For the best experience, open
https://m.punjabitribuneonline.com
on your mobile browser.
Advertisement

ਸੰਪਾਦਕ ਵਿਚਾਰਾ ਕੀ ਕਰੇ !

11:45 AM May 26, 2024 IST
ਸੰਪਾਦਕ ਵਿਚਾਰਾ ਕੀ ਕਰੇ
ਸੰਦੀਪ ਜੋਸ਼ੀ
Advertisement

ਅਮ੍ਰਤ

ਸਿਆਲਾਂ ਦੇ ਦਿਨੀਂ ਪਰੂਫ਼ ਰੀਡਿੰਗ ਅਮਲੇ ਦਾ ਸੀਨੀਅਰ ਸਾਥੀ ਸੰਪਾਦਕ ਕੋਲ ਜਾ ਹਾਜ਼ਰ ਹੋਇਆ। ਰਸਮੀ ਦੁਆ ਸਲਾਮ ਤੋਂ ਬਾਅਦ ਸੰਪਾਦਕ ਨੇ ਹਾਲਚਾਲ ਪੁੱਛਿਆ ਤਾਂ ਜਵਾਬ ਮਿਲਿਆ, ‘‘ਕਾਹਦਾ ਹਾਲ ਜੀ, ‘ਠੰਢ’ ਤਾਂ ਸਾਰੀ ‘ਡੱਡੇ’ ਨਾਲ ਜਾਈ ਜਾਂਦੀ ਹੈ।’’ ਸਾਥੀ ਅਖ਼ਬਾਰ ’ਚ ਜਾ ਰਹੀ ਗ਼ਲਤੀ ’ਤੇ ਹਰਖ਼ਿਆ ਪਿਆ ਸੀ ਜਿਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਉਸ ਦਾ ਭਾਵ ਸੀ ਕਿ ‘ਠੰਢ’ ਵਿੱਚ ‘ਡ’ ਨਹੀਂ, ‘ਢ’ ਪੈਂਦਾ ਹੈ ਜਦੋਂਕਿ ਅਖ਼ਬਾਰ ਗ਼ਲਤ ਸ਼ਬਦਜੋੜ ਛਾਪੀ ਜਾ ਰਿਹਾ ਹੈ। ਇਹ ਗੱਲ ਕਰੀਬ ਤਿੰਨ ਦਹਾਕੇ ਪੁਰਾਣੀ ਹੈ ਪਰ ਅਖ਼ਬਾਰ ਤੇ ਖ਼ਾਸ ਕਰਕੇ ਨਿਊਜ਼ ਰੂਮ ਨਾਲ ਜੁੜੇ ਸਾਰੇ ਸਾਥੀਆਂ ਦੇ ਚੇਤਿਆਂ ’ਚ ਵੱਸੀ ਹੋਈ ਹੈ। ਹੁਣ ਵੀ ਜਦੋਂ ਕੋਈ ਅਜਿਹੀ ਗ਼ਲਤੀ ਕਰਦਾ ਹੈ ਤਾਂ ਉਸ ਸੀਨੀਅਰ ਸਾਥੀ ਦੀ ਯਾਦ ਸਹਿਜ ਹੀ ਆ ਜਾਂਦੀ ਹੈ ਤੇ ਆਪਣੀ ਗ਼ਲਤੀ ’ਤੇ ਅਸੀਂ ਮਨ ਹੀ ਮਨ ਨਿਮੋਝੂਣੇ ਹੋ ਜਾਂਦੇ ਹਾਂ। ‘ਡੱਡੇ’ ਵਾਲੀ ਠੰਢ ਸਾਡੇ ਲਈ ਗ਼ਲਤੀ ਦੱਸਣ ਦਾ ਇੱਕ ਮੁਹਾਵਰਾ ਬਣ ਚੁੱਕੀ ਹੈ ਤੇ ਆਉਣ ਵਾਲੇ ਸਮੇਂ ’ਚ ਪੂਰੇ ‘ਰਾਰੇ’ ਵਾਲੀ ਪਰਨੀਤ ਕੌਰ ਵੀ ਇਸ ਨਾਲ ਜੁੜ ਸਕਦੀ ਹੈ।
ਹਾਲਾਂਕਿ ਸੰਪਾਦਕੀ ਅਮਲਾ ਪੂਰਾ ਯਤਨ ਕਰਦਾ ਹੈ ਕਿ ਸ਼ਬਦਜੋੜਾਂ ’ਚ ਕੋਈ ਗ਼ਲਤੀ ਤੇ ਫਿਕਰਿਆਂ ’ਚ ਕੋਈ ਝੋਲ ਨਾ ਰਹੇ ਪਰ ਕਈ ਵਾਰ ਕੰਮ ਦਾ ਬੋਝ ਜਾਂ ਅਣਗਹਿਲੀ ਇਸ ਦਾ ਕਾਰਨ ਬਣ ਜਾਂਦੇ ਹਨ। ਉਂਜ ਵੀ ਮਨੁੱਖ ਗ਼ਲਤੀਆਂ ਦਾ ਪੁਤਲਾ ਹੈ ਪਰ ਅਖ਼ਬਾਰ ਕਿਉਂਕਿ ਸੰਪਾਦਕ ਦੇ ਨਾਂ ’ਤੇ ਕੱਢਿਆ ਜਾਂਦਾ ਹੈ ਤਾਂ ਹਰ ਚੰਗੇ ਜਾਂ ਮਾੜੇ ਲਈ ਉਸ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਕਈ ਵਾਰ ਸਿਫ਼ਤਾਂ ਨਾਲ ਸੰਪਾਦਕ ਦੀ ਝੋਲੀ ਭਰ ਜਾਂਦੀ ਹੈ ਤੇ ਕਦੇ ਸਿਰ ’ਚ ਸੁਆਹ ਪੈਣ ਵਾਲੇ ਹਾਲਾਤ ਵੀ ਬਣ ਜਾਂਦੇ ਹਨ। ਨਿਊਜ਼ ਰੂਮ ਦੇ ਕਿਸੇ ਵੀ ਸਾਥੀ ਦੀ ਗ਼ਲਤੀ/ਅਣਗਹਿਲੀ ਸੰਪਾਦਕ ਨੂੰ ਭਾਰੀ ਪੈ ਜਾਂਦੀ ਹੈ। ਹਰ ਗੱਲ ਦੀ ਜਵਾਬਦੇਹੀ ਸੰਪਾਦਕ ਦੀ ਹੈ। ਅਜਿਹੇ ਕਿਸੇ ਮੌਕੇ ਜਦੋਂ ‘ਭੁੱਲ ਚੁੱਕ’ ਕਰਨ ਵਾਲਾ ਗ਼ਲਤੀ ਮੰਨਣ ਦੀ ਥਾਂ ਆਠੇ ਪਾਉਂਦਾ ਹੈ ਤਾਂ ਸੰਪਾਦਕ ਉਸ ਨੂੰ ਸਮਝਾਉਂਦਾ ਹੈ ਕਿ ਇਹ ਵੇਲਾ ਗ਼ਲਤੀ ਮੰਨ ਕੇ ਸ਼ਰਮਿੰਦੇ ਹੋਣ ਦਾ ਹੁੰਦਾ ਹੈ। ਕਈ ਵਾਰ ਹਾਲਾਤ ਅਜਿਹੇ ਵੀ ਬਣ ਜਾਂਦੇ ਹਨ ਜਦੋਂ ਬਾਬੇ ਕੰਵਲ (ਮਰਹੂਮ ਜਸਵੰਤ ਸਿੰਘ ਕੰਵਲ) ਵਰਗਾ ਟਿੱਚਰ ਕਰ ਜਾਂਦਾ ਹੈ ਕਿ ਸਿਰ ਕੇਵਲ ਪੱਗ ਬੰਨ੍ਹਣ ਵਾਸਤੇ ਨਹੀਂ ਹੁੰਦਾ। ਸੰਪਾਦਕੀ ਅਮਲੇ ਨੂੰ ਆਪਣਾ ਦਿਮਾਗ਼ ਵੀ ਵਰਤਣਾ ਚਾਹੀਦਾ ਹੈ।
ਸੰਪਾਦਕੀ ਅਮਲਾ ਵੀ ਕੋਈ ਘੱਟ ਸਿਰਜਣਾਤਮਕ ਨਹੀਂ ਹੁੰਦਾ। ਖ਼ਬਰਾਂ ਦੀ ਭਾਸ਼ਾ ਸੁਧਾਰਦਾ ਹੈ, ਫਾਲਤੂ ਜਾਂ ਇਤਰਾਜ਼ਯੋਗ ਫਿਕਰੇ ਕੱਟਦਾ ਹੈ। ਕਈ ਵਾਰ ਨਵੇਂ ਸਿਰਿਓਂ ਖ਼ਬਰ ਸੋਧ ਕੇ ਲਿਖਦਾ ਹੈ ਤੇ ਫਬਵੇਂ ਸਿਰਲੇਖ/ਸੁਰਖ਼ੀ ਹੇਠ ਖ਼ਬਰ ਛਪਦੀ ਹੈ। ਮਿਹਨਤ ਨਾਲ ਸ਼ਿੰਗਾਰ ਕੇ ਛਾਪੀ ਹੋਈ ਖ਼ਬਰ ’ਤੇ ਜਦੋਂ ਕੋਈ ਕਾਰਵਾਈ ਹੁੰਦੀ ਹੈ ਤਾਂ ਇਸ ਦਾ ਸਿਹਰਾ ਵੀ ਸੰਪਾਦਕ ਸਿਰ ਹੀ ਬੱਝਦਾ ਹੈ। ਕਾਰਵਾਈ ਰਿਪੋਰਟ ਨੂੰ ਹਰ ਅਖ਼ਬਾਰ ਆਪਣੇ ਢੰਗ ਨਾਲ ‘ਖ਼ਬਰ ਦੇ ਅਸਰ’ ਵਜੋਂ ਪ੍ਰਕਾਸ਼ਿਤ ਕਰਦਾ ਹੈ। ਇਸ ਨਾਲ ਅਖ਼ਬਾਰ ਦੀ ਭਰੋਸੇਯੋਗਤਾ ਵਧਦੀ ਹੈ। ਪਾਠਕਾਂ ਨੂੰ ਵੀ ਪਤਾ ਲੱਗਦਾ ਹੈ ਕਿ ਅਖ਼ਬਾਰ ਨੇ ਕਿਵੇਂ ਉਨ੍ਹਾਂ ਦੀ ਸਮੱਸਿਆ ਹੱਲ ਕਰਨ ’ਚ ਯੋਗਦਾਨ ਪਾਇਆ ਹੈ। ਕਈ ਵਾਰ ਕੁਝ ਵੱਖਰਾ ਵੀ ਵਾਪਰ ਜਾਂਦਾ ਹੈ। ਫ਼ਲਸਤੀਨੀ ਆਗੂ ਯਾਸਰ ਅਰਾਫ਼ਾਤ ਦਾ ਜਦੋਂ ਦੇਹਾਂਤ (ਨਵੰਬਰ 2004) ਹੋਇਆ ਤਾਂ ਨਿਊਜ਼ ਏਜੰਸੀ ’ਤੇ ਆਈ ਰਿਪੋਰਟ ਮੁਤਾਬਿਕ ਮੌਤ ਦੀ ਖ਼ਬਰ ਛਪ ਗਈ। ਅਗਲੇ ਦਿਨ ਪਤਾ ਲੱਗਿਆ ਕਿ ਮੌਤ ਦੀਆਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਹੋ ਰਹੀ। ਮੌਤ ਦੇ ਕਾਰਨਾਂ ਬਾਰੇ ਉਦੋਂ ਕੁਝ ਭੰਬਲਭੂਸਾ ਸੀ (ਜੋ ਕਿ ਹੁਣ ਤੱਕ ਵੀ ਹੈ) ਜਿਸ ਕਾਰਨ ਕੁਝ ਅਖ਼ਬਾਰਾਂ ਨੇ ਖ਼ਬਰ ਨਹੀਂ ਛਾਪੀ ਸੀ।
ਇੱਕ ਦਿਨ ਬਾਅਦ ਫਿਰ ਇਹ ਖ਼ਬਰ ਆ ਗਈ ਕਿ ‘ਅਰਾਫ਼ਾਤ ਨਹੀਂ ਰਹੇ’। ਹੁਣ ‘ਕੀ ਕਰੀਏ’ ਵਾਲੀ ਸਥਿਤੀ ’ਚ ਇੱਕ ਸਾਥੀ ਦੀ ਅਣਭੋਲ ਟਿੱਪਣੀ ਸੀ,‘‘ਦੇਖੋ ‘ਖ਼ਬਰ ਦਾ ਅਸਰ’ ਹੋ ਗਿਆ।’’
ਹੁਣ ਸਮਾਂ ਬਦਲਣ ਨਾਲ ਅੰਦਾਜ਼ ਬਦਲ ਗਿਆ ਹੈ। ਇਸੇ ਕਾਰਨ ਕਈ ਵਾਰ ਦੁਖਦੀ ਰਗ਼ ’ਤੇ ‘ਪੈਰ’ ਧਰ ਦਿੱਤਾ ਜਾਂਦਾ ਹੈ। ਕਈ ਸ਼ਬਦਜੋੜ ਜਾਂ ਵਾਕ ਕਿੰਤੂ ਕਰਨ ਵਾਲੇ ਲਈ ਹੀ ਮੁਸੀਬਤ ਬਣ ਜਾਂਦੇ ਹਨ। ‘ਚੋਰ ਦੀ ਮਾਂ ਕੋਠੀ ’ਚ ਮੂੰਹ’ ਵਾਲਾ ਪ੍ਰੋਗਰਾਮ ਹੋ ਜਾਂਦਾ ਹੈ ਜਦੋਂ ਕੋਈ ਸਾਥੀ ‘ਘਟਨਾ ਨੂੰ ਅੰਜਾਮ ਦੇ ਕੇ’ ਫ਼ਰਾਰ ਹੋ ਜਾਂਦਾ ਹੈ। ਹੁਣ ਸਿੱਧਿਆਂ ਕੋਈ ਵਾਰਦਾਤ ਜਾਂ ਵਾਕਿਆ ਨਹੀਂ ਹੁੰਦਾ। ਸਗੋਂ ‘ਵਾਰਦਾਤ ਨੂੰ ਅੰਜਾਮ’ ਦੇਣ ਦੀ ਤਿਆਰੀ ਕੀਤੀ ਜਾਂਦੀ ਹੈ। ਫਿਰ ਵਾਰਦਾਤ ‘ਨੂੰ ਲੈ ਕੇ’ ਲੋਕਾਂ ’ਚ ਰੋਸ ‘ਫੈਲਦਾ’ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਪ੍ਰਧਾਨ ਮੰਤਰੀ ਨੇ ਅਕਸ਼ੈ ਕੁਮਾਰ ਨੂੰ ਇਹ ਦੱਸਣਾ ਹੋਵੇ ਕਿ ਮੈਨੂੰ ‘ਅੰਬ ਨੂੰ ਚੂਪਣਾ’ ਚੰਗਾ ਲੱਗਦਾ ਹੈ ਜਾਂ ‘ਅੰਬ ਚੂਪਣਾ’। ਇਸੇ ਤਰ੍ਹਾਂ ਪ੍ਰਧਾਨ ਮੰਤਰੀ ‘ਕੁਰਸੀ ਨੂੰ ਲੈ ਕੇ’ ਚਿੰਤਤ ਹਨ ਜਾਂ ਪ੍ਰਧਾਨ ਮੰਤਰੀ ਨੂੰ ‘ਕੁਰਸੀ ਦੀ ਚਿੰਤਾ’ ਹੈ। ਇੱਕ ਤਰਕ ਇਹ ਵੀ ਹੈ ਕਿ ਕਤਲ ਤੇਜ਼ਧਾਰ ਹਥਿਆਰ ਨਾਲ ਹੁੰਦਾ ਹੈ ਅਤੇ ਹੱਤਿਆ ਗੋਲੀ (ਫਾਇਰ ਮਾਰੇ ਜਾਣਾ) ਨਾਲ ਜਾਂ ਇਸ ਤੋਂ ਉਲਟਾ ਪਰ ਨਤੀਜੇ ਵਜੋਂ ਨਾ ਤਾਂ ਬੰਦਾ ਹੀ ਬਚਦਾ ਹੈ ਤੇ ਨਾ ਹੀ ਸੰਪਾਦਕ ਦੀ ਜਾਨ ਛੁੱਟਦੀ ਹੈ। ਸੰਪਾਦਕ ਨੂੰ ਤਾਂ ਸਿਰ ਫੜ ਕੇ ਬੈਠਣਾ ਹੀ ਪੈਂਦਾ ਹੈ।
ਅਖ਼ਬਾਰਾਂ ’ਚ ਵਰਤੀ ਜਾਂਦੀ ਭਾਸ਼ਾ ਦੇ ਕਈ ਸ਼ਬਦ ਲੋਕਗੀਤਾਂ ਵਾਂਗ ਪੱਤਰਕਾਰਾਂ/ਸੰਪਾਦਕੀ ਅਮਲੇ ਦੇ ਮੂੰਹ ’ਤੇ ਚੜ੍ਹ ਜਾਂਦੇ ਹਨ। ਸਹਿਜ ਹੀ ਇਨ੍ਹਾਂ ਦੀ ਵਰਤੋਂ ਹੋਣ ਲੱਗਦੀ ਹੈ ਤੇ ਫਿਰ ਇਹ ਪੱਕ ਜਾਂਦੇ ਹਨ। ਤੁਸੀਂ ਗ਼ਲਤ ਨੂੰ ਵੀ ਠੀਕ ਨਹੀਂ ਕਰ ਸਕਦੇ। ਮੈਦਾਨੀ ਖੇਤਰ ’ਚ ਸ਼ਾਂਤ ਲੰਘਦੇ ਦਰਿਆ ਵਾਂਗ ਇਹ ਸਭ ਵਹਿੰਦਾ ਤੁਰਿਆ ਜਾਂਦਾ ਹੈ। ਇਸੇ ਵੰਨਗੀ ’ਚ ‘ਸਵੈ-ਇੱਛਾ ਨਾਲ ਖ਼ੂਨਦਾਨ’ ਕਰਨਾ ਵੀ ਆਉਂਦਾ ਹੈ। ਭਲਾ ਕੋਈ ਪੁੱਛੇ ਕਿ ‘ਜਬਰੀ ਦਾਨ’ ਕੌਣ ਦਿੰਦਾ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਦੇ ਘਰ ਦੀ ਘੰਟੀ ਮਾਰ ਕੇ ਕੋਈ ਕਹੇ ਕਿ ਫਲਾਂ ਆਸ਼ਰਮ ਤੋਂ ਆਏ ਹਾਂ, ਨਕਦੀ ਭੇਟਾ ਕਰੋ। ਉਦੋਂ ਬੰਦਾ ਸੋਚਦਾ ਹੈ ਕਿ ਇਨ੍ਹਾਂ ਦਾਨ ਨੂੰ ਸ਼ਾਇਦ ਉਗਰਾਹੀ ਕਰਨਾ ਸਮਝ ਲਿਆ ਹੈ। ਇੱਕ ਰਿਵਾਜ ਹੋਰ ਹੈ ਕਿ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਫਲਾਂ ਗੱਲ ਕਹੀ। ਜ਼ਾਹਿਰ ਹੈ ਸੰਬੋਧਨ ਕਰਨਾ ਹੀ ਪਵੇਗਾ, ਚੁੱਪ ਰਹਿ ਕੇ ਕੋਈ ਕੀ ਦੱਸੇਗਾ। ਇਸੇ ਤਰ੍ਹਾਂ ਉਨ੍ਹਾਂ ‘ਜਾਣਕਾਰੀ ਦਿੰਦਿਆਂ ਦੱਸਿਆ’। ‘ਉਨ੍ਹਾਂ ਅੱਗੇ ਜਾ ਕੇ ਕਿਹਾ’। ਪ੍ਰੈੱਸ ਕਾਨਫਰੰਸ ’ਚੋਂ ਉੱਠ ਕੇ ਭਲਾ ਉਹ ਅੱਗੇ ਕਿੱਥੇ ਚਲੇ ਗਏ? ਕਣਕ ਪੱਕਣ ਦੇ ਦਿਨਾਂ ’ਚ ਕਿਸਾਨ ‘ਸੋਨੇ ਦੀ ਕਣੀ’ ਵੀ ਨਹੀਂ ਮੰਗਦਾ ਅਤੇ ਜੇ ਮੀਂਹ ਪੈਣ ਵਾਲਾ ਹੋਵੇ ਤਾਂ ਅਕਸਰ ਲਿਖਿਆ ਜਾਂਦਾ ਹੈ, ‘‘ਮੀਂਹ ਵਾਲੇ ਮੌਸਮ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾਏ’। ਹੋ ਸਕਦਾ ਹੈ ਉਹ ਕਹਿਣਾ ਚਾਹੁੰਦੇ ਹੋਣ ਕਿ ਖਰਾਬ ਮੌਸਮ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ। ਮੀਂਹ ਨਾਲ ਕੁਝ ਭਿੱਜ ਸਕਦਾ ਹੈ, ਸੁੱਕਣੇ ਪਤਾ ਨਹੀਂ ਕਿਵੇਂ ਪਾ ਦਿੰਦੇ ਹਨ। ਅਜਿਹੀਆਂ ਹੋਰ ਵੀ ਬੜੀਆਂ ਮਿਸਾਲਾਂ ਹਨ, ਮ੍ਰਿਤਕ ਜਾ ਰਿਹਾ ਸੀ, ਮ੍ਰਿਤਕ ਆਪਣਾ ਪਰਿਵਾਰ ਪਿੱਛੇ ਛੱਡ ਗਿਆ ਤੇ ਕਈ ਕੁਝ ਹੋਰ। ਕਈ ਵਾਰ ਕੁਝ ਹੋਰ ਗ਼ਲਤੀ ਵੀ ਹੋ ਜਾਂਦੀ ਹੈ। ਕਿਸੇ ਅਖਬ਼ਾਰ ਦੇ ਇੱਕ ਪੰਨੇ ’ਤੇ ਚਾਰ ਕੁ ਸਤਰਾਂ ਦੀ ਖ਼ਬਰ ਸੀ, ‘‘ਰਾਮ ਜਨਮ ਭੂਮੀ ਯਾਤਰਾ ਲਈ ਅਤਿਵਾਦੀਆਂ ਨੂੰ ਮਿਲੇਗੀ ਵਿੱਤੀ ਮਦਦ’। ਪੰਨਾ ਛਪ ਜਾਣ ਤੋਂ ਪਹਿਲਾਂ ਸੀਨੀਅਰ ਸਾਥੀ ਜਦੋਂ ਚੈੱਕ ਕਰਨ ਲੱਗਿਆ ਤਾਂ ਖ਼ਬਰ ’ਤੇ ਨਜ਼ਰ ਪੈਂਦਿਆਂ ਹੀ ਉਸ ਦੇ ਹੱਥੋਂ ਪਾਣੀ ਦਾ ਗਲਾਸ ਛੁੱਟ ਗਿਆ। ਗਲਾਸ ਦੀਆਂ ਕਿਰਚੀਆਂ ਤੋਂ ਪੈਰ ਬਚਾਉਂਦਿਆਂ ਜਦੋਂ ਮਾਮਲੇ ਦੀ ਛਾਣਬੀਣ ਕਰਵਾਈ ਤਾਂ ਪਤਾ ਲੱਗਿਆ ਕਿ ਟਾਈਪ ਕਰਦੇ ਸਮੇਂ ‘ਆਦਿਵਾਸੀਆਂ’ ਦੀ ਥਾਂ ‘ਅਤਿਵਾਦੀਆਂ’ ਲਿਖਿਆ ਗਿਆ। ਉਦੋਂ ਗੁਜਰਾਤ ਸਰਕਾਰ ਦੇ ਕਿਸੇ ਮੰਤਰੀ ਨੇ ਤੀਰਥ ਯਾਤਰਾ ਲਈ ਆਦਿਵਾਸੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। ਚੌਕਸੀ ਕਾਰਨ ਅਗਲੇ ਦਿਨ ਸਿਰ ਸੁਆਹ ਪੈਣ ਤੋਂ ਬਚ ਗਈ ਸੀ।
ਕਿਹਾ ਜਾਂਦਾ ਹੈ ਕਿ ਚੰਗਾ ਮਿਸਤਰੀ ਗੁਣੀਏ ’ਚ ਕੰਧ ਕੱਢਦਾ ਹੈ ਤੇ ਮਾੜਾ ਮਿਸਤਰੀ ਗੁਣੀਆਂ ਕੰਧ ’ਚ ਕਰ ਦਿੰਦਾ ਹੈ। ਇੱਕ ਮਿਸਤਰੀ ਨੇ ਪਿੰਡ ਦੇ ਕਿਸੇ ਘਰ ਪਸ਼ੂਆਂ ਦੇ ਵਾੜੇ ਲਈ ਕੰਧ ਕੱਢੀ। ਆਥਣੇ ਕੰਮ ਸਮੇਟ ਕੇ ਤੁਰਦਿਆਂ ਘਰ ਵਾਲਿਆਂ ਨੂੰ ਤਾਕੀਦ ਕੀਤੀ ਕਿ ਇਸ ਦੇ ਨੇੜੇ ਮੰਜਾ ਨਾ ਡਾਹਿਓ। ਕੀ ਪਤਾ ਰਾਤ ਨੂੰ ਭੂਚਾਲ ਆ ਜਾਵੇ ਤੇ ਕੰਧ ਡਿੱਗ ਪਵੇ। ਉਹੀ ਹੋਇਆ, ਕੰਧ ਡਿੱਗ ਗਈ। ਪਿੰਡ ਵਾਲਿਆਂ ਨੇ ਮਿਸਤਰੀ ਦਾ ਨਾਂ ‘ਭਵਿੱਖਬਾਣੀ’ ਰੱਖ ਦਿੱਤਾ। ਮਿਸਤਰੀ ਨੂੰ ਪਤਾ ਸੀ ਕਿ ‘ਗੁਣੀਆਂ ਕੰਧ ’ਚ’ ਹੋ ਗਿਆ ਹੈ। ਭਾਵ ਕੰਧ ਸਿੱਧੀ ਨਹੀਂ ਕੱਢੀ ਗਈ ਤੇ ਇਹ ਡਿੱਗ ਜਾਵੇਗੀ, ਸੋ ਉਹ ਜਾਂਦਾ ਹੋਇਆ ਤਾਕੀਦ ਕਰ ਗਿਆ।
ਹੁਣ ਪੰਜਾਬੀ ਭਾਸ਼ਾ ’ਚ ਆਯੋਜਨ, ਸੰਯੋਜਨ, ਪ੍ਰਯੋਜਨ, ਉਪਲਬਧ ਤੇ ਪ੍ਰਦਾਨ ਜਿਹੇ ਸ਼ਬਦ ਆਮ ਵਰਤੇ ਜਾਣ ਲੱਗੇ ਹਨ। ਜੇ ਇਹੋ ਭਾਸ਼ਾ ਚੱਲਦੀ ਰਹੀ ਤਾਂ ਬੱਚੇ ਆਪਣੀ ਮਾਂ ਨੂੰ ਪੁੱਛਣਗੇ ਕੀ ਤੁਹਾਡੇ ਕੋਲ ਰੋਟੀ ਉਪਲਬਧ ਹੈ? ਕੀ ਤੁਸੀਂ ਮੈਨੂੰ ਹੋਰ ਰੋਟੀ ਪ੍ਰਦਾਨ ਕਰ ਸਕਦੇ ਹੋ? ਇਹ ਵੀ ਹੋ ਸਕਦਾ ਹੈ ਕਿ ਕੋਈ ਕਹੇ ਮੇਰੇ ਦੋਸਤ ਦੇ ਵਿਆਹ ਦਾ ਆਯੋਜਨ ਹੈ। ਮੈਂ ਸਵੈ-ਇੱਛਾ ਨਾਲ ਉੱਥੇ ਜਾਣਾ ਚਾਹੁੰਦਾ ਹਾਂ। ਪਾਰਟੀ ਦਾ ਸੰਯੋਜਨ ਦੋਸਤ ਦੇ ਮਾਪਿਆਂ ਨੇ ਕੀਤਾ ਹੈ। ਇਸ ਤੋਂ ਇਲਾਵਾ ਅੱਜਕੱਲ੍ਹ ਲਿਖਤੀ ਪੱਤਰ ਭੇਜਣ ਦਾ ਰਿਵਾਜ ਵੀ ਹੈ ਜਦੋਂਕਿ ਕੋਈ ਪੱਤਰ ਅਣਲਿਖਿਆ ਕਿਵੇਂ ਹੋ ਸਕਦਾ ਹੈ। ਨਾ ਹੀ ਪੱਤਰ ਜ਼ੁਬਾਨੀ ਹੋ ਸਕਦਾ ਹੈ। ਇਹ ਤਾਂ ਮੁੱਢ ਕਦੀਮ ਤੋਂ ਲਿਖਿਆ ਹੀ ਜਾਂਦਾ ਹੈ। ਸੰਪਾਦਕ ਅਜਿਹੀਆਂ ਚਿੰਤਾਵਾਂ ਨਾਲ ਘੁਲਦਾ ਰਹਿੰਦਾ ਹੈ। ਉਹ ਇਹ ਵੀ ਫ਼ਿਕਰ ਕਰਦਾ ਹੈ ਕਿ ਕਿਧਰੇ ਉਸ ਦੇ ਪਲਕ ਝਪਕਦਿਆਂ ਕੋਈ ‘ਭਵਿੱਖਬਾਣੀ’ ਉਸ ਦੀ ਕੰਧ ’ਚ ਹੀ ਗੁਣੀਆਂ ਨਾ ਕਰ ਜਾਵੇ।

Advertisement

ਸੰਪਰਕ: 98726-61846 (ਵੱਟਸਐਪ)

Advertisement
Author Image

sukhwinder singh

View all posts

Advertisement
Advertisement
×