ਪੱਛਮੀ ਬੰਗਾਲ: ਮਾਲਗੱਡੀ ਦੇ ਪੰਜ ਡੱਬੇ ਲੀਹੋਂ ਲੱਥੇ
ਕੋਲਕਾਤਾ, 24 ਸਤੰਬਰ
ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ’ਚ ਨਿਊ ਮੈਨਾਗੁੜੀ ਰੇਲਵੇ ਸਟੇਸ਼ਨ ’ਤੇ ਅੱਜ ਸਵੇਰੇ ਖਾਲੀ ਮਾਲਗੱਡੀ ਦੇ ਪੰਜ ਡੱਬੇ ਲੀਹ ਤੋਂ ਉੱਤਰ ਗਏ। ਉੱਤਰ-ਪੂਰਬ ਫਰੰਟੀਅਰ ਰੇਲਵੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ 6.20 ਵਜੇ ਵਾਪਰੀ, ਜਿਸ ਵਿੱਚ ਕੋਈ ਵੀ ਜ਼ਖਮੀ ਨਹੀ ਹੋਇਆ। ਗੁਹਾਟੀ ਤੋਂ ਆ ਰਹੀ ਇਹ ਮਾਲਗੱਡੀ ਸਿਲੀਗੁੜੀ ਨੇੜੇ ਨਿਊ ਜਲਪਾਈਗੁੜੀ ਸਟੇਸ਼ਨ ਵੱਲ ਜਾ ਰਹੀ ਸੀ।
ਅਲੀਪੁਰਦੁਆਰ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐੱਮ) ਅਮਰਜੀਤ ਗੌਤਮ ਨੇ ਦੱਸਿਆ ਕਿ ਇਸ ਮਾਰਗ ’ਤੇ 12.30 ਵਜੇ ਤੱਕ ਰੇਲਗੱਡੀਆਂ ਦੀ ਆਵਾਜਾਈ ਅੰਸ਼ਿਕ ਤੌਰ ’ਤੇ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਨੁਕਸਾਨੇ ਗਏ ਡੱਬਿਆਂ ਨੂੰ ਲੀਹ ਦੇ ਨੇੜਿਓਂ ਪਾਸੇ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਪੂਰਾ ਹੋਣ ਤੋਂ ਬਾਅਦ ਪਟੜੀ ਦੇ ਉੱਪਰੋਂ ਲੰਘਦੀਆਂ ਤਾਰਾਂ ਨੂੰ ਠੀਕ ਕਰਨ ਮਗਰੋਂ ਰੇਲਗੱਡੀਆਂ ਦੀ ਆਵਾਜਾਈ ਆਮ ਵਾਂਗ ਬਹਾਲ ਹੋ ਜਾਵੇਗੀ। ਉੱਤਰ ਪੂਰਬ ਫਰੰਟੀਅਰ (ਐੱਨਐੱਫਆਰ) ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਕਈ ਰੇਲਗੱਡੀਆਂ ਦੇ ਰੂਟ ਬਦਲਿਆ ਗਿਆ ਹੈ। ਅਧਿਕਾਰੀ ਮੁਤਾਬਕ ਡੱਬਿਆਂ ਦੇ ਪੱਟੜੀ ਤੋਂ ਉੱਤਰਨ ਕਾਰਨ ਉੱਥੇ ਬਿਜਲੀ ਦੀਆਂ ਤਾਰਾਂ ਤੇ ਕੁਝ ਖੰਭੇ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਜਗ੍ਹਾ ’ਤੇ ਪੰਜ ਪੱਟੜੀਆਂ ਹਨ ਅਤੇ ਉਨ੍ਹਾਂ ਵਿਚੋਂ ਕੁਝ ’ਤੇ ਰੇਲ ਆਵਾਜਾਈ ’ਚ ਵਿਘਨ ਪਿਆ ਹੈ। -ਪੀਟੀਆਈ