ਨੰਬਰਾਂ ’ਚ ਕੀ ਰੱਖਿਆ...
ਜਗਜੀਤ ਸਿੰਘ ਲੋਹਟਬੱਦੀ
ਪੰਜਾਬੀਆਂ ਦੀ ਸ਼ਾਨ ਵੱਖਰੀ ਹੈ ਤੇ ਸ਼ੌਕ ਅਵੱਲੇ ਨੇ। ਇਹ ਲੱਖਾਂ ਦੀ ਭੀੜ ਵਿੱਚੋਂ ਪਛਾਣੇ ਜਾਂਦੇ ਹਨ ਕਿਉਂਕਿ ਇਨ੍ਹਾਂ ਦਾ ਹਰ ਜਗ੍ਹਾ ਆਪਣਾ ਹੀ ਝੰਡਾ ਗੱਡਿਆ ਹੁੰਦਾ ਹੈ। ਅਖੌਤੀ ਪੰਜਾਬੀ ਗਾਇਕਾਂ ਮੁਤਾਬਿਕ ਕਚਹਿਰੀਆਂ ’ਚ ਚੱਲਦੇ ਕੇਸਾਂ ਤੋਂ ‘ਸਟੇਟਸ’ ਦਾ ਪਤਾ ਲੱਗਦਾ ਹੈ। ਅਸਲਾ ਰੱਖਣਾ ਘਰ ਦਾ ਸ਼ਿੰਗਾਰ ਹੈ, ਕਿਤਾਬ ਟਾਵੇਂ ਟਾਵੇਂ ਘਰਾਂ ਵਿੱਚ ਹੀ ਲੱਭਦੀ ਹੈ। ਪੰਜਾਬੀ ਗੱਭਰੂਆਂ ਨੇ ਦੁੱਧ ਚਿੱਟੇ ਮੁਕਤਸਰੀ ਕੁੜਤੇ ਪਜਾਮੇ ਮਹਿੰਗੇ ਕੀਤੇ ਹੋਏ ਹਨ। ਇਹ ਗੱਭਰੂ ਜਿਹੜੇ ਪਾਸੇ ਉਲਾਰ ਹੁੰਦੇ ਹਨ,
ਧੂਹ ਪਾ ਦਿੰਦੇ ਹਨ। ਵੱਡੀਆਂ ਗੱਡੀਆਂ, ਮਹਿੰਗੇ ਪੈਲੇਸ ਸਾਡਾ ‘ਟਰੇਡ ਮਾਰਕ’ ਬਣਿਆ ਹੋਇਆ ਹੈ। ਆਈਲੈਟਸ ਨਵੀਂ ਸਿੱਖਿਆ ਯੋਗਤਾ ਹੈ ਤੇ ਕੈਨੇਡਾ ਸਾਡਾ ‘ਬਾਹਰਲਾ ਘਰ’ ਹੈ।
ਪੰਜਾਬੀ ਨੰਬਰਾਂ ਨਾਲ ਬੜਾ ਮੋਹ ਕਰਦੇ ਹਨ। ਖੁੰਢਾਂ ’ਤੇ ਬੈਠੇ ਬਾਬੇ ਪੈੜ ਚਾਲ ਦੇਖ ਕੇ ‘ਰੈਂਕਿੰਗ’ ਕਰ ਧਰਦੇ ਹਨ। ਕੋਈ ਪੜ੍ਹਾਕੂ ‘ਸਤਿ ਸ੍ਰੀ ਅਕਾਲ’ ਬੁਲਾ ਕੇ ਲੰਘਿਆ ਤਾਂ ਕਹਿਣਗੇ: “ਇੱਕ ਲੰਬਰ ਚੋਬਰ ਆ। ਬਈ ਸਿਆਣੇ ਧੀ-ਪੁੱਤ ਦਾ ਐਥੋਂ ਪਤਾ ਲੱਗਦਾ ਹੈ।” ਨਹੀਂ ਦਾ ਮਸਾਲਾ ਤਿਆਰ ਹੁੰਦੈ, “ਇਹ ਤਾਂ ਸਾਲਾ ਟੱਬਰ ਈ ਦਸ ਨੰਬਰੀਆਂ ਦਾ ਹੈ।” ਥਾਰ ਅਤੇ ਬੁਲੇਟ ’ਤੇ ਤਾਂ ਸਾਡਾ ਜਿਵੇਂ ਪੈਦਾਇਸ਼ੀ ਹੱਕ ਹੀ ਹੋਵੇ। ਲੋਕੀਂ 13 ਨੰਬਰ ਨੂੰ ‘ਬਦਕਿਸਮਤੀ’ ਵਾਲਾ ਸਮਝਦੇ ਹਨ। ਇਸੇ ਕਰ ਕੇ ਚੰਡੀਗੜ੍ਹ ਵਿੱਚ ਸੈਕਟਰ 13 ਨਹੀਂ ਬਣਾਇਆ ਪਰ ਸਾਡੇ ਆਲੇ ਤਾਂ ਬਾਬੇ ਨਾਨਕ ਦੇ ‘ਤੇਰਾਂ ਤੇਰਾਂ’ ਦੇ ਸ਼ੁਦਾਈ ਹਨ, ਭਾਵੇਂ ਉਹ ਕਿਸੇ ਵੀ ਮੁੱਲ ਮਿਲ ਜਾਵੇ।
ਗੱਡੀਆਂ ਦੇ ਨੰਬਰਾਂ ’ਤੇ ਬੋਲੀ ਦੀ ਅੜੀ-ਝੜੀ ਲੱਗ ਜਾਵੇ ਤਾਂ ਘਰ ਫੂਕ ਕੇ ਤਮਾਸ਼ਾ ਦੇਖਦੇ ਹਨ। ਚੰਡੀਗੜ੍ਹ ਵਿੱਚ ਐਕਟਿਵਾ ਦਾ 1 ਨੰਬਰ ਲੈਣ ਲਈ ਸਾਢੇ ਤਿੰਨ ਲੱਖ ਦੀ ਬੋਲੀ ਲੱਗੀ। ‘ਧੇਲੇ ਦੀ ਬੁੜ੍ਹੀ, ਟਕਾ ਸਿਰ ਮੁਨਾਈ।’ ਮਿਲਣੀ ਹੈ ਕਿਤੋਂ ਅਜਿਹੀ ਬਹਾਦਰੀ ਦੀ ਮਿਸਾਲ? ਇੱਧਰ ਆਪਣੇ ਹੈਪੀ ਬਾਈ ਨੇ ਕਿਸੇ ਤੋਂ 90 ਨੰਬਰ ਵਾਲਾ ਪੁਰਾਣਾ ਚੇਤਕ ਲੈਣ ਬਦਲੇ ਆਪਣੀ ਨਵੀਂ ਐਕਟਿਵਾ ਦੀ ‘ਬਲੀ’ ਦੇ ਦਿੱਤੀ।
ਕੈਨੇਡਾ ਆ ਕੇ ਪਤਾ ਲੱਗਦਾ ਹੈ ਕਿ ਪੰਜਾਬੀ ਸੁਭਾਅ ਇੱਥੇ ਵੀ ਗੂੜ੍ਹਾ ਹੈ। ਇਨ੍ਹਾਂ ਦੇ ਨੰਬਰਾਂ ਦਾ ਜਨੂੰਨ ਸਿਰ ਚੜ੍ਹ ਕੇ ਬੋਲਦਾ ਹੈ। ਇੱਥੋਂ ਦਾ ਕਾਨੂੰਨ ਆਪਣੀ ਮਰਜ਼ੀ ਦਾ ਨੰਬਰ ਗੱਡੀ ’ਤੇ ਲਾਉਣ ਦੀ ਖੁੱਲ੍ਹ ਦਿੰਦਾ ਹੈ। ਤਾਂ ਹੀ ਤਾਂ ਸਿਮਰ ਗੱਡੀ ਤੇ ‘ਸਰਾਂ-90’ ਲਿਖਾਈ ਫਿਰਦਾ ਹੈ। ਸੈਂਡੀ ਕਿਹੜਾ ਪਿੱਛੇ ਹੈ। ਉਸ ਨੇ ਕਰੂਜ਼ ਦੀ ਨੰਬਰ ਪਲੇਟ ’ਤੇ ‘ਮਾਨਿਤ’ ਦਰਜ ਕਰਵਾਇਆ ਹੈ। ਗੱਭਰੂ ਝੱਲੇ ਹੋਏ ਪਏ ਹਨ। ਕਈਆਂ ਨੇ ਨੰਬਰ ਪਲੇਟ ਵਾਲੇ ‘ਡਾਲੇ’ ’ਤੇ ਗੋਤ ਲਿਖਾਏ ਹੋਏ ਹਨ। ‘ਗਿੱਲ ਬਾਈ‘, ‘ਮਝੈਲ’, ‘ਵਾਰਿਸ-2,’ ‘ਪੀਬੀ13’, ‘ਸ਼ੌਂਕ’, ‘ਮਲਵਈ’, ‘22 ਵਿਰਕ’, ‘ਗਰਾਰੀ’, ‘ਖਾਲਸਾ’ ਅਤੇ ‘ਅੜਬ’ ਆਦਿ ਦੀ ਨੰਬਰ ਪਲੇਟ ਦੇਖਣ ਨੂੰ ਮਿਲਦੀ ਹੈ।
ਗੁਜਰਾਤੀਆਂ ਦਾ ‘ਗੁੱਜੂ’ ਮਨਪਸੰਦੀਦਾ ਹੈ। ਇੱਕ ਪਾਕਿਸਤਾਨੀ ਦੀ ਗੱਡੀ ’ਤੇ ਨੰਬਰ ਪਲੇਟ ਲੱਗੀ ਹੈ ‘ਜ਼ੁਲਮੀ’। ਜਦੋਂ ਉਸ ਨੂੰ ਪੁੱਛਿਆ ਕਿ ਇਹ ਕਿਉਂ? ਤਾਂ ਕਹਿੰਦਾ, ‘‘ਰੋਹਬ ਜਿਹਾ ਪੈਂਦਾ। ਲੱਗਦੈ ਬੰਦਾ ਬਹੁਤ ਕੱਬਾ ਸੁਭਾਅ ਚੁੱਕੀ ਫਿਰਦੈ!”
ਬਾਹਰਲਾ ਬੰਦਾ ਤਾਂ ਐਵੇਂ ਹੀ ਬੌਂਦਲ ਜਿਹਾ ਜਾਂਦਾ, ਜਦੋਂ ਕਈ ‘ਖ਼ਤਰਨਾਕ’ ਜਿਹੇ ਨੰਬਰ ਦੇਖਣ ਨੂੰ ਮਿਲਦੇ ਹਨ। ਜਿਵੇਂ ‘ਪਿਸਟਲ’, ‘ਬੰਦੂਕ’, ‘32 ਬੋਰ’, ‘ਅਸਲਾ’ ਵਰਗੇ! ਇਉਂ ਲੱਗਦੈ, ਜਿਵੇਂ ਪੰਜਾਬੀ ਗਾਇਕਾਂ ਦੀ ਰੂਹ ਕੈਨੇਡਾ ਵਿੱਚ ਵੱਸਦੀ ਹੋਵੇ!
ਸੰਪਰਕ: 89684-33500