For the best experience, open
https://m.punjabitribuneonline.com
on your mobile browser.
Advertisement

ਵੇਦਣ ਕਹੀਐ ਕਿਸੁ

07:49 AM Apr 28, 2024 IST
ਵੇਦਣ ਕਹੀਐ ਕਿਸੁ
Advertisement

ਤਰਸੇਮ ਸਿੰਘ ਭੰਗੂ

Advertisement

ਮੈਂ ਪਿਛਲੇ ਤਿੰਨ ਮਹੀਨੇ ਤੋਂ ਛੇ ਮਹੀਨੇ ਦੇ ਵਿਜ਼ਟਰ ਵੀਜ਼ੇ ’ਤੇ ਕੈਨੇਡਾ ਵਿੱਚ ਆਪਣੇ ਧੀ ਜਵਾਈ ਦੇ ਕੋਲ ਆਇਆ ਹੋਇਆ ਸਾਂ। ਮੈਂ ਹਮੇਸ਼ਾ ਦੂਸਰੇ ਮੁਲਕਾਂ ਵਿੱਚ ਬੱਚਿਆਂ ਨੂੰ ਭੇਜਣ ਦਾ ਵਿਰੋਧ ਕਰਦਿਆਂ ਦਲੀਲ ਦੇਂਦਾ ਹੁੰਦਾ ਸਾਂ ਕਿ, ‘‘ਜਿਹੜੇ ਵਿਦੇਸ਼ੀਆਂ ਨੂੰ ਆਪਣੇ ਮੁਲਕ ਵਿੱਚੋਂ ਬਾਹਰ ਕੱਢਣ ਲਈ ਸਾਡੇ ਵਡੇਰਿਆਂ ਨੇ ਕੈਦਾਂ ਕੱਟੀਆਂ, ਫਾਂਸੀਆਂ ਦੇ ਰੱਸੇ ਚੁੰਮੇ ਅਤੇ ਅੰਤਾਂ ਦੀ ਜ਼ਲਾਲਤ ਸਹੀ, ਤੁਸੀਂ ਫਿਰ ਉਨ੍ਹਾਂ ਦੀ ਗੁਲਾਮੀ ਕਰਨ ਪੈਸੇ ਖਰਚ ਕਰਕੇ ਜਾ ਰਹੇ ਹੋ!’’ ਪਰ ਨੌਜਵਾਨੀ ਦੇ ਸਿਰ ਵਿਦੇਸ਼ ਜਾਣ ਦਾ ਸਵਾਰ ਹੋਇਆ ਭੂਤ ਕਿਸੇ ਦੀ ਨਹੀਂ ਸੁਣਦਾ। ਮੈਂ ਅਗਾਂਹਵਧੂ ਸੋਚ ਦਾ ਧਾਰਨੀ ਹੋਣ ਕਰਕੇ ਆਪਣੀ ਇੱਕੋ-ਇੱਕ ਧੀ ਦੀ ਆਪਣੀ ਮਰਜ਼ੀ ਮੁਤਾਬਿਕ ਵਿਆਹ ਵਾਸਤੇ ਸਿਰ ਝੁਕਾ ਕੇ ਹਾਮੀ ਭਰ ਦਿੱਤੀ ਅਤੇ ਸਰਕਾਰਾਂ ਦੀਆਂ ਰੁਜ਼ਗਾਰ ਪ੍ਰਤੀ ਨਾਂਹਪੱਖੀ ਨੀਤੀਆਂ ਦੇ ਕਾਰਨ ਚੰਗਾ ਕਾਰੋਬਾਰ ਹੋਣ ਦੇ ਬਾਵਜੂਦ ਧੀ-ਜਵਾਈ ਨੂੰ ਵਿਦੇਸ਼ ਜਾਣ ਦੀ ਸਹਿਮਤੀ ਵੀ ਦੇਣੀ ਪਈ। ਇਹ ਸਕੀਮ ਸ਼ਾਇਦ ਧੀ-ਜਵਾਈ ਦੀ ਪਹਿਲਾਂ ਹੀ ਹੋਵੇਗੀ ਕਿ ਗੁਰਜੋਤ ਕੈਨੇਡਾ ਵਿੱਚ ਪੀ.ਆਰ. ਹੋ ਕੇ ਪਤੀ ਨੂੰ ਆਸਾਨੀ ਨਾਲ ਬੁਲਾ ਲਵੇਗੀ। ਇਹ ਵਰਤਾਰਾ ਆਮ ਹੀ ਹੋ ਗਿਆ ਹੈ। ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਖੇਤ ਦੇ ਬੰਨੇ ’ਤੇ ਖਲੋਅ ਕੇ ਕੰਮ ਕਰਵਾਉਣ ਵਾਲੇ ਅਤੇ ਚੰਗੇ ਰੁਤਬੇ ਛੱਡ ਕੇ ਖਾਂਦੇ-ਪੀਂਦੇ ਪਰਿਵਾਰਾਂ ਦੇ ਬੱਚੇ ਅਤੇ ਸਿਆਣੇ ਵੀ ਬਾਹਰਲੇ ਮੁਲਕਾਂ ਵਿੱਚ ਡਰਾਈਵਰੀਆਂ ਕਰਦੇ ਹਨ, ਬੇਰ ਤੋੜਦੇ ਹਨ, ਸਟੋਰਾਂ ਉੱਤੇ ਸੇਲਜ਼ਮੈਨ ਲੱਗਦੇ ਹਨ, ਮਾਸਟਰ ਡਿਗਰੀਆਂ ਪ੍ਰਾਪਤ ਕੁੜੀਆਂ-ਮੁੰਡੇ ਪੈਟਰੋਲ ਪੰਪਾਂ ’ਤੇ ਰਾਤ ਦਿਨ ਡਿਊਟੀਆਂ ਕਰਦੇ ਹਨ। ਇੱਥੋਂ ਤੱਕ ਕਿ ਗੋਰਿਆਂ ਦੇ ਬੱਚਿਆਂ ਅਤੇ ਬੁੱਢਿਆਂ ਦੀ ਸਾਂਭ-ਸੰਭਾਲ ਕਰਦੇ ਘਰਾਂ ਦੀ ਰਖਵਾਲੀ ਵੀ ਕਰਨ ਨੂੰ ਤਿਆਰ ਹੁੰਦੇ ਹਨ। ਹਰ ਕੰਮ ਨੂੰ ਜਾਬ ’ਤੇ ਗਿਆ ਆਖ ਕੇ ਫਖਰ ਮਹਿਸੂਸ ਕਰਦੇ ਹਨ। ਵਿਦੇਸ਼ ਜਾਣ ਵਾਸਤੇ ਪੰਜਾਬੀ ਮਾਪੇ ਬੱਚਿਆਂ ਦੇ ਵਿਆਹਾਂ ਸਬੰਧੀ ਕਈ ਤਰ੍ਹਾਂ ਦੇ ਉਲਟੇ ਸਿੱਧੇ ਸਮਝੌਤੇ ਕਰਦੇ ਹਨ। ਸਮਝੌਤਿਆਂ ’ਤੇ ਖਰੇ ਨਾ ਉਤਰਨ ਅਤੇ ਫਰਜ਼ੀ ਸਮਝੌਤਿਆਂ ਦੀ ਪੋਲ ਖੁੱਲ੍ਹਣ ਦੀ ਸੂਰਤ ਵਿੱਚ ਅਦਾਲਤਾਂ ਵਿੱਚ ਬਹੁਤ ਸਾਰੇ ਕੇਸ ਵੀ ਦਰਜ ਹੁੰਦੇ ਹਨ।
ਮੈਂ ਛੇ ਸਾਲ ਬਾਅਦ ਧੀ ਨੂੰ ਗਲ਼ ਨਾਲ ਲਾਇਆ ਸੀ। ਇੱਥੇ ਹੀ ਪੈਦਾ ਹੋਇਆ ਦੋਹਤਰਾ ਅਤੇ ਦੋਹਤਰੀ ਕ੍ਰਮਵਾਰ ਚਾਰ ਅਤੇ ਇੱਕ ਸਾਲ ਦੇ ਹੋ ਗਏ ਸਨ। ਵੀਡਿਓ ਕਾਲ ’ਤੇ ਲਗਾਤਾਰ ਗੱਲਬਾਤ ਕਰਦਾ ਦੋਹਤਰਾ ਨਾਨੂੰ ਕਹਿਣ ਲੱਗ ਪਿਆ ਸੀ। ਦੋਹਤਰੀ ਵੀ ਫੋਟੋ ਵੇਖ ਕੇ ਬੜੀ ਖ਼ੁਸ਼ ਹੁੰਦੀ। ਦਿਲ ਤਾਂ ਮਿਲਣ ਨੂੰ ਬਹੁਤ ਕਰਦਾ ਪਰ ਬੇਟੀ ਦੇ ਵਾਰ-ਵਾਰ ਕਹਿਣ ’ਤੇ ਵੀ ਮੈਂ ਵਿਦੇਸ਼ ਨਹੀਂ ਗਿਆ। ਬਸ, ਉਂਜ ਹੀ ਜਾਣ ਨੂੰ ਦਿਲ ਨਾ ਮੰਨਦਾ। ਬੇਟੀ ਵੱਲੋਂ ਆਉਣ ਨੂੰ ਆਖਣ ’ਤੇ ਪਤਨੀ ਅਕਸਰ ਆਖਦੀ, ‘‘ਤੇਰੇ ਪਾਪਾ ਨੂੰ ਹੈਥੇ ਉਹਦੀ ਜੁੰਡਲੀ ਦੇ ਯਾਰ ਨਹੀਂ ਮਿਲਣੇ!’’
ਜਵਾਈ ਆਖਦਾ, ‘‘ਪਾਪਾ, ਆਓ ਤਾਂ ਸਹੀ ਤੁਹਾਨੂੰ ਏਥੇ ਐਨੇ ਲੇਖਕਾਂ ਨਾਲ ਮਿਲਣ ਦਾ ਮੌਕਾ ਮਿਲੇਗਾ ਕਿ ਦੁਬਾਰਾ ਛੇਤੀ ਦੇਣੇ ਵਾਪਸ ਨਹੀਂ ਜਾਂਦੇ। ’’
ਧੀ-ਜਵਾਈ ਦੇ ਬੁਲਾਉਣ ’ਤੇ ਤਾਂ ਨਾ ਗਿਆ ਪਰ ਇੱਕ ਸਾਹਿਤਕ ਸੱਥ ਦੇ ਸੱਦੇ ’ਤੇ ਕੈਨੇਡਾ ਆ ਗਿਆ ਸਾਂ।
ਕੈਨੇਡਾ ਆ ਕੇ ਇੱਕ ਵਾਰ ਤਾਂ ਇੱਥੋਂ ਦੇ ਸਿਸਟਮ ਦੀ ਆਪਣੇ ਮੁਲਕ ਨਾਲ ਤੁਲਨਾ ਕਰਕੇ ਸਰਕਾਰਾਂ ਦੇ ਸਦਕੇ ਜਾਣ ਨੂੰ ਦਿਲ ਕੀਤਾ, ਪਰ ਵਡੇਰਿਆਂ ਵੱਲੋਂ ਝੱਲੇ ਦੁੱਖ ਨਾ ਭੁੱਲੇ।
ਬੱਚਿਆਂ ਨੇ ਵਿਸ਼ੇਸ਼ ਥਾਵਾਂ ਵੀ ਵਿਖਾ ਦਿੱਤੀਆਂ ਸਨ। ਮੈਂ ਇੱਥੇ ਆ ਕੇ ਵੇਖਿਆ ਹੈ ਕਿ ਵਿਦੇਸ਼ ਦੇ ਜੰਮਪਲ ਛੋਟੇ ਬੱਚਿਆਂ ਵਿੱਚ ਪੰਜਾਬੀ ਦਾਦੇ ਪੋਤਰੇ ਅਤੇ ਨਾਨੇ ਦੋਹਤੇ ਦੇ ਮੋਹ ਵਾਲੀ ਕੋਈ ਗੱਲ ਨਹੀਂ ਸੀ। ਖ਼ੁਦ ਅਤੇ ਆਪਣੇ ਵਰਗੇ ਹੋਰ ਜੋ ਸ਼ਾਇਦ ਬੜੇ ਚਾਅ ਨਾਲ ਵਿਦੇਸ਼ ਆਏ ਹੋਣਗੇ ਨੂੰ ਯਾ-ਯਾ ਤੋਂ ਬਿਨਾਂ ਬੱਚਿਆਂ ਦੀ ਬੋਲੀ ਦਾ ਹੀ ਪਤਾ ਨਹੀਂ ਲੱਗਦਾ। ਇੱਕ ਪੰਜਾਬੀ ਲੇਖਕ ਦੇ ਕਹਿਣ ਅਨੁਸਾਰ ਵਿਦੇਸ਼ਾਂ ਵਿੱਚ ਜੰਮੇ ਪੰਜਾਬੀਆਂ ਦੇ ਬੱਚੇ ਚਿਰੜਘੁੱਗ ਹੀ ਹਨ।
ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਆਪੋ-ਆਪਣੇ ਕੰਮ ’ਤੇ ਨਿਕਲ ਜਾਂਦੇ ਹਨ ਤੇ ਬੱਚੇ ਕਰੈੱਚ ਵਿੱਚ। ਮੇਰੇ ਵਰਗੇ ਪਾਰਕਾਂ ਕੱਛਣ ਚਲੇ ਜਾਂਦੇ ਹਨ ਜਾਂ ਗੁਰਦੁਆਰਾ ਸਾਹਿਬ। ਦੋ ਛੁੱਟੀਆਂ ਵਿੱਚੋਂ ਇੱਕ ਛੁੱਟੀ ਹਫ਼ਤੇ ਭਰ ਦਾ ਰਾਸ਼ਨ ਖਰੀਦਣ ਲਈ ਹੁੰਦੀ ਹੈ। ਦੂਸਰੀ ਕਿਸੇ ਸਨੇਹੀ ਨੂੰ ਮਿਲਣ ਵਾਸਤੇ ਜੇ ਅਗਲੇ ਦਾ ਕੋਈ ਰੁਝੇਵਾਂ ਨਾ ਹੋਵੇ। ਇਹ ਦੋ ਦਿਨ ਪਰਿਵਾਰ ਇਕੱਠਾ ਹੁੰਦਾ ਹੈ। ਉਚੇਚੀ ਛੁੱਟੀ ਕਰਕੇ ਕਿਸੇ ਨੂੰ ਮਿਲਣ ਜਾਣ ਦਾ ਮਤਲਬ ਹੈ, ਅਗਲੇ ਦਾ ਵੀ ਤੇ ਆਪਣਾ ਵੀ ਹਜ਼ਾਰਾਂ ਵਿੱਚ ਨੁਕਸਾਨ। ਹਜ਼ਾਰਾਂ ਵਿੱਚ ਮੈਂ ਇਸ ਲਈ ਆਖ ਰਿਹਾ ਹਾਂ ਕਿ ਪੰਜਾਬੀ ਆਪਣੀ ਕਮਾਈ ਨੂੰ ਡਾਲਰਾਂ ਜਾਂ ਪਾਉਂਡਾਂ ਵਿੱਚ ਨਹੀਂ, ਭਾਰਤੀ ਰੁਪਈਆਂ ਵਿੱਚ ਦੱਸ ਕੇ ਮਾਣਮੱਤੇ ਹੁੰਦੇ ਹਨ। ਇੱਥੇ ਇਹ ਵੇਖਣ ਨੂੰ ਮਿਲਿਆ ਕਿ ਆਪਣੇ ਮੁਲਕ ਵਾਲੇ ਨਾਲ ਨੇੜਤਾ ਹੋ ਹੀ ਜਾਂਦੀ ਹੈ, ਕੁਝ ਤਾਂ ਪੱਕੇ ਰਿਸ਼ਤਿਆਂ ਵਿੱਚ ਵੀ ਬਦਲ ਜਾਂਦੀ ਹੈ।
ਕੈਨੇਡਾ ਆਇਆ ਮੈਂ ਇਸ ਗੱਲੋਂ ਬੇਖਬਰ ਸਾਂ ਕਿ ਸਿੱਖ ਹੋਣ ਕਰਕੇ ਕੈਨੇਡਾ ਜਹਾਜ਼ ਤੋਂ ਉੱਤਰਨ ਵੇਲੇ ਤੋਂ ਹੀ ਮੇਰੇ ’ਤੇ ਨਜ਼ਰ ਰੱਖੀ ਜਾ ਰਹੀ ਸੀ। ਇੱਕ ਦਿਨ ਗੁਰਜੋਤ ਨੇ ਦੱਸਿਆ, ‘‘ਪਾਪਾ, ਤੁਹਾਨੂੰ ਕੋਈ ਮਿਲਣ ਆਇਆ ਹੈ।’’ ਉਸ ਦਿਨ ਗੁਰਜੋਤ ਨੂੰ ਛੁੱਟੀ ਸੀ ਤੇ ਉਸ ਦੀ ਸਹੇਲੀ ਸੀਮਾ ਉਸ ਨੂੰ ਗੁਰਦੁਆਰਾ ਸਾਹਿਬ ਮਿਲੀ ਤੇ ਨਾਲ ਹੀ ਘਰ ਆ ਗਈ ਸੀ। ਇਤਫ਼ਾਕ ਇਹ ਸੀ ਕਿ ਮੇਰੇ ’ਤੇ ਨਜ਼ਰ ਰੱਖਣ ਵਾਲੀ ਮਲੇਸ਼ੀਆ ਦੀ ਜੰਮਪਲ ਭਾਰਤੀ ਮੂਲ ਦੀ ਕੁੜੀ ਸੀਮਾ ਗੁਰਜੋਤ ਵਾਂਗ ਹੀ ਕੈਨੇਡਾ ਸਟੱਡੀ ਵੀਜ਼ੇ ’ਤੇ ਆਈ ਸੀ ਅਤੇ ਗੁਰਜੋਤ ਦੀ ਸਹਿਪਾਠਣ ਸੀ।
ਜਾਣ-ਪਛਾਣ ਕਰਾਉਂਦਿਆਂ ਗੁਰਜੋਤ ਨੇ ਦੱਸਿਆ, ‘‘ਪਾਪਾ, ਇਹ ਸੀਮਾ ਹੈ ਇਸ ਮੁਲਕ ਦੇ ਇੰਟੈਲੀਜੈਂਸ ਵਿਭਾਗ ਦੀ ਮੁਲਾਜ਼ਮ, ਵੈਸੇ ਇਨ੍ਹਾਂ ਦੀ ਪਛਾਣ ਬਹੁਤ ਹੀ ਗੁਪਤ ਹੁੰਦੀ ਹੈ ਪਰ ਸੀਮਾ ਨੇ ਮੇਰੇ ਨਾਲ ਹੀ ਪੀ.ਆਰ. ਹੋਣ ਤੋਂ ਬਾਅਦ ਟੈੱਸਟ ਦਿੱਤਾ ਸੀ ਇਸ ਲਈ ਮੈਨੂੰ ਪਤਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇਸ ਦੀ ਡਿਊਟੀ ਤੁਹਾਡੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੀ ਵੀ ਲੱਗੀ ਹੋਈ ਹੈ ਤੇ ਹੁਣ ਵੀ ਡਿਊਟੀ ’ਤੇ ਹੈ।
ਪੰਜਾਬੀ ਲੇਖਕ ਮੇਰੇ ਪਾਪਾ।’’ ਗੁਰਜੋਤ ਮੇਰੀ ਜਾਣ-ਪਛਾਣ ਕਰਵਾ ਕੇ ਚੁੱਪ ਹੋ ਗਈ।
‘‘ਮੈਂ ਜਾਣਦੀ ਹਾਂ।’’ ਕਹਿੰਦੀ ਸੀਮਾ ਥੋੜ੍ਹਾ ਮੁਸਕਰਾਈ।
‘‘ਪੁੱਤਰ, ਪਤਾ ਲੱਗਾ ਫਿਰ ਕੁਝ ਮੇਰੇ ਬਾਰੇ?’’ ਮੈਂ ਕੁੜੀ ਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ।
‘‘ਅੰਕਲ, ਤੁਹਾਡੇ ਲੇਖਕ ਹੋਣ ਦਾ ਪਤਾ ਤਾਂ ਉਸ ਦਿਨ ਹੀ ਲੱਗ ਗਿਆ ਸੀ ਜਿਸ ਦਿਨ ਮੇਰੀ ਡਿਊਟੀ ਲੱਗੀ ਸੀ। ਜਦੋਂ ਤੁਸੀਂ ਹਵਾਈ ਅੱਡੇ ਤੋਂ ਗੁਰਜੋਤ ਨਾਲ ਘਰ ਆਏ ਸੀ ਉਸ ਦਿਨ ਵੀ ਮੇਰੀ ਗੱਡੀ ਤੁਹਾਡਾ ਪਿੱਛਾ ਕਰ ਰਹੀ ਸੀ। ਉਦੋਂ ਮੈਂ ਤੁਹਾਨੂੰ ਗੁਰਜੋਤ ਦਾ ਕੋਈ ਨੇੜੇ ਦਾ ਰਿਸ਼ਤੇਦਾਰ ਸਮਝਿਆ ਸੀ। ਜਿਸ ਸਾਹਿਤਕ ਸੰਸਥਾ ਨੇ ਤੁਹਾਨੂੰ ਬੁਲਾਇਆ ਸੀ ਉਸ ਦਿਨ ਵੀ ਮੈਂ ਸਰੋਤਿਆਂ ਵਿੱਚ ਮੌਜੂਦ ਸਾਂ।
ਮੈਨੂੰ ਇਹ ਦੱਸਣ ਵਿੱਚ ਕੋਈ ਝਿਜਕ ਨਹੀਂ ਕਿ ਹਰ ਮੁਲਕ ਦੀ ਸਰਕਾਰ ਆਪਣੇ ਦੇਸ਼ ਵਿੱਚ ਆਉਣ ਵਾਲੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੀ ਹੈ। ਪਹਿਲਾਂ ਇਸ ਤਰ੍ਹਾਂ ਨਹੀਂ ਸੀ। ਇਹ ਵਰਤਾਰਾ ਵਰਲਡ ਟਰੇਡ ਸੈਂਟਰ ’ਤੇ ਹਮਲੇ ਤੋਂ ਬਾਅਦ ਆਲਮੀ ਦਹਿਸ਼ਤਗਰਦੀ ਫੈਲਣ ਕਰਕੇ ਸ਼ੁਰੂ ਹੋਇਆ ਹੈ।’’
ਏਨੇ ਚਿਰ ਵਿੱਚ ਗੁਰਜੋਤ ਕਾਫ਼ੀ ਦੇ ਦੋ ਕੱਪ ਅਤੇ ਡਰਾਈ ਫਰੂਟ ਵਾਲੀ ਟਰੇਅ ਮੇਜ਼ ਉੱਤੇ ਰੱਖਦੀ ਹੋਈ ਬੋਲੀ, ‘‘ਪਾਪਾ, ਮੈਂ ਰਸੋਈ ਦਾ ਸਾਮਾਨ ਲੈ ਆਵਾਂ। ਬੱਚੇ ਵੀ ਘੁੰਮਣ ਦੀ ਜ਼ਿੱਦ ਕਰ ਰਹੇ ਹਨ। ਸੀਮਾ ਤੁਹਾਨੂੰ ਬੋਰ ਨਹੀਂ ਹੋਣ ਦੇਵੇਗੀ। ਹੋ ਸਕਦਾ ਹੈ ਤੁਹਾਨੂੰ ਕੋਈ ਨਵੀਂ ਕਹਾਣੀ ਹੀ ਮਿਲ ਜਾਵੇ! ਸੀ ਯੂ ਸੀਮਾ।’’ ਕਹਿ ਕੇ ਗੁਰਜੋਤ ਚਲੀ ਗਈ।
ਸੀਮਾ ਨੇ ਦੱਸਿਆ ਕਿ ਗੁਰਜੋਤ ਮੇਰੀ ਬੈੱਸਟ ਫਰੈਂਡ ਹੈ। ਜਦੋਂ ਮੈਂ ਸੀਮਾ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਹ ਬੋਲੀ, ‘‘ਅੰਕਲ ਜੀ, ਮੈਂ ਗੁਰਜੋਤ ਵਾਂਗ ਖੁਸ਼ਕਿਸਮਤ ਨਹੀਂ ਹਾਂ ਜਿਸ ਕੋਲ ਤੁਹਾਡੇ ਵਰਗੇ ਪਾਪਾ ਹਨ। ਮੇਰੇ ਵਰਗੀ ਕੋਈ ਬਦਕਿਸਮਤ ਹੀ ਹੋਵੇਗੀ ਜਿਸ ਕੋਲ ਨਾ ਪਾਪਾ ਹੈ ਨਾ ਮੰਮਾ।’’ ਆਖਦੀ ਸੀਮਾ ਦਾ ਗਲ਼ਾ ਭਰ ਆਇਆ।
‘‘ਬੇਟਾ, ਰਿਸ਼ਤਿਆਂ ਦੀ ਤਾਂ ਹਉਮੈਂ ਈ ਹੁੰਦੀ ਹੈ, ਆਪਣੇ ਸਿਰ ਦੀ ਪੀੜ ਤਾਂ ਖ਼ੁਦ ਹੀ ਜਰਨੀ ਪੈਂਦੀ ਹੈ।’’ ਮੈਂ ਫਿਲਾਸਫ਼ੀ ਘੋਟੀ।
‘‘ਪੁੱਤਰ, ਆਪਣਿਆਂ ਨਾਲੋਂ ਦੂਰ ਹੋਣ ਦੇ ਵੀ ਕਈ ਕਾਰਨ ਹੁੰਦੇ ਹਨ ਜਿਵੇਂ ਸਾਡੀ ਆਰਥਿਕਤਾ, ਆਪਸੀ ਵਿਚਾਰ ਜਾਂ ਗੁਰਜੋਤ ਤੇ ਉਸ ਦੇ ਪਤੀ ਵਾਂਗ ਵਿਦੇਸ਼ ਆਉਣ ਦੀ ਚਾਹਤ ਵਾਂਗ ਪਰ ਰਿਸ਼ਤਾ ਕੋਈ ਵੀ ਮਾੜਾ ਨਹੀਂ ਹੁੰਦਾ।’’ ਮੇਰੇ ਅੰਦਰਲੇ ਸਹਿਤਕਾਰ ਨੇ ਸੀਮਾ ਦਾ ਚਿਹਰਾ ਪੜ੍ਹ ਲਿਆ ਸੀ ਕਿ ਇਹ ਕੋਈ ਦੱਬੀ ਹੋਈ ਵੇਦਨਾ ਦੱਸਣਾ ਚਾਹੁੰਦੀ ਹੈ ਪਰ ਸੁਣਨ ਵਾਲਾ ਕੋਈ ਨਹੀਂ ਮਿਲਿਆ, ਰੋਣਾ ਚਾਹੁੰਦੀ ਹੈ ਪਰ ਮੋਢਾ ਕੋਈ ਨਹੀਂ।
ਸੀਮਾ ਨੇ ਲੰਮਾ ਹਾਉਕਾ ਭਰ ਕੇ ਕਿਹਾ, ‘‘ਹਾਂ ਅੰਕਲ, ਮੇਰੀ ਮਾਂ ਵੀ ਆਪਣੇ ਮਾਤਾ-ਪਿਤਾ ਦੀ ਗ਼ਰੀਬੀ ਦੂਰ ਕਰਨ ਵਾਸਤੇ ਉਸ ਵੇਲੇ ਦੇ ਸਭ ਤੋਂ ਸਸਤੇ ਮੁਲਕ ਮਲੇਸ਼ੀਆ ਵਿੱਚ ਗਈ ਸੀ। ਪੰਜਾਬੀ ਹੋਣ ਕਰਕੇ ਪੰਜਾਬੀ ਮੂਲ ਦੇ ਮਲੇਸ਼ੀਆਈ ਨਾਲ ਅੱਖਾਂ ਚਾਰ ਹੋ ਗਈਆਂ। ਮੇਰੀ ਮਾਂ ਵਿਆਹ ਕਰਵਾ ਕੇ ਪੱਕੀ ਤਾਂ ਹੋ ਗਈ ਪਰ ਆਪਣੇ ਮਾਤਾ-ਪਿਤਾ ਸਦਾ ਲਈ ਗਵਾ ਲਏ।’’
‘‘ਧੀਏ, ਜੇ ਤੈਨੂੰ ਬੁਰਾ ਨਾ ਲੱਗੇ ਤਾਂ ਮੈਂ ਆਪਣਾ ਫੋਨ ਰਿਕਾਰਡਿੰਗ ’ਤੇ ਲਾ ਲਵਾਂ? ਪਰ ਤੇਰੇ ਵਾਂਗ ਜਾਸੂਸੀ ਕਰਨ ਦੀ ਮੇਰੀ ਕੋਈ ਮਨਸ਼ਾ ਨਹੀਂ।’’ ਮੈਂ ਹੱਸਦਿਆਂ ਮਾਹੌਲ ਥੋੜ੍ਹਾ ਖੁਸ਼ਗਵਾਰ ਕਰਨ ਦੀ ਕੋਸ਼ਿਸ਼ ਕਰਦਿਆਂ ਸੀਮਾ ਨੂੰ ਟੋਕ ਕੇ ਕਿਹਾ।
‘‘ਹਾਂ-ਹਾਂ, ਜ਼ਰੂਰ ਅੰਕਲ।’’ ਕਹਿ ਕੇ ਸੀਮਾ ਨੇ ਗੱਲ ਅੱਗੇ ਵਧਾਈ।
‘‘ਮੇਰੇ ਜਨਮ ਤੋਂ ਬਾਅਦ ਮਾਤਾ-ਪਿਤਾ ਦੇ ਝਗੜੇ ਦਾ ਕਾਰਨ ਮੇਰਾ ਲੜਕੀ ਹੋਣਾ ਤੇ ਪੰਜਾਬੀ ਮਾਨਸਿਕਤਾ ਸੀ। ਪਿਤਾ ਲੜਦਿਆਂ ਭਿੜਦਿਆਂ ਹੋਰ ਥਾਂ ਵੀ ਮੂੰਹ ਮਾਰਨ ਲੱਗ ਪਿਆ ਸੀ।
ਮੇਰੇ ਦਾਦੀ ਜੀ ਬਹੁਤ ਚੰਗੇ ਸਨ। ਉਨ੍ਹਾਂ ਦਾ ਵਤੀਰਾ ਮਾਂ ਪ੍ਰਤੀ ਮਾੜਾ ਨਹੀਂ ਸੀ। ਉਹ ਪਿਓ ਬਾਹਰੇ ਪੁੱਤ ਦੀਆਂ ਭੈੜੀਆਂ ਆਦਤਾਂ ਦੇ ਬਾਵਜੂਦ ਉਸ ਨੂੰ ਘਰੋਂ ਨਾ ਕੱਢ ਸਕੇ। ਦੋ ਸਾਲ ਕਦੇ ਲੜਾਈ ਕਦੇ ਸੁਲ੍ਹਾ ਦੇ ਚੱਲਦਿਆਂ ਮੇਰੇ ਛੋਟੇ ਭਰਾ ਨੇ ਜਨਮ ਲਿਆ ਤਾਂ ਪਿਤਾ ਦੀ ਮਰਦਾਨਗੀ ਦੀ ਮੋਹਰ ਤਾਂ ਲੱਗ ਗਈ ਪਰ ਉਹ ਬੰਦਾ ਨਾ ਬਣਿਆ। ਕਿਸੇ ਵੀ ਮੁਲਕ ਦਾ ਕਨੂੰਨ ਮਰਦ ਵੱਲੋਂ ਔਰਤ ’ਤੇ ਜ਼ੁਲਮ ਕਰਨ ਦੀ ਆਗਿਆ ਨਹੀਂ ਦੇਂਦਾ ਪਰ ਬਹੁਤੀਆਂ ਭਾਰਤੀ ਔਰਤਾਂ ਜ਼ੁਲਮ ਸਹੀ ਜਾਂਦੀਆਂ ਹਨ। ਮੇਰੀ ਮਾਂ ਦਾ ਹਾਲ ਵੀ ਇਵੇਂ ਦਾ ਸੀ। ਅਖੀਰ ਉਸ ਨੇ ਮੇਰੇ ਬਾਪ ਤੋਂ ਤਲਾਕ ਮੰਗ ਲਿਆ। ਬੱਚਿਆਂ ਦੀ ਸਾਂਭ-ਸੰਭਾਲ ਨੂੰ ਵੇਖਦੇ ਹੋਏ ਕੋਰਟ ਦਾ ਫ਼ੈਸਲਾ ਸੀ ਕਿ ਆਪਣੀ ਮਰਜ਼ੀ ਅਨੁਸਾਰ ਦੋਵੇਂ ਜੀਅ ਇੱਕ-ਇੱਕ ਬੱਚਾ ਲੈ ਕੇ ਵੱਖਰੇ ਰਹਿ ਸਕਦੇ ਹਨ। ਦਾਦੀ ਨੇ ਰੋਂਦਿਆਂ ਮਾਂ ਨੂੰ ਬਹੁਤ ਰੋਕਿਆ, ਪਰ ਮਾਂ ਮੈਨੂੰ ਕੁੱਛੜ ਚੁੱਕ ਕੇ ਉਨ੍ਹਾਂ ਤੋਂ ਬਹੁਤ ਦੂਰ ਚਲੀ ਗਈ। ਮੇਰੇ ਵਿਦੇਸ਼ ਆਉਣ ਤੱਕ ਪਿਤਾ, ਭਰਾ ਅਤੇ ਦਾਦੀ ਦਾ ਕੀ ਬਣਿਆ ਕੋਈ ਪਤਾ ਨਹੀਂ।
ਇਸ ਮੁਕਾਮ ’ਤੇ ਪਹੁੰਚਾਉਣ ਲਈ ਮੈਂ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦੀ। ਮੇਰੀ ਮਾਂ ਨੇ ਮਿਹਨਤ ਕਰਕੇ ਮੈਨੂੰ ਪੜ੍ਹਾਇਆ, ਅਣਖ ਨਾਲ ਜਿਊਣਾ ਸਿਖਾਇਆ, ਆਪ ਫ਼ੈਸਲੇ ਲੈਣੇ ਦੱਸੇ। ਵਿਦੇਸ਼ ਵਿੱਚ ਉੱਚ ਵਿੱਦਿਆ ਲਈ ਭੇਜਿਆ। ਮੈਂ ਇਸ ਮੁਲਕ ਦੀ ਨਾਗਰਿਕ ਬਣ ਕੇ ਇੰਟੈਲੀਜੈਂਸ ਬਿਊਰੋ ਦਾ ਟੈੱਸਟ ਪਾਸ ਕਰਕੇ ਨੌਕਰੀ ਲੱਗਣ ਤੋਂ ਬਾਅਦ ਮਾਂ ਨੂੰ ਵੀ ਆਪਣੇ ਕੋਲ ਬੁਲਾ ਲਿਆ। ਇੱਥੇ ਆ ਕੇ ਕੁਝ ਸਮੇਂ ਬਾਅਦ ਮੇਰੀ ਮਾਂ ਨੂੰ ਅਚਾਨਕ ਪੇਕਿਆਂ ਦਾ ਹੇਜ ਜਾਗ ਪਿਆ। ਉਹ ਆਪਣੇ ਭਰਾ ਦੇ ਪੁੱਤਰ ਯਾਨੀ ਮੇਰੇ ਮਾਮੇ ਦੇ ਪੁੱਤ ਭਰਾ ਲੱਗਦੇ ਅਨਪੜ੍ਹਾਂ ਵਰਗੇ ਘੱਟ ਪੜ੍ਹੇ-ਲਿਖੇ ਮੁੰਡੇ ਨਾਲ ਮੇਰਾ ਨਕਲੀ ਵਿਆਹ ਕਰਵਾ ਕੇ ਉਸ ਨੂੰ ਪੱਕੇ ਤੌਰ ’ਤੇ ਇੱਥੇ ਬੁਲਾਉਣਾ ਚਾਹੁੰਦੀ ਹੈ। ਜਿਸ ਮਾਂ ਨੇ ਮੈਨੂੰ ਖ਼ੁਦ ਫ਼ੈਸਲੇ ਲੈਣ ਦੇ ਕਾਬਲ ਬਣਾਇਆ ਉਹੀ ਪੰਜਾਬੀ ਮਾਂ ਬਣ ਕੇ ਆਪਣਾ ਫ਼ੈਸਲਾ ਮੇਰੇ ’ਤੇ ਥੋਪ ਰਹੀ ਹੈ। ਰਿਸ਼ਤਿਆਂ ਦਾ ਤਾਂ ਪੰਜਾਬੀ ਪਹਿਲਾਂ ਹੀ ਬਹੁਤ ਘਾਣ ਕਰੀ ਜਾ ਰਹੇ ਹਨ! ਜੋ ਮੈਨੂੰ ਮਨਜ਼ੂਰ ਨਹੀਂ। ਮਾਂ ਨੂੰ ਇਹ ਵੀ ਪਤਾ ਹੈ ਕਿ ਇੱਥੇ ਅਸੀਂ ਬੱਚਿਆਂ ਨੂੰ ਦਬਾਅ ਨਹੀਂ ਸਕਦੇ। ਰੋਜ਼ਾਨਾ ਦੀ ਕਿਚ ਕਿਚ ਤੋਂ ਦੁਖੀ ਹੋ ਕੇ ਮੈਂ ਮਾਂ ਨਾਲੋਂ ਵੱਖ ਰਹਿ ਰਹੀ ਹਾਂ ਪਰ ਮੈਂ ਮਾਂ ਨੂੰ ਗੁਆਉਣਾ ਨਹੀਂ ਚਾਹੁੰਦੀ।’’ ਆਖਦੀ ਸੀਮਾ ਫਿਸ ਪਈ।
ਮੈਂ ਉੱਠ ਕੇ ਇੱਕ ਬਾਪ ਵਾਂਗ ਸੀਮਾ ਦੇ ਸਿਰ ’ਤੇ ਪਿਆਰ ਨਾਲ ਹੱਥ ਰੱਖਦਿਆਂ ਕਿਹਾ, ‘‘ਬੇਟੇ, ਸੁੱਖ ਤੇ ਦੁੱਖ ਜ਼ਿੰਦਗੀ ਦੇ ਸਿੱਕੇ ਦੇ ਦੋ ਪਹਿਲੂ ਹਨ। ਇਹ ਵੱਖ ਨਹੀਂ ਕੀਤੇ ਜਾ ਸਕਦੇ, ਸਮਾਂ ਕਦੇ ਰੁਕਦਾ ਨਹੀਂ ਸਭ ਕੁਝ ਆਪਣੇ-ਆਪ ਸਾਵਾਂ ਹੋ ਜਾਂਦਾ ਹੈ। ਆਪਾਂ ਕੌਫ਼ੀ ਦਾ ਇੱਕ-ਇੱਕ ਕੱਪ ਹੋਰ ਪੀਂਦੇ ਹਾਂ ਤੂੰ ਬੈਠ।’’ ਸੀਮਾ ਦੇ ਰੋਕਦਿਆਂ ਵੀ ਮੈਂ ਰਸੋਈ ਵਿੱਚ ਚਲਾ ਗਿਆ।
ਗਰਮ ਕੌਫ਼ੀ ਦਾ ਘੁੱਟ ਭਰ ਕੇ ਸੀਮਾ ਬੋਲੀ, ‘‘ਅੰਕਲ ਜੀ, ਮੇਰਾ ਨਾਂ ਹੀ ਸੀਮਾ ਹੈ ਪਰ ਮੇਰੇ ਦੁੱਖਾਂ ਦੀ ਕੋਈ ਸੀਮਾ ਨਹੀਂ ਹੈ। ਜੋ ਦੁੱਖ ਸਾਨੂੰ ਸਭ ਤੋਂ ਨੇੜਲੇ ਨੇ ਦਿੱਤੇ ਹੋਣ ਉਹ ਤਾਂ ਬਿਆਨ ਕਰਨੇ ਵੀ ਮੁਸ਼ਕਿਲ ਹੁੰਦੇ ਹਨ।’’
ਮੈਂ ਸੀਮਾ ਨੂੰ ਕਿਹਾ ਪੁੱਤਰ, ‘‘ਮੈਂ ਹੈਰਾਨ ਹਾਂ ਕਿ ਐਨੀ ਸ਼ੁੱਧ ਪੰਜਾਬੀ ਤਾਂ ਅੱਜ ਕੱਲ੍ਹ ਪੰਜਾਬ ਵਿੱਚ ਜੰਮੇ ਵੀ ਨਹੀਂ ਬੋਲਦੇ!’’ ਮੈਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਸੁਹਿਰਦ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੱਸ ਕੇ ਵੀ ਆਪਣੀ ਮਾਂ ਬੋਲੀ ਨੂੰ ਮਰਨ ਨਹੀਂ ਦਿੱਤਾ।
‘‘ਅੰਕਲ ਜੀ, ਇਹ ਸਾਰਾ ਕੁਝ ਮਾਂ ਤੋਂ ਹੀ ਵਿਰਸੇ ਵਿੱਚ ਮਿਲਿਆ ਹੈ। ਬਾਕੀ ਗੁਰਜੋਤ ਦੀ ਸੰਗਤ ਕਰਕੇ ਹੈ।’’
‘‘ਬੇਟਾ, ਫਿਰ ਮਾਂ ਨਾਲ ਤੋੜ ਵਿਛੋੜਾ ਕਿਉਂ?’’ ਮੇਰਾ ਸੁਆਲ ਸੀ।
‘‘ਅੰਕਲ, ਇਸ ਦਾ ਵੀ ਇੱਕ ਕਾਰਨ ਹੈ। ਨਰ ਮਦੀਨ ਦੀ ਆਪਸੀ ਖਿੱਚ ਸਦਕਾ ਹੀ ਇਸ ਸ੍ਰਿਸ਼ਟੀ ਦੀ ਹੋਂਦ ਕਾਇਮ ਹੈ। ਇਹ ਮੈਂ ਨਹੀਂ ਕਿਤਾਬੀ ਗਿਆਨ ਆਖਦਾ ਹੈ। ਇਹ ਇੱਕ ਨਿੱਗਰ ਸਚਾਈ ਵੀ ਹੈ। ਕਾਲਜ ਪੜ੍ਹਦਿਆਂ ਮੈਂ ਵੀ ਫੇਸਬੁੱਕ ਜ਼ਰੀਏ ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਸਿਪਾਹੀ ਵੱਲ ਖਿੱਚੀ ਗਈ ਸਾਂ, ਪਰ ਮਾਂ ਵਾਂਗ ਦੁੱਧ ਦੇ ਉਬਾਲ਼ ਵਾਲੀ ਮੁਹੱਬਤ ਨੂੰ ਭਾਰੂ ਨਹੀਂ ਹੋਣ ਦਿੱਤਾ।
ਮੈਂ ਤੇ ਸੁਮੇਰ ਘੰਟਿਆਂ ਬੱਧੀ ਗੱਲਾਂ ਕਰਦੇ। ਡਿਊਟੀ ਤੋਂ ਇਲਾਵਾ ਬਸ ਮਾਂ ਅਤੇ ਸੁਮੇਰ ਵਾਸਤੇ ਹੀ ਸਮਾਂ ਹੁੰਦਾ। ਕੁਝ ਸਮੇਂ ਬਾਅਦ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਸੁਮੇਰ ਇੱਕ ਸਾਲ ਵਾਸਤੇ ਯੁਨਾਈਟੇਡ ਨੇਸ਼ਨ ਸ਼ਾਂਤੀ ਸੈਨਾ ਦੇ ਮਿਸ਼ਨ ਲਈ ਚਲਾ ਗਿਆ।
ਇੱਕ ਦਿਨ ਫੋਨ ’ਤੇ ਗੱਲਾਂ ਕਰਦਿਆਂ ਸੁਮੇਰ ਨੇ ਦੱਸਿਆ ਕਿ ਇੱਥੇ ਵੱਖ-ਵੱਖ ਮੁਲਕਾਂ ਦੀ ਸੈਨਾ ਦੇ ਜਵਾਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਕਈ ਤਾਂ ਪੱਕੇ ਦੋਸਤ ਵੀ ਬਣ ਗਏ ਹਨ।
ਸਾਲ ਬਾਅਦ ਸੁਮੇਰ ਆਪਣੇ ਸਾਥੀਆਂ ਨਾਲ ਵਾਪਸ ਆ ਗਿਆ।
ਸੁਮੇਰ ਨਾਲ ਮੇਰੀ ਫੇਸਬੁੱਕੀ ਮੁਹੱਬਤ ਸੀ। ਫੇਸ ਟੂ ਫੇਸ ਮਿਲ ਕੇ ਮੈਂ ਸੁਮੇਰ ਬਾਰੇ ਹੋਰ ਜਾਣਨਾ ਚਾਹੁੰਦੀ ਸਾਂ। ਸੁਮੇਰ ਨੂੰ ਸਮਝ ਕੇ ਹੀ ਆਪਣੇ ਸਬੰਧਾਂ ਬਾਰੇ ਮਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਭਾਰਤੀ ਪੰਜਾਬ ਦੇ ਮੁੰਡੇ ਨਾਲ ਮੈਂ ਵਿਆਹ ਕਿਉਂ ਨਹੀਂ ਕਰਨਾ ਚਾਹੁੰਦੀ। ਹੁਣ ਤੱਕ ਸੁਮੇਰ ਮੇਰੀ ਹਰ ਕਸਵੱਟੀ ’ਤੇ ਖਰਾ ਉਤਰਿਆ ਹੈ।
ਇੱਕ ਦਿਨ ਰੈਸਤਰਾਂ ਵਿੱਚ ਕੌਫ਼ੀ ਪੀਂਦਿਆਂ ਸੁਮੇਰ ਨੇ ਦੱਸਿਆ, ‘ਮੈਂ ਆਪਣੇ ਇੱਕ ਦੋਸਤ ਨੂੰ ਮਿਲਣ ਕੁਝ ਦਿਨਾਂ ਵਾਸਤੇ ਮਲੇਸ਼ੀਆ ਜਾ ਰਿਹਾ ਹਾਂ, ਜੇ ਤੂੰ ਮੇਰੇ ਨਾਲ ਜਾ ਸਕੇਂ ਤਾਂ ਚੰਗਾ ਲੱਗੇਗਾ।’ ਸੁਮੇਰ ਨੇ ਬਹੁਤਾ ਜ਼ੋਰ ਦੇ ਕੇ ਨਹੀਂ ਆਖਿਆ।
ਆਪਣੀ ਜਨਮ ਭੂਮੀ ਵੇਖਣ ਦੀ ਚਾਹਤ ਅਤੇ ਸੁਮੇਰ ਨੂੰ ਹੋਰ ਨੇੜਿਉਂ ਵੇਖਣ ਲਈ ਉਸ ਨੂੰ ਮੈਂ ਮਲੇਸ਼ੀਆ ਜਾਣ ਦੀ ਹਾਮੀ ਭਰ ਦਿੱਤੀ। ਮਾਂ ਵੱਖ ਸੀ ਪੁੱਛਣ ਦੀ ਲੋੜ ਨਹੀਂ ਸਮਝੀ, ਪਰ ਸੋਚਦੀ ਸਾਂ ਜੇ ਮਾਂ ਨਾਲ ਹੁੰਦੀ ਤਾਂ ਚੰਗਾ ਸੀ। ਦੱਸਣ ਤੋਂ ਬਿਨਾਂ ਹੀ ਮਾਂ ਨੂੰ ਸੁਮੇਰ ਨਾਲ ਸਬੰਧਾਂ ਦਾ ਪਤਾ ਲੱਗ ਜਾਣਾ ਸੀ। ਮੈਂ ਮਾਂ ਨੂੰ ਬਿਨਾਂ ਦੱਸੇ ਸੁਮੇਰ ਨਾਲ ਮਲੇਸ਼ੀਆ ਦੇ ਜਹਾਜ਼ੇ ਬੈਠ ਆਪਣੀ ਜੰਮਣ ਭੋਇੰ ਆਣ ਉੱਤਰੀ।
ਹਵਾਈ ਅੱਡੇ ਤੋਂ ਅੱਗਿਉਂ ਲੈਣ ਆਏ ਸੁਮੇਰ ਦੇ ਦੋਸਤ ਹਰਮਨ ਨੇ ਸੁਮੇਰ ਵੱਲੋਂ ਜਾਣ-ਪਛਾਣ ਕਰਾਉਣ ਮੌਕੇ ਆਮ ਗੱਭਰੂਆਂ ਵਾਂਗ ਦੋਸਤ ਦੀ ਗਰਲ ਫਰੈਂਡ ਨੂੰ ‘ਹਾਇ ਭਾਬੀ’ ਨਹੀਂ ਕਿਹਾ। ‘ਤਕੜੀ ਏਂ ਭੈਣੇ!’ ਕਹਿ ਕੇ ਜ਼ੁਬਾਨ ਸਾਂਝੀ ਕਰਦਿਆਂ ਉਸ ਨੇ ਹੱਥ ਜੋੜ ਦਿੱਤੇ। ਮੈਨੂੰ ਹਰਮਨ ਦੇ ਵਿਹਾਰ ਨੇ ਕੀਲ ਹੀ ਲਿਆ। ਏਨੇ ਨਿੱਘ ਅਤੇ ਸਤਿਕਾਰ ਨਾਲ ਭੈਣ ਕਹਿਣ ਵਾਲਾ ਹਰਮਨ ਕਾਸ਼! ਮੇਰਾ ਸਕਾ ਭਰਾ ਹੁੰਦਾ ਮੈਂ ਮਨਬਚਨੀ ਕੀਤੀ।
ਹਰਮਨ ਦੇ ਘਰ ਆਇਆਂ ਸਾਡਾ ਸੁਆਗਤ ਇੱਕ ਬਜ਼ੁਰਗ ਗੁਰਸਿੱਖ ਮਾਤਾ ਨੇ ਕੀਤਾ। ਪੰਜਾਬੀ ਤਹਿਜ਼ੀਬ ਨਾਲ ਸੁਮੇਰ ਅਤੇ ਮੇਰਾ ਸਿਰ ਪਲੋਸ ਕੇ ਅਸੀਸਾਂ ਦਿੱਤੀਆਂ। ਉਹ ਅਸੀਸਾਂ ਵੀ ਮੈਨੂੰ ਦਿਲੋਂ ਨਿਕਲੀਆਂ ਲੱਗੀਆਂ। ਮਾਤਾ ਹਰਮਨ ਦੇ ਦਾਦੀ ਜੀ ਸਨ।
ਗੱਲਾਂ-ਬਾਤਾਂ ਕਰਦਿਆਂ ਹਰਮਨ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਮੰਮਾ ਨਾਲ ਤਲਾਕ ਹੋਣ ਕਰਕੇ ਪਾਪਾ ਵੱਲੋਂ ਦੁਬਾਰਾ ਸ਼ਾਦੀ ਕਰਨ ਤੋਂ ਬਾਅਦ ਮੈਂ ਦਾਦੀ ਜੀ ਕੋਲ ਹੀ ਰਿਹਾ ਤੇ ਪੜ੍ਹਾਈ ਪੂਰੀ ਕਰਕੇ ਮਲੇਸ਼ੀਆ ਫ਼ੌਜ ਵਿੱਚ ਭਰਤੀ ਹੋਇਆ ਸਾਂ। ਮੈਨੂੰ ਜਨਮ ਦੇਣ ਵਾਲੀ ਕਿੱਥੇ ਹੈ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ। ਦਾਦੀ ਕੋਲ ਰਹਿੰਦਿਆਂ ਮੈਂ ਕਦੀ-ਕਦੀ ਪਿਤਾ ਜੀ ਨੂੰ ਮਿਲ ਆਉਂਦਾ ਸਾਂ। ਪਿਤਾ ਜੀ ਜ਼ਿਆਦਾਤਰ ਬਿਮਾਰ ਰਹਿਣ ਲੱਗ ਪਏ ਸਨ। ਮਤਰੇਈ ਮਾਂ ਵੀ ਇੱਕ ਦਿਨ ਪਿਤਾ ਜੀ ਨੂੰ ਬਿਮਾਰੀ ਦੀ ਹਾਲਤ ਵਿੱਚ ਛੱਡ ਕੇ ਤੁਰ ਗਈ ਜੋ ਵਾਪਸ ਨਾ ਆਈ। ਮੇਰੇ ਜ਼ੋਰ ਪਾਉਣ ਦੇ ਬਾਵਜੂਦ ਪਿਤਾ ਜੀ ਘਰ ਨਹੀਂ ਆਏ। ਮੈਂ ਜਦੋਂ ਵੀ ਜਾਂਦਾ ਉਹ ਝੂਰਦੇ ਅਕਸਰ ਆਖਦੇ ਮੈਂ ਤੇਰੀ ਮਾਂ ਨਾਲ ਧੋਖਾ ਕੀਤਾ ਹੈ। ਕਾਸ਼! ਮੈਂ ਮਰਨ ਤੋਂ ਪਹਿਲਾਂ ਉਸ ਤੋਂ ਮਾਫ਼ੀ ਮੰਗ ਸਕਾਂ। ਅਖੀਰ ਪਾਪਾ ਵੀ.... ।’ ਭਾਵਕ ਹੋਣ ਕਰਕੇ ਹਰਮਨ ਤੋਂ ਅੱਗੇ ਨਾ ਬੋਲ ਹੋਇਆ।
ਰਾਤ ਦੀ ਰੋਟੀ ਖਾਣ ਤੋਂ ਮਗਰੋਂ ਸੁਮੇਰ ਨੇ ਰਾਤ ਨੂੰ ਸੌਣ ਵੇਲੇ ਇਹ ਕਹਿ ਕੇ ਮੇਰੇ ਦਿਲ ਵਿੱਚ ਪੱਕੀ ਥਾਂ ਮੱਲ ਲਈ, ‘ਸੀਮਾ, ਤੂੰ ਦਾਦੀ ਜੀ ਕੋਲੋਂ ਬਾਤਾਂ ਸੁਣ, ਮੈਂ ਤੇ ਹਰਮਨ ਸ਼ਾਂਤੀ ਸੈਨਾ ਦੀਆਂ ਗੱਲਾਂ ਕਰਦੇ ਹਾਂ।’
ਮੈਂ ਦਾਦੀ ਜੀ ਨਾਲ ਗੱਲਬਾਤ ਦੀ ਲੜੀ ਤੋਰਨ ਲਈ ਦਾਦੀ ਜੀ ਦੇ ਜਵਾਨੀ ਵੇਲੇ ਤੋਂ ਗੱਲ ਛੋਹੀ ਕਿਉਂਕਿ ਬਜ਼ੁਰਗ ਅਕਸਰ ਜਵਾਨੀ ਵੇਲੇ ਦੀਆਂ ਗੱਲਾਂ ਕਰਕੇ ਜਵਾਨੀ ਮਾਣ ਲੈਂਦੇ ਹਨ। ‘ਦਾਦੀ ਜੀ, ਤੁਸੀਂ ਦਾਦਾ ਜੀ ਨਾਲ ਪ੍ਰੇਮ ਵਿਆਹ ਕਰਾਇਆ ਸੀ ਕਿ ਜਾਂ ਮਾਪਿਆਂ ਦੀ ਸਹਿਮਤੀ ਨਾਲ !’
‘ਓ ਨਹੀਂ ਧੀਏ, ਸਾਡਾ ਵਿਆਹ ਤਾਂ ਛੋਟੀ ਉਮਰੇ ਹੀ ਹੋ ਗਿਆ ਸੀ। ਅਸੀਂ ਦੋਵੇਂ ਜੀਅ ਇਕੱਠੇ ਹੀ ਮਲੇਸ਼ੀਆ ਆਏ ਸੀ। ਉਦੋਂ ਵਿਦੇਸ਼ ਆਉਣ-ਜਾਣ ਦਾ ਕੋਈ ਬਹੁਤਾ ਝੰਜਟ ਨਹੀਂ ਸੀ। ਹਾਂ, ਹਰਮਨ ਦੇ ਪਿਓ ਨੇ ਜ਼ਰੂਰ ਪ੍ਰੇਮ ਵਿਆਹ ਕੀਤਾ ਪਰ ਸਿਰੇ ਨਾ ਚੜ੍ਹਿਆ।’
ਮੈਂ ਗੱਲ ਆਪਣੇ ਹੱਥ ਲੈਂਦਿਆਂ ਕਿਹਾ, ‘ਦਾਦੀ ਜੀ, ਹਰਮਨ ਦੀ ਮੰਮਾ ਦੀ ਕੋਈ ਤਸਵੀਰ ਹੋਵੇਗੀ?’
‘ਨਹੀਂ ਪੁੱਤ, ਉਸ ਨੇ ਰੋਂਦੇ ਹੋਏ ਘਰ ਛੱਡਦਿਆਂ ਆਪਣੀ ਕੋਈ ਨਿਸ਼ਾਨੀ ਨਹੀਂ ਛੱਡੀ। ਸਿਰਫ਼ ਇੱਕ ਸਾਲ ਦੇ ਹਰਮਨ ਤੋਂ ਬਗੈਰ, ਉਹ ਵੀ ਅਦਾਲਤੀ ਫ਼ੈਸਲੇ ਕਰਕੇ। ਉਸ ਤੋਂ ਬਾਅਦ ਕਦੇ ਨਹੀਂ ਮਿਲੀ। ਹੁਣ ਤਾਂ ਮੇਰੀ ਪੋਤੀ ਵੀ ਤੇਰੇ ਵਾਂਗ ਜਵਾਨ ਹੋ ਗਈ ਹੋਵੇਗੀ।’ ਦਾਦੀ ਦੀ ਆਵਾਜ਼ ਭਾਰੀ ਸੀ। ‘ਤੇਰੇ ਵਾਂਗ ਜਵਾਨ ਹੋ ਗਈ ਹੋਵੇਗੀ’ ਵਾਕ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ।
ਮੈਨੂੰ ਇੰਜ ਲੱਗਿਆ ਜਿਵੇਂ ਮੇਰਾ ਇਸ ਪਰਿਵਾਰ ਨਾਲ ਖ਼ੂਨ ਦਾ ਰਿਸ਼ਤਾ ਹੋਵੇ। ਮੈਂ ਧੜਕਦੇ ਦਿਲ ਆਪਣੇ ਮੋਬਾਈਲ ਵਿੱਚੋਂ ਮੰਮਾ ਦੀ ਜਵਾਨੀ ਵੇਲੇ ਦੀ ਫੋਟੋ ਖੋਲ੍ਹਣ ਤੋਂ ਆਪਣੇ-ਆਪ ਨੂੰ ਰੋਕ ਨਾ ਸਕੀ। ‘ਦਾਦੀ ਜੀ, ਮੇਰੀ ਮੰਮਾ ਵੇਖੋਗੇ?’ ਮੈਂ ਫੋਨ ਦੀ ਸਕਰੀਨ ਦਾਦੀ ਵੱਲ ਕਰਦਿਆਂ ਕਿਹਾ।
ਫੋਟੋ ਵੇਖ ਕੇ ਦਾਦੀ ਜੀ ਦੀ ਤਾਂ ਜਿਵੇਂ ਭੁੱਬ ਹੀ ਨਿਕਲ ਗਈ। ‘ਇਹ ਤਾਂ ਮੇਰੀ ਨੂੰਹ ਪ੍ਰਨੀਤ ਏ, ਧੀਏ ਤੂੰ ਪ੍ਰਨੀਤ ਦੀ ਧੀ ਏਂ! ਮੇਰੀ ਪੋਤੀ ਤੇ ਹਰਮਨ ਦੀ ਵੱਡੀ ਭੈਣ! ਵੇ... ਹਰਮਨ, ਵੇ.. ਹਰਮਨ, ਇੱਕੋ ਸਾਹੇ ਬੋਲਦੀ ਦਾਦੀ ਜੀ ਜਿਵੇਂ ਕਮਲ਼ੀ ਹੀ ਹੋ ਗਈ ਹੋਵੇ।
‘ਕੀ ਹੋਇਆ ਦਾਦੀ ਜੀ?’ ਹਰਮਨ ਨੇ ਸਾਡੇ ਰੂਮ ਦੇ ਦਰਵਾਜ਼ੇ ਵਿੱਚ ਖਲੋਅ ਕੇ ਪੁੱਛਿਆ।
‘ਵਾਹਿਗੁਰੂ, ਤੇਰਾ ਲੱਖ-ਲੱਖ ਸ਼ੁਕਰ ਹੈ। ਵੇ ਤੇਰੀ ਭੈਣ ਆ ਗਈ।’ ਦਾਦੀ ਦੀ ਆਵਾਜ਼ ਸੁਣ ਕੇ ਸੁਮੇਰ ਵੀ ਆ ਗਿਆ। ਇਕਦਮ ਘਰ ਦਾ ਮਾਹੌਲ ਹੀ ਬਦਲ ਗਿਆ। ਖ਼ੁਸ਼ੀ ਵਿੱਚ ਬੌਲ਼ੀ ਹੋਈ ਦਾਦੀ ਜੀ ਨੇ ਘਰ ਦੀਆਂ ਸਾਰੀਆਂ ਬੱਤੀਆਂ ਆਨ ਕਰ ਦਿੱਤੀਆਂ। ਸਾਰਿਆਂ ਦੀਆਂ ਅੱਖਾਂ ਸਾਉਣ ਭਾਦਰੋਂ ਬਣ ਗਈਆਂ ਸਨ। ਦਾਦੀ ਜੀ ਨੇ ਮੈਨੂੰ ਕਲ਼ਾਵੇ ਵਿੱਚ ਲੈ ਕੇ ਮਾਂ ਦੀ ਵਿਛੜਨ ਘੜੀ ਨੂੰ ਦੁਬਾਰਾ ਯਾਦ ਕੀਤਾ ਤੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਦਾਦੀ ਦੇ ਦੋਵੇਂ ਹੱਥ ਜੁੜ ਗਏ।’’
ਸੀਮਾ ਦੀ ਜੀਵਨ ਗਾਥਾ ਸੁਣ ਕੇ ਮੇਰੀਆਂ ਵੀ ਅੱਖਾਂ ਛਲਕ ਆਈਆਂ ਸਨ। ਮੈਨੂੰ ਗੁਰਬਾਣੀ ਦੀ ਤੁਕ ਯਾਦ ਆ ਰਹੀ ਸੀ, ‘‘ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ।। ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ।।’’
ਸੰਪਰਕ: 94656-56214

Advertisement
Author Image

joginder kumar

View all posts

Advertisement
Advertisement
×