For the best experience, open
https://m.punjabitribuneonline.com
on your mobile browser.
Advertisement

ਮੋਦੀ ਲਈ ਮਾਸਕੋ ਦਾ ਮਤਲਬ

08:40 AM Jul 01, 2024 IST
ਮੋਦੀ ਲਈ ਮਾਸਕੋ ਦਾ ਮਤਲਬ
Advertisement
ਜਯੋਤੀ ਮਲਹੋਤਰਾ

ਮਾਸਕੋ ਵਿੱਚ ਮੇਰੇ ਹੋਟਲ ਦੇ ਕਮਰੇ ਦੁਆਲੇ ਬਣੀ ਸ਼ੀਸ਼ੇ ਦੀ ਕੰਧ ਦੇ ਬਾਹਰ ਸਵੇਰ ਸਾਰ ਸੂਰਜ ਦੀ ਚਮਕ ਨਾਲ ਸੁਨਹਿਰੀ ਭਾਹ ਮਾਰਦੀ ਮੋਸਕਵਾ ਨਦੀ; ਨਦੀ ਦੇ ਪਾਰ ਰਾਤ ਨੂੰ ਕਿਸੇ ਪਰੀ ਕਹਾਣੀ ਦੇ ਕਿਲ੍ਹੇ ਵਾਂਗ ਚਮਕ ਰਿਹਾ ਸਟਾਲਿਨ ਦੇ ਸਮਿਆਂ ਦਾ ਬਣਿਆ ਸ਼ਾਨਦਾਰ ਯੂਕਰੇਨਾ ਹੋਟਲ। ਨਦੀ ਦਾ ਉਹ ‘ਕੁਜ਼ਨੇਤਸਕੀ ਮੋਸਤ’ ਪੁਲ ਜੋ ਅਕਤੂਬਰ 1993 ਦੇ ਉਨ੍ਹਾਂ ਸਿਆਹ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਰੂਸੀ ਟੈਂਕਾਂ ਨੇ ਆਪਣੇ ਹੀ ਸੰਸਦ ਭਵਨ ਜਿਸ ਨੂੰ ‘ਵ੍ਹਾਈਟ ਹਾਊਸ’ ਵੀ ਕਿਹਾ ਜਾਂਦਾ ਹੈ, ਵੱਲ ਆਪਣੀਆਂ ਬੰਦੂਕਾਂ ਤਾਣ ਲਈਆਂ ਸਨ।
ਰਤਾ ਕੁ ਆਪਣੀਆਂ ਅੱਖਾਂ ਮਲ਼ੋ ਤਾਂ ਤੁਹਾਨੂੰ ਅਗਲੇ ਦਰਾਂ ’ਤੇ ਖੜ੍ਹਾ ਵ੍ਹਾਈਟ ਹਾਊਸ ਹੁਣ ਸਫ਼ੇਦ ਅਤੇ ਸੁਨਹਿਰੇ ਰੰਗ ਨਾਲ ਨਹਾਤਾ ਨਜ਼ਰ ਆਉਂਦਾ ਹੈ। ਇਹੀ ਨਹੀਂ, ਬਾਕੀ ਸ਼ਹਿਰ ਵੀ ਸਾਫ਼-ਸੁਥਰਾ ਹੈ। ਸ਼ਹਿਰ ਨੂੰ ਦੇਖ ਕੇ ਤੁਸੀਂ ਕਿਸੇ ਨਵੇਂ ਸੰਕਟ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਹਾਲਾਂਕਿ ਮਰਸਿਡੀਜ਼ ਬੈਂਜ਼ ਕਾਰਾਂ, ਮੈਕਡੋਨਲਡਜ਼ ਬਰਗਰ ਅਤੇ ਮੈਕਸਿਮਜ਼ ਪੇਸਟ੍ਰੀਜ਼ ਜਿਹੇ ਪੱਛਮੀ ਦੇਵਾਂ ਦੇ ਬੁੱਤ ਨਦਾਰਦ ਹੋਣ ਤੋਂ ਇਹ ਝਾਉਲਾ ਪੈਂਦਾ ਹੈ ਕਿ ਰੂਸ ਦੇ ਹੱਥੋਂ ਸ਼ਾਇਦ ਖੇਡ ਨਿਕਲ ਚੁੱਕੀ ਹੈ। ਯੂਕਰੇਨ ਵਿਚ ਰੂਸ ਦੀ ਜੰਗ ਛਿੜੀ ਨੂੰ ਢਾਈ ਸਾਲ ਹੋਣ ਵਾਲੇ ਹਨ ਪਰ ਖ਼ਾਸ ਗੱਲ ਇਹ ਹੈ ਕਿ ਮਾਸਕੋ 1990ਵਿਆਂ ਦੀ ਅਫਰਾ-ਤਫ਼ਰੀ ਦੇ ਦਿਨਾਂ ਨਾਲੋਂ ਹੁਣ ਤੱਕ ਨਾ ਸਿਰਫ਼ ਸਭ ਤੋਂ ਵੱਧ ਖੁਸ਼ਹਾਲ ਨਜ਼ਰ ਆਉਂਦਾ ਹੈ ਸਗੋਂ ਪਹਿਲਾਂ ਨਾਲੋਂ ਵਧੇਰੇ ਜਬ੍ਹੇ ਵਾਲਾ ਅਤੇ ਇਕਮੁੱਠ ਵੀ ਦਿਖਾਈ ਦਿੰਦਾ ਹੈ।
ਹੁਣ ਜਦੋਂ ਹਫ਼ਤੇ ਕੁ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਇੱਕ ਰੋਜ਼ਾ ਸਿਖਰ ਵਾਰਤਾ ਲਈ ਮਾਸਕੋ ਜਾ ਰਹੇ ਹਨ ਤਾਂ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਲੋਕ ਜੰਗ ਤੋਂ ਅਛੂਤੇ ਹਨ। ਜੰਗ ਵਿਰੋਧੀ ਜਜ਼ਬਾਤ ਜੇ ਬਹੁਤੇ ਉੱਭਰ ਕੇ ਸਾਹਮਣੇ ਨਹੀਂ ਆ ਸਕੇ ਤਾਂ ਵੀ ਅਹਿਮ ਜ਼ਰੂਰ ਹਨ। ਇਹ ਤੱਥ ਹੈ ਕਿ ਰੂਸੀਆਂ ਅਤੇ ਯੂਕਰੇਨੀਆਂ ਵਿਚਕਾਰ ਬਹੁਤ ਸਾਰੀਆਂ ਸਾਂਝਾਂ ਹਨ ਜਿਨ੍ਹਾਂ ਵਿਚ ਓਰਥੋਡੌਕਸ ਚਰਚ, ਸਲਾਵ ਨਸਲ, ਵਿਆਹੁਤਾ ਅਤੇ ਪਰਿਵਾਰਕ ਰਿਸ਼ਤੇ ਜਿਨ੍ਹਾਂ ਸਾਰਿਆਂ ਦਾ ਮੂਲ ਅਰਥ ਇਹੀ ਹੈ ਕਿ ਉਹ ਸਰਹੱਦੋਂ ਪਾਰ ਵਡੇਰੇ ਪਰਿਵਾਰ ਦਾ ਹਿੱਸਾ ਹਨ। ਇਸ ਤੋਂ ਕਿਸੇ ਨੂੰ ਇਹ ਹੈਰਤ ਹੁੰਦੀ ਹੈ ਕਿ ਤਾਂ ਫਿਰ ਦੋਵੇਂ ਪਾਸੀਂ ਅਜੇ ਤੱਕ ਵੀ ਹਜ਼ਾਰਾਂ ਲੋਕ ਕਾਹਦੇ ਲਈ ਲੜ ਮਰ ਰਹੇ ਹਨ।
ਸ਼ਾਇਦ ਨਹੀਂ। ਕੁਝ ਕੁ ਵਿਚਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਖ਼ਾਤਿਰ ਲੋਕ ਗੋਲੀ ਖਾਣ ਲਈ ਤਿਆਰ ਹੋ ਜਾਂਦੇ ਹਨ। ਸਚਾਈ ਇਹ ਹੈ ਕਿ ਯੂਕਰੇਨ ਦੀ ਜੰਗ ਹੁਣ ਯੂਕਰੇਨੀਆਂ ਅਤੇ ਰੂਸੀਆਂ ਵਿਚਕਾਰ ਜੰਗ ਨਹੀਂ ਰਹਿ ਗਈ ਸਗੋਂ ਕਿਸੇ ਹੋਰ ਦੇ ਤਰਕ ਦੀ ਲੁਕਵੀਂ ਜੰਗ ਬਣ ਗਈ ਹੈ। ਫਰਵਰੀ 2022 ਵਿਚ ਜਦੋਂ ਜੰਗ ਸ਼ੁਰੂ ਹੋਈ ਸੀ ਤਾਂ ਉਦੋਂ ਤੋਂ ਹੀ ਯੂਕਰੇਨੀਆਂ ਕੋਲ ਰੂਸ ਦੇ ਮਾਰੂ ਹਥਿਆਰਾਂ ਦਾ ਟਾਕਰਾ ਕਰਨ ਦੀ ਸਮੱਰਥਾ ਨਹੀਂ ਸੀ; ਪੂਤਿਨ ਵੀ ਸ਼ਾਇਦ ਇਹ ਸੋਚਦੇ ਸੀ ਕਿ ਉਹ ਕੁਝ ਦਿਨਾਂ ਵਿਚ ਹੀ ਯੂਕਰੇਨ ਨੂੰ ਦਰੜ ਕੇ ਜਿੱਤ ਦਾ ਝੰਡਾ ਲਹਿਰਾ ਕੇ ਅੱਗੇ ਵਧ ਜਾਣਗੇ ਲੇਕਿਨ ਇੰਝ ਹੋ ਨਹੀਂ ਸਕਿਆ ਕਿਉਂਕਿ ਪੱਛਮ ਇਸ ਵਿਚ ਸ਼ਾਮਿਲ ਹੁੰਦਾ ਗਿਆ। ਪਿਛਲੇ ਦੋ ਸਾਲਾਂ ਤੋਂ ਅਮਰੀਕਾ ਰੂਸ ਨਾਲ ਲੜਨ ਲਈ ਯੂਕਰੇਨ ਨੂੰ ਲਗਾਤਾਰ ਮਾਰੂ ਹਥਿਆਰ ਮੁਹੱਈਆ ਕਰਵਾ ਰਿਹਾ ਹੈ। ਪਿਛਲੇ ਸਾਲ ਅਮਰੀਕਾ ਵਿਚ ਬਣੇ ਡਰੋਨਾਂ ਨੇ ਰੂਸ ਦੇ ਧੁਰ ਅੰਦਰ ਜਾ ਕੇ ਹਮਲੇ ਕੀਤੇ ਤੇ ਉਹ ਮਾਸਕੋ ਦੀਆਂ ਬਰੂਹਾਂ ਤੱਕ ਪਹੁੰਚ ਗਏ ਸਨ। ਅਮਰੀਕਾ, ਕੈਨੇਡਾ, ਬਰਤਾਨੀਆ, ਫਰਾਂਸ, ਪੋਲੈਂਡ ਅਤੇ ਰੋਮਾਨੀਆ ਜਿਹੇ ਕਈ ਨਾਟੋ ਮੁਲਕਾਂ ਦੇ ਭਾੜੇ ਦੇ ਫੌਜੀ ਯੂਕਰੇਨੀਆਂ ਦਾ ਸਾਥ ਦੇ ਰਹੇ ਹਨ। ਜ਼ਾਹਿਰਾ ਤੌਰ ’ਤੇ ਅਫ਼ਗਾਨਿਸਤਾਨ ਤੋਂ ਵਾਪਸੀ ਤੋਂ ਫ਼ੌਰੀ ਬਾਅਦ ਅਮਰੀਕੀ ਫ਼ੌਜੀਆਂ ਲਈ ਯੂਕਰੇਨ ਵਿੱਚ ਜ਼ਮੀਨ ’ਤੇ ਉਤਰਨਾ ਜ਼ਲਦਬਾਜ਼ੀ ਹੋਣੀ ਸੀ ਪਰ ਸਾਫ਼ ਤੌਰ ’ਤੇ ਨਾਟੋ ਦੇ ਭਾੜੇ ਦੇ ਫ਼ੌਜੀ ਵਧੇਰੇ ਮਾਰੂ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਹਨ ਜੋ ਸ਼ਾਇਦ ਯੂਕਰੇਨੀ ਵਰਤਣ ਦੇ ਯੋਗ ਨਹੀਂ ਸਨ।
ਅਫ਼ਰਾ-ਤਫਰੀ ਦੇ ਇਸ ਮਾਹੌਲ ਵਿਚ ਪ੍ਰਧਾਨ ਮੰਤਰੀ ਮਾਸਕੋ ਜਾ ਰਹੇ ਹਨ। ਪੱਛਮੀ ਕੂਟਨੀਤੀਵਾਨਾਂ ਨੂੰ ਹੈਰਾਨੀ ਹੈ ਕਿ ਅਜੇ ਦੋ ਹਫ਼ਤੇ ਪਹਿਲਾਂ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਦਿੱਲੀ ਪਹੁੰਚੇ ਸਨ ਤੇ ਸੂਖਮ ਤਕਨਾਲੋਜੀਆਂ ਦੇ ਤਬਾਦਲੇ ਦਾ ਵਾਅਦਾ ਕਰ ਕੇ ਗਏ ਹਨ ਤਾਂ ਅਜਿਹੇ ਸਮੇਂ ਉਹ ਰੂਸੀ ਆਗੂ ਨੂੰ ਜੱਫੀ ਪਾਉਣ ਕਿਉਂ ਚੱਲੇ ਹਨ। ਦੂਜੇ ਪਾਸੇ, ਭਾਰਤ ਅਤੇ ਰੂਸ ਵਿਚਕਾਰ ਦੁਵੱਲਾ ਵਪਾਰ ਜੋ ਯੂਕਰੇਨ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ 10 ਅਰਬ ਡਾਲਰ ਸੀ, ਵਧ ਕੇ ਅੱਜ 70 ਅਰਬ ਡਾਲਰ ’ਤੇ ਪਹੁੰਚ ਗਿਆ ਹੈ ਜਿਸ ਦਾ ਮੁੱਖ ਕਾਰਨ ਭਾਰਤ ਵਲੋਂ ਭਾਰੀ ਮਾਤਰਾ ਵਿਚ ਖਰੀਦਿਆ ਜਾਂਦਾ ਰੂਸੀ ਤੇਲ ਹੈ ਜਿਸ ਨੂੰ ਇਹ ਥੋੜ੍ਹੇ ਜਿਹੇ ਮੁਨਾਫੇ ’ਤੇ ਸੋਧ ਕੇ ਮੁੜ ਯੂਰੋਪੀਅਨ ਰਿਫਾਈਨਰੀਆਂ ਨੂੰ ਸਪਲਾਈ ਕੀਤਾ ਜਾਂਦਾ ਹੈ। ਇਸ ਬਾਰੇ ਅਸੀਂ ਜਾਣ ਚੁੱਕੇ ਹਾਂ ਕਿ ਇਸ ਨੂੰ ਜੰਗ ਸ਼ੁਰੂ ਹੋਣ ਵੇਲੇ ਤੋਂ ਹੀ ਯੂਰੋਪੀਅਨਾਂ ਵਲੋਂ ਮਨਜ਼ੂਰੀ ਮਿਲੀ ਹੋਈ ਸੀ। ਇਸ ਤੋਂ ਮਾਸਕੋ ਦੀਆਂ ਸੜਕਾਂ ਤੋਂ ਪੱਛਮੀ ਕੰਪਨੀਆਂ ਦੇ ਬੋਰਡ ਨਦਾਰਦ ਹੋਣ ਦਾ ਵੀ ਖੁਲਾਸਾ ਹੁੰਦਾ ਹੈ।
ਯਕੀਨਨ, ਸਸਤਾ ਰੂਸੀ ਤੇਲ ਮਿਲਣ ਕਰ ਕੇ ਭਾਰਤ ਨੂੰ ਖ਼ਾਸ ਤੌਰ ’ਤੇ ਕੋਵਿਡ ਮਹਾਮਾਰੀ ਤੋਂ ਬਾਅਦ ਆਪਣੇ ਅਰਥਚਾਰੇ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਭਰਵੀਂ ਮਦਦ ਮਿਲੀ ਹੈ। ਭਾਰਤ ਵਿਚ ਮਹਿੰਗਾਈ ਬਹੁਤ ਸੰਵੇਦਨਸ਼ੀਲ ਮੁੱਦਾ ਰਹਿੰਦਾ ਹੈ ਅਤੇ ਆਪਣੀਆਂ ਊਰਜਾ ਦੀਆਂ 80 ਫ਼ੀਸਦੀ ਲੋੜਾਂ ਦੀ ਪੂਰਤੀ ਬਾਹਰੋਂ ਪੂਰੀਆਂ ਕਰਨ ਵਾਲੇ ਮੁਲਕ ਵਿੱਚ ਜੇ ਤੇਲ ਦੀਆਂ ਕੀਮਤਾਂ ਬੇਕਾਬੂ ਹੋ ਜਾਣ ਤਾਂ ਸੋਚੋ ਕਿ ਚੋਣਾਂ ’ਤੇ ਕਿਹੋ ਜਿਹਾ ਅਸਰ ਪਵੇਗਾ, ਖ਼ਾਸਕਰ ਸੱਤਾਧਾਰੀ ਭਾਜਪਾ ਦੀ ਸਥਿਤੀ ’ਤੇ। ਯਕੀਨਨ, ਮੋਦੀ ਇਸ ਤੋਂ ਬਾਖ਼ਬਰ ਹੋਣਗੇ ਕਿ ਉਨ੍ਹਾਂ ਦੀ ਮਾਸਕੋ ਫੇਰੀ ’ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਆਪਣੇ ਦੌਰੇ ਨੂੰ ਇੱਕ ਦਿਨ ਤੱਕ ਸੀਮਤ ਕਰਨਾ ਸ਼ਾਇਦ ਚੰਗਾ ਸੌਦਾ ਹੈ ਕਿਉਂਕਿ ਭਾਰਤ ਅਮਰੀਕੀਆਂ ਨੂੰ ਬਹੁਤਾ ਨਾਰਾਜ਼ ਨਹੀਂ ਕਰਨਾ ਚਾਹੁੰਦਾ; ਅਮਰੀਕਾ ਅਜੇ ਵੀ ਬਹੁਤ ਸ਼ਕਤੀਸ਼ਾਲੀ ਮੁਲਕ ਹੈ ਅਤੇ ਇਸ ਨੂੰ ਸਮਤੋਲ ਕਰਨ ਲਈ ਅਹਿਮ ਪਰਵਾਸੀ ਭਾਈਚਾਰਾ ਉੱਥੇ ਮੌਜੂਦ ਹੈ ਜਿਸ ਦਾ ਵੱਡਾ ਹਿੱਸਾ ਮੋਦੀ ਦੀ ਹਮਾਇਤ ਕਰਦਾ ਹੈ ਅਤੇ ਇਹ ਭਾਈਚਾਰਾ ਵਿਦੇਸ਼ੀ ਸਿੱਧੇ ਨਿਵੇਸ਼ ਦਾ ਵੱਡਾ ਸਰੋਤ ਵੀ ਹੈ।
ਬਹਰਹਾਲ, ਰੂਸ ਵਿਚ ਵੱਡੀ ਤਬਦੀਲੀ ਆ ਗਈ ਹੈ। 1990ਵਿਆਂ ਦੇ ਗਹਿਰੇ ਕੌਮੀ ਸੰਕਟ ਦੇ ਉਲਟ ਹੁਣ ਰੂਸ ਆਪਣੇ ਆਪ ਨੂੰ ਵੱਡੀ ਤਾਕਤ ਦਰਸਾਉਣ ਤੋਂ ਗੁਰੇਜ਼ ਨਹੀਂ ਕਰ ਰਿਹਾ। ਸੋਵੀਅਤ ਸੰਘ ਦੇ ਟੋਟੇ ਹੋਣ ਤੋਂ ਬਾਅਦ ਉਸ ਵੇਲੇ ਦੇ ਰੂਸੀ ਰਾਸ਼ਟਰਪਤੀ ਬੋਰਿਸ ਯੇਲਤਸਿਨ ਨੇ ਇਸ ਆਸ ਨਾਲ ਪੱਛਮ ਨਾਲ ਹੱਥ ਮਿਲਾਏ ਸਨ ਕਿ ਰੂਸ ਨੂੰ ਬਰਾਬਰ ਦੇ ਭਿਆਲ ਵਜੋਂ ਪ੍ਰਵਾਨ ਕੀਤਾ ਜਾਵੇਗਾ ਪਰ ਇਸ ਨੂੰ ਸ਼ਰੇਆਮ ਦੋਇਮ ਦਰਜੇ ਦੀ ਤਾਕਤ ਕਹਿ ਕੇ ਜ਼ਲੀਲ ਕੀਤਾ ਗਿਆ। ਪਿਛਲੇ ਹਫ਼ਤੇ ਦੇ ਸ਼ੁਰੂ ਵਿਚ ਮਾਸਕੋ ਵਿਚ ਵਿਚਾਰਸ਼ੀਲ ਸੰਸਥਾ ਪ੍ਰਿਮਾਕੋਫ ਰੀਡਿੰਗਜ਼ ਦੀ ਵਾਰਤਾ ਜਿਸ ਵਿਚ ਮੈਂ ਵੀ ਸ਼ਾਮਿਲ ਹੋਈ ਸਾਂ, ਦਾ ਦੁਖਾਂਤ ਇਹ ਸੀ ਕਿ ਪੱਛਮ ਦਾ ਇਕ ਵੀ ਵਿਦਵਾਨ ਆਪਣੇ ਮੁਲਕ ਦੇ ਅਦਾਰਿਆਂ ਦੀ ਨੁਕਤਾਚੀਨੀ ਦੇ ਡਰੋਂ ਇਸ ਵਿਚ ਭੌਤਿਕ ਰੂਪ ਵਿਚ ਹਾਜ਼ਰੀ ਨਹੀਂ ਪਾ ਸਕਿਆ ਸਗੋਂ ਆਨਲਾਈਨ ਸ਼ਮੂਲੀਅਤ ਹੀ ਕਰ ਸਕੇ ਜਦੋਂਕਿ ਰੂਸੀਆਂ ਸਮੇਤ ਬਾਕੀ ਸਾਰਿਆਂ ਨੇ ਸੱਭਿਆਚਾਰ ਤੋਂ ਲੈ ਕੇ ਯੂਕਰੇਨ ਜੰਗ ਵਿੱਚ ਮਾਰੂ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਜਿਹੇ ਮੁੱਦਿਆਂ ਉਪਰ ਭਰਵਾਂ ਵਿਚਾਰ-ਵਟਾਂਦਰਾ ਕੀਤਾ।
ਇਸੇ ਕਰ ਕੇ ਸਮਝ ਪੈਂਦੀ ਹੈ ਕਿ ਇਸ ਸਾਲ ਮਾਰਚ ਮਹੀਨੇ ਪੂਤਿਨ ਪੰਜਵੀਂ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਕਿਉਂ ਚੁਣੇ ਗਏ ਹਾਲਾਂਕਿ ਉਨ੍ਹਾਂ ਨੂੰ ਇਸ ਅਹੁਦੇ ’ਤੇ 20 ਸਾਲ ਤੋਂ ਵੱਧ ਅਰਸਾ ਹੋ ਚੁੱਕਿਆ ਹੈ। ਪੂਤਿਨ ਨੇ ਰੂਸ ਦੇ ਵਿਸ਼ਾਲ ਖਣਿਜ ਭੰਡਾਰਾਂ ਦੀ ਵਰਤੋਂ ਕਰ ਕੇ ਖੁਸ਼ਹਾਲੀ ਦਾ ਪੱਧਰ ਬਣਾ ਕੇ ਇਕ ਲੇਖੇ 1990ਵਿਆਂ ਦੀਆਂ ਯਾਦਾਂ ਮਿਟਾ ਦਿੱਤੀਆਂ ਹਨ, ਬਜ਼ੁਰਗਾਂ ਤੇ ਗ਼ਰੀਬਾਂ ਨੂੰ ਪੈਨਸ਼ਨ ਜਾਰੀ ਰੱਖ ਕੇ, ਭ੍ਰਿਸ਼ਟ ਮੰਤਰੀਆਂ ਨੂੰ ਬਰਤਰਫ਼ ਕਰ ਕੇ ਅਤੇ ਯੂਕਰੇਨ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਛੱਡ ਕੇ ਜਾਣ ਵਾਲੀਆਂ ਪੱਛਮੀ ਕੰਪਨੀਆਂ ਦੀ ਥਾਂ ਚੀਨ ਤੇ ਭਾਰਤ ਜਿਹੇ ਮੁਲਕਾਂ ਨੂੰ ਸੱਦ ਲਿਆ। ਕਈ ਕੰਪਨੀਆਂ ਨੇ ਆਪਣੇ ਆਪ ਨੂੰ ਰੂਸੀ ਬ੍ਰਾਂਡ ਵਜੋਂ ਮਾਰਕਿਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਸ ਦਾ ਉਨ੍ਹਾਂ ਨੂੰ ਜਿ਼ਆਦਾ ਲਾਭ ਹੁੰਦਾ ਹੈ। ਪੂਤਿਨ ਆਪਣੇ ਦੇਸ਼ ਵਿਚ ਇਸ ਕਰ ਕੇ ਜਿੱਤ ਰਹੇ ਹਨ ਕਿਉਂਕਿ ਉਹ ਯੂਕਰੇਨ ਜੰਗ ਨੂੰ ਉਸ ਸਾਂਚੇ ਵਿਚ ਰੱਖ ਕੇ ਲੋਕਾਂ ਅੱਗੇ ਪੇਸ਼ ਕਰ ਰਹੇ ਹਨ ਕਿ ਯੂਕਰੇਨ ਦੀ ਪਿੱਠ ਪਿੱਛੇ ਪੱਛਮ ਲੜ ਰਿਹਾ ਹੈ ਅਤੇ ਉਹ ਲੋਕ ਰੂਸ ਨੂੰ ਦਬਾ ਕੇ ਰੱਖਣਾ ਚਾਹੁੰਦੇ ਹਨ।
ਇਸ ਲਈ ਮਾਸਕੋ ਦੀ ਫੇਰੀ ’ਤੇ ਜਾ ਰਹੇ ਮੋਦੀ ਲਈ ਇਸ ਕਹਾਣੀ ਦਾ ਕੀ ਸਬਕ ਹੈ? ਸਭ ਤੋਂ ਅਹਿਮ ਸਬਕ ਇਹ ਹੈ ਕਿ ਭਾਰਤ ਨੂੰ ਬਿਨਾਂ ਖੱਬੇ ਜਾਂ ਸੱਜੇ ਝੁਕੇ ਮੱਧ ਮਾਰਗ ’ਤੇ ਹੀ ਚਲਦੇ ਰਹਿਣਾ ਚਾਹੀਦਾ ਹੈ ਜਿਵੇਂ ਬੁੱਧ ਦੇ ਸਮਿਆਂ ਤੋਂ ਲੈ ਕੇ ਇਹ ਚਲਦਾ ਆ ਰਿਹਾ ਹੈ। ਬਾਇਡਨ ਹੋਵੇ ਜਾਂ ਟਰੰਪ ਜਾਂ ਫਿਰ ਪੂਤਿਨ, ਭਾਰਤ ਨੂੰ ਸਭਨਾਂ ਦੀ ਜ਼ਰੂਰ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਖ਼ੈਰਮਕਦਮ ਕਰਨਾ ਚਾਹੀਦਾ ਹੈ ਪਰ ਚੇਤੇ ਰੱਖੋ, ਉਹ ਭਾਰਤ ਵਲੋਂ ਆਪਣੇ ਲੋਕਾਂ ਦੇ ਬਿਹਤਰ ਕੱਲ੍ਹ ਦੇ ਨਿਰਮਾਣ ਲਈ ਅਪਣਾਏ ਜਾਣ ਵਾਲੇ ਵਿਆਪਕ ਅਤੇ ਪ੍ਰਭਾਵਸ਼ਾਲੀ ਬਦਲਾਂ ਵਿੱਚ ਮਹਿਜ਼ ਵਾਧਾ ਹੀ ਕਰ ਸਕਦੇ ਹਨ।

Advertisement

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement

Advertisement
Author Image

sukhwinder singh

View all posts

Advertisement