ਗਿੱਲੇ ਕੂੜੇ ਤੋਂ ਬਿਜਲੀ ਬਣਾਉਣ ਵਾਲਾ ਪਲਾਂਟ ਗੋਬਿੰਦਗੜ੍ਹ ’ਚ ਸ਼ੁਰੂ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 4 ਫ਼ਰਵਰੀ
ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋਂ ਇੱਕ ਵਿਸ਼ੇਸ਼ ਪਲਾਂਟ ਗੋਬਿੰਦਗੜ੍ਹ ਵਿੱਚ ਸਥਾਪਤ ਕੀਤਾ ਗਿਆ, ਜਿਸ ਵਿੱਚ ਆਉਣ ਵਾਲੇ ਗਿੱਲੇ ਕੂੜੇ ਨਾਲ ਰੋਜ਼ਾਨਾ 1000 ਯੂਨਿਟ ਬਿਜਲੀ ਤਿਆਰ ਹੋ ਰਹੀ ਹੈ। ਇਸ ਤਰ੍ਹਾਂ ਗਿੱਲੇ ਕੂੜੇ ਤੋਂ ਬਿਜਲੀ ਬਣਾਉਣ ਵਾਲਾ ਇਹ ਸੂਬੇ ਦਾ ਪਹਿਲਾ ਪਲਾਂਟ ਹੈ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕੂੜੇ ਦੀ ਸਮੱਸਿਆ ਗੰਭੀਰ ਚੁਣੌਤੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਕੌਂਸਲ ਵੱਲੋਂ 2 ਕਰੋੜ 98 ਲੱਖ ਦੀ ਲਾਗਤ ਨਾਲ ਇਹ ਪਲਾਂਟ ਲਗਾਇਆ ਗਿਆ ਹੈ। ਇਸ ਵਿੱਚ ਰੋਜ਼ਾਨਾ 15 ਟਨ ਗਿੱਲੇ ਕੂੜੇ ਦੀ ਵਰਤੋਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦੇ ਪ੍ਰੋਸੈੱਸ ਅਧੀਨ ਸ਼ਹਿਰ ਵਿੱਚੋਂ ਇੱਕਠੇ ਕੀਤੇ ਵੈਟ ਵੇਸਟ (ਗਿੱਲੇ ਕੂੜੇ) ਨੂੰ ਡਾਇਜੈਸਟਰ ਟੈਂਕ ਵਿੱਚ ਸਲਰੀ ਦੇ ਰੂਪ ਵਿੱਚ ਪਾਇਆ ਜਾਂਦਾ ਹੈ ਜਿਥੇ ਬੈਕਟੀਰੀਅਲ ਐਕਸ਼ਨ ਨਾਲ ਗਿੱਲੇ ਕੂੜੇ ਤੋਂ ਬਾਇਓ ਗੈਸ ਤਿਆਰ ਹੁੰਦੀ ਹੈ। ਇਸ ਤੋਂ 125 ਕੇਵੀਏ ਦੇ ਜੈਨਰੇਟਰ ਰਾਹੀਂ ਬਿਜਲੀ ਤਿਆਰ ਕੀਤੀ ਜਾਂਦੀ ਹੈ। ਇਸ ਪਲਾਂਟ ਵਿੱਚ ਤਿਆਰ ਕੀਤੀ ਬਿਜਲੀ ਨਾਲ ਹੀ ਇਹ ਪਲਾਂਟ ਚੱਲ ਰਿਹਾ ਹੈ ਅਤੇ ਵਾਧੂ ਬਿਜਲੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 5 ਰੁਪਏ ਪ੍ਰਤੀ ਯੂਨਿਟ ਦੇਣ ਲਈ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਸਫਲਤਾਪੂਰਵਕ ਚੱਲਣ ਉਪਰੰਤ ਅਜਿਹੇ ਹੋਰ ਪਲਾਂਟ ਜ਼ਿਲ੍ਹੇ ਵਿੱਚ ਲਗਾਉਣ ਦੀ ਯੋਜਨਾ ਹੈ। ਇਸ ਮੌਕੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਸਨ।