ਗਲਵਾਨ ’ਚ ਜੋ ਹੋਇਆ, ਮੁੜ ਨਹੀਂ ਹੋਣਾ ਚਾਹੀਦਾ: ਜਨਰਲ ਦਿਵੇਦੀ
ਪੁਣੇ, 15 ਜਨਵਰੀ
ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ਉੱਤਰੀ ਸਰਹੱਦ ’ਤੇ ਸਥਿਤੀ ਸਥਿਰ ਪਰ ਸੰਵੇਦਨਸ਼ੀਲ ਬਣੀ ਹੋਈ ਹੈ। ਉਨ੍ਹਾਂ ਕਿਹਾ, ‘ਗਲਵਾਨ ਵਿੱਚ ਜੋ ਕੁਝ ਵੀ ਹੋਇਆ, ਉਹ ਦੁਬਾਰਾ ਨਾ ਹੋਵੇ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਹੈ। ਇੱਥੇ 77ਵੇਂ ਫ਼ੌਜ ਦਿਵਸ ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਫ਼ੌਜ ਮੁਖੀ ਨੇ ਜ਼ੋਰ ਦੇ ਕੇ ਕਿਹਾ ਕਿ ਉੱਤਰੀ ਸਰਹੱਦ ’ਤੇ ਆਧੁਨਿਕ ਉਪਕਰਨਾਂ ਅਤੇ ਅਹਿਮ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਉਨ੍ਹਾਂ ਇੱਥੇ 77ਵੇਂ ਫ਼ੌਜ ਦਿਵਸ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਗਲਵਾਨ ਵਿੱਚ ਜੋ ਵੀ ਹੋਇਆ, ਉਹ ਦੁਬਾਰਾ ਨਾ ਹੋਵੇ।’ ਮਈ 2020 ਵਿੱਚ ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਵਿਚਾਲੇ ਫੌਜੀ ਟਕਰਾਅ ਸ਼ੁਰੂ ਹੋਇਆ ਸੀ ਅਤੇ ਉਸੇ ਸਾਲ ਜੂਨ ਵਿੱਚ ਗਲਵਾਨ ਘਾਟੀ ’ਚ ਹੋਈ ਹਿੰਸਕ ਝੜਪ ਕਾਰਨ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸਬੰਧ ਤਣਾਅਪੂਰਨ ਹੋ ਗਏ ਸਨ। ਉੱਤਰੀ ਸਰਹੱਦ ’ਤੇ ਸਥਿਤੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਫ਼ੌਜ ਮੁਖੀ ਨੇ ਕਿਹਾ, ‘ਉੱਤਰੀ ਸਰਹੱਦਾਂ ਸੁਰੱਖਿਅਤ ਹਨ। ਉਥੇ ਲੋੜੀਂਦੀ ਗਿਣਤੀ ਵਿੱਚ ਫ਼ੌਜ ਦੇ ਜਵਾਨ ਤਾਇਨਾਤ ਹਨ।’
ਇੱਥੇ ਫ਼ੌਜ ਦਿਵਸ ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਫੌਜ ਮੁਖੀ ਨੇ ਕਿਹਾ ਕਿ ਕੰਟਰੋਲ ਰੇਖਾ (ਐੱਲਓਸੀ) ’ਤੇ ਜੰਗਬੰਦੀ ਜਾਰੀ ਹੈ ਪਰ ‘ਘੁਸਪੈਠ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।’ ਸਮਾਗਮ ਦੌਰਾਨ ਪਰੇਡ ਵਿੱਚ ਫੌਜ ਦੇ ਕੁਝ ਅਤਿ-ਆਧੁਨਿਕ ਐਕਰੋਬੈਟਿਕਸ ਕਰਤਬਾਂ ਦਾ ਪ੍ਰਦਰਸ਼ਨ, ਤਿੰਨ ਸੁ-30 ਜਹਾਜ਼ਾਂ ਵੱਲੋਂ ‘ਫਲਾਈ-ਪਾਸਟ’ ਅਤੇ ਕਈ ਪੈਦਲ ਟੁਕੜੀਆਂ ਸ਼ਾਮਲ ਸਨ। -ਪੀਟੀਆਈ