ਘੁੱਗੀ ਕੀ ਕਰੇ
ਜੋਗੇ ਭੰਗਲ
“ਹੈਂ! ਬਲਬੀਰ ਸਿੰਘ ਦੀ ਬਦਲੀ?” ਖ਼ੁਸ਼ ਮੂਡ ’ਚ ਆਪਣੇ ਦਫ਼ਤਰ ਬੈਠਾ, ਪ੍ਰਿੰਸੀਪਲ ਹਰਚਰਨ ਸਿੰਘ ਅਖ਼ਬਾਰ ’ਤੇ ਸਰਸਰੀ ਨਿਗ੍ਹਾ ਮਾਰਦਾ, ਇਕਦਮ ਤ੍ਰਬਕ ਕੇ ਕੁਰਸੀ ਤੋਂ ਉੱਭਰਿਆ। ਕੋਲ ਮੈਂ ਬੈਠਾ। ਉਹ ਅਖ਼ਬਾਰ ਵਿੱਚ ਬਦਲੀਆਂ ਦੀ ਲਿਸਟ ਪੜ੍ਹਦਾ-ਪੜ੍ਹਦਾ ਰੁਕਿਆ। ਉਹਦਾ ਮਨ ਇਹ ਮੰਨਣ ਨੂੰ ਨਾ ਤਿਆਰ। ਅਖੇ, ਨਾ ਇਹਦੀਆਂ ਸ਼ਰਤਾਂ ਪੂਰੀਆਂ, ਨਾ ਮੈਂ ਇਹਦਾ ਬਿਨੈ ਪੱਤਰ ਮਹਿਕਮੇ ਨੂੰ ਭੇਜਿਆ ਪਰ...। ਬਦਲੀਆਂ ਦੀ ਲਿਸਟ ਉਹਨੇ ਫੇਰ ਦੁਬਾਰਾ ਪੜ੍ਹੀ। ਵਾਰ-ਵਾਰ ਪੜ੍ਹਿਆ ਪਈ ਕਿਤੇ ਅਖ਼ਬਾਰ ’ਚ ਗ਼ਲਤੀ ਨਾਲ ਤਾਂ ਨਹੀਂ...। ਪਰ ਬਲਬੀਰ ਸਿੰਘ ਦਾ ਨਾਂ ਹੀ ਗ਼ਲਤ ਕਿਉਂ? ... ਉਹ ਕਹੇ ਕਿ ਬਦਲੀ ਤਾਂ ਸਤੀਸ਼ ਦੀ ਹੋਣੀ ਚਾਹੀਦੀ, ਇਹ ਉਲਟੀ ਗੰਗਾ ਕਿਵੇਂ? ... ਦੁਖੀ ਹੋਏ ਦਾ ਉਹਦਾ ਸੋਚ-ਸੋਚ ਕੇ ਸਿਰ ਘੁੰਮੀ ਜਾਵੇ।
ਮੇਰੇ ਵਾਲੇ ਸਕੂਲੇ, ਬਲਬੀਰ ਸਿੰਘ ਨਾਂ ਦਾ ਮਾਸਟਰ। ਅਜੇ ਨਵੀਂ-ਨਵੀਂ ਨਿਯੁਕਤੀ ਉਹਦੀ। ਉਸੇ ਸਾਲ ਉਹਨੇ ਬਦਲੀ ਲਈ ਅਪਲਾਈ ਕਰ ਦਿੱਤਾ ਤੇ ਬਦਲੀ ਹੋ ਗਈ। ਮੁਖੀ ਉਹਨੂੰ ਫਾਰਗ ਕਰੇ ਤਾਂ ਕਰੇ ਕਿੱਦਾਂ? ... ਉਹ ਅੜ ਗਿਆ।
ਦੋ ਕੁ ਮਹੀਨੇ ਪਹਿਲਾਂ ਮਹਿਕਮੇ ਨੇ ਮਾਸਟਰਾਂ ਦੀਆਂ ਬਦਲੀਆਂ ਸਬੰਧੀ ਅਰਜ਼ੀਆਂ ਮੰਗੀਆਂ। ਸ਼ਰਤਾਂ ਸਨ- ਕਰਮਚਾਰੀ ਦੀ ਉਸ ਸਟੇਸ਼ਨ ’ਤੇ ਘੱਟੋ-ਘੱਟ ਤਿੰਨ ਸਾਲ ਦੀ ਸਟੇਅ ਹੋਵੇ। ਦੋ ਸਾਲ ਦੇ ਉਹਦੇ ਰਿਜ਼ਲਟ ਪਲੱਸ ਹੋਣ ਅਤੇ ਉਸ ਵਿਸ਼ੇ ਦਾ ਇੱਕ ਅਧਿਆਪਕ ਪੜ੍ਹਾਉਣ ਲਈ ਜ਼ਰੂਰ ਪਿੱਛੇ ਰਹਿਣਾ ਚਾਹੀਦਾ। ਅਰਜ਼ੀ ਯੋਗ ਪ੍ਰਣਾਲੀ ਰਾਹੀਂ ਮਹਿਕਮੇ ਨੂੰ ਭੇਜਣੀ ਜ਼ਰੂਰੀ ਹੈ।
ਸਕੂਲ ’ਚ ਦੋ ਮੈਥ ਮਾਸਟਰ। ਇੱਕ ਸਤੀਸ਼ ਚੰਦਰ, ਜਿਹਦੀ ਅਰਜ਼ੀ ਸਕੂਲ ਮੁਖੀ ਦੀ ਸਿਫ਼ਾਰਸ਼ ਨਾਲ ਮਹਿਕਮੇ ਨੂੰ ਗਈ। ਕਿਉਂਕਿ ਉਹ, ਮਹਿਕਮੇ ਦੀਆਂ ਬਦਲੀ ਸੰਬੰਧੀ ਸ਼ਰਤਾਂ ਪੂਰੀਆਂ ਕਰਦਾ ਸੀ। ਦੂਸਰੀ ਪੋਸਟ ’ਤੇ ਬਲਬੀਰ ਸਿੰਘ ਨੂੰ ਹਾਜ਼ਰ ਹੋਇਆਂ ਅਜੇ ਕੁਝ ਮਹੀਨੇ ਹੋਏ ਸਨ। ਉਹ ਤਾਂ ਅਜੇ ਸੀ ਹੀ ਪ੍ਰੋਬੇਸ਼ਨ (ਪਰਖ਼ ਸਮੇਂ) ’ਤੇ। ਦਿਖਾਉਣ ਲਈ ਰਿਜ਼ਲਟ ਉਹਦੇ ਪਾਸ ਹੈ ਕੋਈ ਨਾ। ਬਦਲੀ ਸਤੀਸ਼ ਦੀ ਜਗ੍ਹਾ ਬਲਬੀਰ ਦੀ ਹੋ ਗਈ। ਪਰ ਇਹ ਸਭ ਹੋਇਆ ਕਿਵੇਂ? ਇਹੀ ਰਾਜ਼ ਨਹੀਂ ਸੀ ਖੁੱਲ੍ਹ ਰਿਹਾ।
ਬਦਲੀ ਤੋਂ ਕੁਝ ਦਿਨ ਬਾਅਦ, ਪਹਿਲਾਂ ਬਲਬੀਰ ਸਿੰਘ ਨੇ ਮੈਨੂੰ ਮੱਖਣ ਲਾ ਕੇ ਦੇਖਿਆ। ਅਖੇ, ਬਾਊ ਜੀ, ਕਰੋ ਕੋਈ ਹੀਲਾ। ਮੈਨੂੰ ਪਤਾ, ਤੁਹਾਨੂੰ ਪ੍ਰਿੰਸੀਪਲ ਸਾਬ੍ਹ ਇਨਕਾਰ ਨਹੀਂ ਕਰ ਸਕਦੇ। ਮੈਂ ਗੱਲ ਨੂੰ ਗੋਲ਼-ਮੋਲ਼ ਨਾ ਕਰਦਿਆਂ, ਸਿੱਧਾ ਇਨਕਾਰ ਕਰ ਦਿੱਤਾ, ਮੈਂ ਕਿਹਾ, ਸੌਰੀ।
ਫੇਰ ਫ਼ਾਰਗ ਹੋਣ ਲਈ, ਬਲਬੀਰ ਸਿੰਘ ਨੇ ਆਪਣਾ ਪਹਿਲਾ ਕਦਮ ਪੁੱਟਿਆ। ਹੱਥ ਜੋੜ ਕੇ, ਪ੍ਰਿੰਸੀਪਲ ਸਾਬ੍ਹ ਨੂੰ ਬੇਨਤੀ ਕੀਤੀ। ਪ੍ਰਿੰਸੀਪਲ ਦਾ ‘ਨਾਂਹ-ਨਾਂਹ’ ’ਚ ਸਿਰ ਹਿੱਲੀ ਜਾਵੇ। ਨਾਲ ਉਨ੍ਹਾਂ ਨੇ ਆਰਡਰਾਂ ਥੱਲੇ ਮਹਿਕਮੇ ਵੱਲੋਂ ਚੇਪੀਆਂ ਸ਼ਰਤਾਂ ਵੱਲ ਇਸ਼ਾਰਾ ਕਰ ਦਿੱਤਾ।
ਬਲਬੀਰ ਨੇ ਆਪਣੇ ਰੰਗ ’ਚ ਆਉਂਦਿਆਂ, ਦੂਜਾ ਕਦਮ ਪੁੱਟਿਆ, “ਪ੍ਰਿੰਸੀਪਲ ਸਾਬ੍ਹ! ਇਹ ਸ਼ਰਤਾਂ-ਸ਼ੁਰਤਾਂ ਛੱਡੋ। ਇਹ ਸਭ ਖ਼ਾਨਾ ਪੂਰਤੀ ਹੁੰਦੀ ਐ। ਆਮ ਖਾਨੇ ਕੇ ਔਰ, ਦਿਖਾਨੇ ਕੇ ਔਰ। ਜਿਨ੍ਹਾਂ ਮੇਰੀ ਬਦਲੀ ਕੀਤੀ, ਸ਼ਰਤਾਂ ਦਾ ਉਨ੍ਹਾਂ ਨੂੰ ਵੀ ਪਤਾ ਏ।” ਕਿੰਨਾ ਚਿਰ ਉਹ ਸਾਬ੍ਹ ਦੀ ‘ਹਾਂ’ ’ਡੀਕਦਾ ਖੜ੍ਹਾ ਰਿਹਾ, ਪਰ ਪ੍ਰਿੰਸੀਪਲ ਹੁਰਾਂ ਦਾ ਸਿਰ, ‘ਨਾਂਹ’ ’ਚ ਹਿਲਣੋਂ ਨਾ ਹਟਿਆ।
ਬਲਬੀਰ ਸਿੰਘ ਨੇ ਬਿਨਾਂ ਕੋਈ ਦੇਰ ਕੀਤਿਆਂ, ਅਗਲਾ ਕਦਮ ਵੀ ਜਾ ਚੁੱਕਿਆ। ਆਪਣਾ ਹੋਣਾ ਦਿਖਾਉਣ ਲਈ, ਆਪਣੇ ਸਾਥੀ ਮਾਸਟਰਾਂ ਦਾ ਟੋਲਾ, ਪ੍ਰਿੰਸੀਪਲ ਸਾਹਮਣੇ ਲਿਆ ਬਿਠਾਇਆ। ਇੱਕ ਗਲਾਕੜ ਮਾਸਟਰ ਨੇ, ਪ੍ਰਿੰਸੀਪਲ ਸਾਬ੍ਹ ਕੋਲ ਗੱਲਾਂ ਦਾ ਕੜਾਹ ਬਣਾਉਂਦਿਆਂ ਗੱਲ ਤੋਰੀ ਕਿ ਜਨਾਬ, ਤੁਸੀਂ ਬਿਲਕੁਲ ਠੀਕ ਉਂ। ਸਰਕਾਰ/ਮਹਿਕਮੇ ਦੀਆਂ ਹਦਾਇਤਾਂ ਅਨੁਸਾਰ, ਰਿਲੀਵ ਕਰਨਾ ਨਹੀਂ ਬਣਦਾ, ਪਰ ਚਲੋ ‘ਜਿੱਦਾਂ-ਕਿੱਦਾਂ’ ਮਰਜ਼ੀ ਉਹਨੇ ਹੇਠ-ਉੱਤਾ ਕਰਕੇ, ਉਸੇ ਮਹਿਕਮੇ ਤੋਂ ਬਦਲੀ ਕਰਵਾ ਲਈ, ਜਿਹਨੇ ਸਰਕਾਰ ਦੀਆਂ ਹਦਾਇਤਾਂ ਜਾਰੀ ਕੀਤੀਆਂ ਨੇ। ਹੁਣ ਤੁਹਾਨੂੰ ਮੁਲਾਜ਼ਮ ਦੇ ਭਲੇ ਲਈ ਸੋਚਣਾ ਚਾਹੀਦਾ ਏ। ਜਿੱਦਾਂ ਉੱਪਰੋਂ ਗੋਲ਼ੀ-ਰੋੜ੍ਹਾ ਹੋਈ ਜਾਂਦਾ, ਤੁਸੀਂ ਵੀ ’ਗਾਂਹ ਚੰਮ ਦੀਆਂ ਚਲਾ ਦਿਓ। ਤੁਸੀਂ ਆਪਣਾ ਤੇ ਆਪਣੇ ਬੀਵੀ-ਬੱਚਿਆਂ ਦਾ ਸੋਚੋ। ਇੱਥੇ ਸਭ ਇੰਜ ਹੀ ਚਲਦਾ ਸਾਬ੍ਹ। ਬਾਕੀਆਂ ਨੇ ਵੀ ‘ਹਾਂ-ਹਾਂ’ ’ਚ ਸਿਰ ਹਿਲਾ ਕੇ, ਸਰਬਸੰਮਤੀ ਦਿਖਾਈ। ਮੁਖੀ ਨੇ ਸੌ ਦੀ ਇੱਕੋ ਸੁਣਾ ਦਿੱਤੀ ਕਿ ਮੈਨੂੰ ਸਕੂਲ ਦੇ ਵਿਦਿਆਰਥੀ ਪਹਿਲਾਂ ਨੇ। ਮੈਂ ਨਿਯਮਾਂ ਨੂੰ ਛਿੱਕੇ ਟੰਗ ਕੇ, ਕਿਸੇ ਦਾ ਭਲਾ ਨਹੀਂ ਕਰਨਾ।
“ਇਹਨੇ ਲੱਕੜਨਾਥ ਨੇ ਇੰਜ ਕਾਬੂ ਨਹੀਂ ਆਉਣਾ। ਜਿੱਦਾਂ ਧੱਕੇ ਨਾਲ ਬਦਲੀ ਕਰਵਾਈ ਐ, ਉੱਦਾਂ ਹੀ ਫ਼ਾਰਗ ਹੋਣਾ ਪੈਣਾ। ਲਾਤੋਂ ਕੇ ਭੂਤ, ਬਾਤੋਂ ਸੇ ਨਹੀਂ ਮਾਨਤੇ।” ਬਾਹਰ ਆ ਕੇ ਉਸ ਗਲਾਕੜ ਮਾਸਟਰ ਨੇ ਬਲਬੀਰ ਸਿੰਘ ਨੂੰ ਜੱਟ-ਜੱਫ਼ਾ ਲਾਉਣ ਲਈ ਉਕਸਾਇਆ। ਜੱਟ-ਜੱਫ਼ਾ ਲਾਉਣ ਲਈ ਬਲਬੀਰ ਨੂੰ ਪੱਤਰਕਾਰ ਤੇ ਅਖੌਤੀ ਸਿੰਘਾਂ ਦਾ ਸਹਾਰਾ ਲੈਣਾ ਪਿਆ।
ਪੱਤਰਕਾਰ ਦੀ ਭੁਗਤ ਸੰਵਾਰਨ ਲਈ, ਅਜੇ ਪ੍ਰਿੰਸੀਪਲ ਕੋਈ ਹੀਲਾ ਕਰਨ ਬਾਰੇ, ਮੇਰੇ ਨਾਲ ਸਲਾਹ-ਮਸ਼ਵਰਾ ਹੀ ਕਰੇ ਕਿ ਉਸ ਤੋਂ ਅਗਲੇ ਦਿਨ ਦਬਕਾ ਮਰਵਾਉਣ ਲਈ ਬਲਬੀਰ ਦੇ ਭੇਜੇ ਦੋ ਅਖੌਤੀ ਸਿੰਘਾਂ ਨੇ ਸਕੂਲ ’ਚ ਦਾਖਲ ਹੁੰਦਿਆਂ ਹੀ ਜੈਕਾਰਾ ਆ ਛੱਡਿਆ।
“ਕਿੱਧਰ ਆ ਬਈ, ਪ੍ਰਿੰਸੀਪਲ ਅੜਿੱਕਾ ਸਿੰਘ? ... ਜਿਹੜਾ ਸਾਡੇ ਹੁੰਦਿਆਂ-ਸੁੰਦਿਆਂ, ਹਿਟਲਰ ਬਣਿਆ ਬੈਠਾ। ਸਾਡੇ ਮੰਤਰੀ ਸਾਬ੍ਹ ਨੇ ਬਦਲੀ ਕੀਤੀ ਹੋਵੇ, ਉਹਨੂੰ ਕੋਈ ਲਾਗੂ ਕਰਨ ਤੋਂ ਇਨਕਾਰ ਕਰੇ! ਇਹ ਤਾਂ ਸ਼ਰੇਆਮ ਉਨ੍ਹਾਂ ਦੀ ਬੇਇੱਜ਼ਤੀ ਐ ਬਈ।” ਇੱਕ ਅਖੌਤੀ ਸਿੰਘ ਨੇ ਮੂਹਰੇ ਹੋ ਕੇ ਮੋਰਚਾ ਸੰਭਾਲਿਆ।
ਪ੍ਰਿੰਸੀਪਲ ਨੇ ਉਨ੍ਹਾਂ ਨੂੰ ਦਫ਼ਤਰ ਸੱਦ ਕੇ ਆਦਰ ਸਹਿਤ ਬਿਠਾਇਆ, ਠੰਢਾ ਪਾਣੀ ਪਿਆਇਆ, ਸਮਝਾਇਆ ਕਿ ਇਹ ਬਦਲੀ ਨਿਯਮਾਂ ਦੇ ਖ਼ਿਲਾਫ਼ ਹੋਈ ਏ। ਮਹਿਕਮੇ ਦੀ ਗ਼ਲਤੀ ਏ। ਮੈਂ ਇਹਦੇ ਬਾਰੇ ਉੱਪਰ ਗੱਲ ਕਰ ਰਿਹਾ ਹਾਂ। ਕੁਝ ਦਿਨ ਇੰਤਜ਼ਾਰ ਕਰੋ। ਪਰ ਉਹ ਕਹਿੰਦੇ ਕਿ ਅਸੀਂ ਨਹੀਂ ਨਿਯਮ-ਸ਼ਿਜ਼ਮ ਕੁਝ ਵੀ ਜਾਣਦੇ। ਜੋ ਤੁਸੀਂ ਕਰਨਾ ਬਾਅਦ ’ਚ ਕਰੀ ਚੱਲਿਉ। ਸਾਨੂੰ ਤਾਂ ਆਪਣੀ ਭਾਸ਼ਾ ’ਚ ਇਹ ਪਤਾ ਕਿ ਬਦਲੀ ਹੋਈ ਐ ਤਾਂ ਹੋਈ ਐ। ਅਸੀਂ ਮੰਤਰੀ ਸਾਬ੍ਹ ਤੋਂ, ਆਪਣੀਆਂ ਜੁੱਤੀਆਂ ਘਸਾ ਕੇ ਕਰਵਾਈ ਐ। ਜੇ ਇਹਨੂੰ ਸੁਲ੍ਹਾ-ਸਫ਼ਾਈ ਨਾਲ ਤੋਰਨਾ ਤਾਂ ਦੇਖ ਲਉ, ਨਹੀਂ ਤਾਂ...। ਅਖੇ, ਸਾਨੂੰ ਦੋ ਹਰਫ਼ੀ ਜਵਾਬ ਚਾਹੀਦਾ- ਹਾਂ ਜਾਂ ਨਾਂਹ। ਮਰਵਾਉਣ ਨੂੰ ਅਸੀਂ ਮਨਿਸਟਰ ਸਾਬ੍ਹ ਤੋਂ ਵੀ ਦਬਕਾ ਮਰਵਾ ਸਕਦੇ ਆਂ, ਪਰ ਇਹ ਖ਼ੇਚਲ ਅਸੀਂ ਉਨ੍ਹਾਂ ਨੂੰ ਦੇਣੀ ਨਹੀਂ ਚਾਹੁੰਦੇ ਕਿਉਂਕਿ ਉਨ੍ਹਾਂ ਕੋਲ ਕਰਨ ਵਾਲੇ ਹੋਰ ਬੜੇ ਕੰਮ ਨੇ। ਐਨੀ ਕੁ ਖੇਚਲ ਅਸੀਂ ਖ਼ੁਦ ਹੀ ਕਰ ਲਵਾਂਗੇ। ... ਅਸੀਂ ਸਿੱਧੇ-ਸਾਦੇ, ਸਾਫ਼-ਸੁਥਰੇ ਬੰਦੇ ਆਂ। ਸੋ ਸਾਡੀ ਹੱਥ ਜੋੜ ਕੇ ਬੇਨਤੀ ਐ ਕਿ ਤੁਸੀਂ ਵੀ ਬੰਦੇ ਬਣ ਕੇ, ਉਸ ‘ਵਾਹਿਗੁਰੂ’ ਦਾ ਨਾਂ ਲਉ ਤੇ ਬੇੜਾ ਬੰਨੇ ਲਾਉ। ਸਾਡਾ ਤਾਂ ਸਿੱਧਾ ਅਸੂਲ ਐ- ਅੜੇ ਸੋ ਝੜੇ।
ਅਖੌਤੀ ਸਿੰਘਾਂ ਦੇ ਬੈਠਿਆਂ-ਬੈਠਿਆਂ, ਸਕੂਲ ਮੁਖੀ ਨੂੰ ਡੀ.ਪੀ.ਆਈ. ਦਾ ਤੱਤਾ-ਤੱਤਾ ਫੋਨ ਆ ਗਿਆ। ਸੁਣਨ ਲਈ ਬਾਹਰ ਆਉਂਦੇ, ਮੈਨੂੰ ਵੀ ਨਾਲ ਹੀ ਖਿੱਚ ਲਿਆਏ। ਪ੍ਰਿੰਸੀਪਲ ਨੂੰ ਡਾਇਰੈਕਟਰ ਸਾਬ੍ਹ ਕਹਿਣ ਕਿ ਉਹਨੂੰ ਮੰਤਰੀ ਸਾਬ੍ਹ ਦੇ ਪੀ.ਏ. ਦੇ ਵਾਰ-ਵਾਰ ਫੋਨ ਆ ਰਹੇ ਨੇ ਕਿ ਬਲਬੀਰ ਸਿੰਘ ਨੂੰ ਫਾਰਗ ਕਰਕੇ ਰਿਪੋਰਟ ਕਰੋ, ਨਹੀਂ ਤਾਂ ...। ਇਸ ਤੋਂ ਪਹਿਲਾਂ ਕਿ ਪ੍ਰਿੰਸੀਪਲ ਸਾਬ੍ਹ ਆਪਣਾ ਸਪਸ਼ਟੀਕਰਨ ਦਿੰਦੇ, ਫੋਨ ਠੱਕ ਕਰਕੇ ਥੱਲੇ ਵੱਜਿਆ।
ਹਰਚਰਨ ਸਿੰਘ ਹੋਰੀਂ, ਸੱਠ ਕੁ ਸਾਲ ਪਹਿਲਾਂ ਦੇ ਉਸ ਵਕਤ ਬਾਰੇ ਬਾਹਰ ਖੜ੍ਹੇ-ਖੜ੍ਹੇ ਹੀ ਮੈਨੂੰ ਦੱਸਣ ਲੱਗ ਪਏ। ਅਖੇ, ਮੇਰਾ ਪਿਉ ਵੀ ਮਾਸਟਰ ਸੀ। ਉਹ ਦੱਸਦਾ ਹੁੰਦਾ ਕਿ ਇੱਕ ਵਾਰ ਮੈਂ ਬਦਲੀ ਕਰਵਾਉਣ ਲਈ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਆਪਣੇ ਇਲਾਕੇ ਦੇ ਐਮ.ਐਲ.ਏ. ਪਾਸ, ਆਪਣੀ ਅਰਜ਼ੀ ’ਤੇ ਸਿਫ਼ਾਰਿਸ਼ ਪੁਆਉਣ ਗਿਆ।
ਉਹ ਕਹਿੰਦਾ ਕਿ ਉਦੋਂ ਮੇਰਾ ਨਵਾਂ-ਨਵਾਂ ਵਿਆਹ ਹੋਇਆ ਸੀ। ਘਰ ਤੋਂ ਦੂਰ ਨੌਕਰੀ। ਘਰਵਾਲ਼ੇ ਨਵੀਂ-ਨਵੇਲੀ ਵਹੁਟੀ ਕਰ ਕੇ, ਉਹਨੂੰ ਬਾਹਰ ਭੇਜਣੋਂ ਮਨ੍ਹਾਂ ਕਰਨ। ਉਦੋਂ ਜ਼ਨਾਨੀ ਨੂੰ ਇਉਂ ਬਾਹਰ ਭੇਜਣਾ, ਚੰਗਾ ਨਹੀਂ ਸੀ ਸਮਝਦੇ। ਕਹਿੰਦਾ, ਉਸ ਵੇਲ਼ੇ ਦੇ ਐਮ.ਐਲ.ਏ. ਸਾਬ੍ਹ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਮਹਿਕਮੇ ਦਾ ਕੰਮ ਏ, ਮੈਂ ਉਹਦੇ ’ਚ ਕੋਈ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ। ਅਖੇ, ਮੈਂ ਉਨ੍ਹਾਂ ਨੂੰ ਕੀ ਕਹਿੰਦਾ, ਮੂੰਹ ਲਟਕਾਈ ਵਾਪਸ ਆ ਗਿਆ। ਪਰ ਕਹਿੰਦਾ ਮੇਰੀ ਬਦਲੀ ਹੋ ਗਈ, ਕਿਉਂਕਿ ਮੈਂ ਬਦਲੀ ਦੀਆਂ ਸ਼ਰਤਾਂ ਪੂਰੀਆਂ ਕਰਦਾ ਸਾਂ, ਪਰ ਅੱਜ ਦੇਖ ਲਉ...। ਬਾਊ ਜੀ, ਇੱਕ ਜੀ ਕਰਦਾ ਏ ਕਿ ਇਹੋ ਜਿਹੀ ਨੌਕਰੀ ਨੂੰ ਠੋਕਰ ਮਾਰ ਦਿਆਂ। ਪਰ ਦੂਜੇ ਪਲ, ਸਾਹਮਣੇ ਬੀਵੀ-ਬੱਚੇ ਵਿਲਕਦੇ ਨਜ਼ਰ ਆਉਣ ਲੱਗਦੇ ਨੇ।
ਪ੍ਰਿੰਸੀਪਲ ਕਦੇ ਕਹੇ ਕਿ ਲੰਮੀ ਛੁੱਟੀ ਲੈ ਕੇ ਘਰ ਬਹਿ ਜਾਵਾਂ। ... ਪਰ ਇਹ ਉਹਨੂੰ ਹਥਿਆਰ ਸੁੱਟਣ ਵਾਲੀ ਗੱਲ ਲੱਗਦੀ। ਜਾਂ ਬਦਲੀ ਕਿਤੇ ਹੋਰ ਕਰਾ ਕੇ ਹੋਰ ਜ਼ਿਲ੍ਹੇ ’ਚ...। ਮੈਂ ਕਿਹਾ, ਸਾਬ੍ਹ, ਉੱਥੇ ਕਿਹੜਾ ਸਾਰੇ ਤੁਹਾਨੂੰ ਦੁੱਧ ਧੋਤੇ ਹੀ ਮਿਲਣੇ ਨੇ। ਜਿੱਥੇ ਓ, ਟਿਕੇ ਰਹੋ। ਸੋਚਾਂ ’ਚ ਘਿਰੇ ਅੰਦਰ ਗਏ ਤਾਂ ਮੂਹਰੇ ਅਖੌਤੀ ਸਿੰਘ ਸਿਰ ਚੁੱਕੀ, ਮੁੱਛਾਂ ਨੂੰ ਤਾਅ ਦੇਣ ਡਹੇ। ਖਿੜਕੀ ’ਚੋਂ ਸਕੂਲ ਦੀ ਗਰਾਊਂਡ, ਹਰਚਰਨ ਸਿੰਘ ਤੇ ਮੈਨੂੰ, ਕੋਈ ਯੁੱਧ ਦਾ ਮੈਦਾਨ ਜਾਪੇ। ਉਨ੍ਹਾਂ ਮਸਾਂ ਮਿੰਨਤ-ਤਰਲ਼ੇ ਨਾਲ, ਆਖ਼ਰ ‘ਸਿੰਘਾਂ’ ਤੋਂ ਦੋ ਦਿਨ ਦੀ ਮੋਹਲਤ ਲਈ।
ਫੇਰ ਪ੍ਰਿੰਸੀਪਲ ਸਾਬ੍ਹ, ਆਪਣੇ ਵੱਲੋਂ ਇੱਕ ਹੋਰ ਹੰਭਲ਼ਾ ਮਾਰਦਿਆਂ, ਯੂਨੀਅਨ ਦੇ ਪ੍ਰਧਾਨ ਤੇ ਮੈਨੂੰ ਨਾਲ ਲੈ ਕੇ ਸਿੱਖਿਆ ਸਕੱਤਰ ਸਾਬ੍ਹ ਨੂੰ ਜਾ ਮਿਲੇ। ਉਂਜ, ਸਕੱਤਰ ਸਾਬ੍ਹ ਨੇ ਉਨ੍ਹਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ। ਉਨ੍ਹਾਂ ਕਿਹਾ ਕਿ ਮੈਂ ਮੰਤਰੀ ਸਾਬ੍ਹ ਨਾਲ ਗੱਲ ਕਰਾਂਗਾ, ਪਰ ਪੱਕਾ ਵਾਅਦਾ ਨਹੀਂ ਕਰਦਾ; ਕੋਸ਼ਿਸ਼ ਪੂਰੀ ਕਰਾਂਗਾ। ... ਕਈ ਦਿਨ ਲੰਘ ਗਏ, ਸਕੱਤਰ ਤੋਂ ਵੀ ਕੁਝ ਨਾ ਸਰਿਆ।
ਉਸੇ ਰਾਤ ਆਏ ਸੁਪਨੇ ਨੇ ਪ੍ਰਿੰਸੀਪਲ ਸਾਬ੍ਹ ਨੂੰ ਹਿਲਾ ਦਿੱਤਾ। ਉਹ ਮੈਨੂੰ ਦੱਸਣ ਲੱਗ ਪਏ- ਅਖੇ, ਮੈਨੂੰ ਇੱਕ ਬਾਂਹ ਤੋਂ ਬਲਬੀਰ ਖਿੱਚ ਰਿਹਾ ਸੀ, ਦੂਜੀ ਤੋਂ ਮਹਿਕਮੇ ਦਾ ਡਾਇਰੈਕਟਰ। ਇੱਕ-ਇੱਕ ਲੱਤ ਅਖੌਤੀ ਸਿੰਘਾਂ ਨੇ ਫੜੀ ਹੋਈ। ਕੋਲ ਖੜ੍ਹਾ ਮੀਸਣਾ ਬਣਿਆ ਮੰਤਰੀ, ਮੁਸ਼ਕੜੀਏਂ ਮੁਸਕਰਾ ਰਿਹਾ ਸੀ। ਮੈਂ ਆਪਣੀਆਂ ਦਲੀਲਾਂ ਦਿੰਦਾ। ਉਹ ਸਭ ਕਾਵਾਂ-ਰੌਲ਼ੀ ਪਾਉਂਦੇ, ਮੇਰਾ ਮਖੌਲ ਉਡਾਉਂਦੇ। ਮੈਨੂੰ ਇੰਜ ਜਾਪੇ, ਜਿਵੇਂ ਮੈਂ ਉਨ੍ਹਾਂ ਵਿਚਕਾਰ ਫਸੀ ਕੋਈ ਘੁੱਗੀ...। ਖਿੱਚ-ਖਿਚਾਈ ਨਾਲ ਸੱਚੀਉਂ ਮੇਰੀ ਚੀਕ ਨਿਕਲ ਗਈ।
ਘੁੱਗੀ ਦੀ ਚੁੰਝ ’ਚੋਂ ਤਿਣਕਾ ਡਿੱਗ ਪਿਆ। ਚੱਕਰਵਿਊ ’ਚ ਘਿਰੇ, ਪ੍ਰਿੰਸੀਪਲ ਹਰਚਰਨ ਸਿੰਘ ਹੋਰਾਂ ਨੂੰ, ਮੈਂ ਵੀ ਕੌੜਾ ਘੁੱਟ ਭਰ ਕੇ, ਖ਼ੁਦ ਨਾਲ ਸਮਝੌਤਾ ਕਰਨ ਦੀ ਸਲਾਹ ਦਿੱਤੀ। ... ਦੂਜੇ ਦਿਨ ਸਕੂਲ ਆਉਂਦਿਆਂ ਹੀ, ਹਾਉਕਾ ਭਰਦਿਆਂ ਬਲਬੀਰ ਸਿੰਘ ਨੂੰ ਫਾਰਗ ਕਰਕੇ ਪ੍ਰਿੰਸੀਪਲ ਸਾਬ੍ਹ ਨੇ ਖ਼ੁਦ ਨੂੰ ਚੱਕਰਵਿਊ ’ਚੋਂ ਨਿਕਲਿਆ ਮਹਿਸੂਸ ਕੀਤਾ।
ਉੱਧਰ ਦੂਸਰਾ ਮੈਥ ਮਾਸਟਰ ਸਤੀਸ਼, ਆਪਣੇ ਨਾਲ ਹੋਏ ਅਨਿਆਂ ਖ਼ਿਲਾਫ਼, ਆਪਣਾ ਹੱਕ ਲੈਣ ਲਈ ਕੋਰਟ ਪਹੁੰਚ ਗਿਆ। ਹੁਣ ਬਲਬੀਰ ਸਿੰਘ ਨੂੰ ਫਾਰਗ ਕਰਨ, ਸਰਕਾਰ/ਮਹਿਕਮੇ ਦੀਆਂ ਹਦਾਇਤਾਂ ਦੇ ਖ਼ਿਲਾਫ਼ ਕਾਰਵਾਈ ਕਰਨ ਕਰਕੇ, ਕੋਰਟ ਸਿੱਖਿਆ ਸਕੱਤਰ ਤੋਂ ਜਵਾਬ ਮੰਗੇ। ਸਕੱਤਰ ਡਾਇਰੈਕਟਰ ਸਿੱਖਿਆ ਤੋਂ ਪੁੱਛ ਰਿਹਾ। ਡਾਇਰੈਕਟਰ ਵੱਲੋਂ ਹਰਚਰਨ ਸਿੰਘ ਨੂੰ ਦੋਸ਼-ਸੂਚੀ ਜਾਰੀ ਕਰ ਦਿੱਤੀ ਗਈ ਕਿ ਉਸ ਨੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਾ ਕਰਦਿਆਂ, ਬਲਬੀਰ ਸਿੰਘ ਨੂੰ ਫਾਰਗ ਕਰਕੇ, ਖ਼ੁਦ ਨੂੰ ਸਜ਼ਾ ਦਾ ਭਾਗੀਦਾਰ ਬਣਾ ਲਿਆ ਹੈ। ਇਸ ਤੋਂ ਪਹਿਲਾਂ ਕਿ ਕੋਈ ਵਿਭਾਗੀ ਕਾਰਵਾਈ ਕੀਤੀ ਜਾਵੇ, ਆਪਣਾ ਪੱਖ ਪੇਸ਼ ਕਰਕੇ, ਆਪਣਾ ਜਵਾਬ ਯੋਗ ਪ੍ਰਣਾਲੀ ਰਾਹੀਂ ਉੱਚ ਅਧਿਕਾਰੀਆਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਤੁਰੰਤ ਭੇਜਿਆ ਜਾਵੇ।
ਮੈਂ ਸੋਚਾਂ ਕਿ ਕੇਹਾ ਜ਼ਮਾਨਾ ਆ ਗਿਆ। ਪਾਣੀ ਭੇੜੀਏ ਗੰਦਾ ਕਰ ਰਹੇ, ਸਜ਼ਾ ਲੇਲੇ ਭੁਗਤ ਰਹੇ। ... ਹੁਣ ਵਿਚਾਰਾ ਪ੍ਰਿੰਸੀਪਲ ਹਰਚਰਨ ਸਿੰਘ ’ਗਾਂਹ ਕਿਸ ਕੋਲ ਜਾਂਦਾ!
ਉਹ ਹੱਥ ਜੋੜੀ, ਸਿਰ ਉਤਾਂਹ ਚੁੱਕੀ, ਖ਼ੁਦਾ ਨੂੰ ਧਿਆਉਂਦਾ, ਉਸ ਖ਼ੁਦਾ ਨੂੰ ਹੀ ਉਲਾਂਭਾ ਦਿੰਦੇ ਪੁੱਛ ਰਿਹਾ- “ਓ ਮੇਰਿਆ ਰੱਬਾ! ਮੈਨੂੰ ਤੂੰ ਹੀ ਦੱਸ ਦੇ, ਮੇਰਾ ਕਸੂਰ ਕੀ ਏ?”
ਸੰਪਰਕ: 94659-52938