‘‘ਇਹ ਕਿਹੋ ਜਿਹਾ ਆਮ ਆਦਮੀ ਹੈ, ਪੰਜਾਬ ਦਾ ਪੈਸਾ ਬਰਬਾਦ ਕਰ ਰਿਹਾ ਹੈ’’; ਮਨਜਿੰਦਰ ਸਿਰਸਾ ਨੇ ਕੇਜਰੀਵਾਲ ਦੀ ਪੰਜਾਬ ਫੇਰੀ ’ਤੇ ਸਵਾਲ ਚੁੱਕੇ
ਨਵੀਂ ਦਿੱਲੀ, 5 ਮਾਰਚ
ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਬੁੱਧਵਾਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦੌਰਾਨ ਵਿਆਪਕ ਸੁਰੱਖਿਆ ਅਤੇ ਪ੍ਰਬੰਧਾਂ ’ਤੇ ਸਵਾਲ ਉਠਾਉਂਦੇ ਹੋਏ ਜਨਤਕ ਫੰਡਾਂ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਵਿਪਾਸਨਾ ਲਈ ਉਨ੍ਹਾਂ ਦੇ (ਅਰਵਿੰਦ ਕੇਜਰੀਵਾਲ) ਦੇ ਕਾਫਲੇ ਵਿੱਚ 2 ਕਰੋੜ ਰੁਪਏ ਤੋਂ ਵੱਧ ਦੀਆਂ ਕਾਰਾਂ, ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ 100 ਤੋਂ ਵੱਧ ਕਮਾਂਡੋ ਹਨ। ਉਹ ਕਿਸ ਤਰ੍ਹਾਂ ਦਾ ਆਮ ਆਦਮੀ ਹੈ? ਅਰਵਿੰਦ ਕੇਜਰੀਵਾਲ ਪੰਜਾਬ ਦਾ ਪੈਸਾ ਬਰਬਾਦ ਕਰ ਰਿਹਾ ਹੈ।’’ ਸਿਰਸਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ 'ਵਿਪਾਸਨਾ' ਨਹੀਂ ਸਗੋਂ ਮੁੱਖ ਮੰਤਰੀ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨਾ ਹੈ, ਲੁਧਿਆਣਾ ਦੇ ਲੋਕ ਸੰਜੀਵ ਅਰੋੜਾ (ਲੁਧਿਆਣਾ ਪੱਛਮੀ ਤੋਂ ਉਮੀਦਵਾਰ) ਨੂੰ ਕਦੇ ਵੀ ਜਿੱਤਣ ਨਹੀਂ ਦੇਣਗੇ।
ਕੇਜਰੀਵਾਲ ਮੰਗਲਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ’ਚ ਇਕ ਗੈਸਟ ਹਾਊਸ ’ਚ ਸਖਤ ਸੁਰੱਖਿਆ ਵਿਚਕਾਰ ਪਹੁੰਚੇ। ਉਨ੍ਹਾਂ ਦਾ ਦੌਰਾ ਆਗਾਮੀ ਜ਼ਿਮਣੀ ਚੋਣ ਤੋਂ ਪਹਿਲਾਂ ਆਇਆ ਹੈ, ਜਿਸ ਦੌਰਾਨ 'ਆਪ' ਸੂਬੇ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 'ਆਪ' ਦੇ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਉਪ ਚੋਣ ਲੜਨਗੇ, ਇਹ ਸੀਟ ਪਿਛਲੇ ਮਹੀਨੇ 'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ।
ਗ਼ੌਰਤਲਬ ਹੈ ਕਿ ਅਰੋੜਾ ਦੀ ਨਾਮਜ਼ਦਗੀ ਨੇ ਅਰਵਿੰਦ ਕੇਜਰੀਵਾਲ ਦੀ ਰਾਜ ਸਭਾ ਵਿੱਚ ਸੰਭਾਵਿਤ ਐਂਟਰੀ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ 'ਆਪ' ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਹਾਲਾਂਕਿ ਪਾਰਟੀ ਦੀਆਂ ਯੋਜਨਾਵਾਂ ਖਾਸ ਤੌਰ ’ਤੇ ਅਰਵਿੰਦ ਕੇਜਰੀਵਾਲ ਦੇ ਰਾਜ ਸਭਾ ਵਿੱਚ ਜਾਣ ਦੇ ਸੰਭਾਵੀ ਕਦਮ ਬਾਰੇ ਕਿਆਸਾਂ ਨੂੰ ਹਵਾ ਦਿੱਤੀ।
ਅਰੋੜਾ ਮੁਤਾਬਕ ਪੰਜਾਬ ਤੋਂ ਰਾਜ ਸਭਾ ’ਚ 'ਆਪ' ਦੇ ਸੱਤ ਸੰਸਦ ਮੈਂਬਰ ਲੋੜ ਪੈਣ ’ਤੇ ਕੇਜਰੀਵਾਲ ਲਈ ਆਪਣੀਆਂ ਸੀਟਾਂ ਖਾਲੀ ਕਰਨ ਲਈ ਤਿਆਰ ਹਨ। ਹਾਲਾਂਕਿ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਨੇ ਫਿਲਹਾਲ ਰਾਜ ਸਭਾ ਵਿੱਚ ਸ਼ਾਮਲ ਹੋਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਹੈ। -ਏਐੱਨਆਈ