ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤਾਂ ਲਈ ਕੰਮ ਦੀਆਂ ਕੀ ਤਰਜੀਹਾਂ ਹੋਣ

09:07 AM Oct 26, 2024 IST

ਗੁਰਬਿੰਦਰ ਸਿੰਘ ਮਾਣਕ
Advertisement

ਹੁਣ ਜਦੋਂ ਪੰਜਾਬ ਦੇ ਪਿੰਡਾਂ ਵਿਚ ‘ਪਿੰਡ ਦੀ ਸਰਕਾਰ’ ਹੋਂਦ ਵਿਚ ਆ ਚੁੱਕੀ ਹੈ ਤਾਂ ਨਵੀਆਂ ਪੰਚਾਇਤਾਂ ਨੂੰ ਸਾਰੀ ਕੁੜੱਤਣ ਭੁਲਾ ਕੇ ਤੇ ਸਹਿਮਤੀ ਨਾਲ ਪਿੰਡਾਂ ਦੇ ਜ਼ਰੂਰੀ ਮਸਲੇ ਹੱਲ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ ਹੈ। ਕਿਸੇ ਪੰਚਾਇਤ ਦੀ ਕਾਰਗੁਜ਼ਾਰੀ ਦੀ ਪਰਖ ਉਦੋਂ ਹੀ ਹੋਣੀ ਹੈ ਜਦੋਂ ਉਹ ਪਿੰਡ ਦੇ ਸੁਧਾਰ ਬਾਰੇ ਕੋਈ ਫੈਸਲੇ ਕਰਦੀ ਹੈ ਤੇ ਉਨ੍ਹਾਂ ਨੂੰ ਮੁਕੰਮਲ ਕਰਨ ਪ੍ਰਤੀ ਦ੍ਰਿੜ ਇੱਛਾ ਸ਼ਕਤੀ ਰੱਖਦੀ ਹੈ। ਕੁਝ ਪਿੰਡਾਂ ਵਿਚ ਤਾਂ ਪਹਿਲਾਂ ਹੀ ਕਾਫੀ ਹੱਦ ਤੱਕ ਵਿਕਾਸ ਹੋ ਚੁੱਕਾ ਹੈ ਪਰ ਕੁਝ ਪਿੰਡ ਅਜੇ ਵੀ ਪਛੜੇ ਹੋਏ ਹਨ। ਇਨ੍ਹਾਂ ਵਲ ਵਿਸ਼ੇਸ਼ ਧਿਆਨ ਦੇ ਕੇ ਬੁਨਿਆਦੀ ਸਮੱਸਿਆਵਾਂ ਨਜਿੱਠਣ ਦੀ ਲੋੜ ਹੈ। ਕਰਨ ਲਈ ਤਾਂ ਬੇਸ਼ੁਮਾਰ ਕੰਮ ਹਨ, ਹਰ ਪਿੰਡ ਆਪਣੀ ਤਰਜੀਹ ਅਨੁਸਾਰ ਜ਼ਰੂਰੀ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਨ ਦੀ ਨੀਤੀ ਅਪਣਾਏ। ਹਰ ਪੰਚਾਇਤ ਨੂੰ ਹੋਰ ਕੰਮਾਂ ਦੇ ਨਾਲ-ਨਾਲ ਹੇਠ ਲਿਖੇ ਕੰਮਾਂ ਬਾਰੇ ਸੋਚਣ ਵਿਚਾਰਨ ਦੀ ਲੋੜ ਹੈ।
ਬਹੁਤੇ ਪਿੰਡਾਂ ਵਿਚ ਸਫਾਈ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਗੰਦਗੀ ਬਹੁਤ ਹੈ। ਘਰਾਂ ਦਾ ਕੂੜਾ ਇਕੱਠਾ ਕਰਨ ਲਈ ਪੰਚਾਇਤਾਂ ਨੂੰ ਫੌਰੀ ਪ੍ਰਬੰਧ ਕਰਨੇ ਚਾਹੀਦੇ ਹਨ। ਭੋਗਪੁਰ ਬਲਾਕ ਦੇ ਪਿੰਡ ਖਰਲ ਕਲਾਂ ਵਿਚ ਕੁਝ ਸਾਲ ਪਹਿਲਾਂ ਪਰਵਾਸੀ ਪੰਜਾਬੀਆਂ ਦੀ ਸਹਾਇਤਾ ਨਾਲ ਟਰੈਕਟਰ-ਟਰਾਲੀ ਦਾ ਪ੍ਰਬੰਧ ਕਰ ਕੇ ਹਰ ਤੀਜੇ ਦਿਨ ਘਰਾਂ ਵਿਚੋਂ ਕੂੜਾ ਚੁੱਕਣਾ ਯਕੀਨੀ ਬਣਾਇਆ ਗਿਆ ਹੈ। ਇਸ ਕੰਮ ਦਾ ਖਰਚਾ ਪੂਰਾ ਕਰਨ ਲਈ ਹਰ ਘਰ ਕੋਲੋਂ ਮਮੂਲੀ ਜਿਹੀ ਰਾਸ਼ੀ ਲਈ ਜਾਂਦੀ ਹੈ। ਕੂੜੇ ਨੂੰ ਨੇੜਲੇ ਸ਼ਹਿਰ ਦੇ ਕੂੜਾ-ਡੰਪ ਵਿਚ ਸੁੱਟ ਦਿੱਤਾ ਜਾਂਦਾ ਹੈ।
ਅਜੇ ਪਿੰਡਾਂ ਵਿਚ ਸੀਵਰੇਜ ਦੀ ਵਿਵਸਥਾ ਨਾ ਹੋਣ ਕਾਰਨ ਘਰਾਂ ਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਹੀਂ ਹੈ। ਨਾਲੀਆਂ ਵਿਚ ਪਈ ਗੰਦਗੀ ਵੀ ਮੱਛਰ, ਮੱਖੀਆਂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ। ਬਹੁਤੇ ਪਿੰਡਾਂ ਵਿਚ ਛੱਪੜਾਂ ਨੇ ਨਰਕ ਦਾ ਰੂਪ ਧਾਰਿਆ ਹੋਇਆ ਹੈ। ਇਸ ਦੇ ਨੇੜੇ-ਤੇੜੇ ਵਸਦੇ ਲੋਕਾਂ ਲਈ ਜੀਣਾ ਔਖਾ ਹੋਇਆ ਪਿਆ ਹੈ। ਸਮੇਂ-ਸਮੇਂ ਇਨ੍ਹਾਂ ਦੀ ਸਾਫ-ਸਫਾਈ ਜ਼ਰੂਰੀ ਹੈ ਤਾਂ ਕਿ ਇਹ ਗੰਦਗੀ ਦੇ ਘਰ ਨਾ ਬਣਨ।
ਨਿਕਾਸ ਨਾਲੀਆਂ ਨੂੰ ਵੀ ਸਾਫ ਕਰਾਉਂਦੇ ਰਹਿਣ ਦੀ ਲੋੜ ਹੈ ਤਾਂ ਕਿ ਮੱਛਰ, ਮੱਖੀਆਂ ਤੋਂ ਬਚਾਅ ਹੋ ਸਕੇ। ਪਹਿਲਾਂ ਕਿਹਾ ਜਾਂਦਾ ਸੀ ਕਿ ਪਿੰਡ ਗਹੀਰਿਆਂ ਤੋਂ ਪਛਾਣੇ ਜਾਂਦੇ ਹਨ; ਹੁਣ ਬਹੁਤੇ ਪਿੰਡਾਂ ’ਚ ਗਹੀਰੇ ਤਾਂ ਨਹੀਂ ਰਹੇ ਪਰ ਆਮ ਦੇਖਣ ਵਿਚ ਆਉਂਦਾ ਹੈ ਕਿ ਪਿੰਡਾਂ ਵਿਚ ਪ੍ਰਵੇਸ਼ ਕਰਦਿਆਂ ਹੀ ਰੂੜੀਆਂ ਦੇ ਢੇਰ ਨਜ਼ਰ ਆਉਂਦੇੇ ਹਨ। ਆਵਾਰਾ ਕੁੱਤੇ ਜਾਂ ਹੋਰ ਜਾਨਵਰ ਇਨ੍ਹਾਂ ਨੂੰ ਅਕਸਰ ਫਰੋਲਦੇ ਤੇ ਖਿਲਾਰ ਦਿੰਦੇ ਹਨ। ਪਿੰਡ ਦੀ ਦਿੱਖ ਸੁਹਣੀ ਬਣਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਰੂੜੀਆਂ ਲਈ ਟੋਏ ਪੁੱਟੇ ਜਾਣ ਤਾਂ ਕਿ ਇਹ ਗੰਦਗੀ ਦੂਰ ਤੱਕ ਨਾ ਫੈਲੇ।
ਪੰਜਾਬ ਦੇ ਬਹੁਤੇ ਪਿੰਡ ਨਸ਼ਿਆਂ ਦੀ ਸਮੱਸਿਆ ਨਾਲ ਗ੍ਰਸਤ ਹਨ। ਸ਼ਰਾਬ ਤੇ ਹੋਰ ਸਿੰਥੈਟਿਕ ਤੇ ਮੈਡੀਕਲ ਨਸ਼ਿਆਂ ਨਾਲ ਵੱਡੀ ਗਿਣਤੀ ਵਿਚ ਨੌਜਵਾਨ ਨਸ਼ੇੜੀ ਬਣ ਰਹੇ ਹਨ। ਪੰਚਾਇਤਾਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਲੋੜ ਹੈ ਕਿ ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ ਰੱਖਣ। ਪਿੰਡਾਂ ਦੇ ਨੇੜੇ ਸ਼ਰਾਬ ਦੇ ਠੇਕੇ ਖੋਲ੍ਹਣ ਬਾਰੇ ਵੀ ਪੰਚਾਇਤਾਂ ਨੂੰ ਵਿਰੋਧ ਕਰਨ ਦੀ ਲੋੜ ਹੈ ਤਾਂ ਕਿ ਸਵੇਰੇ-ਸ਼ਾਮ ਨਸ਼ੇੜੀਆਂ ਦੀਆਂ ਲੱਗਦੀਆਂ ਭੀੜਾਂ ਨੂੰ ਕੁਝ ਹੱਦ ਤੱਕ ਰੋਕਿਆ ਜਾ ਸਕੇ। ਜਿਹੜੇ ਨੌਜਵਾਨ ਨਸ਼ੇੜੀ ਬਣ ਚੁੱਕੇ ਹਨ, ਉਨ੍ਹਾਂ ਨੂੰ ਇਸ ਦੁਖਦਾਈ ਹਾਲਤ ਵਿਚੋਂ ਕੱਢਣ ਲਈ ਇਲਾਜ ਦੀ ਲੋੜ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਨਰੋਈ ਸਿਹਤ ਲਈ ਪਿੰਡਾਂ ਵਿਚ ਖੇਡ ਮੈਦਾਨ ਵਿਕਸਤ ਕਰਨ ਲਈ ਪੰਚਾਇਤਾਂ ਨੂੰ ਸਾਰਥਿਕ ਭੂਮਿਕਾ ਨਿਭਾਉਣ ਦੀ ਲੋੜ ਹੈ। ਖੇਡਾਂ ਨਾਲ ਨਰੋਈ ਸਿਹਤ ਤੇ ਸੋਚ ਪੈਦਾ ਹੋਵੇਗੀ ਤੇ ਉਹ ਆਪਣੇ ਅੰਦਰਲੀ ਸ਼ਕਤੀ ਨੂੰ ਖੇਡ ਮੁਕਾਲਿਆਂ ਵਿਚ ਲਾ ਕੇ ਨਰੋਏ ਸਮਾਜ ਦੇ ਰਾਹ ਤੁਰਨਗੇ। ਇਹ ਨਾ ਸੋਚੀਏ ਕਿ ਸਾਨੂੰ ਕੀ ਹੈ; ਇਹ ਬਿਮਾਰੀ ਕੱਲ੍ਹ ਨੂੰ ਸਾਡੇ ਘਰ ਤੱਕ ਵੀ ਪਹੁੰਚ ਸਕਦੀ ਹੈ।
ਸਿਖਿਆ ਅਤੇ ਸਿਹਤ ਬੁਨਿਆਦੀ ਮੁੱਦੇ ਹਨ। ਸਮੁੱਚੇ ਸਮਾਜ ਦੇ ਹਕੀਕੀ ਵਿਕਾਸ ਲਈ ਇਹ ਅਹਿਮ ਹਨ। ਪਿੰਡਾਂ ਵਿਚ ਧਾਰਮਿਕ ਸਥਾਨ ਤਾਂ ਬਹੁਤ ਸ਼ਾਨਦਾਰ ਬਣ ਗਏ ਹਨ ਪਰ ਕਈ ਪਿੰਡਾਂ ਵਿਚ ਸਕੂਲਾਂ ਦੀਆਂ ਇਮਾਰਤਾਂ ਤੇ ਹੋਰ ਸਹੂਲਤਾਂ ਦੀ ਘਾਟ ਹੈ। ਪਿੰਡਾਂ ਦੇ ਸਕੂਲਾਂ ਦੀ ਹਾਲਤ ਹਰ ਪੱਖੋਂ ਸੁਧਾਰਨ ਲਈ ਪੰਚਾਇਤਾਂ ਨੂੰ ਆਪਣੀ ਭੂਮਿਕਾ ਨਿਭਾਉਣ ਦੀ ਲੋੜ ਹੈ। ਬੱਚੇ ਸਾਡਾ ਭਵਿਖ ਹਨ। ਇਨ੍ਹਾਂ ਨੂੰ ਚੰਗੀ ਸਿਖਿਆ ਦੇਣਾ ਜ਼ਰੂਰੀ ਹੈ। ਜਿੰਨਾ ਵੀ ਸੰਭਵ ਹੋ ਸਕੇ, ਪੰਚਾਇਤਾਂ ਨੂੰ ਸਿੱਖਿਆ ਸੰਸਥਾਵਾਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਆਧਾਰ ’ਤੇ ਹੱਲ ਕਰਨ ਦੀ ਲੋੜ ਹੈ।
ਪਿੰਡਾਂ ਵਿਚ ਜਿਹੜੀ ਵੀ ਪੰਚਾਇਤ ਹੁਣ ਬਣ ਚੁੱਕੀ ਹੈ, ਉਹ ਬਿਨਾਂ ਕਿਸੇ ਵਿਤਕਰੇ ਤੇ ਵੈਰ-ਵਿਰੋਧ ਦੇ, ਲੋਕਾਂ ਦੀ ਸਹਿਮਤੀ ਨਾਲ ਪਿੰਡ ਦੇ ਮਸਲੇ ਹੱਲ ਕਰਨ ਲਈ ਯਤਨਸ਼ੀਲ ਹੋਣ। ਛੋਟੇ-ਮੋਟੇ ਮਸਲੇ ਪਿੰਡਾਂ ਵਿਚ ਨਿਬੇੜਨ ਦੀ ਕੋਸ਼ਿਸ਼ ਕੀਤੀ ਜਾਵੇ। ਸਚਾਈ, ਇਮਾਨਦਾਰੀ ਤੇ ਬਿਨਾਂ ਕਿਸੇ ਪੱਖਪਾਤ ਤੋਂ ਜੇ ਮਸਲੇ ਸੁਲਝਾਏ ਜਾਣ ਤਾਂ ਥਾਣਿਆਂ ਵਿਚ ਲੋਕਾਂ ਦੀ ਖੱਜਲ-ਖੁਆਰੀ ਤੋਂ ਨਿਜਾਤ ਮਿਲ ਸਕਦੀ ਹੈ। ਕਈ ਪਿੰਡਾਂ ਵਿਚ ਪਰਵਾਸੀ ਕਾਮਿਆਂ ਪ੍ਰਤੀ ਵਿਰੋਧ ਪ੍ਰਗਟ ਕੀਤਾ ਜਾ ਰਿਹਾ ਹੈ। ਖੇਤੀਬਾੜੀ ਤੋਂ ਲੈ ਕੇ ਬੇਸ਼ੁਮਾਰ ਕੰਮਾਂ ਵਿਚ ਇਹ ਕਾਮੇ ਜੁਟੇ ਹਨ। ਇਹ ਦੇਸ਼ ਸਭ ਦਾ ਸਾਂਝਾ ਹੈ, ਜੇ ਕੋਈ ਕਾਮਾ ਕਿਤੇ ਜਾ ਕੇ ਮਿਹਨਤ ਦੇ ਬਲਬੂਤੇ ਕਾਮਯਾਬ ਹੁੰਦਾ ਹੈ ਤਾਂ ਇਸ ਨੂੰ ਨਫਰਤ ਨਾਲ ਦੇਖਣ ਦੀ ਲੋੜ ਨਹੀਂ। ਬਹੁਤੇ ਪਿੰਡਾਂ ਵਿਚ ਅਨੇਕ ਪਰਵਾਸੀ ਹੁਣ ਪਿੰਡਾਂ ਦੇ ਭਾਈਚਾਰੇ ਦਾ ਹਿੱਸਾ ਬਣ ਚੁੱਕੇ ਹਨ।
ਵਾਤਾਵਰਨ ਦੇ ਪ੍ਰਦੂਸ਼ਣ ਦਾ ਮੁੱਦਾ ਬਹੁਤ ਗੰਭੀਰ ਹੈ। ਪੰਚਾਇਤਾਂ ਨੂੰ ਇਸ ਬਾਰੇ ਗੰਭੀਰ ਹੋਣ ਦੀ ਲੋੜ ਹੈ। ਇਹ ਠੀਕ ਹੈ ਕਿ ਕਿਸਾਨ ਵੀ ਮਜਬੂਰੀ ਵਸ ਹੀ ਅਗਲੀ ਫਸਲ ਬੀਜਣ ਲਈ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਂਦਾ ਹੈ ਪਰ ਜਿਹੜਾ ਨੁਕਸਾਨ ਹੋ ਰਿਹਾ ਹੈ, ਉਹ ਸਮੁੱਚੇ ਸਮਾਜ ਲਈ ਘਾਤਕ ਹੈ। ਪੰਚਾਇਤਾਂ ਆਪਣੇ ਪਿੰਡਾਂ ਵਿਚ ਲੋਕਾਂ ਨੂੰ ਵਾਤਾਵਰਨ ਦੇ ਪ੍ਰਦੂਸ਼ਣ ਬਾਰੇ ਸੁਚੇਤ ਕਰਨ। ਪੰਚਾਇਤਾਂ ਪਿੰਡਾਂ ਵਿਚ ਵੱਧ ਤੋਂ ਵੱਧ ਰੁੱਖ ਲਾਉਣ। ਸੜਕਾਂ ਕੰਢੇ ਤੇ ਹੋਰ ਖਾਲੀ ਥਾਵਾਂ ’ਤੇ ਰੁੱਖ ਲਾਏ ਜਾਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇ। ਬਾਕਾਇਦਾ ਜਾਂਚ ਕੀਤੀ ਜਾਵੇ ਕਿ ਕਿੰਨੇ ਰੁੱਖ ਅੱਗੇ ਤੁਰੇ ਹਨ।
ਪਿੰਡਾਂ ਦੇ ਲੋਕਾਂ ਲਈ ਮਗਨਰੇਗਾ ਲਾਹੇਵੰਦ ਸਕੀਮ ਹੈ। ਪੰਚਾਇਤਾਂ ਇਸ ਰਾਹੀਂ ਬਹੁਤ ਸਾਰੇ ਕੰਮ ਕਰਵਾ ਸਕਦੀਆਂ ਹਨ। ਕੇਵਲ ਕਾਗਜ਼ਾਂ ਵਿਚ ਹੀ ਜ਼ਾਬਤਾ ਨਾ ਪੂਰਾ ਕੀਤਾ ਜਾਵੇ ਸਗੋਂ ਜ਼ਮੀਨੀ ਪੱਧਰ ’ਤੇ ਇਸ ਸਕੀਮ ਨੂੰ ਗੰਭੀਰਤਾ ਨਾਲ ਲਾਗੂ ਕੀਤਾ ਜਾਵੇ। ਕੁਝ ਕੰਮ ਅਜਿਹੇ ਹਨ ਜਿਨ੍ਹਾਂ ’ਤੇ ਕੋਈ ਪੈਸਾ ਖਰਚ ਨਹੀਂ ਹੁੰਦਾ; ਕੇਵਲ ਪੰਚਾਇਤਾਂ ਦੀ ਯੋਗਤਾ, ਸੂਝ-ਸਿਆਣਪ ਤੇ ਭਾਈਚਾਰਕ ਸਾਂਝ ਦੀ ਭਾਵਨਾ ਨਾਲ ਅਜਿਹੇ ਕੰਮ ਕੀਤੇ ਜਾ ਸਕਦੇ ਹਨ। ਬਹੁਤ ਪਿੰਡਾਂ ਵਿਚ ਜਾਤ-ਬਰਾਦਰੀ ’ਤੇ ਆਧਾਰਿਤ ਕਈ-ਕਈ ਗੁਰਦੁਆਰੇ ਹਨ। ਗੁਰਦੁਆਰੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹਨ। ਇਸ ਨੂੰ ਅਮਲੀ ਜੀਵਨ ’ਚ ਵੀ ਲਾਗੂ ਕਰਨ ਦੀ ਲੋੜ ਹੈ। ਕਿੰਨਾ ਚੰਗਾ ਹੋਵੇ, ਜੇ ਪੰਚਾਇਤਾਂ ਇਸ ਮੁੱਦੇ ਬਾਰੇ ਸੰਜੀਦਾ ਸੰਵਾਦ ਰਚਾ ਕੇ ਲੋਕਾਂ ਨੂੰ ਕਾਇਲ ਕਰਨ ਕਿ ਹਰ ਪਿੰਡ ਇਕ ਗੁਰਦੁਆਰਾ ਹੋਵੇ, ਸਾਰੇ ਗੁਰਪੁਰਬ ਇਕ ਥਾਂ ਮਨਾਏ ਜਾਣ। ਦੁਖਦਾਈ ਗੱਲ ਹੈ ਕਿ ਅਜੇ ਤੱਕ ਕਈ ਪਿੰਡਾਂ ’ਚ ਸ਼ਮਸ਼ਾਨਘਾਟ ਵੀ ਵੱਖਰੇ-ਵੱਖਰੇ ਹਨ।
ਪੰਚਾਇਤਾਂ ਪਿੰਡਾਂ ਦੀ ਕਾਇਆ-ਕਲਪ ਕਰਨ ਵਿਚ ਸਾਰਥਿਕ ਭੂਮਿਕਾ ਨਿਭਾਉਣ ਲਈ ਯਤਨ ਕਰਨ। ਸਰਕਾਰੀ ਗਰਾਂਟਾਂ ਤਾਂ ਆਉਂਦੀਆਂ ਹੀ ਘੱਟ ਹਨ ਤੇ ਜੇ ਆ ਵੀ ਜਾਣ ਤਾਂ ਅਕਸਰ ਖਰਦ-ਬੁਰਦ ਹੋ ਜਾਂਦੀਆਂ ਹਨ। ਪੰਚਾਇਤਾਂ ਇਹ ਉਪਰਾਲੇ ਕਰਨ ਕਿ ਪਿੰਡਾਂ ਦੇ ਵੱਡੇ ਮਸਲਿਆਂ ਲਈ ਪਰਵਾਸੀ ਪੰਜਾਬੀਆਂ ਨੂੰ ਨਾਲ ਜੋੜ ਕੇ ਵਸੀਲੇ ਪੈਦਾ ਕੀਤੇ ਜਾਣ। ਬਹੁਤ ਸਾਰੇ ਪਿੰਡ ਵਿਕਾਸ ਤੇ ਹੋਰ ਸਹੂਲਤਾਂ ਤੋਂ ਅਜੇ ਵੀ ਵਿਰਵੇ ਹਨ।
ਸੰਪਰਕ: 98153-56086

Advertisement
Advertisement