For the best experience, open
https://m.punjabitribuneonline.com
on your mobile browser.
Advertisement

ਕੀ ਮਾਣ ਰੱਖੇਗਾ: ਸੋਹਣਾ ਪਿੰਡ ਜਲਾਲ ਮੇਰਾ..!

07:53 AM May 22, 2024 IST
ਕੀ ਮਾਣ ਰੱਖੇਗਾ  ਸੋਹਣਾ ਪਿੰਡ ਜਲਾਲ ਮੇਰਾ
ਪਿੰਡ ਜਲਾਲ ਵਿੱਚ ਚੋਣ ਪ੍ਰਚਾਰ ਕਰਦਾ ਹੋਇਆ ‘ਆਪ’ ਉਮੀਦਵਾਰ ਕਰਮਜੀਤ ਅਨਮੋਲ।
Advertisement

ਚਰਨਜੀਤ ਭੁੱਲਰ
ਜਲਾਲ (ਬਠਿੰਡਾ), 21 ਮਈ
ਫ਼ਰੀਦਕੋਟ ਸੰਸਦੀ ਹਲਕੇ ਦਾ ਇਹ ਪਿੰਡ ਜਲਾਲ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੀ ਜਨਮ ਭੂਮੀ ਹੈ। ਜਦੋਂ ਕੁਲਦੀਪ ਮਾਣਕ ਨੇ ਹੇਕ ਲਾਈ, ‘ਸੋਹਣਾ ਪਿੰਡ ਜਲਾਲ ਮੇਰਾ’, ਤਾਂ ਮਾਣ ਨਾਲ ਇਸ ਪਿੰਡ ਦੀ ਹਿੱਕ ਚੌੜੀ ਹੋ ਗਈ ਸੀ। ਹੁਣ ਜਲਾਲ ਪਿੰਡ ਨਵੇਂ ਸਿਆਸੀ ਰੌਂਅ ਵਿੱਚ ਹੈ ਕਿਉਂਕਿ ਹਲਕਾ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਪਿੰਡ ਜਲਾਲ ਦਾ ਦੋਹਤਾ ਹੈ ਅਤੇ ਮਰਹੂਮ ਕੁਲਦੀਪ ਮਾਣਕ ਦਾ ਸਕਾ ਭਾਣਜਾ। ਪਿੰਡ ਜਲਾਲ ਆਪਣੇ ਦੋਹਤੇ ਦਾ ਮਾਣ ਰੱਖਦਾ ਹੈ ਜਾਂ ਨਹੀਂ, ਇਹ ਚੋਣ ਨਤੀਜੇ ਦੱਸਣਗੇ ਪ੍ਰੰਤੂ ਇਸ ਪਿੰਡ ’ਤੇ ‘ਆਪ’ ਉਮੀਦਵਾਰ ਓਨਾ ਹੀ ਮਾਣ ਕਰਦਾ ਹੈ ਜਿੰਨਾ ਕੁਲਦੀਪ ਮਾਣਕ ਕਰਦੇ ਸਨ।
ਪਿੰਡ ਜਲਾਲ ਦੀ ਵੋਟ 5500 ਦੇ ਕਰੀਬ ਹੈ ਅਤੇ ਇਹ ਪਿੰਡ ਰਵਾਇਤੀ ਤੌਰ ’ਤੇ ਪੰਥਕ ਸਫ਼ਾਂ ਦੇ ਪੱਖ ਵਿੱਚ ਭੁਗਤਦਾ ਰਿਹਾ ਹੈ। ਲੰਘੀ ਅਸੈਂਬਲੀ ਚੋਣ 2022 ਵਿੱਚ ਪਿੰਡ ਜਲਾਲ ਵਿੱਚੋਂ ‘ਆਪ’ ਨੂੰ 1871 ਵੋਟਾਂ, ਅਕਾਲੀ ਦਲ ਨੂੰ 1401 ਅਤੇ ਕਾਂਗਰਸ ਨੂੰ 1071 ਵੋਟਾਂ ਮਿਲੀਆਂ ਸਨ। ਪਿੰਡ ਵਿੱਚ ‘ਆਪ’ ਦੇ ਦੋ ਧੜੇ ਹਨ। ਪਿੰਡ ਜਲਾਲ ਦਾ ਵਸਨੀਕ ਅਤੇ ਟਰਾਂਸਪੋਰਟਰ ਪ੍ਰਿਥੀਪਾਲ ਸਿੰਘ ਜਲਾਲ ਆਖਦਾ ਹੈ ਕਿ ਭਾਵੇਂ ਅਕਾਲੀ ਦਲ ਨੂੰ ਇਸ ਪਿੰਡ ਵਿਚੋਂ ਵੋਟ ਵੱਧ ਮਿਲਦੀ ਰਹੀ ਹੈ ਪ੍ਰੰਤੂ ਇਸ ਵਾਰ ਪਿੰਡ ਜਲਾਲ ਆਪਣੇ ਦੋਹਤੇ ਦਾ ਮਾਣ ਰੱਖੇਗਾ। ਕੁਲਦੀਪ ਮਾਣਕ ਨੇ ਖ਼ੁਦ ਵੀ ਆਜ਼ਾਦ ਉਮੀਦਵਾਰ ਵਜੋਂ 1996 ਵਿੱਚ ਲੋਕ ਸਭਾ ਬਠਿੰਡਾ ਹਲਕੇ ਤੋਂ ਚੋਣ ਲੜੀ ਸੀ ਅਤੇ ਉਨ੍ਹਾਂ ਨੂੰ 23,090 (3.42 ਫ਼ੀਸਦੀ) ਵੋਟਾਂ ਮਿਲੀਆਂ ਸਨ। ਉਹ ਚੋਣ ਹਾਰ ਗਏ ਸਨ ਪ੍ਰੰਤੂ ਉਨ੍ਹਾਂ ਨੇ ਆਪਣੇ ਪਿੰਡ ਜਲਾਲ ਦਾ ਦੁਨੀਆ ਵਿੱਚ ਝੰਡਾ ਬੁਲੰਦ ਕੀਤਾ। ਉਨ੍ਹਾਂ ਦੀ 30 ਨਵੰਬਰ 2011 ਨੂੰ ਮੌਤ ਹੋ ਗਈ ਸੀ ਅਤੇ 2 ਦਸੰਬਰ ਨੂੰ ਉਨ੍ਹਾਂ ਨੂੰ ਪਿੰਡ ਦੇ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ ਸੀ। ਮਾਣਕ ਦਾ ਭਤੀਜਾ ਡਾ. ਦਿਲਬਾਗ ਬਾਗ਼ੀ ਆਪਣੀ ਭੂਆ ਦੇ ਮੁੰਡੇ ਅਨਮੋਲ ਦੇ ਚੋਣ ਪ੍ਰਚਾਰ ’ਚ ਡਟਿਆ ਹੋਇਆ ਹੈ।
‘ਆਪ’ ਆਗੂ ਬੂਟਾ ਸਿੰਘ ਜਲਾਲ ਆਖਦਾ ਹੈ ਕਿ ਪਿੰਡ ਵਾਲੇ ਅਨਮੋਲ ਨੂੰ ਵੋਟ ਪਾ ਕੇ ਮਰਹੂਮ ਮਾਣਕ ਦਾ ਮਾਣ ਰੱਖਣਗੇ। ਉਹ ਆਖਦਾ ਹੈ ਕਿ ਪਿੰਡ ਵਿਚ ਕੁਲਦੀਪ ਮਾਣਕ ਦੀ ਕੋਈ ਯਾਦਗਾਰ ਨਹੀਂ ਬਣੀ ਅਤੇ ਉਹ ਚੋਣਾਂ ਮਗਰੋਂ ਪਿੰਡ ਵਿਚ ਯਾਦਗਾਰ ਬਣਾਉਣ ਲਈ ਉਪਰਾਲਾ ਕਰਨਗੇ। ਡਾ. ਬਾਗ਼ੀ ਆਖਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਪਿੰਡ ਜਲਾਲ ਅਨਮੋਲ ਨੂੰ ਵੋਟ ਪਾ ਕੇ ਮੁੱਲ ਮੋੜੇਗਾ। ਅਨਮੋਲ ਨੂੰ ਜਦੋਂ ਬਾਹਰੀ ਉਮੀਦਵਾਰ ਦੱਸਿਆ ਜਾਂਦਾ ਹੈ ਤਾਂ ਮੋੜਵੇਂ ਰੂਪ ਵਿਚ ਉਹ ਹਲਕੇ ਦਾ ਦੋਹਤਾ ਹੋਣ ਦੀ ਦਲੀਲ ਦਿੰਦਾ ਹੈ। ਕੁਲਦੀਪ ਮਾਣਕ ਦੇ ਪਰਿਵਾਰ ਦੇ ਬਾਕੀ ਮੈਂਬਰ ਬਾਹਰ ਹੀ ਰਹਿੰਦੇ ਹਨ। ਕੁਲਦੀਪ ਮਾਣਕ ਦੇ ਘਰ ਨੂੰ ਜਿੰਦਰਾ ਵੱਜਿਆ ਹੋਇਆ ਹੈ ਅਤੇ ਉਨ੍ਹਾਂ ਦਾ ਭਤੀਜਾ ਇੱਥੇ ਜ਼ਰੂਰ ਰਹਿ ਰਿਹਾ ਹੈ।

Advertisement

ਜਲਾਲ ਤੋਂ ਭਰੀ ਸਿਆਸੀ ਉਡਾਣ

ਅਨਮੋਲ ਆਖਦਾ ਹੈ ਕਿ ਉਸ ਦਾ ਬਚਪਨ ਪਿੰਡ ਜਲਾਲ ਵਿਚ ਬੀਤਿਆ ਹੈ ਅਤੇ ਇਸ ਪਿੰਡ ਦੀਆਂ ਗਲੀਆਂ ਵਿਚ ਖੇਡ ਕੇ ਵੱਡਾ ਹੋਇਆ ਹਾਂ। ਸਕੂਲੀ ਪੜ੍ਹਾਈ ਪਿੰਡ ਜਲਾਲ ਤੋਂ ਕੀਤੀ ਹੈ ਅਤੇ ਇੱਥੋਂ ਤੱਕ ਕਿ ਉਸ ਨੇ ਪਹਿਲੀ ਹੇਕ ਵੀ ਆਪਣੇ ਮਾਮੇ ਦੇ ਹਰਮੋਨੀਅਮ ਤੋਂ ਪਿੰਡ ਜਲਾਲ ’ਚ ਲਾਈ। ਉਹ ਆਖਦਾ ਹੈ ਕਿ ਉਹ ਸਿਆਸਤ ਦੀ ਉਡਾਣ ਵੀ ਉਹ ਆਪਣੇ ਨਾਨਕੇ ਪਿੰਡ ਤੋਂ ਭਰ ਰਿਹਾ ਹੈ।

Advertisement
Author Image

joginder kumar

View all posts

Advertisement
Advertisement
×