For the best experience, open
https://m.punjabitribuneonline.com
on your mobile browser.
Advertisement

ਮੈਂ ਕਵਿਤਾ ਕਿਸ ਲਈ ਲਿਖਦਾ ਹਾਂ ?

08:48 AM Oct 01, 2023 IST
ਮੈਂ ਕਵਿਤਾ ਕਿਸ ਲਈ ਲਿਖਦਾ ਹਾਂ
Advertisement

ਡਾ. ਰਵਿੰਦਰ

Advertisement

ਸੁਖ਼ਨ ਭੋਇੰ 29

Advertisement

ਇਹ ਸਵਾਲ ਮੈਂ ਆਪਣੇ ਆਪ ਨੂੰ ਬੜੀ ਵਾਰ ਪੁੱਛਿਆ ਹੈ: ਮੈਂ ਕਵਿਤਾ ਕਿਸ ਲਈ ਲਿਖਦਾ ਹਾਂ? ਮੇਰੇ ਕਵਿਤਾ ਲਿਖਣ ਜਾਂ ਨਾ ਲਿਖਣ ਨਾਲ ਕਿਸ ਨੂੰ ਫ਼ਰਕ ਪੈਣਾ ਹੈ। ਫਿਰ ਵੀ ਕੁਝ ਤਾਂ ਹੈ ਜੋ ਮੇਰੀ ਸ਼ਾਇਰੀ ਰਾਹੀਂ ਆਪਣਾ ਪ੍ਰਗਟਾਅ ਚਾਹੁੰਦਾ ਹੈ। ਕਦੇ ਮੈਨੂੰ ਲੱਗਦਾ ਹੈ ਮੈਂ ਸਿਰਫ਼ ਆਪਣੇ ਆਪ ਨਾਲ ਹੀ ਗੱਲਾਂ ਕਰਨੀਆਂ ਚਾਹੁੰਦਾ ਹਾਂ ਪਰ ਪੂਰੀ ਤਰ੍ਹਾਂ ਨਿਰਉਚੇਚ ਅਤੇ ਸੱਚ ਦਾ ਪੱਲਾ ਫੜ ਕੇ। ਅਜਿਹਾ ਕਈ ਵਾਰ ਸੰਭਵ ਨਾ ਹੋਣ ਕਰਕੇ ਕਾਵਿ ਰੂਪ ਵਿਚ ਰਮਜ਼ਾਂ ਇਸ਼ਾਰਿਆਂ ਵਿਚ ਲਿਖਣਾ ਪੈਂਦਾ ਹੈ।
ਕੀ ਮੇਰੀ ਕਵਿਤਾ ‘ਮੈਂ’ ਮੁਖੀ ਹੈ- ਸ਼ਾਇਦ ਇਹ ਠੀਕ ਹੋਵੇ ਪਰ ਮੇਰੀ ‘ਮੈਂ’ ਵਿਚ ਬਹੁਤ ਕੁਝ ਬਾਹਰਲਾ ਵੀ ਸ਼ਾਮਿਲ ਹੋ ਜਾਂਦਾ ਹੈ। ਕੁਝ ਵੀ ਜੋ ਮਾਨਵੀ ਪੱਧਰ ਉੱਤੇ ਮੇਰੀ ਕਸਵੱਟੀ ਉੱਤੇ ਪੂਰਾ ਨਹੀਂ ਉਤਰਦਾ- ਰਿਸ਼ਤਿਆਂ ਵਿਚਲੀ ਬੇਈਮਾਨੀ ਅਤੇ ਬੇਗ਼ਾਨਗ਼ੀ, ਇਕ ਦੂਜੇ ਨੂੰ ਵਰਤਣ ਦੀਆਂ ਸਾਜ਼ਿਸ਼ਾਂ, ਸਮਾਜਿਕ ਅਤੇ ਰਾਜਨੀਤਕ ਪੱਧਰ ਉੱਤੇ ਚੰਗੀਆਂ ਕਦਰਾਂ ਕੀਮਤਾਂ ਦਾ ਘਾਣ- ਸਭ ਕੁਝ ਮੇਰੇ ‘ਮੈਂ’ ਦਾ ਹਿੱਸਾ ਬਣ ਜਾਂਦਾ ਹੈ ਅਤੇ ਮੈਂ ਕਦੇ ਆਪਣੇ ਆਪ ਨੂੰ ਨਾਇਕ, ਕਦੇ ਖ਼ਲਨਾਇਕ ਚਿਤਵ ਕੇ ਉਸ ਕਾਵਿ ਦ੍ਰਿਸ਼ ਨੂੰ ਉਲੀਕਣ ਦਾ ਯਤਨ ਕਰਦਾ ਹਾਂ।
ਕਈ ਵਾਰ ਮੈਂ ਕਵਿਤਾ ਨੂੰ ਮੁਖ਼ਾਤਬਿ ਹੋ ਕੇ ਆਪਣੀਆਂ ਸੀਮਾਵਾਂ ਸਵੀਕਾਰਦਾ ਹਾਂ ਅਤੇ ਕਈ ਵਾਰ ਕਵਿਤਾ ਮੇਰੇ ਅੰਦਰਲੇ ਸ਼ਾਇਰ ਨਾਲ ਗੱਲਾਂ ਕਰਦੀ ਹੈ, ਨਿਹੋਰੇ ਮਾਰਦੀ ਹੈ, ਮੈਨੂੰ ਸੰਸਾਰਕ ਪੱਧਰ ਉੱਤੇ ਸਫ਼ਲ ਹੋਣ ਲਈ ਜ਼ਮੀਰ ਅਤੇ ਲਿਖਤ ਨਾਲ ਸਮਝੌਤਾ ਕਰਨ ਦਾ ਉਲਾਹਮਾ ਦਿੰਦੀ ਹੈ ਅਤੇ ਨਫ਼ਰਤ ਨਾਲ ਮੈਥੋਂ ਹੱਥ ਛੁਡਾ ਕੇ ਮੁੜ ਕਦੇ ਨੇੜੇ ਨਾ ਆਉਣ ਦੀ ਧਮਕੀ ਦਿੰਦੀ ਹੈ। ਮੇਰੀਆਂ ਕਵਿਤਾਵਾਂ ‘ਬੇਦਾਵਾ’, ‘ਜੇ ਆਪਣੀ ਗੱਲ ਚੱਲ ਪਈ’, ‘ਅਣਲਿਖੀਆਂ ਕਵਿਤਾਵਾਂ’, ‘ਚੀਰੀ ਹੋਈ ਕਲਮ ਤੋਂ’ ਅਤੇ ‘ਕਵਿਤਾ ਕਹੇ’ ਵਿਚ ਉਹ ਕੁਝ ਇੰਝ ਹੀ ਕਹਿੰਦੀ ਹੈ:
ਮੈਂ ਕਵਿਤਾ
ਨਿਰੇ ਸ਼ਬਦਾਂ ਦੇ ਤੀਰ ਅੰਦਾਜ਼ਾਂ
ਕੋਈ ਖ਼ਤਰਾ ਨਾ ਲੈਣ ਵਾਲੇ
ਸਾਫ਼ ਸੁਥਰੀ ਜ਼ਿੰਦਗ਼ੀ ਜਿਉਂਦੇ
ਸ਼ਬਦਾਂ ਦੇ ਸੌਦਾਗ਼ਰ
ਜੋੜ ਤੋੜ ਦੇ ਮਾਹਿਰ
ਤੇਰੇ ਜਹੇ
ਸਫ਼ਲ ਬੰਦਿਆਂ ਨਾਲ ਨਹੀਂ ਰਹਿ ਸਕਦੀ (ਕਵਿਤਾ ਕਹੇ)
ਮੇਰੀ ਕਵਿਤਾ ਵਿਚ ਸੰਬੋਧਨੀ ਸੁਰ ਵੀ ਕਾਫ਼ੀ ਮੁਖ਼ਰ ਹੁੰਦੀ ਹੈ ਅਤੇ ਬਹੁਤ ਵਾਰ ਇਸ ਵਿਚ ਇੰਕਸ਼ਾਫ਼ ਜਾਂ ਸਵੀਕ੍ਰਿਤੀ ਦਾ ਅੰਸ਼ ਵੀ ਉੱਭਰਦਾ ਹੈ। ਮੈਂ ਹਰ ਉਹ ਜੁਰਮ ਜਾਂ ਪਾਪ ਜੋ ਕਦੀ ਮੇਰੇ ਖ਼ਿਆਲਾਂ ਜਾਂ ਸੁਪਨਿਆਂ ਵਿਚ ਵੀ ਆਇਆ ਹੋਵੇ, ਨੂੰ ਕਰ ਸਕਣ ਜਾਂ ਕਰ ਲੈਣ ਦਾ ਆਪਣੇ ਆਪ ਨੂੰ ਦੋਸ਼ੀ ਸਮਝਦਾ ਹਾਂ:
ਸ਼ਬਦਾਂ ਦੀ ਇਸ ਕਚਹਿਰੀ ’ਚ
ਆਪਣੀ ਇਸ ਕਵਿਤਾ ਰਾਹੀਂ
ਮੈਂ ਕਬੂਲ਼ ਕਰਦਾ ਹਾਂ
ਆਪਣੇ ਸਭ ਅਣਕੀਤੇ ਗ਼ੁਨਾਹ
ਜੋ ਮੇਰੇ ਚਾਹੁੰਦੇ ਅਣਚਾਹੁੰਦੇ
ਮੇਰੀ ਸੋਚ ਅੰਦਰ ਆ ਗਏ
ਜਨਿ੍ਹਾਂ ਨੂੰ ਮੈਂ
ਅਮਲ ’ਚ ਭਾਵੇਂ ਨਹੀਂ ਲਿਆਂਦਾ
ਪਰ ਉਨ੍ਹਾਂ ਨੂੰ ਕਰਨ ਵਾਲੇ
ਦੋਸ਼ੀਆਂ ਤੋਂ ਘੱਟ ਸਜ਼ਾ ਦਾ
ਹੱਕਦਾਰ ਮੈਂ ਵੀ ਨਹੀਂ (ਇੰਕਸ਼ਾਫ਼)
ਮੈਂ ਕਈ ਵਾਰ ਆਪਣੇ ਪੇਸ਼ੇ- ਬਾਲ ਰੋਗ ਸਪੈਸ਼ਲਿਸਟ- ਅਤੇ ਕਾਵਿ ਸਿਰਜਣਾ ਦੇ ਕਾਰਜਾਂ ਵਿਚ ਤਰਜੀਹ ਦੇਣ ਵੇਲੇ ਬਹੁਤ ਵਾਰ ਦੁਬਿਧਾ ਦਾ ਸ਼ਿਕਾਰ ਹੋ ਜਾਂਦਾ ਹਾਂ ਜਦੋਂ ਇਕੋ ਸਮੇਂ ਇਕ ਬਿਮਾਰ ਬੱਚੇ ਦੇ ਇਲਾਜ ਬਾਰੇ ਸੋਚਦਿਆਂ ਕਵਿਤਾ ਦਸਤਕ ਦੇਣ ਲੱਗਦੀ ਹੈ। ਉਦੋਂ ਮੈਂ ਕਵਿਤਾ ਨੂੰ ਆਪਣੇ ਸਾਹਾਂ ਦਾ ਹਿੱਸਾ ਮੰਨਣ ਦੇ ਬਾਵਜੂਦ ਬਿਮਾਰ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਹੱਕ ਵਿਚ ਭੁਗਤਦਾ ਹਾਂ:
ਜੇ ਤੂੰ ਸੱਚਮੁੱਚ ਦਾ ਸਾਹ ਲੈਂਦਾ ਧੜਕਦਾ
ਇਕ ਵੀ ਜੀਵਨ ਬਚਾਉਂਦਾ ਏਂ
ਇਹ ਚੰਗਾ ਹੈ ਕਈ ਸ਼ਿਅਰਾਂ ਕਿਤਾਬਾਂ ਤੋਂ
ਕੀ ਜਾਣੇ ਇਹੋ ਇਕ ਜੀਵਨ
ਤੇਰੇ ਤੋਂ ਵੀ ਚੰਗੇਰੇ ਗੀਤ ਸਿਰਜੇ (ਚੀਰੀ ਹੋਈ ਕਲਮ ਤੋਂ)
ਜਦ ਕਵਿਤਾ ਮੇਰੇ ਰੁਝੇਵਿਆਂ ਤੋਂ ਉਕਤਾ ਕੇ ਦੂਰ ਚਲੀ ਜਾਂਦੀ ਹੈ ਤਾਂ ਮੇਰੇ ਅੰਦਰਲਾ ਸ਼ਇਰ ਤਰਲੇ ਮਾਰਦਾ ਏ:
ਪਾੜ ਦੇ ਮੇਰਾ ਬੇਦਾਵਾ ਪਾੜ ਦੇ
ਮੇਰਾ ਸਿਰ ਆਪਣੇ ਪੈਰਾਂ ਤੋਂ ਚੁੱਕ ਕੇ
ਆਪਣੀ ਗੋਦੀ ’ਚ ਰੱਖ ਲੈ
ਮੇਰਾ ਵਿਸ਼ਵਾਸ ਹੈ ਪੂਰਾ
ਤੂੰ ਇੰਝ ਹੀ ਕਰੇਂਗੀ (ਬੇਦਾਵਾ)
ਮੇਰੀ ਕਵਿਤਾ ਕਿਸੇ ਸਥਾਪਤ ਵਿਚਾਰਧਾਰਾ ਨਾਲ ਨਹੀਂ ਜੁੜਦੀ- ਮਾਨਵਵਾਦੀ ਸੋਚ ਹੀ ਮੇਰੀ ਇਕੋ ਇਕ ਪ੍ਰਤਬਿੱਧਤਾ ਹੈ। ਮੈਂ ਸਮਝਦਾ ਹਾਂ ਜੇ ਕਵੀ ਆਪਣੀ ‘ਮੈਂ’ ਨੂੰ ਹਉਮੈਂ ਤੱਕ ਨਾ ਜਾਣ ਦੇਵੇ ਅਤੇ ਉਸ ਵਿਚੋਂ ‘ਤੂੰ’ ਨੂੰ ਤਲਾਸ਼ ਕੇ ਉਸ ਵਿਚ ਗੁੰਮ ਹੋ ਜਾਵੇ ਤਾਂ ਕੁਲ ਦੁਨੀਆਂ ਦਾ ਦਰਦ ਉਹਦੇ ਸੀਨੇ ਵਿਚ ਪਨਾਹ ਲੈ ਲੈਂਦਾ ਹੈ- ਇਹ ਆਪਣੇ ਆਪ ਵਿਚ ਇਕ ਇਨਕਲਾਬ ਹੈ:
ਮੈਂ ਲਾਲ ਪੈੱਨ ਨਾਲ ਤੇਰਾ ਨਾਂ ਲਿਖਾਂਗਾ
ਤੇ ਇਸ ਕਵਿਤਾ ਦਾ ਨਾਂ
ਇਨਕਲਾਬ ਰੱਖਾਂਗਾ
ਉਂਝ ਇਹਦਾ ਨਾਂ ਮੁਹੱਬਤ ਵੀ ਹੋ ਸਕਦਾ ਸੀ
ਪਰ ਮੁਹੱਬਤ ਝੰਡਾ ਨਹੀਂ
ਨਾਹਰਾ ਨਹੀਂ
ਕਬਜ਼ਾ ਨਹੀਂ, ਦਾਅਵਾ ਨਹੀਂ। (ਇਨਕਲਾਬ)
ਕਵੀ ਵੀ ਕਿਸੇ ਹੋਰ ਸੰਵੇਦਨਸ਼ੀਲ ਮਨੁੱਖ ਵਾਂਗ ਆਪਣੇ ਆਲੇ-ਦੁਆਲੇ ਹੋ ਰਹੀਆਂ ਘਟਨਾਵਾਂ ਦਾ ਅਸਰ ਕਬੂਲਦਾ ਹੈ ਅਤੇ ਉਨ੍ਹਾਂ ਬਾਰੇ ਆਪਣਾ ਪ੍ਰਤਿਕਰਮ ਕਵਿਤਾ ਦੇ ਰੂਪ ਵਿਚ ਦਿੰਦਾ ਹੈ। ਉਹ ਇਸ ਸਭ ਤੋਂ ਨਿਰਲੇਪ ਨਹੀਂ ਹੁੰਦਾ ਸਗੋਂ ਸਾਧਾਰਨ ਮਨੁੱਖ ਤੋਂ ਕਿਤੇ ਜ਼ਿਆਦਾ ਸ਼ਿੱਦਤ ਨਾਲ ਇਹ ਅਸਰ ਕਬੂਲਦਾ ਹੈ। ਮੈਂ ਵੀ ਆਪਣੇ ਜੀਵਨ ਕਾਲ ਵਿਚ ਆਲੇ-ਦੁਆਲੇ ਹੁੰਦੀਆਂ ਘਟਨਾਵਾਂ ਬਾਰੇ ਕਵਿਤਾ ਲਿਖੀ ਹੈ ਪਰ ਮੇਰਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਮੈਂ ਇਹ ਸਿਰਫ਼ ਇਕ ਖ਼ਬਰ ਵਾਂਗ ਤੱਤ ਫੱਟ ਪ੍ਰਤਿਕਰਮ ਵਜੋਂ ਨਾ ਲਿਖਾਂ ਸਗੋਂ ਇਸ ਨੂੰ ਗਹਿਰਾਈ ਨਾਲ ਸਮਝ ਕੇ ਆਤਮਸਾਤ ਕਰਕੇ ਉਹਦੀਆਂ ਵੱਖ ਵੱਖ ਪਰਤਾਂ ਫਰੋਲ ਕੇ ਵੱਖ ਵੱਖ ਕੋਣਾਂ ਤੋਂ ਵੇਖ ਕੇ ਫਿਰ ਲਿਖਾਂ ਤਾਂ ਕਿ ਉਹ ਮਹਿਜ਼ ਇਕ ਘਟਨਾ ਦੀ ਰਿਪੋਰਟ ਬਣ ਕੇ ਸਮੇਂ ਸਥਾਨ ਤੱਕ ਮਹਿਦੂਦ ਨਾ ਰਹੇ ਸਗੋਂ ਹਰ ਸਥਾਨ, ਸਮੇਂ ਵਿਚ ਸਾਰਥਕ ਰਹੇ। ਮੇਰੀ ਕਵਿਤਾ ਵਿਚ ਸੱਤਵੇਂ ਦਹਾਕੇ ਦੀ ਖੱਬੇ ਪੱਖੀ ਲਹਿਰ ਬਾਰੇ ਵੀ ਜ਼ਿਕਰ ਹੈ ਅਤੇ ਨੌਵੇਂ ਦਹਾਕੇ ਦੇ ਲਹੂ ਲਬਿੜੇ ਨਕਸ਼ਾਂ ਦੀ ਨਿਸ਼ਾਨਦੇਹੀ ਵੀ ਹੁੰਦੀ ਹੈ। ‘ਨਦੀ ਪੌਣ ਖ਼ੁਸ਼ਬੋ’ ਵਿਚ ਅਜਿਹੀਆਂ ਕਈ ਰਚਨਾਵਾਂ ਦਰਜ਼ ਹਨ, ਪਰ ਉਹ ਸਮਾਂ ਲੰਘ ਜਾਣ ਦੇ ਬਾਵਜੂਦ ਅੱਜ ਵੀ ਢੁੱਕਵੀਆਂ ਲੱਗਦੀਆਂ ਹਨ।
ਮੇਰੀ ਕਵਿਤਾ ਵਿਚ ਕਵੀ ਹਰ ਪੀੜਤ ਧਿਰ ਨਾਲ ਖੜ੍ਹਾ ਨਜ਼ਰ ਆਉਂਦਾ ਹੈ, ਵਿਸ਼ੇਸ਼ ਤੌਰ ਉੱਤੇ ਔਰਤ ਨਾਲ- ਉਹ ਇਕ ਅਣਜੰਮੀ ਧੀ ਤੋਂ ਬਿਰਧ ਅਵਸਥਾ ਦਾ ਸੰਤਾਪ ਭੋਗਦੀ ਔਰਤ ਹੋਵੇ, ਘਰੇਲੂ ਕੰਮ ਕਰ ਰਹੀ ਔਰਤ ਹੋਵੇ ਜਾਂ ਦਫ਼ਤਰਾਂ ਅਤੇ ਘਰਾਂ ਵਿਚ ਸਰੀਰਕ ਸ਼ੋਸ਼ਣ ਝੱਲ ਰਹੀ, ਦੂਹਰੀ ਚੱਕੀ ਵਿਚ ਪਿਸ ਰਹੀ ਅਤੇ ਫਿਰ ਵੀ ਮਰਦ ਦੀ ਗੋਲੀ ਬਣ ਕੇ ਜੀ ਰਹੀ ਪਤਨੀ ਹੋਵੇ। ‘ਧੀਆਂ’, ‘ਗੁੰਮ ਜਾਣ ਦੇ ਲੌਂਗ ਨੂੰ’, ‘ਲੇਡੀਜ਼ ਫਿੰਗਰਜ਼’, ‘ਮਰ ਜਾਣੀਆਂ ਚਿੜੀਆਂ’ ਕੁਝ ਅਜਿਹੀਆਂ ਰਚਨਾਵਾਂ ਹਨ।
ਮੇਰੀ ਕਵਿਤਾ ਵਿਚ ਦੁਬਿਧਾਗ੍ਰਸਤ ਮਨੁੱਖ ਦਾ ਚਿਹਰਾ ਵਾਰ ਵਾਰ ਦਿਸਦਾ ਹੈ ਜੋ ਕਿਸੇ ਵੀ ਰਿਸ਼ਤੇ ਨੂੰ ਹਿੱਕ ਠੋਕ ਕੇ ਕਿਸੇ ਦਾਅਵੇ ਵਾਂਗ ਕਬੂਲ ਨਹੀਂ ਕਰਦਾ। ਇਸ ਬੇਯਕੀਨੀ ਦੇ ਘੇਰੇ ਵਿਚ ਉਹ ਮਹਬਿੂਬ ਚਿਹਰੇ ਵੀ ਆ ਜਾਂਦੇ ਨੇ ਜੋ ਉਸ ਦੀ ਕਾਵਿ ਸਿਰਜਣਾ ਦੇ ਊਰਜਾ ਸਰੋਤ ਹੁੰਦੇ ਨੇ ਪਰ ਉਹ ਡਰਿਆ ਮਨੁੱਖ ਹਮੇਸ਼ਾ ਇਕ ਪੈਰ ਪਿੱਛੇ ਵੱਲ ਨੂੰ ਰੱਖਦਾ ਹੈ। ਪਤਾ ਨਹੀਂ ਇਹ ਉਸ ਦੇ ਸੰਸਕਾਰਾਂ ਦਾ ਕਸੂਰ ਹੈ ਜਾਂ ਉਹਦੇ ਸਵੈ ਸਿਰਜੇ ਅਕਸ ਦੇ ਖੰਡਿਤ ਹੋ ਜਾਣ ਦਾ ਡਰ। ਉਹ ਖ਼ੁਦ ਹੀ ਕਹਿੰਦਾ ਹੈ:
ਮੇਰੇ ਏਨਾ ਨੇੜੇ ਨਾ ਆਵੀਂ
ਕਿ ਮੇਰੇ ਧੁਰ ਅੰਦਰ ਤੱਕ ਲਹਿ ਜਾਵੇਂ
ਏਥੇ ਤਾਂ ਕੋਈ ਪਤਾ ਨਹੀਂ
ਕਦੋਂ ਗ਼ੁਫ਼ਾ ਦੀ ਛੱਤ ਡਿੱਗ ਪਵੇ
ਕਦੋਂ ਖਿੜਕੀ ਵਿਚਲਾ ਅਸਮਾਨ ਛਾਨਣੀ ਹੋ ਜਾਵੇ
ਕਦੋਂ ਮੈਂ ਖੜ੍ਹਾ ਖੜੋਤਾ ਖੰਡਰ ਬਣ ਜਾਵਾਂ।
(ਇਕ ਨਸੀਅਤ ਹੋਰ)
ਲੁਕ ਛਿਪ ਨੁੱਕਰਾਂ ਉਹਲੇ
ਵਾਅਦੇ ਦਾਅਵੇ ਕਰਦਾ
ਪਰ ਨਾ ਹਿੱਕ ਤਾਣ ਕੇ
ਬਾਂਹ ਸੱਜਣ ਦੀ ਫੜ੍ਹਦਾ
ਸ਼ਬਦਾਂ ਨੂੰ ਤਰਤੀਬ ਦੇਣ ਦੀ ਜਾਚ ਹੈ ਇਸ ਨੂੰ
ਬੱਸ ਇਹੋ ਇਕ ਇਸਦਾ ਅਜ਼ਮਾਇਆ ਹਥਿਆਰ.
(ਮੈਨੂੰ ਵਰਤੋ)
ਕਵਿਤਾ ਨੂੰ ਮੈਂ ਅੰਦਰ ਖੁੱਲ੍ਹਣ ਵਾਲੀ ਖਿੜਕੀ ਸਮਝਦਾ ਹਾਂ, ਆਪਣੇ ਆਪ ਨੂੰ ਪਹਿਚਾਨਣ ਦਾ ਮਾਧਿਅਮ, ਆਪਣੇ ਅੰਦਰ ਬਚੀ ਹੋਈ ਮਾਸੂਮੀਅਤ ਨਾਲ ਸੰਵਾਦ, ਅੰਦਰਲੇ ਤਹਿਖ਼ਾਨਿਆਂ ’ਚ ਉਤਰਦੀਆਂ ਪੌੜੀਆਂ ’ਚ ਜੁਗਨੂੰ ਦਾ ਲਿਸ਼ਕਾਰਾ, ਅੰਦਰ ਵੇਖਣ ਵਾਲੀ ਐਨਕ ਅਤੇ ਆਪਣੇ ਅਸਲੀ ਸਿਰਨਾਵੇਂ ਦੀ ਤਸਦੀਕ। ਇਹ ਤਲਾਸ਼ ਬੇਸ਼ੱਕ ਇਕ ਅਣਦਿਸਦੀ ਮੰਜ਼ਿਲ, ਇਕ ਧੁੰਦਲੇ ਦਿਸਹੱਦੇ ਵੱਲ ਜਾਂਦਾ ਇਕ ਅਣਜਾਣਿਆ ਸਫ਼ਰ ਹੈ ਪਰ ਜ਼ਿੰਦਗੀ ਵੀ ਤਾਂ ਇਕ ਅਜਿਹੀ ਹੀ ਅਣਪ੍ਰੀਭਾਸ਼ਤ ਸ਼ੈਅ ਦਾ ਨਾਂ ਹੈ। ਜੇ ਮੇਰੀ ਕਵਿਤਾ ਇਨ੍ਹਾਂ ਅਣਜਾਣੇ ਰਾਹਾਂ ਦੀ ਨਿਸ਼ਾਨਦੇਹੀ ਕਰਦਿਆਂ ਆਪਣਾ ਸਫ਼ਰ ਪੂਰਾ ਕਰ ਲਵੇ ਤਾਂ ਮੈਨੂੰ ਆਪਣਾ ਸਾਹਿਤਕ ਸਫ਼ਰ ਸਾਰਥਕ ਲੱਗੇਗਾ:
ਕਵਿਤਾ ਮੈਂ ਤਾਂ ਲਿਖਦਾ ਹਾਂ
ਮੈਨੂੰ ਜਾਚ ਆ ਜਾਵੇ
ਹਰ ਉਸ ਚੀਜ਼ ਤੋਂ
ਵੱਖ ਹੋ ਕੇ ਰਹਿਣ ਦੀ
ਜੋ ਅਕਸਰ ਜੋੜੀ ਰੱਖਦੀ
ਆਪਣੇ ਆਪ ਤੋਂ ਸਵਿਾਅ
ਹੋਰ ਸਭ ਕੁਝ ਨਾਲ
ਅੰਦਰ ਨੂੰ ਖੁੱਲ੍ਹਣ ਵਾਲੀ
ਖਿੜਕੀ ਬਣਨਾ ਚਾਹੁੰਦਾ ਹਾਂ ਮੈਂ
ਇਸ ਲਈ ਲਿਖਦਾ ਹਾਂ ਕਵਿਤਾ
(ਅੰਦਰ ਖੁੱਲ੍ਹਦੀ ਖਿੜਕੀ)

Advertisement
Author Image

sukhwinder singh

View all posts

Advertisement