For the best experience, open
https://m.punjabitribuneonline.com
on your mobile browser.
Advertisement

ਕੀ ਕਹਿੰਦੇ ਨੇ ਅਜੀਬ ਚੋਣ ਨਤੀਜੇ ਤੇ ਕੀ ਨੇ ਸੰਭਾਵਨਾਵਾਂ

10:20 AM Jun 15, 2024 IST
ਕੀ ਕਹਿੰਦੇ ਨੇ ਅਜੀਬ ਚੋਣ ਨਤੀਜੇ ਤੇ ਕੀ ਨੇ ਸੰਭਾਵਨਾਵਾਂ
Advertisement

ਡਾ. ਸੁਰਿੰਦਰ ਮੰਡ

Advertisement

ਲੋਕ ਸਭਾ ਚੋਣ ਨਤੀਜਿਆਂ ਨੂੰ ਵੇਖ ਵੇਖ ਦੋਵੇਂ ਧਿਰਾਂ ਹੀ ਬਾਹਰੋਂ ਖੁਸ਼ ਹੋਣ ਦਾ ਵਿਖਾਵਾ ਕਰ ਰਹੀਆਂ ਹਨ ਪਰ ਅੰਦਰੋਂ ਦੁਖੀ ਵੀ ਨੇ। 2024 ਦੀ ਪਾਰਲੀਮੈਂਟ ਚੋਣ ਵਿੱਚ ਬਰਾਬਰ ਦੀ ਟੱਕਰ ਉਪਰੰਤ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਿੱਚ ਸਫਲ ਰਹੇ ਹਨ। 2014 ਵਿੱਚ 282, 2019 ਵਿੱਚ 303 ਅਤੇ ਇਸ ਵਾਰ ਭਾਰਤੀ ਜਨਤਾ ਪਾਰਟੀ ਨੇ 240 ਸੀਟਾਂ ਜਿੱਤੀਆਂ ਅਤੇ ਐਨਡੀਏ ਭਾਈਵਾਲਾਂ ਨਾਲ ਮਿਲ ਕੇ ਗੱਠਜੋੜ ਸਰਕਾਰ ਬਣਾਈ ਹੈ। ਹੁਣ ਇਕੱਲਾ ਮੋਦੀ ਖੁਦ ਹੀ ਪੂਰੀ ਭਾਜਪਾ ਵਰਗੀ ਹੈਸੀਅਤ ਰੱਖਦਾ ਹੈ। ਮੋਦੀ ਦੀ ਗਾਰੰਟੀ ਉੱਤੇ ਹੀ ਚੋਣ ਲੜੀ ਗਈ। ਲੀਡਰ ਚੁਣੇ ਜਾਣ ਵਾਲੀ ਮੀਟਿੰਗ ਵਿਚ ਭਾਸ਼ਨ ਕਰਦਿਆਂ ਮੋਦੀ ਨੇ ਭਾਜਪਾ ਦਾ ਕੋਈ ਨਾਮ ਨਾ ਲਿਆ। ਯੂਪੀ ਅਤੇ ਅਯੁੱਧਿਆ ਦੀ ਕਰਾਰੀ ਹਾਰ ਉਪਰੰਤ ਹੁਣ ਭਾਜਪਾ ਨੇ ‘ਜੈ ਸ੍ਰੀ ਰਾਮ’ ਦਾ ਨਾਹਰਾ ਲਾਉਣਾ ਬੰਦ ਕਰ ਦਿੱਤਾ ਹੈ। ਹੁਣ ਮੋਦੀ ਉੜੀਸਾ ’ਚੋਂ ਜਿੱਤੇ ਹੋਣ ਕਰਕੇ ‘ਜੈ ਜਗਨਨਾਥ’ ਦਾ ਨਾਹਰਾ ਲਾਉਂਦੇ ਹਨ। ਉਹੀ ਜਗਨਨਾਥ ਮੰਦਰ ਜਿਸ ਵਿਚ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਦੇ ਲੋਕ ਸਦੀਆਂ ਤੋਂ ਜਗਨਨਾਥ ਦੀਆਂ ਮੂਰਤੀਆਂ ਦੇ ਦਰਸ਼ਨ ਕਰਨ ਲਈ ਅੰਦਰ ਨਹੀਂ ਸੀ ਜਾ ਸਕਦੇ, ਬਾਹਰੋਂ ਮੋਰੀਆਂ ਵਿਚੋਂ ਦੀ ਹੀ ਦਰਸ਼ਨ ਕਰ ਸਕਦੇ। 15-20 ਸਾਲ ਪਹਿਲਾਂ ਬੜਾ ਵਾਵੇਲਾ ਮੱਚਿਆ ਸੀ ਜਦ ਅਦਾਲਤ ਦੇ ਹੁਕਮ ਨਾਲ ਪ੍ਰਸ਼ਾਸਨ ਨੇ ਸਭ ਲੋਕ ਅੰਦਰ ਵਾੜੇ ਤਾਂ ਪੁਜਾਰੀ ਮਗਰੋਂ ਮੰਦਰ ਨੂੰ ਦੁੱਧ ਨਾਲ ਧੋ ਕੇ ਸੁੱਚਾ ਕਰਨ ਲੱਗ ਪਏ ਸਨ।
ਇਹ ਖਬਰਾਂ ਉੱਡੀਆਂ ਸਨ ਕਿ ਜੇ ਇਸ ਵਾਰ ਸੀਟਾਂ ਘੱਟ ਆਈਆਂ ਤਾਂ ਪਾਰਟੀ/ਆਰਐਸਐਸ ਮੋਦੀ ਦੀ ਥਾਂ ਨਿਤਿਨ ਗਡਕਰੀ ਵਰਗੇ ਨੂੰ ਅੱਗੇ ਲਾ ਸਕਦੀ ਹੈ। ਕੋਸ਼ਿਸ਼ਾਂ ਹੋਈਆਂ ਸੁਣੀਆਂ ਪਰ ਮੋਦੀ ਨੇ ਪਹਿਲਾਂ ਭਾਜਪਾ ਸੰਸਦੀ ਦਲ ਵੱਲੋਂ ਨੇਤਾ ਚੁਣੇ ਜਾਣ ਦੀ ਰਵਾਇਤ ਤੋੜਦਿਆਂ ਸਿੱਧੀ ਹੀ ਸਾਂਝੀ ਐਨਡੀਏ ਦੀ ਮੀਟਿੰਗ ਵਿੱਚ ਆਪਣੀ ਚੋਣ ਕਰਵਾ ਲਈ ਤੇ ਪਾਰਟੀ ਅੰਦਰਲੀਆਂ ਵਿਰੋਧੀ ਸੁਰਾਂ ਨੂੰ ਉੱਠਣ ਦਾ ਮੌਕਾ ਹੀ ਨਹੀਂ ਦਿੱਤਾ। ਹੁਣ ਚਰਚਾ ਹੈ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਸਾਹਮਣੇ ਆਰਐਸਐਸ ਵੀ ਲਾਚਾਰ ਹੈ। ਵੇਖੋ ਕਿ ਅੱਗੇ ਕੀ ਹੁੰਦਾ ਹੈ।
‘ਇੰਡੀਆ ਗਠਜੋੜ’ 234 ਸੀਟਾਂ ਜਿੱਤ ਕੇ ਬਹੁਮਤ ਤੋਂ ਜ਼ਰਾ ਪਛੜ ਗਿਆ ਜਿਸਦਾ ਕਾਰਨ ਇਸਦੀ ਆਪਣੀ ਨਾਲਾਇਕੀ ਹੈ। ਇਨ੍ਹਾਂ ਦੀਆਂ ਸੁਸਤੀਆਂ ਤੇ ਤਿਕੜਮਬਾਜ਼ੀਆਂ ਨੇ ਹੀ ਬਿਹਾਰੀ ਬਾਬੂ ਨਿਤੀਸ਼ ਨੂੰ ਮੋਦੀ ਖੇਮੇ ਵੱਲ ਜਾਣ ’ਚ ਵੱਡੀ ਭੂਮਿਕਾ ਨਿਭਾਈ। ਉਸ ਦੇ ‘ਇੰਡੀਆ ਗਠਜੋੜ’ ਦਾ ਕਨਵੀਨਰ ਬਣਨ ਵਿਚ ਰੁਕਾਵਟ ਪਾਉਣ ਵਾਲਿਆਂ ਨੇ ਇਤਿਹਾਸਕ ਗਲਤੀ ਕੀਤੀ ਹੈ। ਹੁਣ ਨਿਤੀਸ਼ ਕਿਵੇਂ ਯਕੀਨ ਕਰੇ ਕਿ ਜਿਹੜੇ ਮੈਨੂੰ ਕਨਵੀਨਰ ਬਣਾਉਣ ਉੱਤੇ ਛੜੀਆਂ ਮਾਰਨ ਲੱਗ ਪਏ ਸਨ, ਉਹ ਹੁਣ ਪ੍ਰਧਾਨ ਮੰਤਰੀ ਬਣਾਉਣ ਲਈ ਸੁਹਿਰਦ ਹੋਣਗੇ ?... ਜਦ ਉੜੀਸਾ ਵਾਲਾ ਨਵੀਨ ਪਟਨਾਇਕ ਭਾਜਪਾ ਨਾਲ ਸਿੱਧੇ ਮੁਕਾਬਲੇ ’ਚ ਆ ਗਿਆ ਸੀ ਤਾਂ ਕਾਂਗਰਸ ਕਿਸੇ ਵੀ ਕੀਮਤ ਉੱਤੇ ਨਵੀਨ ਨਾਲ ਗਠਜੋੜ ਕਰ ਲੈਂਦੀ ਤਾਂ ਉਥੇ ਇਨ੍ਹਾਂ ਦੀਆਂ ਭਾਜਪਾ ਨਾਲੋਂ ਦਸ ਫੀਸਦੀ ਵੋਟਾਂ ਵੱਧ ਹੁੰਦੀਆਂ। ਆਂਧਰਾ ਵਾਲਾ ਮੁੱਖ ਮੰਤਰੀ ਰੈੱਡੀ ਤਾਂ ਕਾਂਗਰਸ ਦੇ ਆਪਣੇ ਮੁੱਖ ਮੰਤਰੀ ਰਹੇ ਵਾਈ.ਐਸ.ਆਰ ਰੈਡੀ ਦਾ ਮੁੰਡਾ ਸੀ, ਜਿਸਨੂੰ ਇਹ ਗੋਦ ’ਚ ਖਿਡਾਉਂਦੇ ਰਹੇ, ਉਸ ਨਾਲ ਕਿਸੇ ਵੀ ਕੀਮਤ ਉੱਤੇ ਸਮਝੌਤਾ ਕਰ ਲੈਂਦੇ। ਪਰ ਆਂਧਰਾ- ਉੜੀਸਾ (46 ਸੀਟਾਂ) ਨੂੰ ਘੋਰ ਸਿਆਸੀ ਨਾਸਮਝੀ ਵਿਖਾਉਂਦਿਆਂ ਅਣਗੌਲਿਆਂ ਕੀਤਾ ਗਿਆ। ਸਮੇਂ ਸਿਰ ਤਾਂ ਕੋਈ ਕੋਸ਼ਿਸ਼ ਨਾ ਕੀਤੀ ਤੇ ਨਤੀਜਿਆਂ ਉਪਰੰਤ ਨਿਤੀਸ਼/ਨਵੀਨ/ ਰੈੱਡੀ ਬਾਰੇ ਬੇਫਾਇਦਾ ‘ਕੁਵੇਲੇ ਦੀਆਂ ਟੱਕਰਾਂ’ ਮਾਰਦੇ ਰਹੇ। ਅੱਜ ਵੀ ਨਿਤੀਸ਼/ਨਵੀਨ ਬਾਰੇ ਸੰਭਲ ਕੇ ਬੋਲਣ ਦੀ ਘਾਟ ਦਿਖ ਰਹੀ ਹੈ।
‘ਇੰਡੀਆ ਗਠਜੋੜ’ ਵਿੱਚੋਂ ਭਵਿੱਖ ਲਈ ਅਖਿਲੇਸ਼ ਯਾਦਵ ਹੀ ਸਭ ਤੋਂ ਵੱਧ ਸਬਰ-ਤਹੱਮਲ ਵਾਲਾ, ਬੇਦਾਗ, ਦਲੇਰ, ਟਿਕਾਊ, ਸਿਆਣਾ ਤੇ ਵੱਡੇ ਅਹੁਦੇ ਲਈ ਯੋਗ ਲੀਡਰ ਦਿੱਸਦਾ ਹੈ। ਅਖਿਲੇਸ਼ ਨੇ ਆਪਣੇ ਦਮ ’ਤੇ ਯੂਪੀ ਵਿਚ 43 (37+6) ਸੀਟਾਂ ਜਿਤਾਈਆਂ। ਕਾਂਗਰਸ ਨੇ ਜਿੱਦ ਕੇ 18 ਸੀਟਾਂ ਲਈਆਂ ਤੇ 6 ਜਿੱਤੀਆਂ। ਇਵੇਂ ਪਹਿਲਾਂ ਬਿਹਾਰ ਵਿਚ ਤੇਜਸਵੀ ਯਾਦਵ ਕੋਲੋਂ ਜਿੱਦ ਕਰਕੇ 70 ਸੀਟਾਂ ਲਈਆਂ ਤੇ 19 ਜਿੱਤੀਆਂ ਸਨ ਜਿਸ ਕਰਕੇ ਉਥੇ ਨਿਤੀਸ਼ ਤੇ ਭਾਜਪਾ 5 ਸੀਟਾਂ ਵੱਧ ਹੋਣ ਕਰਕੇ ਰਾਜ ਕਰ ਰਹੇ ਨੇ। ਕਾਂਗਰਸ ਨੂੰ ਦੇਸ਼ ਹਿਤ ਵਿਚ ਆਪਣਾ ਇਹ ਵਤੀਰਾ ਬਦਲਣਾ ਪਵੇਗਾ ਅਤੇ ਭਾਜਪਾ ਨਾਲ ਆਪਣੇ ਸਿੱਧੇ ਮੁਕਾਬਲੇ ਵਾਲੇ ਰਾਜਾਂ (ਗੁਜਰਾਤ,ਮੱਧ ਪ੍ਰਦੇਸ਼, ਛੱਤੀਸਗੜ੍ਹ, ਉਤਰਾਖੰਡ, ਹਿਮਾਚਲ, ਰਾਜਸਥਾਨ, ਕਰਨਾਟਕ, ਤਿਲੰਗਾਨਾ ਆਦਿ) ਵਿੱਚ ਜ਼ਮੀਨੀ ਲੋਕ ਮੁੱਦਿਆਂ ਉੱਤੇ ਕੇਂਦਰਿਤ ਅਸਰਦਾਰ ਸਰਗਰਮੀ ਕਰਨੀ ਹੋਵੇਗੀ। ਆਂਧਰਾ, ਉੜੀਸਾ ਤਿਲੰਗਾਨਾ ਤੇ ਕਰਨਾਟਕ ਵਿੱਚ ‘ਵਿਸ਼ਾਲ ਦੇਸ਼ ਭਗਤ ਮੋਰਚਾ’ ਨੀਤੀ ਨਾਲ ਗਠਜੋੜ ਨਵੇਂ ਸਿਰਿਉਂ ਵੱਡੇ ਦਿਲ ਨਾਲ ਦੂਰ ਦੀ ਸੋਚ ਨਾਲ ਬਣਾਉਣੇ ਹੋਣਗੇ। ਨਹੀਂ ਤਾਂ ਕਾਂਗਰਸ ਇਵੇਂ ਹੀ ਭਾਜਪਾ ਦੇ ਮੁੜ ਮੁੜ ਜਿੱਤਣ ਦੀ ਵਜਾਹ ਬਣਦੀ ਰਹੇਗੀ। ਖੁਦ ਵੀ ਭੁਗਤੂ ਤੇ ਇਨ੍ਹਾਂ ਦੀ ਵਜਾਹ ਨਾਲ ਦੇਸ਼ ਵੀ।
ਦੂਜੇ ਪਾਸੇ ਵੇਖੋ ਕਿਵੇਂ ਮੋਦੀ ਤੇ ਸ਼ਾਹ ਨੇ ਉਸ ਚੰਦਰਬਾਬੂ ਨਾਇਡੂ ਨਾਲ ਹੱਥ ਮਿਲਾਉਣ ਨੂੰ ਇਕ ਸਕਿੰਟ ਨਾ ਲਾਇਆ ਜਿਸ ਨੂੰ ਪਹਿਲਾਂ ਜੇਲ੍ਹ ਚ ਸੁੱਟਿਆ, ਤੇ ‘ਸਹੁਰੇ ਦੀ ਪਿੱਠ ਵਿਚ ਛੁਰਾ ਮਾਰਨ ਵਾਲਾ’ ਵਰਗੀਆਂ ਗਾਲਾਂ ਵੀ ਕੱਢੀਆਂ ਸਨ। ਇਥੋਂ ਤਕ ਕਿ ਨਾਇਡੂ ਤਾਂ ਓਬੀਸੀ ਕੋਟੇ ’ਚੋਂ 4 ਫੀਸਦੀ ਰਾਖਵਾਂਕਰਨ ਮੁਸਲਮਾਨ ਪਿਛੜਿਆਂ ਨੂੰ ਦੇਣ ਦਾ ਐਲਾਨੀਆ ਮੁਦਈ ਹੈ, ਜਿਸ ਬਾਰੇ ਮੋਦੀ ਸਾਰੀ ਚੋਣ ਮੁਹਿੰਮ ਦੌਰਾਨ ਕਹਿੰਦਾ ਰਿਹਾ ਕਿ ਮੈਂ ਆਪਣੇ ਜਿਊਂਦੇ-ਜੀਅ ਇੰਜ ਨਹੀਂ ਹੋਣ ਦਿਆਂਗਾ ਪਰ ਵੇਖੋ ਕਿਵੇਂ ਜੱਫੀਆਂ ਪਾ ਕੇ ਹੱਸਣ ਲੱਗ ਪਏ ਨੇ! ਬਿਹਾਰ ਵਾਲੇ ਨਿਤੀਸ਼ ਨਾਲ ਕੀ ਕੀ ਕਰਦੇ ਰਹੇ। ਨਿਤੀਸ਼ ਦੇ ਸਹਿਯੋਗੀਆਂ ਉੱਤੇ ਈਡੀ ਨੇ ਛਾਪੇ ਮਾਰੇ। ਉਹਦੇ ਨਾਲ ਵੀ ਹੁਣ ਜੱਫੀਆਂ ਤੇ ਕੱਛਾਂ ਥਾਣੀ ਹਾਸੇ ਨਿਕਲਦੇ ਨੇ। ਜਿਸ ਨਵੀਨ ਪਟਨਾਇਕ ਨੂੰ ਉੜੀਸਾ ਵਿਚ ਪਟਕਨੀ ਦੇ ਕੇ ‘ਜੈ ਜਗਨਨਾਥ’ ਦੀਆਂ ਬੁਲਬੁਲੀਆਂ ਮਾਰ ਰਹੇ ਨੇ, ਉਹ ਤਾਂ ਦਸ ਸਾਲ ਪਾਰਲੀਮੈਂਟ ਵਿਚ ਹਰ ਮੌਕੇ ਮੋਦੀ ਸਰਕਾਰ ਮਗਰ ਹੱਥ ਖੜਾ ਕਰਦਾ ਰਿਹਾ, ਉਹਦੇ ਨਾਲ ਤਾਂ ਦਾਅ-ਪੇਚ ਨੀਤੀ ਤਹਿਤ ਅਖੀਰ ਤਾਈਂ ਚੋਣ ਸਮਝੌਤਾ ਹੋ ਜਾਣ ਦਾ ਭਰਮ ਵੀ ਬਣਾਈ ਰੱਖਿਆ ਤਾਂ ਕਿ ਉਹ ਕਾਂਗਰਸ ਵੱਲ ਨਾ ਵੇਖੇ ਤੇ ਫਿਰ ਦਿੱਤੀ ਅਚਨਚੇਤ ਉਹ ਪਟਕਣੀ ਜਿਹੜੀ ਉਹ ਯਾਦ ਰੱਖੂ। ਵਰਨਣਯੋਗ ਹੈ ਕਿ ਇਨ੍ਹਾਂ ਤਿੰਨਾ (ਨਿਤੀਸ਼,ਨਵੀਨ,ਚੰਦਰ ਬਾਬੂ ਨਾਇਡੂ)ਨਾਲ ਭਾਜਪਾ ਦਾ ਵਿਚਾਰਾਂ ਦਾ ਕੋਈ ਮੇਲ ਨਹੀਂ। ਵੇਖੋ ਇਨ੍ਹਾਂ ਦੇ ਡੰਗ ਤੇ ਨਾਲੇ ਵੇਖੋ ਲਚਕਾਂ।
ਬਹੁਤ ਚਰਚਾ ਕਿ ਮੋਦੀ/ਅਮਿਤ ਸ਼ਾਹ ਸਦਾ ਮਨਮਰਜ਼ੀ ਹੀ ਕਰਦੇ ਰਹੇ, ਇਹ ਤਾਂ ਕਿਸੇ ਦੀ ਗੱਲ ਸੁਣਨ ਮੰਨਣ ਗਿੱਝੇ ਹੀ ਨਹੀਂ। ਇਨ੍ਹਾਂ ਕੋਲੋਂ ਸਾਂਝੀ ਸਰਕਾਰ ਨਹੀਂ ਚੱਲਣੀ। ਮੇਰੀ ਜਾਚੇ ਇਹ ਸੱਚ ਨਹੀਂ। ਅਜਿਹਾ ਕਹਿਣ ਵਾਲੇ ਇਨ੍ਹਾਂ ਦਾ ਤੇ ਭਾਜਪਾ ਦਾ ਜਮਾਤੀ ਕਿਰਦਾਰ ਨਹੀਂ ਸਮਝਦੇ। ਇਹ ਗਾਹਕ ਨਾਲ ਵਿਗਾੜ ਨਾ ਪਾਉਣ ਵਾਲੀ ਸਿਆਣੀ ਕੌਮ ਹੈ, ਹੁੜ ਹੁੜ ਕਰਕੇ ਲੜਨ ਝਗੜਨ ਵਾਲੇ ਲੋਕ ਨਹੀਂ। ਇਹ ਆਪਣੇ ਹਿੱਤ ਲਈ ਹਰੇਕ ਅੱਗੇ ਵਕਤੀ ਤੌਰ ਤੇ ਏਨਾ ਝੁਕ-ਲਿਫ਼ ਜਾਣਗੇ ਕਿ ਜਿਵੇਂ ਇਨ੍ਹਾਂ ਵਿੱਚ ਕੋਈ ਹੱਡੀ ਨਾ ਹੋਵੇ, ਤੇ ਮਗਰੋਂ ....। ਹੁਣ ਇਨ੍ਹਾਂ ਦੇ ਢਿੱਡ ’ਚੋਂ ਲੱਭੋ ਭਲਾ ਕਿਧਰ ਹਜ਼ਮ ਹੋ ਗਏ ਹਰਿਆਣੇ ਵਾਲਾ ਕੁਲਦੀਪ ਬਿਸ਼ਨੋਈ, ਚੌਟਾਲੇ, ਅਕਾਲੀ, ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ, ਅਸਾਮ ਗਣ ਪਰਿਸ਼ਦ, ਮਾਇਆਵਤੀ, ਆਂਧਰਾ ਵਾਲਾ ਰੈੱਡੀ, ਨਵੀਨ ਪਟਨਾਇਕ।
ਭਾਜਪਾ ਨੂੰ ਕੇਂਦਰ ਸਰਕਾਰ ਬਣਾ ਕੇ ਵੀ ਰੋਣਾ ਇਸ ਗੱਲ ਦਾ ਆ ਰਿਹਾ ਕਿ ਇਸਦੇ ਹੱਥੋਂ ਉੱਤਰ ਪ੍ਰਦੇਸ, ਹਰਿਆਣਾ, ਜੰਮੂ ਕਸ਼ਮੀਰ ਲਦਾਖ, ਮਹਾਰਾਸ਼ਟਰ ਵਰਗੇ ਵੱਡੇ ਰਾਜਾਂ ਦੀਆਂ ਸਰਕਾਰਾਂ ਵੀ ਚਲੇ ਜਾਣ ਦੀ ਪੂਰੀ ਸੰਭਾਵਨਾ ਹੈ ਤੇ ਬੰਗਾਲ ਨੂੰ ਜਿੱਤਣ ਦਾ ਸੁਪਨਾ ਵੀ ਟੁੱਟ ਗਿਆ ਹੈ। ਇਹ ਦਿਸ ਰਿਹਾ ਹੈ ਕਿ ‘ਇੰਡੀਆ ਗਠਜੋੜ’ ਦੀਆਂ ਤਾਮਿਲਨਾਡੂ, ਬੰਗਾਲ, ਕੇਰਲਾ,ਪੰਜਾਬ, ਕਰਨਾਟਕਾ ਝਾਰਖੰਡ,ਦਿੱਲੀ, ਜੰਮੂ ਕਸ਼ਮੀਰ, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ ਵਿਚ ਸਰਕਾਰਾਂ ਹੋਣਗੀਆਂ, ਜਿੱਥੇ 300 ਤੋਂ ਵੱਧ ਸੀਟਾਂ ਹਨ।
ਉੜੀਸਾ, ਆਂਧਰਾ, ਰਾਜਸਥਾਨ ਤੇ ਬਿਹਾਰ ਵਿੱਚ ਵੀ ਸਿਆਸੀ ਸਮੀਕਰਨ ਬਦਲਣ ਦੇ ਆਸਾਰ ਹਨ।
ਨਰਿੰਦਰ ਮੋਦੀ ਦੀ ਮੌਜੂਦਾ ਐਨਡੀਏ ਸਰਕਾਰ ਥੋੜ੍ਹੇ ਕੁ ਦਿਨ ਬਾਹਰੋਂ ਵਿਖਾਵੇਗੀ ਕਿ ਹੁਣ ਇਹ ਹਰੇਕ ਨੂੰ ਪਿਆਰ ਨਾਲ ਬੋਲਣ ਵਾਲੀ ਸਰਕਾਰ ਹੈ, ਏਥੋਂ ਤਕ ਕਿ ਆਂਧਰਾ ਵਿਚ ਨਾਇਡੂ ਨਾਲ ਮਿਲ ਕੇ ਓਬੀਸੀ ਕੋਟੇ ਵਿੱਚੋਂ ਮੁਸਲਮਾਨਾ ਨੂੰ 4% ਰਾਖਵਾਂਕਰਨ ਵੀ ਖੁਸ਼ੀ ਨਾਲ ਦੇਵੇਗੀ। ਝੱਜੂ ਪਾ ਕੇ 10 ਕੁ ਸੀਟਾਂ ਦਾ ਹੋਰ ਜੁਗਾੜ ਕਰਨ ਉਪਰੰਤ ਫਿਰ ਨਵਾਂ ਅਸਲੀ ਰੰਗ ਵਿਖਾਏਗੀ। ਅੰਦਾਜ਼ਾ ਕਿ ਵਿਰੋਧੀ ਪਾਰਟੀਆਂ ਪ੍ਰਤੀ ਪਹਿਲਾਂ ਨਾਲੋਂ ਵੱਧ ਹਮਲਾਵਰ ਰਹੇਗੀ। ਤੇਜਸਵੀ ਯਾਦਵ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਚੱਲ ਰਹੀ ਹੈ। ਵਿਰੋਧੀ ਧਿਰਾਂ ਕਿਸੇ ਬਹੁਤ ਵੱਡੀ ਅਣਕਿਆਸੀ ਘਟਨਾ ਤੋਂ ਪਹਿਲਾਂ ਹੀ ਸੁਚੇਤ ਰਹਿਣ ਤਾਂ ਬਚਣਗੀਆਂ।
ਭਾਜਪਾ ਦੇ ਅੰਦਰਲੀ ਮੋਦੀ ਨੀਤੀ ਬਾਰੇ ਬੇਬਸੀ ਵੀ ਕੋਈ ਨਾ ਕੋਈ ਰੂਪ ਲਵੇਗੀ। ਅਗਨੀਵੀਰ, ਜਾਤੀਗਤ ਜਨਗਣਨਾ, ਕਿਸਾਨਾਂ ਨੂੰ ਫਸਲਾਂ ਦਾ ਘੱਟੋ ਘੱਟ ਸਮਰਥਨ ਭਾਅ (ਐਮ.ਐਸ.ਪੀ), ਪੈਟਰੋਲ, ਡੀਜ਼ਲ, ਗੈਸ ਆਦਿ ਮਹਿੰਗਾਈ, ਰੈਗੂਲਰ ਭਰਤੀਆਂ,ਬਿਜਲੀ ਪਾਣੀ ਵਾਤਾਵਰਨ ਵਰਗੇ ਮੁੱਦਿਆਂ ਉੱਤੇ ਸੰਘਰਸ਼ ਸਮੇਂ ਦੀ ਲੋੜ ਹੈ। ਜਿਹੜਾ ਕਰੂ ਓਹੋ ਜਿੱਤੂ। ਭੜਕਾਊ ਏਜੰਡਿਆਂ ਤੋਂ ਬਚਣ ਲਈ ਵੀ ਇਹ ਜ਼ਰੂਰੀ ਹੈ।
ਸੰਪਰਕ: 94173-24543

Advertisement

Advertisement
Author Image

joginder kumar

View all posts

Advertisement