For the best experience, open
https://m.punjabitribuneonline.com
on your mobile browser.
Advertisement

ਸਾਡਾ ਕੀ ਕਸੂਰ: ਨੇਤਾ ਨੇੜੇ, ਮੁੱਦੇ ਦੂਰ..!

06:43 AM May 22, 2024 IST
ਸਾਡਾ ਕੀ ਕਸੂਰ  ਨੇਤਾ ਨੇੜੇ  ਮੁੱਦੇ ਦੂਰ
ਪਟਿਆਲਾ ਹਲਕੇ ਦੇ ਪਿੰਡ ਧਨੇੜੀ ਜੱਟਾਂ ਦੀਆਂ ਮਜ਼ਦੂਰ ਔਰਤਾਂ ਆਪਣੀਆਂ ਮੁਸ਼ਕਲਾਂ ਦੱਸਦੀਆਂ ਹੋਈਆਂ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 21 ਮਈ
ਲੋਕ ਸਭਾ ਚੋਣਾਂ ਦੇ ਘੜਮੱਸ ’ਚ ਸਿਆਸੀ ਨੇਤਾ ਹਾਜ਼ਰ ਹਨ ਜਦਕਿ ਲੋਕ ਮੁੱਦੇ ਗ਼ਾਇਬ ਹਨ। ਕਿਧਰੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੀ ਚਰਚਾ ਨਹੀਂ ਹੋ ਰਹੀ ਹੈ ਅਤੇ ਪੰਜਾਬ ਦੇ ਲੋਕ ਜਿਹੜੇ ਹਾਲਾਤ ਨਾਲ ਜੂਝ ਰਹੇ ਹਨ, ਉਨ੍ਹਾਂ ਤੋਂ ਉਮੀਦਵਾਰਾਂ ਨੇ ਮੂੰਹ ਫੇਰ ਲਿਆ ਹੈ। ਮੁੱਦਿਆਂ ਦੀ ਥਾਂ ਨਿੱਜੀ ਦੂਸ਼ਣਬਾਜ਼ੀ ਨੇ ਲੈ ਲਈ ਹੈ। ਕੋਈ ਵੇਲਾ ਸੀ ਜਦੋਂ ਚੋਣ ਪਿੜ ਵਿਚ ਪੰਜਾਬ ਦੀ ਰਾਜਧਾਨੀ, ਨਹਿਰੀ ਪਾਣੀਆਂ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ ਗੂੰਜਦੇ ਸਨ। ਸੂਬਿਆਂ ਦੇ ਖੋਹੇ ਜਾ ਰਹੇ ਅਧਿਕਾਰਾਂ ਦਾ ਕੇਸ ਲੋਕ ਕਚਹਿਰੀ ’ਚ ਰੱਖਿਆ ਜਾਂਦਾ ਸੀ। ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦਾ ਗੇੜਾ ਲਾ ਕੇ ਦੇਖਿਆ ਤਾਂ ਇਹ ਮੁੱਦੇ ਲੋਕਾਂ ਦੀ ਜ਼ੁਬਾਨ ’ਤੇ ਹਨ ਪਰ ਸਿਆਸਤਦਾਨ ਮਲਵੀਂ ਜੀਭ ਨਾਲ ਹੀ ਬੋਲ ਰਹੇ ਹਨ। ਵਿਰੋਧੀ ਧਿਰਾਂ ਚੋਣਾਂ ਵਿਚ ਸੱਤਾਧਾਰੀ ਧਿਰ ਨੂੰ ਘੇਰਨ ਲਈ ਮੁੱਦੇ ਉਭਾਰ ਰਹੀ ਹੈ। ਬੇਅਦਬੀ ਦਾ ਮੁੱਦਾ ਦੋ ਪ੍ਰਮੁੱਖ ਸਿਆਸੀ ਧਿਰਾਂ ਨੂੰ ਸੱਤਾ ਤੋਂ ਦੂਰ ਕਰ ਗਿਆ ਹੈ ਪਰ ਇਸ ਚੋਣ ਵਿੱਚ ਇਹ ਮੁੱਦਾ ਸਿਰਫ਼ ਫ਼ਰੀਦਕੋਟ ਹਲਕੇ ਤੱਕ ਹੀ ਸੀਮਤ ਰਹਿ ਗਿਆ ਹੈ। ਡੇਰਾਬੱਸੀ ਹਲਕੇ ਦੇ ਪਿੰਡ ਝਮਾਸਾ ਦੇ ਕਿਸਾਨ ਜੀਤੇ ਦਾ ਕਹਿਣਾ ਸੀ ਕਿ ਸਰਕਾਰਾਂ ਵੱਲੋਂ ਲੋਕ ਮਸਲਿਆਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਹੈ। ਬਠਿੰਡਾ, ਮਾਨਸਾ ਤੇ ਫ਼ਰੀਦਕੋਟ ਵਿੱਚ ਕੈਂਸਰ ਦਾ ਕਹਿਰ ਸਿਖਰ ’ਤੇ ਹੈ ਪਰ ਕਿਧਰੇ ਇਸ ਦੀ ਗੱਲ ਨਹੀਂ ਹੋ ਰਹੀ ਹੈ। ਸਰਕਾਰੀ ਤੱਥ ਹਨ ਕਿ ਪੰਜਾਬ ਵਿਚ ਕੈਂਸਰ ਨਾਲ ਹਰ ਘੰਟੇ ਵਿੱਚ ਔਸਤਨ ਤਿੰਨ ਮੌਤਾਂ ਹੋ ਰਹੀਆਂ ਹਨ। ਫ਼ਰੀਦਕੋਟ ਹਲਕੇ ਦੇ ਪਿੰਡ ਦੋਦਾ ਦੇ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਲੋਕ ਕੈਂਸਰ ਦੇ ਇਲਾਜ ਦੀ ਪਹੁੰਚ ’ਚ ਨਹੀਂ ਹਨ ਪਰ ਕਿਸੇ ਸਿਆਸੀ ਧਿਰ ਨੇ ਇਨ੍ਹਾਂ ਪੀੜਤਾਂ ਦਾ ਮੁੱਦਾ ਨਹੀਂ ਚੁੱਕਿਆ ਹੈ। ਸਿਆਸੀ ਧਿਰਾਂ ਨੇ ਨਸ਼ਿਆਂ ਨੂੰ ਮੁੱਖ ਮੁੱਦਾ ਨਹੀਂ ਬਣਾਇਆ ਹੈ। ਭਾਜਪਾ ਸੂਬੇ ਦੀ ਲਾਅ ਐਂਡ ਆਰਡਰ ਦਾ ਮਸਲਾ ਚੁੱਕ ਰਹੀ ਹੈ ਅਤੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਖ਼ਿਲਾਫ਼ ਇੱਕ ਮੁਹਿੰਮ ਖੜ੍ਹੀ ਕਰ ਰਹੀ ਹੈ। ਸ਼ਹਿਰੀ ਖੇਤਰਾਂ ’ਚ ਹੇਠਲਾ ਤਬਕਾ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਗੋਬਿੰਦਗੜ੍ਹ ਦੇ ਸਨਅਤੀ ਮਜ਼ਦੂਰ ਹਰੀ ਕਿਸ਼ਨ ਦਾ ਕਹਿਣਾ ਸੀ ਕਿ ਮਹਿੰਗਾਈ ਨੇ ਕਚੂਮਰ ਕੱਢ ਰੱਖਿਆ ਹੈ ਅਤੇ ਦਿਨ ਕਟੀ ਕਰਨੀ ਵੀ ਹੁਣ ਮੁਸ਼ਕਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੀ ਨਜ਼ਰ ਉਨ੍ਹਾਂ ਦੀ ਵੋਟ ’ਤੇ ਹੈ ਪਰ ਉਨ੍ਹਾਂ ਦੇ ਦੁੱਖਾਂ ਦੀ ਗੱਲ ਕੋਈ ਨਹੀਂ ਕਰਦਾ। ਪੰਜਾਬ ’ਚ ਪਰਵਾਸ ਦਾ ਵੱਡਾ ਮੁੱਦਾ ਹੈ ਜਿਸ ’ਤੇ ਕਿਧਰੇ ਕੋਈ ਚਰਚਾ ਨਹੀਂ ਹੈ। ਲੰਘੇ ਅੱਠ ਵਰ੍ਹਿਆਂ ਦੀ ਔਸਤ ਦੇਖੀਏ ਤਾਂ ਪੰਜਾਬ ’ਚੋਂ ਰੋਜ਼ਾਨਾ ਔਸਤਨ 250 ਨੌਜਵਾਨ ਜਹਾਜ਼ ਚੜ੍ਹ ਰਹੇ ਹਨ। ਪਿੰਡਾਂ ਦੇ ਪਿੰਡ ਖ਼ਾਲੀ ਹੋ ਰਹੇ ਹਨ। ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦੀ ਗਗਨਪ੍ਰੀਤ ਕੌਰ ਆਖਦੀ ਹੈ ਕਿ ਵੱਡਾ ਮਸਲਾ ਰੁਜ਼ਗਾਰ ਦਾ ਹੈ ਅਤੇ ਬਹੁਤਿਆਂ ਕੋਲ ਵਿਦੇਸ਼ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਸਰਹੱਦੀ ਜ਼ਿਲ੍ਹਿਆਂ ਫ਼ਿਰੋਜ਼ਪੁਰ, ਤਰਨ ਤਾਰਨ ਤੇ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ ਹਲਕੇ ’ਚ ਭਾਰਤ-ਪਾਕਿ ਬਾਰਡਰ ਖੋਲ੍ਹੇ ਜਾਣ ਦਾ ਮੁੱਦਾ ਹੈ। ਉਮੀਦਵਾਰ ਇਹ ਬਾਰਡਰ ਖੁੱਲ੍ਹਵਾਉਣ ਦਾ ਵਾਅਦਾ ਕਰ ਰਹੇ ਹਨ। ਮਾਲਵੇ ’ਚ ਕਿਸਾਨ ਖੁਦਕੁਸ਼ੀਆਂ ਅਤੇ ਕਰਜ਼ੇ ਦੀ ਗੱਲ ਵੀ ਚੋਣ ਪ੍ਰਚਾਰ ’ਚੋਂ ਗ਼ਾਇਬ ਹੈ। ਪੰਜਾਬ ਦੇ ਪ੍ਰਤੀ ਕਿਸਾਨ ਸਿਰ 2.95 ਲੱਖ ਰੁਪਏ ਬੈਂਕਾਂ ਦਾ ਕਰਜ਼ਾ ਹੈ। ਸਮੁੱਚਾ ਕਰਜ਼ਾ ਇੱਕ ਲੱਖ ਕਰੋੜ ਦੇ ਕਰੀਬ ਹੈ। ਕਿਸਾਨ ਨੇਤਾ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਕੋਈ ਵੀ ਸਰਕਾਰ ਖੇਤੀ ਨੀਤੀ ਨਹੀਂ ਬਣਾ ਸਕੀ ਹੈ, ਬਾਕੀ ਗੱਲਾਂ ਤਾਂ ਦੂਰ ਦੀ ਗੱਲ। ਉਹ ਕਿਹਾ ਕਿ ਕਿਸਾਨਾਂ ਨੂੰ ਸਿਆਸਤਦਾਨਾਂ ਨੇ ਵੋਟ ਬੈਂਕ ਤੋਂ ਸਿਵਾਏ ਕਦੇ ਵੀ ਕੋਈ ਮਹੱਤਵ ਨਹੀਂ ਦਿੱਤਾ ਹੈ। ਲੁਧਿਆਣਾ ਦਾ ਸਨਅਤਕਾਰ ਈਸ਼ਵਰ ਸਿੰਘ ਭੰਦੋਹਲ ਆਖਦਾ ਹੈ ਕਿ ਪੰਜਾਬ ਵਿਚ ਸਨਅਤੀ ਵਿਕਾਸ ਕਾਫ਼ੀ ਪੱਛੜ ਗਿਆ ਹੈ ਅਤੇ ਧਰਨਿਆਂ ਦੇ ਮਾਹੌਲ ਨੇ ਸਭ ਤੋਂ ਵੱਧ ਖੱਜਲ ਉਦਯੋਗਾਂ ਨੂੰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਸਨਅਤੀ ਵਿਕਾਸ ਨੂੰ ਪ੍ਰਮੁੱਖ ਏਜੰਡੇ ਦੇ ਰੂਪ ਵਿੱਚ ਨਹੀਂ ਲੈ ਰਹੀਆਂ। ਫ਼ਿਰੋਜ਼ਪੁਰ ਹਲਕੇ ਦੇ ਪਿੰਡ ਕੁਲਾਰ ਦਾ ਜਸਵੰਤ ਸਿੰਘ ਆਖਦਾ ਹੈ ਕਿ ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਕਿਸੇ ਦੇ ਏਜੰਡੇ ’ਤੇ ਨਹੀਂ ਹਨ। ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਗੱਲ ਹੀ ਕੋਈ ਉਮੀਦਵਾਰ ਨਹੀਂ ਕਰ ਰਿਹਾ ਹੈ।
ਇੰਨਾ ਜ਼ਰੂਰ ਹੈ ਕਿ ਪੰਜਾਬ ਦੀਆਂ ਸੜਕਾਂ ਦਾ ਜ਼ਿਕਰ ਚੋਣ ਪ੍ਰਚਾਰ ਜ਼ਰੂਰ ਹੋ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਟੇਲਾਂ ਤੱਕ ਪਹੁੰਚਾਏ ਨਹਿਰੀ ਪਾਣੀ, ਖੇਤੀ ਸੈਕਟਰ ਨੂੰ ਕੱਟ ਰਹਿਤ ਦਿਨੇ ਦਿੱਤੀ ਬਿਜਲੀ, ਜ਼ੀਰੋ ਬਿੱਲਾਂ ਅਤੇ ਸਰਕਾਰੀ ਨੌਕਰੀਆਂ ਦੀ ਗੱਲ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ‘ਆਪ’ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਗੱਲ ਸਟੇਜਾਂ ਤੋਂ ਕੀਤੀ ਜਾ ਰਹੀ ਹੈ। ਸਥਾਨਕ ਪੱਧਰ ਦੇ ਮਸਲੇ ਆਮ ਲੋਕ ਖ਼ੁਦ ਹੀ ਉਭਾਰ ਰਹੇ ਹਨ। ਆਉਂਦੇ ਦਿਨਾਂ ਵਿਚ ਵੱਡੀਆਂ ਸਿਆਸੀ ਰੈਲੀਆਂ ਹੋਣੀਆਂ ਹਨ ਜਿਨ੍ਹਾਂ ਨਾਲ ਪੰਜਾਬ ਦਾ ਚੋਣ ਮਾਹੌਲ ਹੋਰ ਭਖੇਗਾ।

Advertisement

Advertisement
Author Image

joginder kumar

View all posts

Advertisement
Advertisement
×