਚਾਉਣ ਦਾ ਕੋਈ ਹੱਲ ਦੱਸਿਆ ਜਾਵੇ। ਕਿਸਾਨ ਕੁੱਕੂ ਸਿੰਘ ਅਤੇ ਪੱਪੂ ਸਿੰਘ ਨੇ ਦੱਸਿਆ ਕਿ ਕਣਕ ਨੂੰ ਅਗੇਤਾ ਪਾਣੀ ਲਾਉਣ ਨਾਲ ਕਿਸਾਨਾਂ ਲਈ ਨਵੀਂ ਤਕਲੀਫ਼ ਖੜ੍ਹੀ ਹੋ ਜਾਂਦੀ ਹੈ, ਜਿਸ ਨਾਲ ਨਦੀਨ ਖੇਤਾਂ ਵਿੱਚ ਉੱਗ ਆਉਂਦੇ ਹਨ, ਜਿਨ੍ਹਾਂ ਨੂੰ ਮਾਰਨ ਲਈ ਕਈ ਕਿਸਮ ਦੀਆਂ ਮਹਿੰਗੀਆਂ ਸਪਰੇਆਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਪਰੇਆਂ ਨਾਲ ਕਿਸਾਨ ਦਾ ਆਰਥਿਕ ਤੌਰ ’ਤੇ ਦੂਹਰਾ ਨੁਕਸਾਨ ਹੁੰਦਾ ਹੈ।
ਕਿਸਾਨ ਤੁਰੰਤ ਖੇਤ ਨੂੰ ਪਾਣੀ ਲਾਉਣ: ਅਧਿਕਾਰੀ
ਇਸ ਦੌਰਾਨ ਪੰਜਾਬ ਖੇਤੀਬਾੜੀ ’ਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐੱਸ ਰੋਮਾਣਾ ਨੇ ਦੱਸਿਆ ਕਿ ਜਿਹੜੇ ਖੇਤ ਵਿੱਚ ਹਮਲਾ ਕਿਸਾਨਾਂ ਨੂੰ ਨਜ਼ਰ ਆਉਂਦਾ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾ ਕੇ ਕਲੋਰੋਪੈਰੀਫਾਸਟ ਦੀ ਸਪਰੇਅ ਕਰਨ ਨਾਲ ਜਾਂ ਲੱਗੇ ਹੋਏ ਪਾਣੀ ਵਿੱਚ ਸਪਰੇਅ ਛਿੜਕਣ ਨਾਲ ਇਸ ਦਾ ਨਾਸ਼ ਹੋ ਜਾਂਦਾ ਹੈ ਅਤੇ ਜੇਕਰ ਕਿਸੇ ਖੇਤ ਵਿੱਚ ਸਿਉਂਕ ਦਾ ਹਮਲਾ ਹੋਵੇ ਤਾਂ ਉਸ ਤੋਂ ਨਿਜਾਤ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤੁਰੰਤ ਕਣਕ ਨੂੰ ਪਾਣੀ ਲਾਉਣ।