ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ ਕੀ ਰੌ

12:04 PM Jan 28, 2024 IST

ਜਤਿੰਦਰ ਮੌਹਰ

ਮਾਲਵੇ ਦੇ ਵਹਿਣ

ਘੱਗਰ ਦਰਿਆ ਪਹਿਲਾਂ ਬਨੂੜ ਕੋਲੋਂ ਵਹਿੰਦਾ ਸੀ। ਇਹਨੇ ਅੰਬਾਲੇ ਵੱਲ ਮੋੜ ਕੱਟ ਲਿਆ। ਅੰਬਾਲੇ ਵੱਲ ਮੁੜੇ ਘੱਗਰ ਦੇ ਵਹਿਣ ਨੂੰ 1872 ਦੇ ਨਕਸ਼ੇ ਵਿੱਚ ਕੌਸ਼ੱਲਿਆ ਨਦੀ ਕਿਹਾ ਗਿਆ। ਬਨੂੜ ਕੋਲੋਂ ਲੰਘਦਾ ਘੱਗਰ ਦਾ ਪੁਰਾਣਾ ਵਹਿਣ ਪਟਿਆਲੇ ਦੇ ਉੱਤਰ ਵਿੱਚ ਸਰਹਿੰਦ ਅਤੇ ਰਾਜਪੁਰੇ ਦੇ ਵਿਚਕਾਰ ਲਾਂਡਰਾਂ ਨਦੀ ਉਰਫ਼ ਪਟਿਆਲਾ ਕੀ ਰੌ ਨਾਲ ਮਿਲ ਗਿਆ। ਦੋਵਾਂ ਦਾ ਸਾਂਝਾ ਵਹਿਣ ਪਟਿਆਲੇ ਕੋਲੋਂ ਲੰਘਦਾ ਹੋਇਆ ਘੱਗਰ ਦਾ ਪੁਰਾਣਾ ਵਹਿਣ ਕਹਾਉਣ ਲੱਗਿਆ। ਅੱਗੇ ਇਹ ਕੌਸ਼ੱਲਿਆ ਨਦੀ ਨਾਲ ਮਿਲ ਗਿਆ ਅਤੇ ਘੱਗਰ ਦੇ ਦੋਵੇਂ ਵਹਿਣ ਇਕੱਠੇ ਹੋ ਕੇ ਨਵਾਂ ਘੱਗਰ ਬਣੇ। ਚਨਾਰਥਲ ਤੋਂ ਮੂਨਕ ਵੱਲ ਆਉਂਦੀ ਚੋਆ ਨਦੀ ਨਵੇਂ ਘੱਗਰ ਨਾਲ ਮਿਲ ਕੇ ਦੁਬਾਰਾ ਆਪਣੇ ਵੱਖਰੇ ਵਹਿਣ ਵਿੱਚ ਵਗਣ ਲੱਗੀ ਅਤੇ ਸਿਰਸੇ ਜ਼ਿਲ੍ਹੇ ਵਿੱਚ ਮੁੜ ਘੱਗਰ ਵਿੱਚ ਲੀਨ ਹੋ ਗਈ। ਘੱਗਰ ਵਾਦੀ ਦੇ ਜ਼ਮੀਨੀ ਸਰਵੇਖਣ ਮੁਤਾਬਿਕ ਪਟਿਆਲਵੀ ਨਦੀ ਨੂੰ ਪਟਿਆਲੇ ਦੇ ਪੰਜ ਮੀਲ ਉੱਤਰ ਵਿੱਚ ਅੰਬਾਲਾ ਨਾਮ ਦਾ ਦਰਿਆ ਮਿਲਦਾ ਸੀ। ਅੰਦਾਜ਼ਾ ਹੈ ਕਿ ਪਟਿਆਲਵੀ ਨਦੀ ਨੇ ਚੋਆ ਨਦੀ ਦਾ ਪੁਰਾਣਾ ਵਹਿਣ ਮੱਲ ਲਿਆ ਸੀ।
ਇਸ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਸਰਹਿੰਦ ਤੋਂ ਅੰਬਾਲੇ ਦੇ ਵਿਚਕਾਰ ਵਹਿਣਾਂ ਵਿੱਚ ਕਿੰਨੀਆਂ ਤਬਦੀਲੀਆਂ ਹੋਈਆਂ ਹਨ। ਕਿੰਨੇ ਦਰਿਆ ਗਾਇਬ ਹੋ ਗਏ ਅਤੇ ਕਿੰਨੇ ਉਨ੍ਹਾਂ ਦੀ ਥਾਂ ਵਗਣ ਲੱਗ ਪਏ। ਚੋਆ ਨਦੀ ਦੇ ਵਹਿਣ ਵਿੱਚ ਪਟਿਆਲਵੀ ਨਦੀ ਦਾ ਕੁਝ ਹਿੱਸਾ ਵਹਿਣ ਲੱਗਿਆ। ਚੋਆ ਨਦੀ, ਸਰਹਿੰਦ ਨਦੀ, ਪਟਿਆਲਵੀ ਨਦੀ, ਕੌਸ਼ੱਲਿਆ ਨਦੀ, ਬਨੂੜ ਵਾਲਾ ਚੋਈ ਨਾਲਾ, ਅਟਾਵਾ ਚੋਅ, ਤੰਗੋਰੀ ਚੋਅ, ਘੱਗਰ ਅਤੇ ਹੋਰ ਕਈ ਵਹਿਣਾਂ ਦੀਆਂ ਆਪਸੀ ਤੰਦਾਂ ਸਾਂਝੀਆਂ ਰਹੀਆਂ ਹਨ। 1872 ਦੇ ਨਕਸ਼ੇ ਵਿੱਚ ਇਨ੍ਹਾਂ ਵੱਖਰੇ ਵੱਖਰੇ ਵਹਿਣਾਂ ਨੂੰ ਜੁੜਦੇ-ਟੁੱਟਦੇ ਦੇਖਿਆ ਜਾ ਸਕਦਾ ਹੈ।
ਇਹ ਲੇਖ ਪਟਿਆਲਵੀ ਨਦੀ ਉਰਫ਼ ਪਟਿਆਲਾ ਕੀ ਰੌ ਬਾਬਤ ਹੈ। ਲਾਂਡਰਾਂ ਪਿੰਡ ਕੋਲੋਂ ਵਗਦੀ ਹੋਣ ਕਰਕੇ ਇਹਨੂੰ ਲਾਂਡਰਾਂ ਨਦੀ ਕਹਿੰਦੇ ਸਨ, ਪਰ ਇਹਦਾ ਮਸ਼ਹੂਰ ਨਾਮ ਪਟਿਆਲਾ ਕੀ ਰੌ ਹੈ। ਖੁੱਡਾ ਲਾਹੌਰਾ ਅਤੇ ਪੀਜੀਆਈ ਕੋਲ ਇਹਦੇ ਨਾਮ ਦੀ ‘ਪਟਿਆਲਾ ਕੀ ਰੌ ਜੰਗਲੀ ਰੱਖ’ (ਪਟਿਆਲਾ ਕੀ ਰੌ ਰਿਜ਼ਰਵ ਫਾਰੈਸਟ) ਬਣੀ ਹੋਈ ਹੈ। ਇਹ ਨਦੀ ਮੁਹਾਲੀ ਜ਼ਿਲ੍ਹੇ ਦੇ ਪਿੰਡ ਪੜ੍ਹਛ ਕੋਲੋਂ ਸ਼ਿਵਾਲਿਕ ਪਹਾੜਾਂ ਵਿੱਚੋਂ ਨਿਕਲਦੀ ਹੈ ਅਤੇ ਦੱਖਣ-ਪੂਰਬ ਵੱਲ ਵਗਦੀ ਹੈ। ਨਦੀ ਕੰਢੇ ਪਿੰਡ ਛੋਟੀ ਪੜ੍ਹਛ ਤੋਂ ਮੱਧ ਪੱਥਰ ਯੁੱਗ ਦੇ ਔਜ਼ਾਰ ਮਿਲੇ ਹਨ। ਇਸ ਖਿੱਤੇ ਵਿੱਚ ਹੜੱਪਾ ਤਹਿਜ਼ੀਬ ਅਤੇ ਪੱਥਰ ਯੁੱਗ ਦੇ ਔਜ਼ਾਰ ਵਰਤ ਰਹੇ ਮਨੁੱਖਾਂ ਦਾ ਪਹਿਲੀ ਵਾਰ ਮੇਲ ਹੋਇਆ ਹੋਵੇਗਾ। ਇਹਦਾ ਮੁੱਖ ਵਹਿਣ ਪੜ੍ਹਛ-ਨਵਾਂ ਗਾਉਂ-ਮੁਹਾਲੀ ਵੇਰਕਾ ਚੌਕ-ਚੱਪੜਚਿੜੀ-ਲਾਂਡਰਾਂ-ਝੰਜੇੜੀ-ਮੱਛਲੀ ਕਲਾਂ-ਝਾਮਪੁਰ-ਬਰਾਸ-ਚੋਲਟੀ ਖੇੜੀ-ਪਤਾਰਸੀ ਕਲਾਂ-ਮੀਆਂਪੁਰ-ਬਹਿਲੋਲਪੁਰ ਜੱਟਾਂ-ਪੰਜੋਲਾ-ਨੰਦਪੁਰ ਕੇਸ਼ੋ-ਕਾਲਵਾ-ਦੌਲਤਪੁਰ-ਪਟਿਆਲਾ ਸ਼ਹਿਰ-ਜਲਾਲ ਖੇੜਾ-ਭਨਾਰੀ-ਗਾਜੀ ਸਲਾਰ-ਮਲਿਕਪੁਰ-ਚੰਨਾ ਹੈ ਅਤੇ ਇਹ ਰਤਨਹੇੜੀ ਕੋਲ ਘੱਗਰ ਵਿੱਚ ਡਿੱਗਦੀ ਹੈ। ਇਸ ਨਦੀ ਕੰਢੇ ਪਿੰਡ ਬਰਾਸ ਵਿੱਚ ਹੜੱਪਾ ਤਹਿਜ਼ੀਬ ਦੀ ਕੌਮਾਂਤਰੀ ਪ੍ਰਸਿੱਧੀ ਵਾਲੀ ਥੇਹ ਮੌਜੂਦ ਹੈ। ਬਰਾਸ ਤੋਂ ਖਰੋਸ਼ਠੀ ਲਿੱਪੀ ਦਾ ਨਮੂਨਾ ਮਿਲਿਆ ਸੀ। ਖਰੋਸ਼ਠੀ ਅਤੇ ਬ੍ਰਾਹਮੀ ਸਾਡੇ ਖਿੱਤੇ ਦੀਆਂ ਕਦੀਮੀ ਲਿੱਪੀਆਂ ਸਨ। ਇਸੇ ਨਦੀ ਕੰਢੇ ਪਿੰਡ ਚੱਪੜਚਿੜੀ ਵਿੱਚ ਬਾਬਾ ਬੰਦਾ ਬਹਾਦਰ ਦੀ ਫ਼ੌਜ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਦ ਖ਼ਾਨ ਨੂੰ ਹਰਾਇਆ ਸੀ।
ਪਟਿਆਲਵੀ ਨਦੀ ਦਾ ਕੇਂਦਰੀ ਅਤੇ ਹੇਠਲਾ ਹਿੱਸਾ ਸਤਲੁਜ ਦੇ ਪੁਰਾਣੇ ਵਹਿਣ ਵਜੋਂ ਪ੍ਰਚਾਰਿਆ ਜਾਂਦਾ ਹੈ। ਇਸ ਨੂੰ ਸਤਲੁਜ ਦੇ ਰੋਪੜ-ਸਰਹਿੰਦ-ਪਟਿਆਲਾ-ਸ਼ਤਰਾਣਾ-ਟੋਹਾਣਾ-ਮੂਨਕ-ਜਾਖਲ ਵਾਲੇ ਵਹਿਣ ਦੀ ਨਿਸ਼ਾਨੀ ਕਿਹਾ ਜਾਂਦਾ ਹੈ। ਖੋਜੀਆਂ ਨੇ ਜਾਖਲ ਨੇੜੇ ਸਰਹਿੰਦ ਵਹਿਣ ਵਿੱਚ ਅਤੇ ਪਟਿਆਲਵੀ ਨਦੀ ਦੇ ਵਹਿਣ ਵਿੱਚ ਸਤਲੁਜ ਦੇ ਚਾਰ ਹਜ਼ਾਰ ਸਾਲ ਤੋਂ ਲੈ ਕੇ ਇਕੱਤੀ ਹਜ਼ਾਰ ਸਾਲ ਪੁਰਾਣੇ ਕਣ ਲੱਭੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਸਤਲੁਜ ਪਹਿਲਾਂ ਘੱਗਰ-ਹਾਕੜਾ ਵਹਿਣ ਰਾਹੀਂ ਵਗਦਾ ਸੀ।

Advertisement

ਪਟਿਆਲਾ ਕੀ ਰੌ ਦੇ ਕੰਢੇ ਥੇਹਾਂ (Ancient Sites)

ਇਸ ਨਦੀ ਕੰਢੇ ਪਿੰਡ ਕਰੋੜ ਹੇਠਲੀ (ਲੋਅਰ), ਕਰੋੜ ਉਪਰਲੀ (ਅੱਪਰ) ਅਤੇ ਸਿਉਂਕ ਤੋਂ ਪਿਛਲੇਰੇ ਪੱਥਰ ਯੁੱਗ (ਲੋਅਰ ਪੈਲੀਉਲਿਥਿਕ ਏਜ) ਦੇ ਔਜ਼ਾਰ ਮਿਲੇ ਹਨ। ਪਿੰਡ ਘਿਉਰਾ ਅਤੇ ਕੈਲੋਂ ਦੀਆਂ ਥੇਹਾਂ ਸਿਖ਼ਰਲੇ ਹੜੱਪਾ ਕਾਲ (ਮੈਚਿਊਰ ਹੜੱਪਨ) ਨਾਲ ਜੁੜੀਆਂ ਹੋਈਆਂ ਹਨ। ਨਾਡਾ, ਸਾਰੰਗਪੁਰ, ਡੰਘੇੜੀਆਂ, ਹੰਸਾਲੀ, ਬਰਾਸ, ਈਸਰਹੇਲ, ਲਟੌਰ, ਮੂਲੇਪੁਰ, ਪਿਉਲੌਂਦੀਆਂ, ਕਾਲਵਾਂ, ਲਚਕਾਣੀ, ਧੰਮੋ ਮਾਜਰਾ, ਸੁਨਿਆਰ ਹੇੜੀ, ਖੇੜੀ ਗੁੱਜਰਾਂ ਅਤੇ ਘਿਉਰਾ ਦੀਆਂ ਥੇਹਾਂ ਪਿਛਲੇਰੇ ਹੜੱਪਾ ਕਾਲ (ਲੇਟਰ ਹੜੱਪਨ) ਨਾਲ ਸਬੰਧਿਤ ਹਨ।
ਪਟਿਆਲਵੀ ਨਦੀ ਕੰਢੇ ਮਿਲੀਆਂ ਥੇਹਾਂ ਦੇ ਨਾਮ ਹਨ: ਛੋਟੀ ਪੜਛ-1-2, ਕਰੋੜ ਅੱਪਰ, ਕਰੋੜ ਲੋਅਰ, ਸਿਉਂਕ, ਨਾਡਾ, ਸਾਰੰਗਪੁਰ, ਛੋਟੀ ਚੱਪੜਚਿੜੀ, ਵੱਡੀ ਚੱਪੜਚਿੜੀ, ਲਾਂਡਰਾਂ, ਬੈਰੋਂਪੁਰ, ਲਖਨੌਰ, ਨਾਨੋ ਮਾਜਰਾ, ਸੰਭਾਲਕੀ, ਕੈਲੋਂ, ਚੋਲਟਾ ਕਲਾਂ, ਚੋਲਟਾ ਖੁਰਦ, ਪੋਪਣਾ, ਰਸਨਹੇੜੀ, ਰੰਗੀਆਂ, ਗੱਬੇ ਮਾਜਰਾ, ਚਡਿਆਲਾ, ਸੈਦਪੁਰ, ਮਜਾਤ, ਮਛਲੀ ਕਲਾਂ, ਮਜਾਤੜੀ, ਮੱਕੜਾਂ, ਸਵਾੜਾ, ਡੰਘੇੜੀਆਂ, ਹੰਸਾਲੀ, ਪੀਰਜੈਨ, ਮਨਹੇੜਾ, ਬੱਸੀਆਂ ਬਰਾਹਮਣਾਂ, ਬਰਾਸ, ਈਸਰਹੇਲ, ਜਲਬੇੜੀ ਧੁੱਮੀ (ਥੇਹਵਾਲੀ), ਲਟੌਰ, ਨੰਦਪੁਰ ਕੇਸ਼ੋ, ਮੂਲੇਪੁਰ-1-2, ਪਿਉਲੌਂਦੀਆਂ, ਸ਼ੇਖੂਪੁਰਾ, ਕਾਲਵਾਂ-1-2, ਸਿਉਣਾ, ਲਚਕਾਣੀ, ਰੋਂਗਲਾ, ਧੰਮੋ ਮਾਜਰਾ, ਸੁਨਿਆਰ ਹੇੜੀ (ਇਹ ਨਾਭਾ ਤਹਿਸੀਲ ਵਿੱਚ ਲਿਖੀ ਮਿਲਦੀ ਹੈ। ਹੋ ਸਕਦਾ ਹੈ ਕਿ ਇਹ ਸਾਧੋਹੇੜੀ ਹੋਵੇ ਜੋ ਸਰਹਿੰਦ ਨਦੀ ਦੇ ਕੰਢੇ ਨਾਭਾ ਤਹਿਸੀਲ ਵਿੱਚ ਹੈ।), ਖੇੜੀ ਗੁੱਜਰਾਂ (ਮੂਲ ਲਿਖਤ ਵਿੱਚ ਖੇੜੀ ਗੱਜੂਆਂ ਲਿਖਿਆ ਹੈ।), ਸਫ਼ੇੜਾ, ਘਿਉਰਾ, ਮੰਜਾਲ ਅਤੇ ਰੁੜਕੀ ਕਸਬਾ (ਮੂਲ ਲਿਖਤ ਵਿੱਚ ਕਸਬਾ ਲਿਖਿਆ ਹੈ।)

ਅਟਾਵਾ ਚੋਅ ਅਤੇ ਤੰਗੋਰੀ ਚੋਅ

ਬਰਤਾਨਵੀ ਨਕਸ਼ਿਆਂ ਵਿੱਚ ਕਈ ਚੋਅ ਪਟਿਆਲਵੀ ਨਦੀ ਦੇ ਸਹਾਇਕ ਵਹਿਣ ਦੱਸੇ ਗਏ ਹਨ। ਹੁਣ ਇਨ੍ਹਾਂ ਚੋਆਂ ਦੇ ਰਸਤੇ ਬਦਲ ਦਿੱਤੇ ਗਏ ਹਨ ਜਾਂ ਗਾਇਬ ਹੋ ਚੁੱਕੇ ਹਨ। ਕਈਆਂ ਨੂੰ ਵਹਿਣ ਬਦਲ ਕੇ ਘੱਗਰ ਜਾਂ ਐੱਸਵਾਈਐਲ (ਸਤਲੁਜ ਯਮਨਾ ਲਿੰਕ) ਨਹਿਰ ਨਾਲ ਜੋੜ ਦਿੱਤਾ ਗਿਆ ਹੈ। 1866 ਦੇ ਨਕਸ਼ੇ ਵਿੱਚ ਬਨੂੜ ਵੱਲੋਂ ਆਉਂਦਾ ਪੁਰਾਣੇ ਘੱਗਰ ਵਾਲਾ ਵਹਿਣ ਪਟਿਆਲਵੀ ਨਦੀ ਨਾਲ ਮਿਲਦਾ ਸੀ। ਉਪਰਲੇ ਚੋਅ ਬਨੂੜ ਵਾਲੇ ਵਹਿਣ ਦਾ ਹਿੱਸਾ ਲੱਗਦੇ ਹਨ। ਇਸ ਕਰਕੇ ਮੈਂ ਇਨ੍ਹਾਂ ਨੂੰ ਪਟਿਆਲਵੀ ਨਦੀ ਦੇ ਵਹਿਣਾਂ ਵਜੋਂ ਦਿਖਾਇਆ ਹੈ। ਸਤਲੁਜ-ਯਮਨਾ ਲਿੰਕ ਨਹਿਰ ਨੇ ਪੂਰਬੀ ਪੰਜਾਬ ਦੀ ਤਰਾਈ ਦੇ ਬਹੁਤੇ ਵਹਿਣ ਵਿਚਕਾਰੋਂ ਵੱਢ ਦਿੱਤੇ ਹਨ। ਪਟਿਆਲੇ ਦੇ ਉੱਤਰ ਵਿੱਚ ਰਸੂਲਪੁਰ-ਜੌੜਾ ਕੋਲ ਪਟਿਆਲਾ ਕੀ ਰੌ ਨਾਲ ਕੋਈ ਵਹਿਣ ਮਿਲਦਾ ਹੈ। ਅਟਾਵਾ ਚੋਅ ਅਤੇ ਤੰਗੋਰੀ ਚੋਅ ਇਸ ਵਹਿਣ ਦਾ ਹਿੱਸਾ ਰਹੇ ਹੋਣਗੇ। ਬਨੂੜ ਦੇ ਹੇਠਾਂ ਚੋਈ ਨਾਲਾ ਅਟਾਵਾ ਚੋਆ ਵਿੱਚ ਮਿਲ ਜਾਂਦਾ ਹੈ। ਇਹ ਸਾਂਝਾ ਵਹਿਣ ਹੁਣ ਰਾਜਪੁਰੇ ਤੋਂ ਅੱਗੇ ਪੂਰਬ ਵਿੱਚ ਐੱਸਵਾਈਐਲ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ। ਜਾਪਦਾ ਹੈ ਕਿ ਇਹ ਵਹਿਣ ਰਾਜਪੁਰੇ ਤੋਂ ਵਾਇਆ ਕੌਲੀ ਹੋ ਕੇ ਪਟਿਆਲੇ ਦੇ ਉੱਤਰ ਪੂਰਬ ਵਿੱਚ ਪਟਿਆਲਵੀ ਨਦੀ ਨਾਲ ਮਿਲਦਾ ਸੀ। ਰਾਜਪੁਰੇ ਅਤੇ ਪਟਿਆਲੇ ਦੇ ਵਿਚਕਾਰ ਬਧੌਲੀ ਗੁਜਰਾਂ ਪਿੰਡ ਕੋਲ ਭਾਖੜਾ ਨਹਿਰ ਨੇ ਵਹਿਣ ਨੂੰ ਕੱਟਿਆ ਹੋਇਆ ਹੈ। ਬਧੌਲੀ ਗੁੱਜਰਾਂ ਤੋਂ ਪਟਿਆਲੇ ਤੱਕ ਪਟਿਆਲਵੀ ਨਦੀ ਵਿੱਚ ਮਿਲਣ ਤੱਕ ਇਹ ਵਹਿਣ ਅਜੇ ਵੀ ਮੌਜੂਦ ਹੈ। ਹੋਰ ਵਹਿਣ ਪੱਬਰਾਂ ਪਿੰਡ ਕੋਲ ਭਾਖੜਾ ਨਹਿਰ ਨੇ ਵਿਚਕਾਰੋਂ ਕੱਟਿਆ ਹੋਇਆ ਹੈ। ਇਹ ਵਹਿਣ ਕੌਲੀ ਦੇ ਹੇਠਾਂ ਬਧੌਲੀ ਗੁੱਜਰਾਂ ਵਾਲੇ ਵਹਿਣ ਨਾਲ ਮਿਲਦਾ ਹੈ। ਇਨ੍ਹਾਂ ਦਾ ਸਾਂਝਾ ਵਹਿਣ ਪਟਿਆਲਵੀ ਨਦੀ ਵਿੱਚ ਡਿੱਗਦਾ ਹੈ।
ਪੱਬਰਾਂ ਵਾਲਾ ਵਹਿਣ ਭਾਖੜਾ ਨਹਿਰ ਦੇ ਚੜ੍ਹਦੇ ਪਾਸਿਉਂ ਫਿਰ ਸ਼ੁਰੂ ਹੋ ਕੇ ਉੱਪਰ ਵੱਲ ਨੂੰ ਭੇਡਵਾਲ, ਬਖਸ਼ੀਵਾਲਾ, ਪੜਾਉ ਉਗਾਣਾ, ਉਗਾਣੀ, ਨੈਨਾ, ਨਲਾਸ ਥਰਮਲ ਪਲਾਂਟ ਕੋਲੋਂ ਹੋ ਕੇ ਸਦਰੌੜ, ਮਾਜਰੀ, ਕਿਹਰਗੜ੍ਹ, ਨਰੈਣਾਂ, ਬੀਰੋਮਾਜਰੀ ਕੋਲ ਐੱਸਵਾਈਐਲ ਨਹਿਰ ਪਾਰ ਕਰਦਾ ਹੈ। ਤਸੌਲੀ ਕੋਲ ਦੋ ਵਹਿਣਾਂ ਦਾ ਮੇਲ ਹੁੰਦਾ ਹੈ। ਦੱਖਣੀ ਵਹਿਣ ਦਾ ਅੰਤ ਤਸੌਲੀ ਦੇ ਟੋਬੇ ਵਿੱਚ ਹੋ ਜਾਂਦਾ ਹੈ। ਇਹਦੇ ਕੋਲ ਢੇਲਪੁਰ-ਗੁੱਡਾਣਾ-ਨਗਾਰੀ ਗੀਗੇਮਾਜਰਾ ਅਤੇ ਬਠਲਾਣਾ ਵਰਗੀਆਂ ਕਦੀਮੀ ਥੇਹਾਂ ਹਨ। ਉੱਤਰੀ ਵਹਿਣ ਚਡਿਆਲੇ ਵੱਲ ਨੂੰ ਜਾਂਦਾ ਹੈ, ਪਰ ਬਹੁਤਾ ਸਪੱਸ਼ਟ ਨਹੀਂ ਰਹਿੰਦਾ। ਇਹ ਵਹਿਣ ਗਿੱਦੜਪੁਰ ਅਤੇ ਭਰਤਪੁਰ ਵੱਲੋਂ ਆਉਂਦਾ ਦਿਸਦਾ ਹੈ ਜੋ ਟੁੱਟਵਾਂ ਜਿਹਾ ਹੈ। ਮਛਲੀ ਖੁਰਦ, ਚੁਗਿਆਲਾ, ਸ਼ਾਮਪੁਰ, ਬੈਂਰੋਪੁਰ ਅਤੇ ਲਖਨੌਰ ਦੀਆਂ ਥੇਹਾਂ ਇਸ ਵਹਿਣ ਦੇ ਕੰਢੇ ਹਨ। ਲਖਨੌਰ ਕੋਲ ਮੁਹਾਲੀ ਜ਼ਿਲ੍ਹੇ ਦੀਆਂ ਅਦਾਲਤੀ ਇਮਾਰਤਾਂ ਕੋਲ ਇਹ ਵਹਿਣ ਦਿਸਣਾ ਬੰਦ ਹੋ ਜਾਂਦਾ ਹੈ।
ਅਟਾਵਾ ਚੋਅ ਸੈਕਟਰ-2 ਚੰਡੀਗੜ੍ਹ ਕੋਲੋਂ ਜਾਰੀ ਹੁੰਦਾ ਹੈ। ਸਮਕਾਲੀ ਪੰਜਾਬ ਅਤੇ ਚੰਡੀਗੜ੍ਹ ਦੀਆਂ ਮਸ਼ਹੂਰ ਥਾਵਾਂ ਜਿਵੇਂ ਹਾਈਕੋਰਟ, ਰੋਜ਼ ਗਾਰਡਨ, ਸੈਕਟਰ-42 ਸਟੇਡੀਅਮ, ਬੁੜੈਲ ਜੇਲ੍ਹ ਅਤੇ ਮੁਹਾਲੀ ਕ੍ਰਿਕਟ ਮੈਦਾਨ ਇਸ ਵਹਿਣ ਦੇ ਕੰਢੇ ਉਸਾਰੀਆਂ ਗਈਆਂ ਹਨ।
ਖਰੜ-ਮੁਹਾਲੀ-ਚੰਡੀਗੜ੍ਹ-ਜ਼ੀਰਕਪੁਰ-ਬਨੂੜ ਵਿੱਚ ਹੋਈ ਅੰਨ੍ਹੇਵਾਹ ਉਸਾਰੀ ਨੇ ਬਹੁਤੇ ਵਹਿਣਾਂ ਦੇ ਕੁਦਰਤੀ ਰਸਤਿਆਂ ਨੂੰ ਖ਼ਤਮ ਕਰ ਦਿੱਤਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਖਿੱਤਾ ਹੜੱਪਾ ਥੇਹਾਂ ਦਾ ਘਰ ਰਿਹਾ ਹੈ। ਇਹ ਪੰਜਾਬ ਦੀ ਅਮੀਰ ਥੇਹਖੋਜ ਵਿਰਾਸਤ ਅਤੇ ਇਤਿਹਾਸ ਦਾ ਗਵਾਹ ਸੀ। ਇਹ ਖਿੱਤਾ ਪੰਜਾਬ ਦੀ ਇਸ ਵਿਰਾਸਤ ਦਾ ਕੇਂਦਰ ਬਣ ਸਕਦਾ ਸੀ। ਇਸ ਖਿੱਤੇ ਵਿੱਚ ਪੱਥਰ ਯੁੱਗ ਅਤੇ ਹੋਰ ਤਹਿਜ਼ੀਬਾਂ ਦੀਆਂ ਕੀਮਤੀ ਨਿਸ਼ਾਨੀਆਂ ਸਨ। ਬੜੀ, ਕੁਰੜਾ, ਕੁਰੜੀ ਅਤੇ ਤੰਗੋਰੀ ਪਿੰਡਾਂ ਦੀਆਂ ਥੇਹਾਂ ਦਾ ਨਾਤਾ ਸਿਖ਼ਰਲੇ ਹੜੱਪਾ ਕਾਲ (ਮੈਚਿਊਰ ਹੜੱਪਨ) ਨਾਲ ਸੀ। ਨਗਾਰੀ, ਗੱਜੂ ਖੇੜਾ, ਉੱਚਾ ਖੇੜਾ, ਕਲੌਲੀ ਅਤੇ ਸੀਲ ਪਿੰਡਾਂ ਦੀਆਂ ਥੇਹਾਂ ਪਿਛਲੇਰੇ ਹੜੱਪਾ ਕਾਲ (ਲੇਟਰ ਹੜੱਪਨ) ਦੀਆਂ ਸਨ। ਬਾਕੀ ਥੇਹਾਂ ਚਿੱਤਰੇ ਸਲੇਟੀ ਭਾਂਡਿਆਂ ਦੇ ਕਾਲ (ਪੇਂਟਡ ਗਰੇਵੇਅਰ), ਸਲੇਟੀ ਭਾਂਡਿਆਂ ਦੇ ਕਾਲ, (ਗਰੇਵੇਅਰ), ਕੁਸ਼ਾਨ-ਸੁੰਗ ਕਾਲ, ਮੁੱਢਲਾ ਇਤਿਹਾਸਕ ਕਾਲ (ਅਰਲੀ ਹਿਸਟੌਰੀਕਲ) ਅਤੇ ਮੱਧਕਾਲ (ਮਿਡੀਵਲ) ਨਾਲ ਜੁੜੀਆਂ ਹੋਈਆਂ ਸਨ। ਇਹ ਵਸੇਬ ਛੋਟੇ ਵਹਿਣਾਂ ਅਤੇ ਨਦੀਆਂ ਦੇ ਕੰਢੇ ਪਰਵਾਨ ਚੜ੍ਹੇ ਸਨ। ਤਕਰੀਬਨ ਹਰ ਪਿੰਡ ਵਿੱਚ ਕਦੀਮੀ ਥੇਹ ਮੌਜੂਦ ਸੀ ਜੋ ਹੁਣ ਨਾਮਨਿਹਾਦ ਬਚੀਆਂ ਹਨ। ਛੱਤ-ਬੀੜ ਵਾਲੀ ਥੇਹ ਦਾ ਹਾਲ ਦੇਖਿਆ ਜਾ ਸਕਦਾ ਹੈ ਜਿੱਥੇ ਹੁਣ ਵੀ ਪੁਰਾਣੇ ਭਾਂਡੇ ਅਤੇ ਨਿਸ਼ਾਨੀਆਂ ਖਿੱਲਰੇ ਮਿਲ ਜਾਣਗੇ। ਪਰ ਇਹ ਕਿੰਨੀ ਦੇਰ ਕਾਇਮ ਰਹੇਗੀ?

Advertisement

ਅਟਾਵਾ ਚੋਅ ਅਤੇ ਤੰਗੋਰੀ ਚੋਅ ਕੰਢੇ ਦੀਆਂ ਕਦੀਮੀ ਥੇਹਾਂ (Ancient Sites)

ਚੰਡੀਗੜ੍ਹ 17 ਸੈਕਟਰ, ਬੁਟੇਰਲਾ, ਝਿਊਰਹੇੜੀ, ਮੌਲੀ, ਕੁੰਭੜਾ, ਸੋਹਾਣਾ, ਬੜੀ, ਕੁਰੜਾ, ਕੁਰੜੀ, ਪੱਤੋਂ, ਤੰਗੋਰੀ, ਮਨੌਲੀ, ਪਰੇਮਗੜ੍ਹ, ਨਗਾਰੀ, ਢੇਲਪੁਰ, ਸਨੇਟਾ, ਸ਼ਾਮਪੁਰ, ਰਾਏਪੁਰ ਕਲਾਂ, ਰਾਏਪੁਰ ਖੁਰਦ, ਬਠਲਾਣਾ, ਗੁਡਾਣਾ, ਗੀਗੇ ਮਾਜਰਾ, ਕੰਡਾਲਾ, ਕੰਬਾਲਾ, ਚਿੱਲਾ, ਗੱਜੂ ਖੇੜਾ, ਉੱਚਾ ਖੇੜਾ, ਕਲੌਲੀ, ਹੁਲਕਾ, ਜਾਂਸਲਾ, ਗੱਦੋ ਮਾਜਰਾ, ਰਾਏ ਮਾਜਰਾ, ਕੋਟਲਾ ਸ਼ਾਮਦੋ, ਸਰਾਇ ਸ਼ੰਭੂ, ਕੌਲੀ, ਮੁਲਤਾਨਪੁਰ, ਅਲੀਪੁਰ ਅਤੇ ਸੀਲ।

ਈ-ਮੇਲ: jatindermauhar@gmail.com

Advertisement