ਵਹੁਟੀ ਲੈਣ ਗਏ ਨੌਜਵਾਨ ਨੂੰ ਹੋਇਆ ਕਰੋਨਾ
ਪੱਤਰ ਪ੍ਰੇਰਕ
ਜੀਂਦ, 24 ਜੁਲਾਈ
ਜੀਂਦ ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਦਾ ਇੱਕ ਨੌਜਵਾਨ ਪੱਛਮੀ ਬੰਗਾਲ ਵਿੱਚ ਆਪਣੀ ਵਹੁਟੀ ਲੈਣ ਗਿਆ ਸੀ, ਪਰ ਉਥੇ ਉਸ ਨੂੰ ਕਰੋਨਾ ਹੋ ਗਿਆ। ਉਸ ਨੂੰ ਪੱਛਮੀ ਬੰਗਾਲ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਰਕਾਰੀ ਸੂਤਰਾਂ ਅਨੁਸਾਰ ਜੀਂਦ ਜ਼ਿਲ੍ਹੇ ਵਿੱਚ ਬੀਤੀ ਸ਼ਾਮ ਤੱਕ ਕਰੋਨਾ ਦੇ ਨੌਂ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਜ਼ਿਲ੍ਹੇ ਵਿੱਚ ਕਰੋਨਾ ਦਾ ਅੰਕੜਾ 212 ਉੱਤੇ ਪਹੁੰਚ ਗਿਆ ਹੈ। ਜੀਂਦ ਦੇ ਸਿਹਤ ਵਿਭਾਗ ਨੂੰ ਗੁਪਤ ਤੌਰ ਉੱਤੇ ਮਿਲੀ ਜਾਣਕਾਰੀ ਦੇ ਅਨੁਸਾਰ ਨੰਦਗੜ੍ਹ ਪਿੰਡ ਦਾ ਨੌਜਵਾਨ ਪੱਛਮੀ ਬੰਗਾਲ ਦੇ ਬਰਸੋਈ ਵਿੱਚ ਵਿਆਹ ਕਰਵਾਉਣ ਲਈ ਗਿਆ ਸੀ। ਉੱਥੇ ਰਾਮਗੰਜ ਹਸਪਤਾਲ ਵਿੱਚ ਉਸਨੇ ਕਰੋਨਾ ਲਈ ਸੈਂਪਲ ਦਿੱਤਾ, ਜਿੱਥੇ ਕੱਲ੍ਹ ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਸਦੇ ਸੰਪਰਕ ਵਿੱਚ ਆਏ ਚਾਰ ਲੋਕੀਂ ਉਸਦੇ ਪਰਿਵਾਰ ਦੇ ਹਨ, ਉਨ੍ਹਾਂ ਨੂੰ ਵੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਜੀਂਦ ਦੇ ਸਿਹਤ ਵਿਭਾਗ ਨੇ ਬੀਤੇ ਦਨਿੀਂ 352 ਸੈਂਪਲ ਲਏ ਸੀ, ਜਨਿ੍ਹਾਂ ਵਿੱਚੋਂ ਅੱਠ ਸੈਂਪਲ ਪਾਜ਼ੇਟਿਵ ਨਿਕਲੇ ਹਨ। ਇਨ੍ਹਾਂ ਵਿੱਚ ਪੰਜ ਮਾਮਲੇ ਅਰਬਨ ਅਸਟੇਟ ਜੀਂਦ, ਦੋ ਜੁਲਾਨਾ ਅਤੇ ਇੱਕ ਨਰਵਾਣਾ ਦਾ ਮਾਮਲਾ ਸ਼ਾਮਲ ਹੈ।