ਕਿਹੜੀ ਐਂ ਤੂੰ ਸਾਗ ਤੋੜਦੀ...
ਜੋਗਿੰਦਰ ਕੌਰ ਅਗਨੀਹੋਤਰੀ
ਵੱਖ ਵੱਖ ਰੁੱਤਾਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵੀ ਵੱਖੋ ਵੱਖ ਹਨ। ਗਰਮੀ ਦੀ ਰੁੱਤ ਵਿੱਚ ਠੰਢੀਆਂ ਸਬਜ਼ੀਆਂ ਬਣਾਈਆਂ ਜਾਂਦੀਆਂ ਹਨ ਤੇ ਖਾਧੀਆਂ ਜਾਂਦੀਆਂ ਹਨ। ਸਾਡੇ ਸੱਭਿਆਚਾਰ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਸਾਗ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦੇ ਨਾਲ ਮੱਖਣ ਦਾ ਨਾਂ ਸੁਣਦਿਆਂ ਹੀ ਰੱਜੇ ਪੁੱਜੇ ਵਿਅਕਤੀ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਖਾਣਾ ਵਿਸ਼ੇਸ਼ ਹੈ। ਕੁਝ ਇਲਾਕਿਆਂ ਵਿੱਚ ਸਾਗ ਨਾਲ ਬਾਜਰੇ ਦੀ ਰੋਟੀ ਵੀ ਬਹੁਤ ਪਸੰਦ ਕੀਤੀ ਜਾਂਦੀ ਹੈ। ਭਾਵੇਂ ਮੱਕੀ ਦੀ ਰੋਟੀ ਬਹੁਤ ਵਧੀਆ ਹੁੰਦੀ ਹੈ, ਪਰ ਸ਼ੂਗਰ ਦੇ ਮਰੀਜ਼ਾਂ ਲਈ ਇਹ ਲਾਭਦਾਇਕ ਨਹੀਂ ਬਲਕਿ ਬਾਜਰਾ ਫਾਇਦੇਮੰਦ ਹੈ। ਬਾਜਰੇ ਦੀ ਰੋਟੀ ਨਾਲ ਵੀ ਸਾਗ ਦਾ ਮੇਲ ਹੈ।
ਸਾਗ ਦੇ ਸ਼ੌਕੀਨ ਹਰ ਰੁੱਤ ਜਾਂ ਮੌਸਮ ਵਿੱਚ ਸਾਗ ਖਾ ਕੇ ਆਨੰਦ ਲੈਂਦੇ ਹਨ। ਸਾਗ ਸਰੋਂ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦਾ ਬਣਾਇਆ ਜਾਂਦਾ ਹੈ। ਇਸ ਨੂੰ ਗਰਮੀ ਦੀ ਰੁੱਤ ਵਿੱਚ ਵੀ ਖਾਧਾ ਜਾਂਦਾ ਹੈ। ਇਸ ਵਿੱਚ ਹੁੰਦਾ ਹੈ ਸਰ੍ਹੋਂ ਦਾ ਸੁਕਾਇਆ ਸਾਗ। ਸਰਦੀ ਦੀ ਰੁੱਤ ਵਿੱਚ ਸਰੋਂ ਦੇ ਸਾਗ ਨੂੰ ਕੱਟ ਕੇ ਸੁਕਾਇਆ ਜਾਂਦਾ ਹੈ ਅਤੇ ਗਰਮੀ ਦੀ ਰੁੱਤ ਵਿੱਚ ਇਸ ਨੂੰ ਪਾਲਕ ਪਾ ਕੇ ਬਣਾਇਆ ਜਾਂਦਾ ਹੈ। ਗਰਮੀ ਵਿੱਚ ਚਲਾਈ ਦਾ ਸਾਗ ਬਣਾਇਆ ਜਾਂਦਾ ਹੈ। ਇਸ ਸਾਗ ਵਿੱਚ ਥੋੜ੍ਹੀ ਜਿਹੀ ਦਾਲ ਪਾ ਕੇ ਅਤੇ ਤਾਂਦਲੇ ਦੇ ਪੱਤੇ ਪਾ ਕੇ ਬਣਾਇਆ ਜਾਂਦਾ ਹੈ। ਕਈ ਵਾਰ ਇਸ ਵਿੱਚ ਭੱਖੜੇ ਦੇ ਪੱਤੇ ਵੀ ਪਾਏ ਜਾਂਦੇ ਹਨ। ਇਹ ਸਾਗ ਬਹੁਤ ਹੀ ਸਵਾਦ ਬਣਦਾ ਹੈ।
ਛੋਟੀ ਚਲਾਈ ਦਾ ਵੀ ਸਾਗ ਬਣਾਇਆ ਜਾਂਦਾ ਹੈ। ਛੋਟੀ ਚਲਾਈ ਸਿਹਤ ਲਈ ਬਹੁਤ ਫਾਇਦੇਮੰਦ ਅਤੇ ਤਾਕਤਵਰ ਹੁੰਦੀ ਹੈ। ਵੱਡੇ ਵੱਡੇ ਜ਼ਖ਼ਮਾਂ ਦਾ ਦਰਦ ਸਹਿਣ ਵਾਲਿਆਂ ਲਈ ਇਹ ਬਹੁਤ ਤਾਕਤ ਦਾ ਕੰਮ ਕਰਦੀ ਹੈ ਅਤੇ ਜ਼ਖ਼ਮ ਨੂੰ ਭਰਨ ਵਿੱਚ ਸਹਾਈ ਹੁੰਦੀ ਹੈ। ਇਸ ਸਾਗ ਨੂੰ ਬਣਾਉਣ ਲਈ ਤਾਂਦਲਾ ਵਰਤਿਆ ਜਾਂਦਾ ਹੈ। ਇਸ ਵਿੱਚ ਭੱਖੜੇ ਦੇ ਪੱਤੇ ਅਤੇ ਮੋਠਾਂ ਜਾਂ ਮੂੰਗੀ ਦੇ ਪੱਤੇ ਵੀ ਪਾਏ ਜਾਂਦੇ ਹਨ। ਇਹ ਸਾਗ ਵੀ ਬਹੁਤ ਸਵਾਦ ਬਣਦਾ ਹੈ।
ਸੋਏ ਦਾ ਸਾਗ ਵੀ ਬਣਾਇਆ ਜਾਂਦਾ ਹੈ। ਇਹ ਇੱਕ ਪੱਤਿਆਂ ਵਾਲੀ ਵੇਲ ਹੈ ਜੋ ਗਰਮੀ ਅਤੇ ਬਰਸਾਤ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਫੈਲਦੀ ਹੈ। ਇਸ ਦੀਆਂ ਜੜਾਂ ਧਰਤੀ ਵਿੱਚ ਖੁੱਭ ਕੇ ਦੂਰ ਦੂਰ ਤੱਕ ਫੈਲਦੀਆਂ ਹਨ। ਇਹ ਫੈਲਾਅ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕੋਈ ਨਾਗ ਧਰਤੀ ’ਤੇ ਜਾ ਰਿਹਾ ਹੋਵੇ। ਇਸ ਦੇ ਪੱਤਿਆਂ ਦਾ ਸਾਗ ਬਹੁਤ ਸਵਾਦ ਬਣਦਾ ਹੈ। ਇਸ ਨੂੰ ਚਲਾਈ ਦੇ ਸਾਗ ਵਾਂਗ ਹੀ ਮੂੰਗੀ ਜਾਂ ਮਸਰੀ ਦੀ ਦਾਲ ਪਾ ਕੇ ਬਣਾਇਆ ਜਾਂਦਾ ਹੈ। ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਵਿੱਚ ਛੋਲਿਆਂ ਦੀ ਦਾਲ ਵੀ ਪਾਈ ਜਾ ਸਕਦੀ ਹੈ, ਪਰ ਗਰਮੀ ਵਿੱਚ ਆਪਣੇ ਬਚਾਅ ਲਈ ਇਸ ਤੋਂ ਗੁਰੇਜ਼ ਕੀਤਾ ਜਾਂਦਾ ਹੈ।
ਸਾਰੇ ਸਾਗ ਭਾਵੇਂ ਬਹੁਤ ਸੁਆਦ ਬਣਦੇ ਹਨ, ਪ੍ਰੰਤੂ ਸਰ੍ਹੋਂ ਦਾ ਸਾਗ ਸਾਰਿਆਂ ਦਾ ਸਰਦਾਰ ਹੈ। ਇਸ ਨੂੰ ਬਣਾਉਣ ਲਈ ਬਹੁਤ ਖ਼ੇਚਲ ਕਰਨੀ ਪੈਂਦੀ ਹੈ। ਸਰ੍ਹੋਂ ਦਾ ਸਾਗ ਤੋੜਨਾ ਵੀ ਇੱਕ ਕਲਾ ਹੈ। ਸਾਗ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਸਾਗ ਦੀਆਂ ਗੰਦਲਾਂ ਤੋੜਨ ਵੇਲੇ ਨਰਮ ਅਤੇ ਕੂਲੀ ਗੰਦਲ ਹੀ ਚੁਣੀ ਜਾਂਦੀ ਹੈ। ਜਦੋਂ ਕੋਈ ਸੁੰਦਰ ਮੁਟਿਆਰ ਸਾਗ ਤੋੜਦੀ ਹੈ ਤਾਂ ਉਸ ਦੀ ਤੁਲਨਾ ਗੰਦਲ ਨਾਲ ਕੀਤੀ ਜਾਂਦੀ ਹੈ;
ਗੰਦਲ ਵਰਗੀ ਕੁੜੀ
ਗੰਦਲਾਂ ਤੋੜਦੀ ਫਿਰੇ।
ਸਾਗ ਤੋੜਨਾ ਕਲਾ ਦੇ ਨਾਲ ਨਾਲ ਕੁਸ਼ਲਤਾ ਦਾ ਪ੍ਰਗਟਾਅ ਵੀ ਹੈ। ਸਾਗ ਤੋੜਨ ਵੇਲੇ ਸਾਗ ਖੱਬੀ ਬਾਂਹ ਉੱਤੇ ਇਕੱਠਾ ਕੀਤਾ ਜਾਂਦਾ ਹੈ। ਸਾਗ ਦੀ ਰੁੱਤ ਵਿੱਚ ਕੁੜੀਆਂ ਜਾਂ ਔਰਤਾਂ ਇਕੱਠੀਆਂ ਹੋ ਕੇ ਸਾਗ ਤੋੜਨ ਜਾਂਦੀਆਂ ਸਨ। ਇਸ ਨਾਲ ਕੰਮ ਵੀ ਹੁੰਦਾ ਅਤੇ ਸਰੀਰਕ ਕਸਰਤ ਦੇ ਨਾਲ ਨਾਲ ਮਨੋਰੰਜਨ ਵੀ ਕਰਦੀਆਂ ਸਨ। ਆਪਣੇ ਮਨ ਦੇ ਵਲਵਲਿਆਂ ਨੂੰ ਗੀਤਾਂ ਰਾਹੀਂ ਜਾਂ ਬੋਲੀਆਂ ਰਾਹੀਂ ਪ੍ਰਗਟ ਕਰਦੀਆਂ ਸਨ;
ਲੈ ਪੋਣਾ ਕੁੜੀ ਚੱਲੀ ਸਾਗ ਨੂੰ
ਖੜ੍ਹੀ ਉਡੀਕੇ ਸਾਥਣ ਨੂੰ।
ਕੱਚੀ ਕੈਲ ਮਰੋੜੇ ਦਾਤਣ ਨੂੰ।
ਸਾਗ ਨੂੰ ਇਕੱਠਾ ਕਰਕੇ ਲਿਆਉਣ ਲਈ ਕੁੜੀਆਂ ਪੋਣੇ ਜਾਂ ਕੋਈ ਹੋਰ ਕੱਪੜਾ ਲੈ ਕੇ ਜਾਂਦੀਆਂ ਸਨ। ਸਾਗ ਵਿੱਚ ਪਾਲਕ, ਬਾਥੂ, ਮੇਥੀ/ਮੇਥੇ ਵੀ ਨਾਲ ਲਿਆਉਂਦੀਆਂ। ਅਜਿਹੇ ਸਮੇਂ ਖੇਤਾਂ ਵਿੱਚ ਉਹ ਗੰਨੇ ਵੀ ਚੂਪਦੀਆਂ। ਜੇਕਰ ਸਾਗ ਲੈਣ ਔਰਤਾਂ ਨੇ ਜਾਣਾ ਹੁੰਦਾ ਤਾਂ ਉਹ ਸਮੇਂ ਵਿੱਚ ਜ਼ਰੂਰ ਤਬਦੀਲੀ ਕਰਦੀਆਂ ਕਿਉਂਕਿ ਕੁੜੀਆਂ ਨਾਲੋਂ ਉਨ੍ਹਾਂ ਦੀ ਘਰੇਲੂ ਜ਼ਿੰਮੇਵਾਰੀ ਵੱਧ ਹੁੰਦੀ ਹੈ।
ਸਾਗ ਤੋੜਨ ਲਈ ਕਿਸੇ ਨੂੰ ਨਾਂਹ ਨਹੀਂ ਕੀਤੀ ਜਾਂਦੀ ਸੀ। ਇਕੱਠੀਆਂ ਹੋ ਕੇ ਜਾਣ ਵਾਲੀਆਂ ਇੱਕ ਖੇਤ ਵਿੱਚ ਹੋਈ ਸਰ੍ਹੋਂ ਤੋੜ ਕੇ ਲੈ ਆਉਂਦੀਆਂ ਸਨ। ਕਈ ਵਾਰ ਕਈ ਮਨਚਲੇ ਇਕੱਲੀ ਕਹਿਰੀ ਸਾਗ ਤੋੜਨ ਵਾਲੀ ਨੂੰ ਦੂਰੋਂ ਮਸ਼ਕਰੀ ਕਰਕੇ ਟੋਕਦੇ। ਅਜਿਹੀਆਂ ਹਰਕਤਾਂ ਦਾ ਜ਼ਿਕਰ ਸਾਡੇ ਲੋਕ ਸਾਹਿਤ ਵਿੱਚ ਬੜੇ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਗਿਆ ਹੈ;
ਕਿਹੜੀ ਐਂ ਤੂੰ ਸਾਗ ਤੋੜਦੀ
ਹੱਥ ਸੋਚ ਕੇ ਗੰਦਲ ਨੂੰ ਪਾਈਂ।
ਅੱਗੋਂ ਸਾਗ ਤੋੜਨ ਵਾਲੀ ਵੀ ਘੱਟ ਨਹੀਂ ਹੁੰਦੀ ਸੀ। ਉਹ ਵੀ ਮੋੜਵਾਂ ਜਵਾਬ ਦੇ ਦਿੰਦੀ। ਭਾਵੇਂ ਔਰਤ ਨੂੰ ਅਬਲਾ ਕਿਹਾ ਜਾਂਦਾ ਹੈ, ਪਰ ਔਰਤ ਹਰ ਗੱਲ ਦਾ ਮੋੜਵਾਂ ਜਵਾਬ ਦੇਣ ਵਿੱਚ ਸਮਰੱਥ ਹੈ। ਉਹ ਨਿਡਰ ਹੋ ਕੇ ਜਵਾਬ ਦਿੰਦੀ ਹੈ;
ਐਵੇਂ ਮਾਰ ਨਾ ਜੱਟਾ ਲਲਕਾਰੇ
ਵੇ ਕਿਹੜਾ ਤੇਰਾ ਸਾਗ ਤੋੜਿਆ।
ਇਸ ਤਰ੍ਹਾਂ ਆਪਸੀ ਨੋਕ-ਝੋਕ ਚੱਲਦੀ ਹੀ ਰਹਿੰਦੀ ਸੀ ਅਤੇ ਮੁੜ ਕੇ ਫਿਰ ਜਵਾਬ ਦਿੱਤਾ ਜਾਂਦਾ;
ਨਾਲੇ ਸਾਡੀ ਫ਼ਸਲ ਉਜਾੜੇਂ
ਨਾਲੇ ਉਲਟਾ ਸਾਨੂੰ ਤਾੜੇਂ
ਨੀਂ ਕਿਹੜੀ ਐਂ ਤੂੰ ਸਾਗ ਤੋੜਦੀ।
ਅੱਜ ਦੇ ਸਮੇਂ ਵਿੱਚ ਸਾਗ ਪ੍ਰੈੱਸ਼ਰ ਕੁੱਕਰ ਵਿੱਚ ਬਣਾਇਆ ਜਾਂਦਾ ਹੈ, ਪਰ ਕੁੱਜੇ ਜਾਂ ਭਰਤ ਦੇ ਪਤੀਲੇ ਦੇ ਮੁਕਾਬਲੇ ਸਵਾਦ ਨਹੀਂ ਬਣਦਾ ਕਿਉਂਕਿ ਮੱਠੀ ਮੱਠੀ ਅੱਗ ’ਤੇ ਬਣੇ ਪਦਾਰਥ ਦਾ ਸਵਾਦ ਵਧੀਆ ਹੁੰਦਾ ਹੈ। ਸਾਗ ਭਾਵੇਂ ਇੱਕ ਸਸਤੀ ਵਸਤੂ ਹੈ, ਪਰ ਇਸ ਨੂੰ ਬਣਾਉਣ ਵੇਲੇ ਸਮਾਂ ਅਤੇ ਬਾਲਣ ਬਹੁਤ ਲੱਗਦਾ ਹੈ। ਇਸ ਨੂੰ ਬਣਾਉਣ ਲਈ ਘੱਟੋ ਘੱਟ ਤਿੰਨ ਘੰਟੇ ਤਾਂ ਰਿੰਨ੍ਹਣ ਵਿੱਚ ਹੀ ਲੱਗਦੇ ਹਨ। ਇਸ ਨੂੰ ਤਿਆਰ ਕਰਨ ਲਈ ਪਹਿਲਾਂ ਛਾਂਟਣਾ ਪੈਂਦਾ ਹੈ। ਫਿਰ ਇਸ ਨੂੰ ਦਾਤ ਨਾਲ ਕੱਟਿਆ ਜਾਂਦਾ ਹੈ। ਫਿਰ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਮਿੱਟੀ ਦੇ ਕੁੱਜੇ ਜਾਂ ਭਰਤ ਦੇ ਪਤੀਲੇ ਵਿੱਚ ਬਣਾਇਆ ਜਾਂਦਾ ਹੈ। ਸਾਗ ਦਾ ਪਾਣੀ ਉਬਾਲੇ ਤੱਕ ਪਹੁੰਚਾ ਕੇ ਹੀ ਉਸ ਵਿੱਚ ਸਾਗ ਪਾਇਆ ਜਾਂਦਾ ਹੈ। ਸਾਗ ਦੀ ਕੁੜੱਤਣ ਦੂਰ ਕਰਨ ਲਈ ਉਸ ਵਿੱਚੋਂ ਉਬਲਿਆ ਹੋਇਆ ਪਾਣੀ ਕੱਢ ਕੇ ਨਵਾਂ ਗਰਮ ਪਾਣੀ ਪਾਇਆ ਜਾਂਦਾ ਹੈ।
ਜਿਵੇਂ ਕਿਹਾ ਜਾਂਦਾ ਹੈ ਕਿ ਘੜੇ ਵਿੱਚ ਪਾਣੀ ਅਤੇ ਚੁੱਲ੍ਹੇ ਵਿੱਚ ਅੱਗ ਹੀ ਵਸਦੇ ਘਰਾਂ ਦੀ ਨਿਸ਼ਾਨੀ ਹੈ, ਉਵੇਂ ਹੀ ਸਾਗ ਅਤੇ ਬਾਲਣ (ਲੱਕੜਾਂ) ਦਾ ਵੀ ਗਹਿਰਾ ਸਬੰਧ ਹੈ। ਅਜਿਹੀਆਂ ਚੀਜ਼ਾਂ ਨੂੰ ਘਰ ਵੀ ਉਪਰਾਲੇ ਵਾਲਾ ਵਿਅਕਤੀ ਹੀ ਲਿਆਉਂਦਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਮਰਦਾਂ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਹਨ। ਬਾਹਰੋਂ ਚੀਜ਼ਾਂ ਲਿਆਉਣ ਦੀ ਜ਼ਿੰਮੇਵਾਰੀ ਵੀ ਮਰਦਾਂ ਦੀ ਹੀ ਬਣ ਜਾਂਦੀ ਹੈ। ਇਸ ਤਰ੍ਹਾਂ ਸਾਗ ਅਤੇ ਬਾਲਣ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ;
ਪੁੱਤੀਂ ਪੁੱਤੀਂ ਭਾਗ
ਕੋਈ ਲਿਆਵੇ ਲੱਕੜੀਆਂ
ਕੋਈ ਲਿਆਵੇ ਸਾਗ।
ਸਿਆਲ ਦੀ ਰੁੱਤ ਵਿੱਚ ਸਾਗ ਦਾ ਆਨੰਦ ਵੱਖਰਾ ਹੀ ਹੁੰਦਾ ਹੈ। ਦੇਸੀ ਸਰ੍ਹੋਂ ਦਾ ਸਾਗ, ਰੇਲੀ ਸਰ੍ਹੋਂ ਦਾ ਸਾਗ ਅਤੇ ਗੋਭੀ ਸਰ੍ਹੋਂ ਦਾ ਸਾਗ। ਦੇਸੀ ਸਰ੍ਹੋਂ ਦੀ ਅਣਹੋਂਦ ਵਿੱਚ ਰੇਲੀ ਸਰ੍ਹੋਂ ਦਾ ਸਾਗ ਬਣਾਇਆ ਜਾਂਦਾ ਹੈ। ਗੋਭੀ ਸਰ੍ਹੋਂ ਦਾ ਸਾਗ ਕੁਝ ਲੋਕ ਹੀ ਪਸੰਦ ਕਰਦੇ ਹਨ, ਸਾਰੇ ਨਹੀਂ। ਸਾਗ ਲਿਆਉਣ ਦਾ ਸਮਾਂ ਦੁਪਹਿਰ ਤੋਂ ਪਹਿਲਾਂ ਦਾ ਹੁੰਦਾ ਹੈ। ਸੱਜਰਾ ਤੋੜਿਆ ਸਾਗ ਛੇਤੀ ਗਲਦਾ ਹੈ ਅਤੇ ਬਾਲਣ ਘੱਟ ਲੱਗਦਾ ਹੈ। ਇਸ ਲਈ ਸਾਗ ਬਾਰ੍ਹਾਂ ਵਜੇ ਤੋਂ ਪਹਿਲਾਂ ਹੀ ਲਿਆਂਦਾ ਜਾਂਦਾ ਹੈ। ਅਜਿਹੇ ਮੌਕੇ ਕੁਝ ਕੰਮਾਂ ਨੂੰ ਲੇਟ ਵੀ ਕਰਨਾ ਪੈਂਦਾ ਹੈ। ਘਰੇਲੂ ਔਰਤਾਂ ਨੂੰ ਘਰ ਦੇ ਕੰਮ ਬਹੁਤ ਜ਼ਿਆਦਾ ਹੁੰਦੇ ਹਨ। ਘਰ ਦੇ ਕੰਮ ਕਰਨਾ, ਬੱਚਿਆਂ ਨੂੰ ਸੰਭਾਲਣਾ ਅਤੇ ਹੋਰ ਅਨੇਕਾਂ ਕੰਮ ਹਨ, ਪ੍ਰੰਤੂ ਉਨ੍ਹਾਂ ਦੀ ਦਲੇਰੀ ਹੈ ਕਿ ਉਹ ਕੰਮ ਕਰਨ ਤੋਂ ਕਤਰਾਉਂਦੀਆਂ ਨਹੀਂ ਬਲਕਿ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੀਆਂ ਹਨ। ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਵੀ ਸਮੇਂ ਅਤੇ ਕੰਮ ਜੋੜ ਕੇ ਕੀਤਾ ਜਾਂਦਾ ਹੈ;
ਭਾਬੀ ਸਾਗ ਨੂੰ ਨਾ ਜਾਈਂ
ਤੇਰਾ ਮੁੰਡਾ ਰੋਊਗਾ।
ਪਰ ਉਹ ਫਿਰ ਵੀ ਸਾਗ ਲੈਣ ਜਾਣ ਤੋਂ ਪਿੱਛੇ ਨਹੀਂ ਹਟਦੀ ਬਲਕਿ ਆਪਣੇ ਦਿਓਰ ਨੂੰ ਵਡਿਆਉਂਦਿਆਂ ਕਹਿੰਦੀ ਹੈ;
ਮੇਰੇ ਮੁੰਡੇ ਨੂੰ ਵਿਰਾਂਈ
ਤੇਰਾ ਪੁੰਨ ਹੋਊਗਾ।
ਸੰਪਰਕ: 94178-40323