ਪੱਛਮੀ ਬੰਗਾਲ: ਪੰਚਾਇਤੀ ਚੋਣਾਂ ਦੌਰਾਨ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋਈ
ਕੋਲਕਾਤਾ, 9 ਜੁਲਾਈ
ਪੱਛਮੀ ਬੰਗਾਲ ਵਿੱਚ ਪੰਚਾਇਤ ਚੋਣਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਇਕ ਵਿਅਕਤੀ ਮ੍ਰਿਤ ਮਿਲਿਆ ਜਦੋਂਕਿ ਦੋ ਹੋਰਨਾਂ ਜ਼ਖ਼ਮੀਆਂ ਨੇ ਦਮ ਤੋੜ ਦਿੱਤਾ। ਪੰਚਾਇਤੀ ਚੋਣਾਂ ਦੌਰਾਨ ਹਿੰਸਾ ਅਤੇ ਬੇਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਅੱਜ ਵੀ ਜਾਰੀ ਰਿਹਾ। ਪੂਰਬੀ ਮੇਦਨੀਪੁਰ ਜ਼ਿਲ੍ਹੇ ਵਿੱਚ ਭਾਜਪਾ ਵਰਕਰਾਂ ਨੇ ਨੰਦਕੁਮਾਰ ਵਿਖੇ ਹਲਦੀਆ-ਮੇਚੇਦਾ ਸ਼ਾਹਰਾਹ ਨੂੰ ਜਾਮ ਕੀਤਾ। ਵਰਕਰਾਂ ਨੇ ਦੋਸ਼ ਲਾਇਆ ਕਿ ਸ੍ਰੀਕ੍ਰਿਸ਼ਨਪੁਰ ਹਾਈ ਸਕੂਲ ਵਿੱਚ ਗਿਣਤੀ ਕੇਂਦਰ ਵਿੱਚ ਵੋਟਾਂ ਵਾਲੇ ਬਕਸਿਆਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਸੂਬਾਈ ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਹਿੰਸਾ ਕਰਕੇ ਹੋਈਆਂ ਮੌਤਾਂ ਸਬੰਧੀ ਜ਼ਿਲ੍ਹਾ ਮੈਜਿਸਟਰੇਟਾਂ ਤੋਂ 24 ਘੰਟਿਆਂ ਵਿੱਚ ਤਫ਼ਸੀਲੀ ਰਿਪੋਰਟ ਮੰਗੀ ਹੈ। ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਵਰਕਰਾਂ ਨੇ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਦੇ ਵਿਰੋੋਧ ਵਿੱਚ ਕੋਲਕਾਤਾ ਵਿੱਚ ਰੋਸ ਪ੍ਰਦਰਸ਼ਨ ਕੀਤਾ। -ਪੀਟੀਆਈ