ਪੱਛਮੀ ਬੰਗਾਲ: ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪਤੀ ਨੇ ਸਾਰੇ ਟੱਬਰ ਨੂੰ ਜ਼ਹਿਰ ਦੇ ਕੇ ਮਾਰਨ ਬਾਅਦ ਖ਼ੁਦਕੁਸ਼ੀ ਕੀਤੀ
ਬਾਰਾਸਾਤ/ਕੋਲਕਾਤਾ (ਪੱਛਮੀ ਬੰਗਾਲ), 20 ਨਵੰਬਰ
ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਫਲੈਟ ਵਿੱਚੋਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਕੱਪੜਾ ਕਾਰੋਬਾਰੀ ਬ੍ਰਿੰਦਾਬਨ ਕਰਮਾਕਰ (52), ਉਨ੍ਹਾਂ ਦੀ ਪਤਨੀ ਦੇਵਸ਼੍ਰੀ ਕਰਮਾਕਰ, ਉਨ੍ਹਾਂ ਦੀ ਬੇਟੀ ਦੇਬਲੀਨਾ (17) ਅਤੇ ਅੱਠ ਸਾਲ ਦੇ ਬੇਟੇ ਉਤਸਾਹ ਵਜੋਂ ਹੋਈ ਹੈ। ਲਾਸ਼ਾਂ ਐਤਵਾਰ ਨੂੰ ਐੱਮਐੱਸ ਖਰਦਾਹ ਇਲਾਕੇ ’ਚ ਮੁਖਰਜੀ ਰੋਡ 'ਤੇ ਬੰਦ ਅਪਾਰਟਮੈਂਟ 'ਚ ਮਿਲੀਆਂ। ਪੁਲੀਸ ਨੂੰ ਸ਼ੱਕ ਹੈ ਕਿ ਬ੍ਰਿੰਦਾਬਨ ਨੇ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਛੱਤ ਨਾਲ ਲਟਕਦੀ ਮਿਲੀ, ਜਦਕਿ ਤਿੰਨ ਹੋਰ ਲਾਸ਼ਾਂ ਫਲੈਟ 'ਚ ਵੱਖ-ਵੱਖ ਥਾਵਾਂ 'ਤੇ ਮਿਲੀਆਂ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਬ੍ਰਿੰਦਾਬਨ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਇਸ ਲਈ ਉਸ ਨੇ ਇਹ ਕਦਮ ਚੁੱਕਿਆ। ਲੋਕਾਂ ਨੇ ਅਪਾਰਟਮੈਂਟ 'ਚੋਂ ਬਦਬੂ ਆਉਣ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ।