ਐਸਾ ਮੇਰਾ ਕਿਹੜਾ ਦਰਦੀ...
ਬਲਜਿੰਦਰ ਮਾਨ
ਅਜੋਕੇ ਸਮੇਂ ਵਿੱਚ ਐਸ਼ ਤੇ ਆਰਾਮ ਦੇ ਅਨੇਕਾਂ ਸਾਧਨ ਮੌਜੂਦ ਹਨ। ਸਾਡੀ ਨਵੀਂ ਪਨੀਰੀ ਤਾਂ ਸ਼ਾਇਦ ਇਹ ਗੱਲ ਸੁਣ ਕੇ ਹੈਰਾਨ ਹੀ ਹੋਵੇ ਕਿ ਕਦੀ ਅਸੀਂ ਰੁੱਖਾਂ ਦੀ ਛਾਂ ਹੇਠਾਂ ਦੁਪਹਿਰ ਕੱਟਦੇ ਹੁੰਦੇ ਸੀ। ਪਾਣੀ ਖੂਹਾਂ ਵਿੱਚੋਂ ਲੱਜ ਅਤੇ ਡੋਲ ਨਾਲ ਕੱਢਿਆ ਜਾਂਦਾ ਸੀ। ਫਿਰ ਕਿਤੇ ਬਾਅਦ ਵਿੱਚ ਨਲਕੇ ਲੱਗੇ। ਇਸ ਤਰ੍ਹਾਂ ਮਨੁੱਖ ਨੇ ਵਿਕਾਸ ਦੀਆਂ ਲੀਹਾਂ ਨੂੰ ਅਪਣਾਇਆ ਅਤੇ ਆਪਣੇ ਆਪ ਲਈ ਸੁਵਿਧਾਵਾਂ ਦੇਣ ਵਾਲੇ ਸਾਧਨ ਖੋਜ ਲਏ। ਪੁਰਾਣੇ ਸਮੇਂ ਵਿੱਚ ਜੀਵਨ ਬੜਾ ਸਾਦਾ ਅਤੇ ਸਮੱਸਿਆਵਾਂ ਨਾਲ ਭਰਪੂਰ ਹੁੰਦਾ ਸੀ। ਔਰਤ ਆਪਣੀਆਂ ਰੀਝਾਂ ਦੀ ਪੂਰਤੀ ਵਾਸਤੇ ਸਦਾ ਸਵਾਲ ਪਾਉਂਦੀ ਰਹਿੰਦੀ। ਸਵਾਲ ਤਾਂ ਅੱਜ ਵੀ ਪੈਂਦੇ ਨੇ, ਪਰ ਉਨ੍ਹਾਂ ਵਿੱਚ ਮੰਗਾਂ ਆਧੁਨਿਕ ਸਮੇਂ ਵਾਲੀਆਂ ਆ ਗਈਆਂ ਹਨ।
ਨਾਰੀ ਜਿੱਥੇ ਪਿਆਰ ਦਾ ਅਥਾਹ ਸਮੁੰਦਰ ਹੁੰਦੀ ਹੈ, ਉੱਥੇ ਹੀ ਉਮੀਦਾਂ, ਉਮੰਗਾਂ, ਸੱਧਰਾਂ, ਚਾਵਾਂ, ਅਰਮਾਨਾਂ ਅਤੇ ਆਸਾਂ ਦਾ ਮੁਜੱਸਮਾ ਵੀ ਹੁੰਦੀ ਹੈ। ਚਾਹੇ ਉਹ ਇਹ ਆਸਾਂ ਪ੍ਰੇਮੀ, ਪ੍ਰਤੀ, ਮਾਪੇ ਜਾਂ ਕਿਸੇ ਹੋਰ ਸਮਾਜਿਕ ਰਿਸ਼ਤੇ ਨਾਤੇ ਨਾਲ ਸਬੰਧਤ ਵਿਅਕਤੀ ਤੋਂ ਰੱਖਦੀ ਹੈ, ਪਰ ਉਸ ਦੀਆਂ ਸੱਧਰਾਂ ਦੀ ਇੱਕ ਲੰਬੀ ਲੜੀ ਹੁੰਦੀ ਹੈ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਇਨ੍ਹਾਂ ਉਮੰਗਾਂ ਅਤੇ ਅਰਮਾਨਾਂ ਦੀਆਂ ਕਲੀਆਂ ਖਿੜਨ ਤੋਂ ਪਹਿਲਾਂ ਹੀ ਸਾਡਾ ਸਮਾਜ ਮਸਲ ਦਿੰਦਾ ਹੈ।
ਪੰਜਾਬੀ ਸੱਭਿਆਚਾਰ ਉੱਚੀਆ ਕਦਰਾਂ-ਕੀਮਤਾਂ ਦਾ ਅਮੁੱਕ ਖ਼ਜ਼ਾਨਾ ਸਾਂਭੀ ਬੈਠਾ ਹੈ। ਦੂਜੇ ਬੰਨੇ ਸਾਡੇ ਲੋਕ ਗੀਤ ਅਕਹਿ ਦੌਲਤ ਦੇ ਮਾਲਕ ਹਨ। ਜੇ ਲੋਕ ਗੀਤ ਸਮਾਜ ਦੀ ਜ਼ੁਬਾਨ ਹੁੰਦੇ ਹਨ ਤਾਂ ਇਨ੍ਹਾਂ ਦੀ ਰਗ ਇਹ ਪੇਂਡੂ ਸਮਾਜ ਹੀ ਹੁੰਦਾ ਹੈ। ਸ਼ਹਿਰੀ ਜ਼ਿੰਦਗੀ ਬੜੀ ਘੁੱਟਵੀਂ ਅਤੇ ਬਨਾਵਟ ਨਾਲ ਭਰੀ ਹੁੰਦੀ ਹੈ ਜਦੋਂ ਕਿ ਪੇਂਡੂ ਜੀਵਨ ਖੁੱਲ੍ਹਾ-ਡੁੱਲ੍ਹਾ ਅਤੇ ਰਮਣੀਕ ਹੋਣ ਦੇ ਨਾਲ-ਨਾਲ ਸਾਡੇ ਮਨੋਭਾਵਾਂ ਦੀ ਸੋਧ-ਬੋਧ ਕਰਦਾ ਰਹਿੰਦਾ ਹੈ। ਸ਼ਹਿਰੀ ਜੀਵਨ ਜਿੱਥੇ ਟੁੱਟਵਾਂ ਅਤੇ ਰੁਝੇਵਿਆਂ ਭਰਪੂਰ ਹੁੰਦਾ ਹੈ, ਉੱਥੇ ਪੇਂਡੂ ਜੀਵਨ ਇੱਕ ਲੜੀ ਵਿੱਚ ਪਿਰੋਇਆ ਹੋਇਆ ਹੋਣ ਕਰ ਕੇ ਆਪਸੀ ਪਿਆਰ ਅਤੇ ਸਾਂਝ ਤੋਂ ਆਕੀ ਨਹੀਂ ਹੁੰਦਾ।
ਸਾਡੀ ਕੌਮ ਦੇ ਚਿਹਰੇ ਅਤੇ ਭਵਿੱਖ ਦੇ ਚਾਨਣ ਮੁਨਾਰੇ ਇਹ ਗੀਤ ਇਸਤਰੀ ਦੇ ਮਨੋਭਾਵਾਂ ਨੂੰ ਬੜੇ ਵੰਨ ਸੁਵੰਨੇ ਰੰਗਾਂ ਨਾਲ ਪੇਸ਼ ਕਰਦੇ ਹਨ। ਜੁਆਨੀ ਜਦੋਂ ਮਸਤਾਨੇਪਣ ’ਤੇ ਉਤਰ ਆਉਂਦੀ ਹੈ ਅਤੇ ਨਵੇਂ-ਨਵੇਂ ਖੇਖਣ ਕਰਨਾ ਲੋਚਦੀ ਹੈ ਤਾਂ ਸਿਆਣਾ ਪਤੀ ਆਖਦਾ ਹੈ;
ਨੀਂ ਛੱਡ ਸੂਟ ਦਾ ਖਹਿੜਾ, ਕਿਉਂ ਘਰ ਪੁੱਟਣ ਲੱਗੀ ਏਂ।
ਔਰਤ ਦੀਆਂ ਉਮੰਗਾਂ ਦੀ ਦਾਸਤਾਨ ਅੱਜ ਦੀ ਨਹੀਂ ਸਗੋਂ ਬਹੁਤ ਪੁਰਾਣੀ ਹੈ। ਜਦੋਂ ਵੈਦਿਕ ਕਾਲ ਵਿੱਚ ਉਸ ਦੀ ਪੂਰੀ ਪੁੱਛ ਸੀ ਤਾਂ ਉਸ ਨੂੰ ਇਹੋ ਜਿਹੇ ਤਰਲੇ ਕਰਨ ’ਤੇ ਮਜਬੂਰ ਨਹੀਂ ਸੀ ਹੋਣਾ ਪੈਂਦਾ। ਸਮੇਂ ਦੀ ਤੋਰ ਨੇ ਉਸ ਦੇ ਜੀਵਨ ਨੂੰ ਪਲਟਾਇਆ ਤਾਂ ਮੱਧਕਾਲ ਦੀ ਨਾਰੀ ਅਬਲਾ ਬਣ ਕੇ ਰਹਿ ਗਈ, ਪਰ ਫਿਰ ਵੀ ਮਨੁੱਖੀ ਸਾਂਝ ਪੀਡੀ ਦੀ ਪੀਡੀ ਰਹੀ। ਜਦੋਂ ਵਿਗਿਆਨ ਨੇ ਆਪਣਾ ਪੰਜਾ ਅਜੇ ਇੰਨਾ ਨਹੀਂ ਫੈਲਾਇਆ ਸੀ ਤਾਂ ਘੁੰਗਰੂਆਂ ਵਾਲੀ ਪੱਖੀ ਸਾਡੇ ਸੱਭਿਆਚਾਰ ਦਾ ਅਟੁੱਟ ਅੰਗ ਹੁੰਦੀ ਸੀ। ਉਸ ਵੇਲੇ ਮੁਟਿਆਰ ਜੇਠ ਹਾੜ੍ਹ ਦੀ ਲੂਅ ਨੂੰ ਨਾ ਸਹਾਰਦੀ ਹੋਈ ਆਪਣੇ ਕੋਮਲ ਸਰੀਰ ਨੂੰ ਠੰਢਕ ਦੇ ਨਾਲ-ਨਾਲ ਸੰਗੀਤ ਦੀ ਸੁਰ ਨਾਲ ਨਿਵਾਜਣ ਦੀ ਚਾਹਤ ਰੱਖਦੀ ਹੋਈ ਆਖਦੀ ਸੀ;
ਕਲਕੱਤਿਓਂ ਪੱਖੀ ਲਿਆ ਦੇ, ਝੱਲੂੰਗੀ ਸਾਰੀ ਰਾਤ।
ਧਰਤੀ ਨੂੰ ਕਲੀ ਕਰਾ ਦੇ, ਨੱਚੂੰਗੀ ਸਾਰੀ ਰਾਤ।
ਜਦੋਂ ਜਵਾਨੀ ਦਾ ਸੂਰਜ ਆਪਣੇ ਸਿਖਰਾਂ ’ਤੇ ਚੜ੍ਹਦਾ ਹੈ ਤਾਂ ਜਾਤ-ਪਾਤ, ਧਰਮਾਂ ਅਤੇ ਮੁਲਕਾਂ ਦੇ ਸਭ ਹੱਦਾਂ ਬੰਨੇ ਟੱਪ ਕੇ ਆਪ ਮੁਹਾਰਾ ਵਹਿ ਤੁਰਦਾ ਹੈ। ਮਟਕ ਨਾਲ ਤੁਰਦੀ ਮੁਟਿਆਰ ਨੂੰ ਜਦੋਂ ਕੋਈ ਗੱਭਰੂ ਬੋਲੀ ਮਾਰਦਾ ਹੈ ਤਾਂ ਉਹ ਵੀ ਪਿੱਛੇ ਨਹੀਂ ਰਹਿੰਦੀ;
ਜੇ ਮੁੰਡਿਆ ਤੂੰ ਮੇਰੀ ਤੋਰ ਦੇਖਣੀ
ਗੜਵਾ ਲੈ ਦੇ ਚਾਂਦੀ ਦਾ
ਲੱਕ ਹਿੱਲੇ ਮਿਜਾਜਣ ਜਾਂਦੀ ਦਾ।
ਜੇਕਰ ਅੱਜ ਸਾਡੇ ਘਰਾਂ ’ਚ ਪੱਖੇ, ਕੁਲਰ ਤੇ ਏਸੀ ਦੀ ਚਹਿਲ-ਪਹਿਲ ਹੋ ਗਈ ਹੈ ਤਾਂ ਥੋੜ੍ਹਾ ਸਮਾਂ ਪਹਿਲਾਂ ਸਾਡਾ ਜਨ-ਜੀਵਨ ਅੱਜ ਤੋਂ ਭਿੰਨ ਹੋਣਾ ਸੁਭਾਵਿਕ ਹੀ ਹੈ। ਅੱਜਕੱਲ੍ਹ ਤਾਂ ਉਹ ਆਪਣੇ ਪਿਆਰੇ ਨੂੰ ਆਈ ਫੋਨ ਦੇ ਤਾਜ਼ੇ ਮਾਡਲ ਦੀ ਸਿਫਾਰਸ਼ ਕਰਦੀ ਹੈ, ਪਰ ਉਸ ਵੇਲੇ ਰਾਤ ਨੂੰ ਮੱਛਰ ਤੋੜ-ਤੋੜ ਕੇ ਖਾਈ ਜਾਂਦਾ ਸੀ ਤਾਂ ਉਹ ਕੂਕ ਉੱਠਦੀ ਸੀ;
ਮੱਛਰਦਾਨੀ ਲੈ ਦੇ ਵੇ
ਮੱਛਰ ਨੇ ਖਾ ਲਈ ਤੋੜ ਕੇ।
ਅੱਜ ਮੁਟਿਆਰ ਮੰਗਦੀ ਹੈ ਕਿ ਘਰ ਵਿੱਚ ਬੈਠੀ ਨੂੰ ਹੀ ਦੁਨੀਆ ਦਾ ਆਨੰਦ ਮਿਲੇ। ਪੁਰਾਣੇ ਵੇਲੇ ਜਿੱਥੇ ਮਨੋਰੰਜਨ ਦੇ ਸਾਧਨ ਮੇਲੇ ਅਤੇ ਛਿੰਝਾਂ, ਰਾਸ, ਨਕਲਾਂ, ਡਰਾਮੇ ਆਦਿ ਹੁੰਦੇ ਸਨ, ਹੁਣ ਉਨ੍ਹਾਂ ਦੀ ਥਾਂ ਟੀਵੀ, ਇੰਟਰਨੈੱਟ ਤੇ ਫੋਨ ਨੇ ਲੈ ਲਈ ਹੈ। ਕਿਸੇ ਜ਼ਮਾਨੇ ਵਿੱਚ ਔਰਤ ਟੀਵੀ ਦੀ ਫਰਮਾਇਸ਼ ਕਰਦੀ ਆਖਦੀ ਸੀ:
ਟੈਲੀਵਿਜ਼ਨ ਲੈ ਦੇ ਵੇ
ਤਸਵੀਰਾਂ ਬੋਲਦੀਆਂ।
ਔਰਤ ਦੇ ਸੁਹੱਪਣ ਨੂੰ ਸ਼ਿੰਗਾਰਨ ਵਾਲੇ ਗਹਿਣੇ ਵੀ ਉਸ ਦੇ ਮਨ ਵਿੱਚ ਖ਼ਾਸ ਥਾਂ ਰੱਖਦੇ ਹਨ। ਕੋਕਾ, ਨੱਥ, ਬੁੰਦੇ, ਪੰਜੇਬਾਂ, ਕਲਿਪ ਅਤੇ ਅਨੇਕਾਂ ਹੋਰ ਗਹਿਣੇ ਉਸ ਦੇ ਹਰਮਨ ਪਿਆਰੇ ਸ਼ਿੰਗਾਰ ਹਨ। ਇਨ੍ਹਾਂ ਦੀ ਮੰਗ ਕਰਨੀ ਤਾਂ ਉਹ ਆਪਣਾ ਮੁੱਖ ਫਰਜ਼ ਮੰਨਦੀ ਹੈ ਕਿਉਂਕਿ ਜਦੋਂ ਗਹਿਣਿਆਂ ਨਾਲ ਲੱਦੀ ਮੁਟਿਆਰ ਮੋਰਨੀ ਦੀ ਚਾਲ ਤੁਰਦੀ ਹੈ ਤਾਂ ਹਰ ਕਿਸੇ ਦਾ ਮਨ ਮੋਹਿਆ ਜਾਂਦਾ ਹੈ। ਇਸ ਲਈ ਉਹ ਨਖਰੇ ਨਾਲ ਤੁਰਨਾ ਲੋਚਦੀ ਹੈ ਅਤੇ ਕਹਿੰਦੀ ਹੈ;
ਕੋਕਾ ਘੜਵਾ ਦੇ ਵੇ ਮਾਹੀਆ ਕੋਕਾ
ਜਾਂ
ਮੇਰਾ ਲੌਂਗ ਘੜਾਇਆ ਮਾਹੀ ਨੇ
ਮੇਰੇ ਨੱਕ ਤੋਂ ਪਵੇ ਲਿਸ਼ਕਾਰਾ।
ਜਦੋਂ ਪੇਂਡੂ ਜੀਵਨ ਨੇ ਆਪਣੇ ਰਹੁ-ਰੀਤਾਂ ਨੂੰ ਸ਼ਹਿਰੀਆਂ ਵਾਂਗ ਬਦਲਿਆ ਤਾਂ ਔਰਤ ਦਾ ਉਨ੍ਹਾਂ ਰਹੁ-ਰੀਤਾਂ ਵੱਲ ਮੁੜਨਾ ਸੁਭਾਵਿਕ ਹੀ ਸੀ;
ਬੰਨੀ ਵਾਲਾ ਜੰਡ ਵੇਚ ਕੇ
ਮੈਨੂੰ ’ਕੱਲੀ ਨੂੰ ਪਵਾ ਦੇ ਚੁਬਾਰਾ।
ਕਿਸਾਨੀ ਜ਼ਿੰਦਗੀ ਦੀਆਂ ਆਸਾਂ ਅਤੇ ਮੁਰਾਦਾਂ ਦਾ ਔਰਤ ਦੇ ਅਰਮਾਨਾਂ ’ਤੇ ਅਸਰ ਹੋ ਰਿਹਾ ਹੈ। ਮੌਜੂਦਾ ਮਾਹੌਲ ਨੇ ਮੁਟਿਆਰ ਨੂੰ ਉਸ ਦੀਆਂ ਆਸਾਂ ਤੋਂ ਦੂਰ ਕਰ ਕੇ ਤੜਫਾਇਆ ਹੀ ਨਹੀਂ, ਸਗੋਂ ਕਿਸਾਨੀ ਵਿੱਚ ਵੀ ਇੱਕ ਖਲਾਅ ਪੈਦਾ ਹੋ ਗਿਆ ਹੈ। ਇੱਕ ਤਰ੍ਹਾਂ ਉਹ ਆਪਣੀਆਂ ਉਮੰਗਾਂ ਦਿਲ ਵਿੱਚ ਹੀ ਦੱਬ ਕੇ ਰਹਿ ਰਹੀ ਹੈ।
ਪੰਜਾਬੀਆਂ ’ਤੇ ਭਾਵੇਂ ਜਿੰਨੇ ਮਰਜ਼ੀ ਆਫ਼ਤਾਂ ਦੇ ਸਮੁੰਦਰ ਟੁੱਟ ਪੈਣ, ਪਰ ਉਹ ਆਪਣਾ ਖੁੱਲ੍ਹਾ-ਡੁੱਲ੍ਹਾ ਸੁਭਾਅ ਕਦੀ ਤਬਦੀਲ ਨਹੀਂ ਕਰਦੇ। ਵੱਡੀਆਂ-ਵੱਡੀਆਂ ਔਕੜਾਂ ਦਾ ਖਿੜੇ ਮੱਥੇ ਟਾਕਰਾ ਕਰਦੇ ਹਨ। ਇਸੇ ਕਰਕੇ ਪੰਜਾਬਣਾਂ ਵੀ ਗਿੱਧੇ ਦੇ ਪਿੜ ਵਿੱਚ ਧਰਤੀ ਦੀ ਹਿੱਕ ਹਿਲਾਉਂਦੀਆਂ ਕਹਿ ਉੱਠਦੀਆਂ ਹਨ;
ਮੇਰੇ ਪੈਰਾਂ ਨੂੰ ਕਰਾਂ ਦੇ ਪੰਜੇਬਾਂ
ਜੇ ਤੂੰ ਮੇਰੀ ਤੋਰ ਦੇਖਣੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜੋਕੇ ਸੱਭਿਆਚਾਰ ਨੇ ਇਸ ਸਮਾਜ ਨੂੰ ਨਵੀਆਂ ਕਦਰਾਂ-ਕੀਮਤਾਂ ਬਖ਼ਸ਼ੀਆਂ ਹਨ ਅਤੇ ਘਸੀਆਂ-ਪਿਸੀਆਂ ਤੋਂ ਛੁਟਕਾਰਾ ਦਿਵਾਇਆ ਹੈ, ਪਰ ਲੋਕ ਅਤੇ ਲੋਕ ਗੀਤ ਉਸੇ ਚਾਅ ਅਤੇ ਹੁਲਾਸ ਨਾਲ ਅੱਜ ਵੀ ਗਾਏ ਜਾਂਦੇ ਹਨ;
ਲੈ ਦੇ ਮੈਨੂੰ ਮਖਮਲ ਦੀ
ਪੱਖੀ ਘੁੰਗਰੂਆਂ ਵਾਲੀ।
ਇਹ ਗੀਤ ਕਦੇ ਪੁਰਾਣੇ ਨਹੀਂ ਹੁੰਦੇ ਅਤੇ ਇਹ ਆਪਣੇ ਸੀਨੇ ਅੰਦਰ ਸਦੀਆਂ ਦੀ ਪੀੜ ਅਤੇ ਆਰਥਿਕ, ਸਮਾਜਿਕ, ਰਾਜਨੀਤਕ ਇਤਿਹਾਸ ਸਾਂਭੀ ਬੈਠੇ ਹਨ। ਮਾਹੀ ਦਾ ਪਿਆਰ ਮਹਿੰਦੀ ਦੇ ਰੰਗ ਵਾਂਗ ਸੂਹਾ ਹੁੰਦਾ ਹੈ। ਮੁਟਿਆਰ ਆਪਣੇ ਹੱਥਾਂ ਨੂੰ ਗੂੜ੍ਹੀ ਚੜ੍ਹੀ ਹੋਈ ਮਹਿੰਦੀ ਦੇਖ ਕੇ ਫੁੱਲੀ ਨਹੀਂ ਸਮਾਉਂਦੀ। ਉਹ ਮਾਂ ਨੂੰ ਫਰਮਾਇਸ਼ ਕਰਦੀ ਹੈ;
ਲੈ ਦੇੇ ਮਾਏਂ ਕਾਲਿਆਂ ਬਾਗਾਂ ਦੀ ਮਹਿੰਦੀ।
ਇੱਕ ਹੋਰ ਲੋਕ ਬੋਲੀ ਵਿੱਚ ਉਹ ਮਾਹੀ ਦਾ ਗਿੱਧੇ ਵਿੱਚ ਜੱਸ ਗਾਉਣ ਦਾ ਜਿਵੇਂ ਆਪਣਾ ਮਿਹਨਤਾਨਾ ਮੰਗਦੀ ਹੋਵੇ;
ਕੁੜਤੀ ਲਿਆ ਦੇ ਟੂਲ ਦੀ, ਵੇ ਮੈਂ ਰੇਸ਼ਮੀ ਸੁੱਥਣ ਨਾਲ ਪਾਵਾਂ।
ਕੰਨਾਂ ਨੂੰ ਕਰਾ ਦੇ ਡੰਡੀਆਂ, ਤੇਰਾ ਜੱਸ ਗਿੱਧਿਆਂ ਵਿੱਚ ਗਾਵਾਂ।
ਪੰਜਾਬੀ ਮੁਟਿਆਰਾਂ ਦੇ ਚਾਅ ਤਾਂ ਫ਼ਸਲਾਂ ਨਾਲ ਹੀ ਜੁੜੇ ਹੋਏ ਸਨ। ਮੁਟਿਆਰ ਦੀਆਂ ਰੀਝਾਂ ਦੇੇ ਫੁੱਲ ਵੀ ਫ਼ਸਲ ਸਮੇਂ ਖਿੜਦੇ ਸਨ;
ਲੰਘ ਗਿਆ ਚੇਤ ਚੰਨਾ ਆ ਗਿਆ ਵਿਸਾਖ ਵੇ
ਖੇਤਾਂ ਵਿੱਚ ਨਾਲ ਤੇਰੇ ਨਿਭਾਉਂਗੀ ਸਾਥ ਵੇ।
ਪਿਆਰ ਵਿੱਚ ਗੜੁੱਚ ਜੋੜੀ ਜਦੋਂ ਇੱਕ ਦੂਜੇ ਦਾ ਦੁੱਖ ਦਰਦ ਵੰਡਾਉਂਦੀ ਹੈ ਤਾਂ ਔਰਤ ਕਹਿ ਉੱਠਦੀ ਹੈ;
ਐਸਾ ਮੇਰਾ ਕਿਹੜਾ ਦਰਦੀ
ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।
ਸੰਪਰਕ: 98150-18947