ਪੱਛਮੀ ਸੈਨਾ ਕਮਾਂਡਰ ਵੱਲੋਂ ‘ਖੜਗਾ ਸ਼ਕਤੀ’ ਅਭਿਆਸ ਦਾ ਨਿਰੀਖਣ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 27 ਨਵੰਬਰ
ਅੰਬਾਲਾ ਆਧਾਰਤ ਖੜਗਾ ਕੋਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਮਹਾਜਨ ਫੀਲਡ ਫਾਇਰਿੰਗ ਰੇਂਜ ਵਿਚ ਚੱਲ ਰਹੇ ‘ਖੜਗਾ ਸ਼ਕਤੀ’ ਨਾਂ ਦੇ ਅਭਿਆਸ ਦਾ ਅੱਜ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ, ਜੀਓਸੀ-ਇਨ-ਸੀ, ਪੱਛਮੀ ਕਮਾਂਡ ਨੇ ਨਿਰੀਖਣ ਕੀਤਾ।
ਅੱਜ ਅਭਿਆਸ ਦੀ ਸਮਾਪਤੀ ਮੌਕੇ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਸਾਰੇ ਰੈਂਕਾਂ ਨਾਲ ਗੱਲਬਾਤ ਕੀਤੀ ਅਤੇ ਅਭਿਆਸ ਦੇ ਸੰਚਾਲਨ ਵਿੱਚ ਉਨ੍ਹਾਂ ਦੇ ਪੇਸ਼ੇਵਰ ਰਵੱਈਏ ਲਈ ਵਧਾਈ ਦਿੱਤੀ। ਅਭਿਆਸ ਦੌਰਾਨ ਰੁਕਾਵਟਾਂ ਵਾਲੇ ਖੇਤਰਾਂ ਵਿੱਚ ਨਕਲੀ ਯੁੱਧ ਵਾਤਾਵਰਨ ਵਿੱਚ ਸਹਿਜ, ਪ੍ਰਭਾਵੀ ਅਤੇ ਪ੍ਰੇਰਨਾਦਾਇਕ ਏਕੀਕਰਿਤ ਫਾਇਰਿੰਗ ਦਾ ਪ੍ਰਦਰਸ਼ਨ ਕੀਤਾ ਗਿਆ। ਫਾਇਰ ਪਾਵਰ ਦੇ ਤਾਲਮੇਲ ਨਾਲ ਭਾਰਤੀ ਹਵਾਈ ਸੈਨਾ ਦੀ ਕਾਰਵਾਈ ਹਮਲਾਵਰ ਹੈਲੀਕਾਪਟਰ, ਤੋਪਖ਼ਾਨੇ, ਮਸ਼ੀਨੀ ਪਲੈਟਫਾਰਮ ਤੇ ਪੈਦਲ ਹਥਿਆਰਾਂ ਸਣੇ ਵੱਖ-ਵੱਖ ਫ਼ੌਜੀ ਸੰਪਤੀਆਂ ਦੇ ਏਕੀਕਰਿਤ ਅਪਰੇਸ਼ਨ ਰਾਹੀਂ ਪ੍ਰਦਰਸ਼ਿਤ ਕੀਤੀ ਗਈ। ਅਭਿਆਸ ਨੇ ਕਈ ਨਵੀਆਂ ਪ੍ਰਣਾਲੀਆਂ ਵੀ ਪੇਸ਼ ਕੀਤੀਆਂ ਤੇ ਨਵੀਆਂ ਤਿਆਰ ਕੀਤੀਆਂ ਰਣਨੀਤੀਆਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ਦੇ ਨਾਲ ਉਨ੍ਹਾਂ ਦੀ ਵਰਤੋਂ ਨੂੰ ਪ੍ਰਮਾਣਿਤ ਕੀਤਾ।