ਡਬਲਿਊਐੱਫਆਈ ਦੀਆਂ ਚੋਣਾਂ ਦਾ ਐਲਾਨ 8 ਤੋਂ ਬਾਅਦ ਹੋਣ ਦੀ ਉਮੀਦ
ਨਵੀਂ ਦਿੱਲੀ, 5 ਦਸੰਬਰ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਚੋਣਾਂ ਲਈ ਨੋਟੀਫਿਕੇਸ਼ਨ 8 ਦਸੰਬਰ ਜਾਂ ਇਸ ਤੋਂ ਬਾਅਦ ਜਾਰੀ ਕੀਤਾ ਜਾ ਸਕਦਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਪ੍ਰਕਾਸ਼ਿਤ ਕੀਤੀ ਗਈ ਵੋਟਰ ਸੂਚੀ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਵੀ 8 ਦਸੰਬਰ ਨੂੰ ਹੀ ਸ਼ਾਮਲ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਚੋਣਾਂ ’ਤੇ ਲਾਈ ਗਈ ਰੋਕ ਹਾਲ ਹੀ ਵਿੱਚ ਹਟਾ ਦਿੱਤੀ ਸੀ, ਜਿਸ ਨਾਲ ਡਬਲਿਊਐੱਫਆਈ ਦੀ ਨਵੀਂ ਗਵਰਨਿੰਗ ਬਾਡੀ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਭਾਰਤ ਦੇ ਸਿਖਰਲੇ ਪਹਿਲਵਾਨਾਂ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਖੇਡ ਮੰਤਰਾਲੇ ਨੇ ਬ੍ਰਿਜ ਭੂਸ਼ਣ ਦੀ ਅਗਵਾਈ ਵਾਲੀ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ। ਭਾਰਤੀ ਵੁਸ਼ੂ ਐਸੋਸੀਏਸ਼ਨ ਦੇ ਮੁਖੀ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਵੱਲੋਂ ਕਾਇਮ ਐਡਹਾਕ ਪੈਨਲ ਇਸ ਸਮੇਂ ਫੈਡਰੇਸ਼ਨ ਦਾ ਕੰਮਕਾਜ ਦੇਖ ਰਿਹਾ ਹੈ। ਅਸਿਸਟੈਂਟ ਰਿਟਰਨਿੰਗ ਅਫਸਰ ਤਾਪਸ ਭੱਟਾਚਾਰੀਆ ਨੇ ਬਿਆਨ ਵਿੱਚ ਕਿਹਾ, ‘‘ਰਿਟਰਨਿੰਗ ਅਫਸਰ ਨੇ ਬਾਜਵਾ ਨੂੰ ਇਹ ਦੱਸਣ ਲਈ ਕਿਹਾ ਕਿ ਕੀ 25 ਜੁਲਾਈ 2023 ਨੂੰ ਪਹਿਲਾਂ ਹੀ ਨੋਟੀਫਾਈ ਕੀਤੇ ਗਏ ਇਲੈਕਟੋਰਲ ਕਾਲਜ ਵਿੱਚ ਕੋਈ ਬਦਲਾਅ ਹੋਇਆ ਹੈ। ਉਨ੍ਹਾਂ ਨੂੰ ਇਹ ਜਾਣਕਾਰੀ ਜਲਦੀ ਤੋਂ ਜਲਦੀ ਦੇਣ ਲਈ ਕਿਹਾ ਗਿਆ ਹੈ। ਬਾਜਵਾ ਨੇ ਇੱਕ ਹਫ਼ਤੇ ਦਾ ਸਮਾਂ ਮੰਗਿਆ। ਪੂਰੀ ਜਾਣਕਾਰੀ ਪੰਜ ਦਿਨਾਂ ਦੇ ਅੰਦਰ ਭਾਵ 8 ਦਸੰਬਰ ਜਾਂ ਇਸ ਤੋਂ ਪਹਿਲਾਂ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਚੋਣ ਕਰਵਾਉਣ ਲਈ ਆਖਰੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕੇ।’’ -ਪੀਟੀਆਈ