ਕੀ ਭਾਵ ਹੈ ਤਲਵਾਰ ਨਾਲੋਂ ਕਲਮ ਦੇ ਜ਼ੋਰਾਵਰ ਹੋਣ ਦਾ
ਗੁਰਬਚਨ ਸਿੰਘ ਭੁੱਲਰ
ਬੋਲਣ ਤੇ ਲਿਖਣ ਵਿਚ ਆਮ ਹੀ ਵਰਤਿਆ ਜਾਂਦਾ ਕਥਨ ‘ਕਲਮ ਤਲਵਾਰ ਤੋਂ ਜ਼ੋਰਾਵਰ ਹੁੰਦੀ ਹੈ’ ਏਨਾ ਪ੍ਰਚੱਲਿਤ ਹੋ ਚੁੱਕਿਆ ਹੈ ਕਿ ਇਹਨੂੰ ਕਿਸੇ ਦੇ ਲਿਖੇ ਹੋਏ ਦੀ ਥਾਂ ਲੋਕ-ਬਾਣੀ ਹੀ ਸਮਝਿਆ ਜਾਣ ਲੱਗ ਪਿਆ ਹੈ। ਅਸਲ ਵਿਚ ਇਹ ਕਥਨ ਹੂਬਹੂ ਇਹਨਾਂ ਹੀ ਸ਼ਬਦਾਂ ਵਿਚ ਪਹਿਲੀ ਵਾਰ ਅੰਗਰੇਜ਼ ਲੇਖਕ ਐਡਵਰਡ ਬੁਲਵਰ-ਨਿਊਟਨ ਨੇ 1839 ਵਿਚ ਆਪਣੇ ਇਕ ਨਾਟਕ ਵਿਚ ਵਰਤਿਆ ਸੀ। ਇਹ ਲੋਕ-ਮਨ ਨੂੰ ਅਜਿਹਾ ਭਾਇਆ ਕਿ ‘ਆਕਸਫ਼ੋਰਡ ਕੋਟੇਸ਼ਨਜ਼ ਡਿਕਸ਼ਨਰੀਜ਼’ ਦੀ ਸਹਿ-ਸੰਪਾਦਕ ਸੂਸਨ ਰੈਟਕਲਿਫ਼ ਦਾ ਕਹਿਣਾ ਹੈ, ‘‘1840ਵਿਆਂ ਤੱਕ ਇਹ ਲੋਕ-ਕਥਨ ਬਣ ਗਿਆ ਸੀ।’’ ਸਾਹਿਤ-ਆਲੋਚਕ ਐਡਵਰਡ ਸ਼ਰਮਨ ਗੂਲਡ ਨੇ ਵੀ 1870 ਵਿਚ ਆਖਿਆ ਸੀ, ‘‘ਬੁਲਵਰ ਖ਼ੁਸ਼ਕਿਸਮਤ ਸੀ ਕਿ ਅਜਿਹਾ ਕੁਛ ਕਰ ਸਕਿਆ ਜੋ ਕਰਨ ਦੀ ਆਸ ਕੋਈ ਘੱਟ ਹੀ ਕਰ ਸਕਦਾ ਹੈ। ਉਹਨੇ ਇਕ ਅਜਿਹੀ ਸਤਰ ਲਿਖ ਦਿੱਤੀ ਜੋ ਜੁੱਗ-ਜੁੱਗ ਜੀਵਤ ਰਹੇਗੀ।’’ ਇਹ ਕਥਨ ਅਮਰੀਕਾ ਦੀ ‘ਲਾਇਬਰੇਰੀ ਆਫ਼ ਕਾਂਗਰਸ’ ਦੀ ਇਮਾਰਤ ਦੇ ਅੰਦਰ ਇਕ ਕੰਧ ਦਾ ਵੀ ਸ਼ਿੰਗਾਰ ਬਣਿਆ ਹੋਇਆ ਹੈ।
ਵੇਖਣ ਵਾਲੀ ਗੱਲ ਇਹ ਹੈ ਕਿ ਉਪਰੋਕਤ ਸਾਰਾ ਜ਼ਿਕਰ ਇਹਨਾਂ ਸ਼ਬਦਾਂ ਵਿਚ ਬੀੜੇ ਹੋਏ ਵਾਕ ਦਾ ਹੈ। ਜਿਥੋਂ ਤੱਕ ਇਸ ਵਿਚਾਰ ਦਾ ਸੰਬੰਧ ਹੈ, ਉਹ ਸਦੀਆਂ ਪੁਰਾਣਾ ਹੈ। ਇਹ ਵਿਚਾਰ ਪਹਿਲੀ ਵਾਰ ਸੱਤਵੀਂ ਸਦੀ ਪੂਰਵ-ਈਸਵੀ ਦੇ ਅਸੀਰੀਅਨ ਸੰਤ ਅਹੀਕਰ ਦਾ ਲਿਖਿਆ ਹੋਇਆ ਮਿਲਦਾ ਹੈ। ਬੱਸ ਉਹਨੇ ‘ਕਲਮ’ ਦੀ ਥਾਂ ‘ਸ਼ਬਦ’ ਆਖਿਆ ਹੈ, ‘‘ਸ਼ਬਦ ਤਲਵਾਰ ਤੋਂ ਜ਼ੋਰਾਵਰ ਹੁੰਦਾ ਹੈ।’’ ਪੰਜਵੀਂ ਸਦੀ ਪੂਰਵ-ਈਸਵੀ ਦੇ ਯੂਨਾਨੀ ਨਾਟਕਕਾਰ ਯੂਰੀਪੀਡਸ ਨੇ ਇਸ ਕਥਨ ਦੇ ਦੋਵੇਂ ਮੁੱਖ ਸ਼ਬਦਾਂ ‘ਕਲਮ’ ਤੇ ‘ਤਲਵਾਰ’ ਦੀ ਥਾਂ ਵੱਖਰੇ ਸ਼ਬਦ ‘ਜੀਭ’ ਤੇ ‘ਛੁਰੀ’ ਵਰਤੇ ਸਨ: ‘‘ਜੀਭ ਛੁਰੀ ਤੋਂ ਜ਼ੋਰਾਵਰ ਹੁੰਦੀ ਹੈ।’’ ਹਜ਼ਰਤ ਮੁਹੰਮਦ ਸਾਹਿਬ ਨੇ ਓਦੋਂ ਦੇ ਨੇੜ-ਭਵਿੱਖ ਵਿਚ ਅਰਬਾਂ ਦਾ ਨਾਸ ਕਰ ਦੇਣ ਵਾਲੇ ਕਲੇਸ਼ ਦੇ ਹਵਾਲੇ ਨਾਲ ਕਿਹਾ ਸੀ ਕਿ ਉਸ ਸਮੇਂ ‘‘ਬੋਲਿਆ ਹੋਇਆ ਸ਼ਬਦ ਤਲਵਾਰ ਤੋਂ ਜ਼ੋਰਾਵਰ ਹੋਵੇਗਾ।’’ ਇਤਿਹਾਸਕਾਰ ਸਰ ਮੁਹੰਮਦ ਲਤੀਫ਼ 1598 ਵਿਚ ਪੂਰੇ ਹੋਏ ਬੁਖ਼ਾਰਾ ਦੇ ਬਾਦਸ਼ਾਹ ਅਬਦੁਲਾ ਬਾਰੇ ਲਿਖਦਾ ਹੈ ਕਿ ‘‘ਉਹ ਅਕਬਰ ਦੀ ਤਲਵਾਰ ਨਾਲੋਂ ਅਬੁਲ-ਫ਼ਜ਼ਲ ਦੀ ਕਲਮ ਤੋਂ ਬਹੁਤਾ ਡਰਦਾ ਸੀ।’’ ਅਮਰੀਕਾ ਦੇ ਆਜ਼ਾਦੀ ਦੇ ਐਲਾਨਨਾਮੇ ਦੇ ਕਰਤਾ ਅਤੇ ਤੀਜੇ ਪ੍ਰਧਾਨ, ਥਾਮਸ ਜੈਫ਼ਰਸਨ ਨੇ ਦਾਰਸ਼ਨਿਕ ਤੇ ਰਾਜਨੀਤਕ ਸਿਧਾਂਤਕਾਰ ਥਾਮਸ ਪੇਨ ਨੂੰ ਇਕ ਚਿੱਠੀ ਵਿਚ ਲਿਖਿਆ ਸੀ, ‘‘ਠੀਕ ਹੈ, ਤੂੰ ਆਪਣੀ ਕਲਮ ਨਾਲ ਉਹੋ ਕੁਛ ਕਰਦਾ ਰਹਿ ਜੋ ਹੋਰ ਸਮਿਆਂ ਵਿਚ ਤਲਵਾਰ ਨਾਲ ਕੀਤਾ ਜਾਂਦਾ ਸੀ।’’ ਸ਼ੇਕਸਪੀਅਰ ਨੇ ਆਪਣੇ ਨਾਟਕ ‘ਹੈਮਲਿਟ’ ਵਿਚ ਇਹੋ ਗੱਲ ਵੱਖਰੇ ਹੀ ਸਾਹਿਤਕ ਸ਼ਬਦਾਂ ਵਿਚ ਕਹੀ ਹੈ: ‘‘ਕਟਾਰਾਂ ਵਾਲੇ ਅਨੇਕ ਲੋਕ ਬੱਤਖ਼ ਦੇ ਖੰਭ ਤੋਂ ਡਰਦੇ ਹਨ।’’ ਉਹਦਾ ਇਸ਼ਾਰਾ ਓਦੋਂ ਖੰਭ ਨੂੰ ਕਲਮ ਵਜੋਂ ਵਰਤੇ ਜਾਣ ਵੱਲ ਸੀ।
ਅਸੀਂ ਪੰਜਾਬੀ ਲੇਖਕ-ਪਾਠਕ ਆਮ ਕਰ ਕੇ ਇਸ ਕਥਨ ਨੂੰ ‘ਮਾਰ’ ਦੇ ਅਰਥਾਂ ਵਿਚ ਲੈਂਦੇ ਹਾਂ, ਭਾਵ ਕਲਮ ਦੀ ਮਾਰ ਤਲਵਾਰ ਦੀ ਮਾਰ ਨਾਲੋਂ ਵੱਧ ਘਾਤਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਅੰਗਰੇਜ਼ੀ ਲੇਖਕ ਰਾਬਰਟ ਬਰਟਨ ਨੇ 1621 ਵਿਚ ਇਸ ਕਥਨ ਦੇ ਅਰਥ ਇਹੋ ਕੀਤੇ ਸਨ। ਉਹਨੇ ਕਿਹਾ ਸੀ, ‘‘ਪੁਰਾਣੀ ਕਹਾਵਤ ਹੈ ਕਿ ਕਲਮ ਦਾ ਵਾਰ ਤਲਵਾਰ ਦੇ ਵਾਰ ਨਾਲੋਂ ਡੂੰਘਾ ਜਾਂਦਾ ਹੈ!’’ ਆਪਣੀ ਪੰਜਾਬੀ ਕਹਾਵਤ ਹੈ, ‘‘ਤਲਵਾਰ ਦਾ ਫੱਟ ਭਰ ਜਾਂਦਾ ਹੈ, ਜੀਭ ਦਾ ਨਹੀਂ!’’
ਸਿਆਣਿਆਂ ਨੇ ਇਹਨਾਂ ਦੋਵਾਂ ਨੂੰ ਸਮਾਜਕ ਜਾਂ ਰਾਜਨੀਤਕ ਤਬਦੀਲੀ ਦੇ ਸਾਧਨਾਂ ਵਜੋਂ ਲੈਂਦਿਆਂ ਤਲਵਾਰ ਦਾ ਅਰਥ ਤਾਂ ਇਹੋ, ਹਿੰਸਾ ਦੇ ਸਾਧਨ ਦੇ ਰੂਪ ਵਿਚ ਲਿਆ ਹੈ, ਪਰ ਕਲਮ ਦਾ ਅਰਥ ਅਨਗਿਣਤ ਲੋਕਾਂ ਦੇ ਮਨਾਂ ਉੱਤੇ ਪੈਂਦੇ ਲਿਖੇ ਹੋਏ ਸ਼ਬਦ ਦੇ ਡੂੰਘੇ ਪ੍ਰਭਾਵ ਦੇ ਰੂਪ ਵਿਚ ਲਿਆ ਹੈ। ਇਹ ਵਿਆਖਿਆ ਵਧੀਕ ਸਹੀ ਲਗਦੀ ਹੈ। ਤਲਵਾਰ ਹਿੰਸਾ ਦਾ ਚਿੰਨ੍ਹ ਹੈ ਤੇ ਸ਼ਬਦ ਸੂਝ-ਸਿਆਣਪ ਦਾ। ਤਲਵਾਰ ਚਲਦੀ ਹੈ ਤਾਂ ਬਰਬਾਦੀ, ਮੁਸੀਬਤਾਂ ਤੇ ਮੌਤ ਲਿਆਉਂਦੀ ਹੈ ਅਤੇ ਮਨੁੱਖਾਂ ਉੱਤੇ ਸਿਰਫ਼ ਸਰੀਰੀ ਫ਼ਤਿਹ ਪਾਉਂਦੀ ਹੈ ਜਿਸ ਕਰਕੇ ਉਹਦੇ ਕੀਤੇ ਦਾ ਨਤੀਜਾ ਥੁੜ-ਚਿਰਾ ਸਿੱਧ ਹੁੰਦਾ ਹੈ। ਸ਼ਬਦ ਮਨੁੱਖ ਦੇ ਵਿਚਾਰਾਂ ਤੇ ਵਿਸ਼ਵਾਸਾਂ ਵਿਚ ਅਤੇ ਇਉਂ ਸਮਾਜ ਦੀ ਸਮੂਹਿਕ ਸੋਚ ਵਿਚ ਹਾਂ-ਮੁਖ ਤੇ ਭਵਿੱਖ-ਮੁਖ ਤਬਦੀਲੀਆਂ ਲਿਆ ਕੇ ਮਨੁੱਖਜਾਤੀ ਲਈ ਵਰ ਬਣਦਾ ਆਇਆ ਹੈ। ਸੰਸਾਰ ਜਿੱਤਣ ਦੇ ਦਾਈਏ ਤੇ ਦਾਅਵੇ ਨਾਲ ਤੁਰੇ ਨੈਪੋਲੀਅਨਾਂ, ਸਕੰਦਰਾਂ ਦੇ ਕਾਇਮ ਕੀਤੇ ਸਾਮਰਾਜ ਪਤਾ ਨਹੀਂ ਕਿਧਰ ਨੂੰ ਗਏ, ਪਰ ਸਦੀਆਂ-ਦਹਿਸਦੀਆਂ ਪਹਿਲਾਂ ਦੇ ਸ਼ਬਦਕਾਰ ਆਪਣੇ ਸ਼ਬਦਾਂ ਵਿਚ ਅੱਜ ਵੀ ਜਿਉਂਦੇ ਹਨ। ਫ਼ਤਿਹ ਦਾ ਝੰਡਾ ਦੂਰ-ਦੂਰ ਝੁਲਾਉਣ ਦਾ ਦਾਈਆ ਬੰਨ੍ਹਣ ਵਾਲੇ ਨੈਪੋਲੀਅਨ ਬੋਨਾਪਾਰਟ ਨੇ ਤਾਂ ਆਖ਼ਰ ਇਹ ਸੱਚ ਪਰਵਾਨ ਕਰ ਹੀ ਲਿਆ ਸੀ: ‘‘ਹਜ਼ਾਰ ਸੰਗੀਨਾਂ ਨਾਲੋਂ ਚਾਰ ਦੁਸ਼ਮਣ ਅਖ਼ਬਾਰਾਂ ਤੋਂ ਵੱਧ ਡਰਨਾ ਚਾਹੀਦਾ ਹੈ।’’ ਉਹਨੇ ਇਹ ਵੀ ਆਖਿਆ ਸੀ, ‘‘ਦੁਨੀਆ ਵਿਚ ਸਿਰਫ਼ ਦੋ ਤਾਕਤਾਂ ਹਨ, ਬਰਛਾ ਤੇ ਬੁੱਧੀ। ਅੰਤ ਵਿਚ ਬੁੱਧੀ ਹਮੇਸ਼ਾ ਬਰਛੇ ਨੂੰ ਹਰਾ ਦਿੰਦੀ ਹੈ।’’
ਕਦੀ-ਕਦੀ ਕਿਸੇ ਬਦਕਿਸਮਤ ਦੇਸ ਵਿਚ ਕਿਸੇ ਹਿਟਲਰ, ਕਿਸੇ ਮਸੋਲੀਨੀ ਵਰਗੇ ਤਾਨਾਸ਼ਾਹ ਦੀ ਤਲਵਾਰ ਲੋਕਮੁਖੀ ਸ਼ਬਦ ਉੱਤੇ ਭਾਰੂ ਹੋ ਕੇ ਜਬਰ-ਜ਼ੁਲਮ ਨਾਲ ਉਹਦਾ ਮੂੰਹ ਬੰਦ ਕਰ ਦਿੰਦੀ ਹੈ, ਪਰ ਛੇਤੀ ਹੀ ਲੋਕਮੁਖੀ ਸ਼ਬਦ ਤਾਨਾਸ਼ਾਹ ਦੀ ਵਿਚਾਰਧਾਰਾ ਦੇ ਖੰਡਰਾਂ ਵਿਚੋਂ, ਪੱਥਰ ਨੂੰ ਪਾੜ ਕੇ ਨਿੱਕਲੇ ਬੂਟੇ ਵਾਂਗ, ਪਾਠਕ-ਪਿਆਰ ਦੇ ਫੁੱਲਾਂ ਦਾ ਤਾਜ ਪਹਿਣ ਕੇ ਲਹਿੰਬਰਨ ਲਗਦਾ ਹੈ। ਤਲਵਾਰ ਚੰਗੇ-ਭਲੇ ਮਨੁੱਖ ਨੂੰ ਵਹਿਸ਼ੀ ਬਣਾਉਂਦੀ ਹੈ ਜਦੋਂਕਿ ਸ਼ਬਦ ਵਹਿਸ਼ੀ ਦੀ ਸੁੱਤੀ ਮਾਨਵਤਾ ਜਗਾਉਣ ਦੇ ਸਮਰੱਥ ਹੁੰਦਾ ਹੈ। ਹਰ ਕਾਲ ਦੇ ਸ਼ਬਦਕਾਰਾਂ ਦੇ ਵਿਚਾਰ ਮੂਲ ਜਾਂ ਅਨੁਵਾਦ ਦੇ ਰੂਪ ਵਿਚ ਚਾਨਣ ਵਾਂਗ ਦੂਰ-ਦੂਰ ਪਹੁੰਚਦੇ ਤੇ ਪ੍ਰਭਾਵ ਪਾਉਂਦੇ ਰਹੇ ਹਨ, ਤਲਵਾਰ ਦਾ ਪ੍ਰਭਾਵ ਉਥੋਂ ਤੱਕ ਹੀ ਪੈਂਦਾ ਹੈ ਜਿਥੋਂ ਤੱਕ ਤਲਵਾਰਬਾਜ਼ ਆਪ ਪਹੁੰਚ ਸਕਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸ਼ਬਦਕਾਰ ਆਪਣੇ ਸ਼ਬਦ ਰਾਹੀਂ ਸੰਸਾਰ ਉੱਤੇ ਰਾਜ ਕਰਦਾ ਹੈ, ਪਰ ਤਲਵਾਰਧਾਰੀ ਬਾਦਸ਼ਾਹ ਸਿਰਫ਼ ਆਪਣੀ ਰਿਆਸਤ ਉੱਤੇ ਰਾਜ ਕਰਦਾ ਹੈ।
ਜਦੋਂ ਕਲਮ ਨੂੰ ਤਲਵਾਰ ਨਾਲੋਂ ਜ਼ੋਰਾਵਰ ਕਿਹਾ ਜਾਂਦਾ ਹੈ, ਇਸ ਕਥਨ ਦੀ ਬੁਨਿਆਦ ਵਿਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੰਭੀਰ ਫਲਸਫੀ, ਸਮਾਜ-ਵਿਗਿਆਨਕ, ਇਤਿਹਾਸਕ, ਆਰਥਿਕ, ਰਾਜਨੀਤਕ, ਆਦਿ ਪੁਸਤਕਾਂ ਦੇ ਨਾਲ-ਨਾਲ ਗੰਭੀਰ ਵਿਸ਼ਿਆਂ ਨੂੰ ਹਰਮਨਪਿਆਰੇ ਰੂਪ ਵਿਚ ਪੇਸ਼ ਕਰਨ ਵਾਲੀਆਂ ਸਾਹਿਤਕ ਪੱਤਰਕਾਰੀ ਦੀਆਂ ਲਿਖਤਾਂ ਦਾ ਵੀ ਕੁਛ ਹਿੱਸਾ ਜ਼ਰੂਰ ਹੁੰਦਾ ਹੈ। ਪੰਜਾਬੀ ਅਖ਼ਬਾਰਾਂ ਵਿਚ ਲੇਖ ਤਾਂ, ਘੱਟੋ-ਘੱਟ ਸੰਪਾਦਕੀ ਵਾਲੇ ਪੰਨੇ ਉੱਤੇ ਸ਼ੁਰੂ ਤੋਂ ਹੀ ਛਪਦੇ ਆਏ ਹਨ, ਪਰ ਉਹਨਾਂ ਦਾ ਸਰੂਪ ਵੱਖਰਾ ਰਿਹਾ ਹੈ। ਆਮ ਕਰ ਕੇ ਉਹ ਕਿਸੇ ਸਮਕਾਲੀ ਘਟਨਾ ਬਾਰੇ ਅਖ਼ਬਾਰ ਦੀ ਨੀਤੀ ਦੇ ਨਜ਼ਰੀਏ ਤੋਂ ਖੋਲ੍ਹ ਕੇ ਦੱਸਿਆ ਗਿਆ ਪ੍ਰਤੀਕਰਮ ਹੁੰਦੇ ਹਨ, ਜਿਨ੍ਹਾਂ ਲਈ ਆਮ ਪਾਠਕ ਦੇ ਸਮਝ ਵਿਚ ਪੈਣ ਵਾਲੀ ਸਰਲ-ਸਿੱਧੀ ਭਾਸ਼ਾ ਵਰਤੀ ਜਾਂਦੀ ਹੈ। ਹਾਂ, ਕੁਛ ਲੇਖਕ ਇਹਨਾਂ ਹੀ ਵਿਸ਼ਿਆਂ ਨੂੰ ਆਧਾਰ ਬਣਾ ਕੇ ਵਿਅੰਗ-ਲੇਖ ਲਿਖਦੇ ਰਹੇ ਹਨ ਜੋ ਭਾਸ਼ਾ ਤੇ ਉਸਾਰੀ ਦੇ ਪੱਖੋਂ ਸਾਹਿਤਕ ਰਸ ਵਾਲੇ ਹੁੰਦੇ ਹਨ। ਉਹਨਾਂ ਵਿਚ ਟੋਟਕਿਆਂ, ਕਹਾਵਤਾਂ, ਹਾਸਰਸ ਤੇ ਵਿਅੰਗ ਦਾ ਛਿੱਟਾ ਦਿੱਤਾ ਹੋਇਆ ਹੁੰਦਾ ਹੈ।
ਹਾਸਰਸ ਤੇ ਵਿਅੰਗ ਨੂੰ ਸਿੱਧੀ ਲਤੀਫ਼ੇਬਾਜ਼ੀ ਤੋਂ ਉੱਚਾ ਚੁੱਕ ਕੇ ਸਾਹਿਤਕ ਰੰਗ-ਰੂਪ ਦੇਣ ਦਾ ਜਤਨ ਕਰਨ ਵਾਲਿਆਂ ਵਿਚ ਗੁਰਨਾਮ ਸਿੰਘ ਤੀਰ, ਸੂਬਾ ਸਿੰਘ, ਸ਼ੇਰਜੰਗ ਜਾਂਗਲੀ, ਗੁਰਦੇਵ ਸਿੰਘ ਮਾਨ, ਪਿਆਰਾ ਸਿੰਘ ਦਾਤਾ, ਕੇ. ਐਲ. ਗਰਗ, ਭੂਸ਼ਨ ਜਿਹੇ ਨਾਂ ਗਿਣਾਏ ਜਾ ਸਕਦੇ ਹਨ। ਦੋ ਪੰਜਾਬੀ ਵਿਅੰਗ-ਲੇਖਕਾਂ, ਫ਼ਿਕਰ ਤੌਂਸਵੀ ਤੇ ਕਨ੍ਹਈਆ ਲਾਲ ਕਪੂਰ ਨੇ ਓਦੋਂ ਦੇ ਵਿਦਿਅਕ ਮਾਹੌਲ ਅਨੁਸਾਰ ਲਿਖਿਆ ਤਾਂ ਭਾਵੇਂ ਉਰਦੂ ਵਿਚ, ਪਰ ਇਸ ਵਿਧਾ ਵਿਚ ਝੰਡੇ ਬਹੁਤ ਉੱਚੇ ਝੁਲਾਏ। ਮੈਨੂੰ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਹੁੰਦਿਆਂ ਲਿਖੇ ਆਪਣੇ ਐਤਵਾਰੀ ਸੰਪਾਦਕੀ ਚੇਤੇ ਆਉਂਦੇ ਹਨ। ਇਹਨਾਂ ਵਿਚ ਸਮਕਾਲ ਦੀ ਕੋਈ ਘਟਨਾ ਜਾਂ ਸਮੱਸਿਆ ਲੈ ਕੇ ਉਹਨੂੰ ਪੱਤਰਕਾਰਾਨਾ ਟਿੱਪਣੀ ਜਾਂ ਪ੍ਰਤੀਕਰਮ ਵਜੋਂ ਪੇਸ਼ ਕਰਨ ਦੀ ਥਾਂ ਹਾਸ-ਵਿਅੰਗ ਨਾਲ ਰਸੀ ਹੋਈ ਸਾਹਿਤਕ ਰਚਨਾ ਵਰਗੀ ਬਣਾਉਣ ਦਾ ਜਤਨ ਕੀਤਾ ਜਾਂਦਾ ਸੀ। ਨਤੀਜਾ ਆਸ ਤੋਂ ਵੱਧ ਪਾਠਕ-ਪਸੰਦ ਦੇ ਰੂਪ ਵਿਚ ਨਿੱਕਲਿਆ ਜਿਸ ਨਾਲ ਮੇਰੇ ਦੀਵੇ ਦੀ ਬੱਤੀ ਲਗਾਤਾਰ ਉਗਾਸੀ ਜਾਂਦੀ ਰਹੀ।
ਕਿਸੇ ਚਰਚਿਤ ਸਮਕਾਲੀ ਵਿਸ਼ੇ ਨੂੰ ਲੈ ਕੇ ਵਿਅੰਗ-ਬਾਣ ਦੀ ਨੋਕ ਨਾਲ ਤੇ ਸਾਹਿਤਕਤਾ ਦੀ ਸਿਆਹੀ ਨਾਲ ਲਿਖੀ ਹੋਈ ਰਚਨਾ ਪਾਠਕ ਦੇ ਮਨ ਉੱਤੇ ਤੁਰਤ ਤੇ ਸਿੱਧਾ ਪ੍ਰਭਾਵ ਪਾਉਂਦੀ ਹੈ। ਪਾਠਕਾਂ ਤੇ ਦੋਸਤਾਂ-ਮਿੱਤਰਾਂ ਦੇ ਕਹੇ ਤੋਂ ਮੈਂ ਉਹਨਾਂ ਸਾਰੇ ਸੰਪਾਦਕੀਆਂ ਨੂੰ ਪੁਸਤਕ ‘ਕਲਮ ਕਟਾਰ’ ਦਾ ਰੂਪ ਦੇ ਦਿੱਤਾ। ਇਸ ਹੁੰਗਾਰੇ ਤੋਂ ਮਿਲੇ ਉਤਸਾਹ ਸਦਕਾ ਮੈਂ ਅਖ਼ਬਾਰਾਂ ਵਿਚ, ਖਾਸ ਕਰ ਕੇ ‘ਪੰਜਾਬੀ ਟ੍ਰਿਬਿਊਨ’ ਵਿਚ ਉਸੇ ਰੰਗ ਦੇ ਲੇਖ ਲਿਖਣੇ ਜਾਰੀ ਰੱਖੇ। ਹੁਣ ਨਜ਼ਰ ਮਾਰੀ ਤਾਂ ਉਹਨਾਂ ਵਿਚੋਂ ਅਨੇਕ ਲੇਖ, ਉਹਨਾਂ ਵਿਚ ਇਤਿਹਾਸਿਕਤਾ ਜੁੜ ਗਈ ਹੋਣ ਕਰਕੇ, ਓਦੋਂ ਨਾਲੋਂ ਵੀ ਪ੍ਰਸੰਗਕ ਤੇ ਅਸਰਦਾਰ ਲੱਗੇ। ਨਤੀਜੇ ਵਜੋਂ ਮੈਂ ਚੋਣਵੇਂ 34 ਲੇਖ ਪੀਪਲਜ਼ ਫ਼ੋਰਮ ਬਰਗਾੜੀ ਦੀ ਛਾਪੀ ਪੁਸਤਕ ‘ਪੋਹ ਰਿੱਧਾ, ਮਾਘ ਖਾਧਾ’ ਵਿਚ ਸ਼ਾਮਲ ਕਰ ਦਿੱਤੇ ਹਨ।
ਸਾਡੀ ਪ੍ਰੰਪਰਾ ਵਿਚ ਜਦੋਂ ਹੱਡ-ਠਾਰੂ ਠੰਢ ਸਿਖਰ ਨੂੰ ਪਹੁੰਚ ਕੇ ਢਲਣ ਲਗਦੀ ਤੇ ਨਿੱਘ ਦੀ ਆਸ ਬਝਦੀ, ਇਸ ਸਦਕਾ ਆਏ ਸੁਖ ਦੇ ਸਾਹ ਦਾ ਐਲਾਨ ਮਾਘ ਦੇ ਪਹਿਲੇ ਦਿਨ ਸਰੋਵਰਾਂ ਵਿਚ ਖੁੱਲ੍ਹੇ ਅਸ਼ਨਾਨ ਨਾਲ ਕੀਤਾ ਜਾਂਦਾ। ਮੌਸਮ ਦੀ ਇਸ ਤਬਦੀਲੀ ਦਾ ਜਸ਼ਨ ਪੋਹ ਦੇ ਆਖ਼ਰੀ ਦਿਨ ਰਿੰਨ੍ਹ ਕੇ ਰਾਤ-ਭਰ ਰੱਖੀ ਹੋਈ ਮੋਠ-ਬਾਜਰੇ ਦੀ ਖਿਚੜੀ ਮਾਘ ਦੇ ਪਹਿਲੇ ਦਿਨ ਖਾ ਕੇ ਮਨਾਇਆ ਜਾਂਦਾ। ਨਵਾਂ ਅੰਨ ਪਚਣ ਵਿਚ ਸਖ਼ਤ ਹੋਣ ਕਰਕੇ ਇਉਂ ਰਾਤ-ਭਰ ਰੱਖੀ ਹੋਈ ਖਿਚੜੀ ਵਧੇਰੇ ਪਚਣਜੋਗ ਵੀ ਬਣ ਜਾਂਦੀ ਤੇ ਰਚ-ਘੁਲ਼ ਕੇ ਸੁਆਦ ਵੀ ਬਹੁਤੀ ਹੋ ਜਾਂਦੀ। ਇਸੇ ਰੀਤ ਨੇ ਕਹਾਵਤ ‘ਪੋਹ ਰਿੱਧਾ ਮਾਘ ਖਾਧਾ’ ਨੂੰ ਜਨਮ ਦਿੱਤਾ। ਆਸ ਹੈ, ਸਮੇਂ-ਸਮੇਂ ਲਿਖੇ ਹੋਏ ਮੇਰੇ ਇਹ ਲੇਖ ਹੁਣ ਇਕ ਵਾਰ ਫੇਰ ਪੜ੍ਹਦਿਆਂ ਪਾਠਕ ਇਸ ਕਹਾਵਤ ਦਾ ਸੱਚ ਜ਼ਰੂਰ ਪਛਾਣ ਲੈਣਗੇ।
ਸੰਪਰਕ: 80763-63058