ਦਰਬਾਰਾ ਸਿੰਘ ਕਾਹਲੋਂਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ (ਆਪ) ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ 2 ਸਤੰਬਰ 1858 ਨੂੰ ਕਿਹਾ ਸੀ- “ਤੁਸੀਂ ਸਭ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ, ਕੁਝ ਲੋਕਾਂ ਨੂੰ ਹਮੇਸ਼ਾ ਮੂਰਖ ਬਣਾ ਸਕਦੇ ਹੋ ਪਰ ਤੁਸੀਂ ਸਭ ਲੋਕਾਂ ਨੂੰ ਹਮੇਸ਼ਾ ਮੂਰਖ ਨਹੀਂ ਬਣਾ ਸਕਦੇ।” ਲਿੰਕਨ ਦੇ ਇਹ ਸ਼ਬਦ ਦਿੱਲੀ ਦੇ ਲੋਕਾਂ ਨੇ ਸੱਚ ਕਰ ਦਿਖਾਏ ਹਨ ਜੋ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਬਾਰੇ ਐਨ ਢੁੱਕਵੇਂ ਹਨ।ਸ਼ਰਾਬ ਮਸਲੇ ਵਿੱਚ ਕਰੋਨੀ (ਲਿਹਾਜੀ) ਭ੍ਰਿਸ਼ਟਾਚਾਰ ਕਰ ਕੇ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਸੰਜੈ ਸਿੰਘ ਆਦਿ ਨੂੰ ਜੇਲ੍ਹ ਜਾਣਾ ਪਿਆ। ਦਿੱਲੀ ਵਾਸੀਆਂ ਦੇ ਆਮ ਆਦਮੀ ਪਾਰਟੀ ਅਤੇ ਲੀਡਰਸ਼ਿਪ ਵਿਚ ਭਰੋਸੇ ਨੂੰ ਵੱਡੀ ਸੱਟ ਲੱਗੀ ਹੈ। ਨਤੀਜਾ ਸਾਹਮਣੇ ਹੈ। ਅਜਿਹੀ ਸਥਿਤੀ ’ਤੇ ਲਹਿੰਦੇ ਪੰਜਾਬ ਦੇ ਸ਼ਾਇਰ ਹਬੀਬ ਜਾਲਿਬ ਦੇ ਇਹ ਸ਼ਬਦ ਢੁੱਕਦੇ ਹਨ:ਡਾਕੂਆਂ ਦਾ ਜੇ ਸਾਥ ਨਾ ਦੇਂਦਾ, ਪਿੰਡ ਦਾ ਪਹਿਰੇਦਾਰਅੱਜ ਪੈਰੀਂ ਜ਼ੰਜੀਰ ਨਾ ਹੁੰਦੀ, ਜਿੱਤ ਨਾ ਜਾਂਦੀ ਹਾਰ।ਆਮ ਆਦਮੀ ਪਾਰਟੀ ਦੀ ਦਿੱਲੀ ਹਾਰ ਲਈ ਸੱਤਾ ਵਿਰੋਧੀ ਮਾਹੌਲ, ਰਿਓੜੀ ਵੰਡਣ ਕਰ ਕੇ ਵਿਕਾਸ ਕਾਰਜਾਂ ਦਾ ਰੁਕਣਾ, ਅੰਨਾ ਹਜ਼ਾਰੇ ਅਨੁਸਾਰ ਸ਼ਰਾਬ ਰਾਜਨੀਤੀ, ਬਾਰਾਂ ਤੇ ਠੇਕੇ ਖੋਲ੍ਹਣਾ, ਧਨ ਤਲਿੱਸਮ, ਕਾਂਗਰਸ ਨਾਲ ਚੋਣ ਗਠਜੋੜ ਨਾ ਹੋਣਾ, ਕੇਂਦਰੀ ਬਜਟ ਵਿਚ ਵੱਡੇ ਮੱਧ ਵਰਗ ਅਤੇ ਨੌਕਰੀ ਪੇਸ਼ਾ ਲੋਕਾਂ ਲਈ ਆਮਦਨ ਕਰ ਦੀ ਹੱਦ 12 ਲੱਖ ਤੱਕ ਵਧਾਉਣਾ, ਮਨੀਸ਼ ਸਿਸੋਦੀਆ ਦੇ ਲੜਕੇ ਦਾ ਵਿਦੇਸ਼ ਪੜ੍ਹਨਾ, ਪਾਣੀ, ਪ੍ਰਦੂਸ਼ਿਤ ਹਵਾ, ਕੂੜੇ ਦੇ ਢੇਰ, ਸਿਹਤ, ਸਿੱਖਿਆ, ਬਿਜਲੀ ਸੇਵਾਵਾਂ ਦਾ ਜਨਾਜ਼ਾ ਆਦਿ ਕਾਰਨ ਹੋ ਸਕਦੇ ਹਨ।ਦਿੱਲੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੱਡੇ ਪੱਧਰ ’ਤੇ ਰਿਓੜੀ ਵੰਡ ਤਹਿਤ ਦਿੱਤੀਆਂ ਗਰੰਟੀਆਂ ਦੇਣ ਦਾ ਕੁਝ ਅਸਰ ਹੋ ਸਕਦਾ ਹੈ ਪਰ ਦਿੱਲੀ ਵਿਚ ਭਾਜਪਾ ਦੀ ਜਿੱਤ ਦਾ ਸਿਹਰਾ ਉਨ੍ਹਾਂ ਸਿਰ ਨਹੀਂ ਬੱਝ ਸਕਦਾ। ਜੇ ਅਜਿਹਾ ਹੁੰਦਾ ਤਾਂ ਉਹ ਲੋਕ ਸਭਾ ਚੋਣਾਂ 2024 ਵਿਚ 400 ਪਾਰ ਅੰਕੜੇ ਦੀ ਥਾਂ 240 ’ਤੇ ਨਾ ਡਿੱਗਦੇ।ਹਰਿਆਣਾ ਅਤੇ ਮਹਾਰਾਸ਼ਟਰ ਅੰਦਰ ਭਾਜਪਾ ਦੀਆਂ ਪ੍ਰਤੱਖ ਦਿਸ ਰਹੀਆਂ ਹਾਰਾਂ ਨੂੰ ਜਿੱਤਾਂ ਵਿਚ ਤਬਦੀਲ ਕਰਨ ਵਾਲੇ ਆਰਐੱਸਐੱਸ ਦੇ ਸਮਰਪਿਤ ਵਲੰਟੀਅਰਾਂ ਨੇ ਦਿੱਲੀ ਵਿਚ ਵੀ ਭਾਜਪਾ ਦੀ ਜਿੱਤ ਲਈ ਫੈਸਲਾਕੁਨ ਭੂਮਿਕਾ ਅਦਾ ਕੀਤੀ। 2020 ਵਾਲੀਆਂ ਚੋਣਾਂ ਵਿਚ 70 ਮੈਂਬਰੀ ਦਿੱਲੀ ਵਿਧਾਨ ਸਭਾ ਵਿਚ ਸਿਰਫ਼ 8 ਸੀਟਾਂ ਜਿੱਤਣ ਵਾਲੀ ਭਾਜਪਾ ਜੋ 1998 ਤੋਂ ਸੱਤਾ ਤੋਂ ਬਾਹਰ ਸੀ, ਨੂੰ 27 ਸਾਲ ਬਾਅਦ ਜਿਸ ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ 11 ਸਾਲ ਵੀ ਸ਼ਾਮਲ ਹਨ, ਨੇ ਹੁਣ 48 ਸੀਟਾਂ ਦੀ ਵੱਡੀ ਜਿੱਤ ਹਾਸਿਲ ਕੀਤੀ ਹੈ। ਆਰਐੱਸਐੱਸ ਵਲੰਟੀਅਰਾਂ ਨੇ ਲੋਕਾਂ ਨੂੰ ‘ਆਪ’ ਮੁਖੀ ਅਰਵਿੰਦ ਕੇਜਰੀਵਾਲ, ਕੁ-ਸਾਸ਼ਨ, ਭ੍ਰਿਸ਼ਟਾਚਾਰ ਅਤੇ ਕੂੜ ਪ੍ਰਚਾਰ ਬਾਰੇ ਜਾਗ੍ਰਿਤ ਕੀਤਾ। ਪੰਜਾਬ ਪ੍ਰਦੇਸ਼ ਨੂੰ ਪਾਰਟੀ ਪ੍ਰਚਾਰ, ਇਸ਼ਤਿਹਾਰ, ਹਵਾਈ ਉਡਾਨਾਂ, ਵੋਟਰਾਂ ਨੂੰ ਤੋਹਫ਼ੇ ਅਤੇ ਸ਼ਰਾਬ ਵੰਡਣ ਰਾਹੀਂ ਕਿਵੇਂ ਕੰਗਾਲ ਕੀਤਾ ਜਾ ਰਿਹਾ, ਉਸ ਬਾਰੇ ਦੱਸਿਆ। ਦਿੱਲੀ ਵਿਚ ਰੋਹਿੰਗਿਆ, ਬੰਗਲਾਦੇਸ਼ੀ ਅਤੇ ਹੋਰ ਵਿਦੇਸ਼ੀ ਪਰਵਾਸੀਆਂ ਦੇ ਵਸੇਬੇ ਬਾਰੇ ਰੋਸ਼ਨੀ ਪਾਈ। ਮਿਸਾਲ ਵਜੋਂ ਇਨ੍ਹਾਂ ਵਲੰਟੀਅਰਾਂ ਨੇ ਸਿਰਫ ਦਵਾਰਕਾ ਖੇਤਰ ਵਿਚ 500 ਡਰਾਇੰਗ ਰੂਮ ਮੀਟਿੰਗਾਂ ਕੀਤੀਆਂ। ਨਤੀਜੇ ਵਜੋਂ ‘ਆਪ’ ਜਿਸ ਦੀਆਂ 2020 ਵਾਲੀਆਂ ਚੋਣਾਂ ਵਿਚ 62 ਸੀਟਾਂ ਸਨ, 22 ਸੀਟਾਂ ’ਤੇ ਸਿਮਟ ਗਈ।ਆਮ ਆਦਮੀ ਪਾਰਟੀ ਅਤੇ ਇਸ ਦੇ ਇਨਕਲਾਬ ਦਾ ਪਰਦਾਫਾਸ਼ ਹੋ ਚੁੱਕਾ ਹੈ। ਪਾਰਟੀ ਨੇ ਸ਼ਾਇਦ ‘ਇਨਕਲਾਬ ਜਿ਼ੰਦਾਬਾਦ’ ਦਾ ਨਾਅਰਾ ਦੇਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਆਦਿ ਦਾ ਸਿਰਫ਼ ਨਾਂ ਹੀ ਵਰਤਿਆ ਹੈ, ਉਨ੍ਹਾਂ ਦੀ ਸਿਆਸਤ ਉੱਤੇ ਅਮਲ ਨਹੀਂ ਕੀਤਾ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਇਸ ਪਾਰਟੀ ਨੇ ਇਨ੍ਹਾਂ ਸ਼ਹੀਦਾਂ ਦੀ ਸਿਆਸਤ ਅਨੁਸਾਰ ਸ਼ਾਇਦ ਕੁਝ ਵੀ ਨਹੀਂ ਕੀਤਾ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਸ਼ੀਸ਼ ਮਹਿਲ, 4-5 ਕੋਠੀਆਂ ਅਲਾਟ ਕਰਾਉਣ, ਉਡਣ ਖਟੋਲਿਆਂ ’ਤੇ ਯਾਤਰਾ ਕਰਨ, 4 ਤੋਂ 10 ਲੱਖ ਰੋਜ਼ਾਨਾ ਕਿਰਾਏ ਵਾਲੇ ਹੋਟਲਾਂ ਵਿਚ ਠਹਿਰਨ, ਚੋਣਾਂ ਵੇਲੇ ਮਹਿਲਾਂ ਵਰਗੀਆਂ ਕੋਠੀਆਂ ਵਿਚ ਰਿਹਾਇਸ਼, ਜ਼ੈੱਡ ਅਤੇ ਬਟਾਲੀਅਨ ਸੁਰੱਖਿਆ, ਆਮ ਆਦਮੀ ਨੂੰ ਮਿਲਣ ਤੋਂ ਇਨਕਾਰ, ਹਿਟਲਰ ਦੇ ਲੋਕ ਸੰਪਰਕ ਮੰਤਰੀ ਜੋਸਫ ਗੋਇਬਲਜ਼ ਵਾਂਗ ਕੂੜ ਪ੍ਰਚਾਰ ’ਤੇ ਕਰੋੜ ਰੁਪਏ ਖਰਚਣ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਇਸ ਪਾਰਟੀ ਦਾ ਇਨਕਲਾਬ ਕਿਹੋ ਜਿਹਾ ਹੈ।ਪੰਜਾਬ ਦਾ ਕੀ ਬਣੂ?ਸਵਾਲ ਹੁਣ ਇਹ ਹੈ ਕਿ ਪੰਜਾਬ ਜੋ ਆਮ ਆਦਮੀ ਪਾਰਟੀ ਅਤੇ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਆਰਥਿਕ ਅਤੇ ਰਾਜਨੀਤਕ ਬਸਤੀ ਹੈ, ਇਸ ਦਾ ਕੀ ਬਣੇਗਾ? ਦਿੱਲੀ ਵਿਚ ਕਰਾਰੀ ਹਾਰ ਕਰ ਕੇ ਕੇਜਰੀਵਾਲ ਹੁਣ ਨਿਸ਼ਚਤ ਤੌਰ ’ਤੇ ਆਪਣੀ ਇਸ ਬਸਤੀ ਨੂੰ ਖੁੱਸ ਜਾਣ ਤੋਂ ਬਚਾਉਣ ਦਾ ਯਤਨ ਕਰੇਗਾ। ਪੰਜਾਬ ਦੇ ਲੋਕ ਅਤੇ ਅਫਸਰਸ਼ਾਹ ਤਾਂ ਪਹਿਲਾਂ ਹੀ ਇੱਥੇ ਸ਼ਾਸਨ-ਪ੍ਰਸ਼ਾਸਨ, ਨੀਤੀਆਂ, ਨਿਯੁਕਤੀਆਂ, ਬਦਲੀਆਂ, ਪੰਜਾਬ ਦੇ ਮਾਲੀਏ, ਗੈਰ-ਕਾਨੂੰਨੀ ਰੇਤ-ਬਜਰੀ, ਸ਼ਰਾਬ, ਟ੍ਰਾਂਸਪੋਰਟ, ਕੇਬਲ, ਭੂਮੀ, ਪ੍ਰਸ਼ਾਸਨਕ-ਰਾਜਨੀਤਕ ਭ੍ਰਿਸ਼ਟਾਚਾਰ ਤੋਂ ਅਵਾਜਾਰ ਹੈ।ਮੁੱਖ ਮੰਤਰੀ ਦਾ ਦਫ਼ਤਰ ਪਾਰਟੀ ਸੁਪਰੀਮੋ ਦਾ ਪੀਏ ਵੈਭਵ ਕੁਮਾਰ ਚਲਾ ਰਿਹਾ ਹੈ ਜਿਸ ਨੂੰ ਸੁਰੱਖਿਆ ਮਿਲੀ ਹੋਈ ਹੈ। ਦਫ਼ਤਰ ਵਿਚੋਂ ਮੁੱਖ ਮੰਤਰੀ ਦੇ ਸਲਾਹਕਾਰ ਬਾਹਰ ਕੱਢ ਦਿੱਤੇ ਗਏ। ਮੁੱਖ ਮੰਤਰੀ ਬਿਮਾਰ ਹੋਇਆ ਤਾਂ ਕਿਸੇ ਨੇ ਪੁੱਛ-ਪ੍ਰਤੀਤ ਨਾ ਕੀਤੀ। ਦਿੱਲੀ ਚੋਣ ਪ੍ਰਚਾਰ ਵਿਚ ਸਮੇਤ ਕੈਬਨਿਟ, ਵਿਧਾਇਕ, ਚੇਅਰਮੈਨ ਅਤੇ ਵਰਕਰਾਂ ਦੇ ਮਹੀਨੇ ਤੋਂ ਵੱਧ ਸਮਾਂ ਬੈਠੇ ਰਹੇ। ਜਿਨ੍ਹਾਂ 26 ਸੀਟਾਂ ਵਿਚ ਉਨ੍ਹਾਂ ਪ੍ਰਚਾਰ ਕੀਤਾ, 21 ਵਿਚ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਦਿੱਲੀ ਅੰਦਰ ਸਿੱਖ ਅਤੇ ਪੰਜਾਬੀ ਵੋਟਰ ਐਤਕੀਂ ‘ਆਪ’ ਤੋਂ ਖਿਸਕ ਕੇ ਭਾਜਪਾ ਵੱਲ ਚਲੇ ਗਏ। ‘ਆਪ’ ਸਰਕਾਰਾਂ ਵਿਚ ਇੱਕ ਵੀ ਸਿੱਖ ਨੂੰ ਕੈਬਨਿਟ ਵਿਚ ਥਾਂ ਨਹੀਂ ਦਿੱਤੀ।ਪੰਜਾਬ ਆਪਣੇ ਨਾਬਰੀ ਭਰੇ ਸੁਭਾਅ ਤੋਂ ਜਾਣਿਆ ਜਾਂਦਾ ਹੈ। ਪਾਰਟੀ ਅਨੁਸ਼ਾਸਨ ਹੋਰ ਅਤੇ ਡਿਕਟੇਟਰਸ਼ਿਪ ਹੋਰ ਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ, ਪਲਾਨਿੰਗ ਬੋਰਡ ਅਤੇ ਹੋਰ ਸਰਕਾਰੀ ਸੰਗਠਨਾਂ ਦੇ ਦਫ਼ਤਰਾਂ ਵਿਚ ਗੈਰ-ਪੰਜਾਬੀ ਦਿੱਲੀ ਤੋਂ ਨਿਯੁਕਤ ਲੋਕ ਚਲਾ ਰਹੇ ਹਨ। ਵੈਭਵ ਕੁਮਾਰ ਵਰਗੇ ਲੀਡਰ ਅੱਗੇ ਮੁੱਖ ਸਕੱਤਰ, ਪੁਲੀਸ ਮੁਖੀ ਅਤੇ ਮੰਤਰੀਆਂ ਦੇ ਦਫ਼ਤਰਾਂ ਵਿਚ ਬੈਠੇ ਗੈਰ-ਸੰਵਿਧਾਨਿਕ ਵਿਅਕਤੀਆਂ ਅੱਗੇ ਸਕੱਤਰਾਂ, ਡਾਇਰੈਕਟਰਾਂ ਜਾਂ ਹੋਰ ਅਫਸਰਸ਼ਾਹਾਂ ਨੂੰ ਜਵਾਬਦੇਹ ਹੋਣਾ ਪੈਂਦਾ ਹੈ। ਉਂਝ, ਹੁਣ ਮੌਕਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ, ਸੂਬੇ ਦਾ ਸ਼ਾਸਨ-ਪ੍ਰਸ਼ਾਸਨ ਆਪਣੇ ਹੱਥਾਂ ਵਿਚ ਲੈਣ। ਲੋਕਾਂ ਨੂੰ ਜਵਾਬਦੇਹ ਉਹ ਹਨ। ਉਹ ਦਿੱਲੀ ਨਿਯੁਕਤ ਵਿਅਕਤੀਆਂ ਦੀ ਤੁਰੰਤ ਛੁੱਟੀ ਕਰਨ। ਜੇ ਕੇਜਰੀਵਾਲ ਨਿਰੰਕੁੁਸ਼ ਵਤੀਰਾ ਨਹੀਂ ਛੱਡਦਾ ਤਾਂ ‘ਪੰਜਾਬ ਆਮ ਆਦਮੀ ਪਾਰਟੀ’ ਬਣਾ ਕੇ ਭਗਵੰਤ ਮਾਨ ਆਪਣੀ ਕੈਬਨਿਟ ਮੁੜ ਬਣਾਵੇ ਅਤੇ ਪੰਜਾਬੀਆਂ ਦੀ ਭਰੋਸੇਯੋਗਤਾ ਜਿੱਤੇ; ਨਾਲ ਹੀ ਵਾਅਦਿਆਂ ਦੀ ਪੂਰਤੀ ਕਰੇ, ਨਹੀਂ ਤਾਂ 2027 ਦੀਆਂ ਚੋਣਾਂ ਵਿਚ ਪੰਜਾਬੀ, ਦਿੱਲੀ ਨਾਲੋਂ ਵੀ ਬੁਰੀ ਕਰਨਗੇ। ਮੀਡੀਆ ’ਤੇ ਗੈਰ-ਸੰਵਿਧਾਨਿਕ, ਗੈਰ-ਲੋਕਤੰਤਰੀ ਜਕੜ ਬੰਦ ਹੋਣੀ ਚਾਹੀਦੀ ਹੈ, ਨਹੀਂ ਤਾਂ ਭਵਿੱਖ ਵਿਚ ਜੱਗੋਂ ਤੇਰ੍ਹਵੀਂ ਹੋ ਸਕਦੀ ਹੈ। ਲੋਕ ਸਭਾ ਅਤੇ ਨਿਗਮ ਚੋਣਾਂ ਵਿਚ ਲੋਕ ਆਪਣੇ ਹੱਥ ਦਿਖਾ ਚੁੱਕੇ ਹਨ।ਸੰਪਰਕ: +1-289-829-2929