ਪੱਛਮੀ ਬੰਗਾਲ ਹਿੰਸਾ: ਸ਼ੋਭਾ ਯਾਤਰਾ ’ਤੇ ਪਥਰਾਅ ਦੌਰਾਨ ਚਾਰ ਜ਼ਖ਼ਮੀ
ਕੋਲਕਾਤਾ, 18 ਅਪਰੈਲ
ਪੱਛਮੀ ਬੰਗਾਲ ਦੇ ਪੂਰਬ ਮੇਦਿਨੀਪੁਰ ਜ਼ਿਲ੍ਹੇ ’ਚ ਰਾਮਨੌਮੀ ਦੀ ਸ਼ੋਭਾ ਯਾਤਰਾ ’ਤੇ ਪਥਰਾਅ ਦੀ ਕਥਿਤ ਘਟਨਾ ’ਚ ਘੱਟੋ-ਘੱਟ ਚਾਰ ਵਿਅਕਤੀ ਜ਼ਖਮੀ ਹੋ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ 9:10 ਵਜੇ ਵਾਪਰੀ ਇਸ ਘਟਨਾ ’ਚ ਚਾਰ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ੋਭਾ ਯਾਤਰਾ ਐਗਰਾ ’ਚ ਕਾਲਜ ਮੋੜ ਕੋਲੋਂ ਲੰਘ ਰਹੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਵੀ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਸਥਿਤੀ ਕਾਬੂ ਹੇਠ ਹੈ। ਇਸ ਦੌਰਾਨ ਭਾਜਪਾ ਆਗੂ ਅਤੇ ਮੇਦਿਨੀਪੁਰ ਤੋਂ ਉਮੀਦਵਾਰ ਅਗਨੀਮਿਤਰਾ ਪਾਲ ਨੇ ਪਾਰਟੀ ਵਰਕਰਾਂ ਨਾਲ ਇਸ ਕਥਿਤ ਪਥਰਾਅ ਦੀ ਘਟਨਾ ਖ਼ਿਲਾਫ਼ ਸੜਕ ਜਾਮ ਕਰ ਕੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਐਕਸ ’ਤੇ ਕਿਹਾ,‘‘ ਰਾਮਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ ਦੌਰਾਨ ਅੱਜ ਰਾਤ ਹਮਲਾ ਕੀਤਾ ਗਿਆ, ਜਿਹੜੇ ਲੋਕਾਂ ਨੇ ਹਮਲਾ ਕੀਤਾ ਉਹ ਬਚ ਗਏ ਪਰ ਜਿਹੜੇ ਲੋਕਾਂ ’ਤੇ ਹਮਲਾ ਹੋਇਆ ਉਨ੍ਹਾਂ ਨੂੰ ਐਗਰਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਰੀ ਰਾਤ ਭਾਜਪਾ ਵਰਕਰਾਂ ਨੇ ਰੋਸ ਮੁਜ਼ਾਹਰਾ ਕੀਤਾ ਹੈ।’’ ਇਸੇ ਦੌਰਾਨ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਨੇ ਮੰਗ ਕੀਤੀ ਹੈ ਇਸ ਹਿੰਸਕ ਘਟਨਾ ਦੀ ਜਾਂਚ ਐੱਨਆਈਏ ਵੱਲੋਂ ਕਰਵਾਈ ਜਾਵੇ। ਪੱਛਮੀ ਬੰਗਾਲ ਦੇ ਜੁਆਇੰਟ ਜਨਰਲ ਸੈਕਟਰੀ ਸੁਰਿੰਦਰ ਜੈਨ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਦੋਸ਼ ਲਾਇਆ,‘‘ ਇਹ ਹਮਲਾ ਪੱਛਮੀ ਬੰਗਾਲ ਦੀ ਸੱਤਾ ਧਿਰ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਸਰਪ੍ਰਸਤੀ ਹੇਠ ਹੋਇਆ ਹੈ।’’ ਉਨ੍ਹਾਂ ਕਿਹਾ ਇਸ ਮਾਮਲੇ ਦੀ ਜਾਂਚ ਸਬੰਧੀ ਉਹ ਹਾਈ ਕੋਰਟ ਜਾਣਗੇ। ਉਨ੍ਹਾਂ ਇਹ ਵੀ ਕਿਹਾ ਵੀਐੱਚਪੀ ਇਸ ਘਟਨਾ ਖ਼ਿਲਾਫ਼ ਸੂਬਾ ਪੱਧਰੀ ਰੋਸ
ਮੁਜ਼ਾਹਰੇ ਕਰੇਗੀ। -ਪੀਟੀਆਈ
ਰਾਮਨੌਮੀ ਮੌਕੇ ਹਿੰਸਾ ਭੜਕਾਉਣ ਲਈ ਭਾਜਪਾ ਜ਼ਿੰਮੇਵਾਰ: ਮਮਤਾ
ਰਾਏਗੰਜ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ’ਚ ਰਾਮਨੌਮੀ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਭੜਕੀ ਹਿੰਸਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਮਤਾ ਨੇ ਦੋਸ਼ ਲਾਇਆ ਕਿ ਸੂਬੇ ’ਚ ਰਾਮਨੌਮੀ ਸਬੰਧੀ ਕਰਵਾਏ ਜਾ ਰਹੇ ਸਮਾਗਮ ’ਚ ਹਿੰਸਾ ਭੜਕਾਉਣ ਲਈ ਭਾਜਪਾ ਜ਼ਿੰਮੇਵਾਰ ਹੈ। ਉਨ੍ਹਾਂ ਦਾਅਵਾ ਕੀਤਾ,‘‘ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਭੜਕਾਈ ਗਈ ਹਿੰਸਾ ਦੀ ਵਿਉਂਤਬੰਦੀ ਪਹਿਲਾਂ ਹੀ ਕੀਤੀ ਹੋਈ ਸੀ। ਭਾਜਪਾ ਨੇ ਲੋਕ ਸਭਾ ਚੋਣਾਂ ਕਾਰਨ ਪਹਿਲਾਂ ਹੀ ਇਹ ਸਾਜ਼ਿਸ਼ ਰਚੀ ਹੋਈ ਸੀ।’’ ਪੁਲੀਸ ਨੇ ਦੱਸਿਆ ਕਿ ਬੁੱਧਵਾਰ ਨੂੰ ਮੁਰਸ਼ਿਦਾਬਾਦ ਦੇ ਸ਼ਕਤੀਪੁਰ ਖੇਤਰ ’ਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਇੱਕ ਮਹਿਲਾ ਜ਼ਖ਼ਮੀ ਹੋ ਗਈ ਸੀ। ਮਮਤਾ ਨੇ ਲੋਕ ਸਭਾ ਹਲਕਾ ਰਾਏਗੰਜ ’ਚ ਕੱਢੀ ਜਾ ਰਹੀ ਚੋਣ ਰੈਲੀ ਦੌਰਾਨ ਕਿਹਾ,‘‘ ਸਾਰੀ ਸਾਜ਼ਿਸ਼ ਪਹਿਲਾਂ ਹੀ ਘੜੀ ਗਈ ਸੀ। ਮੁਰਸ਼ਿਦਾਬਾਦ ਦੇ ਡੀਆਈਜੀ ਨੂੰ ਰਾਮਨੌਮੀ ਤੋਂ ਇੱਕ ਦਿਨ ਪਹਿਲਾਂ ਇਸੇ ਸਾਜ਼ਿਸ਼ ਤਹਿਤ ਹਟਾ ਦਿੱਤਾ ਗਿਆ ਸੀ ਤਾਂ ਕਿ ਭਾਜਪਾ ਇਹ ਹਿੰਸਾ ਭੜਕਾ ਸਕੇ।’’ ਮੁੱਖ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦੇ ਸ਼ਰਾਰਤੀ ਅਨਸਰਾਂ ਨੇ ਪੁਲੀਸ ਕਰਮੀਆਂ ਨਾਲ ਵੀ ਦੁਰਵਿਹਾਰ ਕੀਤਾ ਹੈ। -ਪੀਟੀਆਈ
ਭਾਜਪਾ ਨੇ ਹਿੰਸਾ ਲਈ ਮਮਤਾ ਨੂੰ ਜ਼ਿੰਮੇਵਾਰ ਠਹਿਰਾਇਆ
ਨਵੀਂ ਦਿੱਲੀ: ਮੁਰਸ਼ਿਦਾਬਾਦ ਹਿੰਸਕ ਘਟਨਾ ਲਈ ਭਾਜਪਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੱਛਮੀ ਬੰਗਾਲ ਤੋਂ ਭਾਜਪਾ ਦੇ ਕੋ-ਇੰਚਾਰਜ ਅਮਿਤ ਮਾਲਵਿਆ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ,‘‘ ਬੰਗਾਲ ਟੁੱਟ ਰਿਹਾ ਹੈ ਜਿਸ ਲਈ ਮਮਤਾ ਬੈਨਰਜੀ ਜ਼ਿੰਮੇਵਾਰ ਹੈ। ਉਸ ਦੇ ਫਿਰਕੂ ਭਾਸ਼ਣਾਂ ਕਾਰਨ ਹੀ ਪੱਛਮੀ ਬੰਗਾਲ ’ਚ ਰਾਮ ਭਗਤਾਂ ’ਤੇ ਹਮਲਾ ਹੋਇਆ ਹੈ।’’ ਭਾਜਪਾ ਦੀ ਇਹ ਟਿੱਪਣੀ ਮਮਤਾ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ’ਚ ਮਮਤਾ ਨੇ ਆਖਿਆ ਹੈ ਕਿ ਇਹ ਹਿੰਸਕ ਘਟਨਾ ਭਾਜਪਾ ਦੀ ਸਾਜ਼ਿਸ਼ ਸੀ ਤੇ ਇਸ ਹਿੰਸਾ ਲਈ ਭਾਜਪਾ ਹੀ ਜ਼ਿੰਮੇਵਾਰ ਹੈ। -ਪੀਟੀਆਈ