For the best experience, open
https://m.punjabitribuneonline.com
on your mobile browser.
Advertisement

ਪੱਛਮੀ ਬੰਗਾਲ: ਪੰਚਾਇਤੀ ਚੋਣਾਂ ’ਚ ਮਿ੍ਰਤਕਾਂ ਦੀ ਗਿਣਤੀ ਵਧ ਕੇ 15 ਹੋਈ

09:05 AM Jul 10, 2023 IST
ਪੱਛਮੀ ਬੰਗਾਲ  ਪੰਚਾਇਤੀ ਚੋਣਾਂ ’ਚ ਮਿ੍ਰਤਕਾਂ ਦੀ ਗਿਣਤੀ ਵਧ ਕੇ 15 ਹੋਈ
ਪੰਚਾਇਤੀ ਚੋਣਾਂ ਦੌਰਾਨ ਹੋਈ ਿਹੰਸਾ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਕਾਰਕੁਨ। -ਫੋਟੋ: ਏਐੱਨਈ
Advertisement

ਕੋਲਕਾਤਾ, 9 ਜੁਲਾਈ
ਪੱਛਮੀ ਬੰਗਾਲ ਵਿੱਚ ਪੰਚਾਇਤੀ ਚੋਣਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਇਕ ਵਿਅਕਤੀ ਮ੍ਰਿਤ ਮਿਲਿਆ ਜਦੋਂਕਿ ਦੋ ਹੋਰਨਾਂ ਜ਼ਖ਼ਮੀਆਂ ਨੇ ਦਮ ਤੋੜ ਦਿੱਤਾ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੁਲਤਾਲੀ ਪੁਲੀਸ ਥਾਣੇ ਅਧੀਨ ਪੈਂਦੇ ਪੱਛਮੀ ਗਬਤਾਲਾ ਵਿੱਚ ਇਕ ਚੋਣ ਬੂਥ ਨੇੜੇ ਇਕ ਵਿਅਕਤੀ ਮ੍ਰਿਤ ਪਾਇਆ ਗਿਆ ਜਿਸ ਦੀ ਪਛਾਣ ਅਬੂ ਸਲੇਮ ਖਾਨ ਵਜੋਂ ਹੋਈ ਹੈ। ਉਸ ਦੇ ਸਿਰ ’ਚ ਸੱਟਾਂ ਲੱਗੀਆਂ ਹੋਈਆਂ ਸਨ। ਉਸ ਨੂੰ ਖੇਤਰ ਵਿੱਚ ਇਕ ਤ੍ਰਿਣਮੂਲ ਕਾਂਗਰਸ ਦੇ ਵਰਕਰ ਵਜੋਂ ਜਾਣਿਆ ਜਾਂਦਾ ਸੀ। ਪੁਲੀਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਸਥਿਤੀ ਤਣਾਅਪੂਰਨ ਹੋ ਗਈ ਅਤੇ ਇਸ ਨੂੰ ਵਧਣ ਤੋਂ ਰੋਕਣ ਲਈ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸ਼ਨਿਚਰਵਾਰ ਨੂੰ ਜ਼ਿਲ੍ਹੇ ਦੇ ਬਸੰਤੀ ਇਲਾਕੇ ਵਿੱਚ ਹੋਈ ਹਿੰਸਾ ਵਿੱਚ ਜ਼ਖ਼ਮੀ ਹੋਏ ਇਕ ਹੋਰ ਟੀਐੱਮਸੀ ਵਰਕਰ ਅਜ਼ਹਰ ਲਸ਼ਕਰ ਦੀ ਲੰਘੀ ਰਾਤ ਕੋਲਕਾਤਾ ਦੇ ਸਰਕਾਰੀ ਹਸਪਤਾਲ ਐੱਸਐੱਸਕੇਐੱਮ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮਾਲਦਾ ਜ਼ਿਲ੍ਹੇ ਦੇ ਬੈਸ਼ਨਨਗਰ ਵਿੱਚ ਇਕ ਟੀਐੱਮਸੀ ਵਰਕਰ ਐੱਮ ਰਹਿਮਾਨ ਨੂੰ ਇਕ ਚੋਣ ਬੂਥ ਦੇ ਬਾਹਰ ਚਾਕੂ ਮਾਰ ਦਿੱਤਾ ਗਿਆ। ਇਹ ਘਟਨਾ ਬਰਕਾਮਤ ਖੇਤਰ ਵਿੱਚ ਕੇਬੀਸੀ ਪ੍ਰਾਇਮਰੀ ਸਕੂਲ ਨੇੜੇ ਵਾਪਰੀ। ਟੀਐੱਮਸੀ ਦਾ ਦੋਸ਼ ਹੈ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਾਂਗਰਸੀ ਵਰਕਰ ਵੋਟ ਪੇਟੀ ਨਾਲ ਛੇੜਛਾੜ ਦੀ ਕੋਸ਼ਿਸ਼ ਕਰ ਰਹੇ ਸਨ। ਰਹਿਮਾਨ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਚਾਕੂ ਮਾਰ ਦਿੱਤਾ। ਬਾਅਦ ਵਿੱਚ ਰਹਿਮਾਨ ਦੀ ਮਾਲਦਾ ਦੇ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਂਦੇ ਹੋਏ ਰਸਤੇ ’ਚ ਮੌਤ ਹੋ ਗਈ। ਕਾਂਗਰਸ ਨੇ ਦੋਸ਼ਾਂ ਨੂੰ ਨਕਾਰਿਆ ਹੈ। ਸ਼ਨਿਚਰਵਾਰ ਰਾਤ ਤੱਕ ਸੂਬੇ ਵਿੱਚ ਹੋਈ ਚੋਣ ਹਿੰਸਾ ਵਿੱਚ 12 ਮੌਤਾਂ ਹੋਣ ਦੀ ਖ਼ਬਰ ਸੀ। ਮਰਨ ਵਾਲਿਆਂ ’ਚੋਂ ਅੱਠ ਕਾਬਜ਼ ਧਿਰ ਟੀਐੱਮਸੀ ਦੇ ਵਰਕਰ ਸਨ ਜਦਕਿ ਭਾਜਪਾ, ਸੀਪੀਆਈ (ਐੱਮ) ਤੇ ਕਾਂਗਰਸ ਦੇ ਇਕ-ਇਕ ਵਰਕਰ ਸ਼ਾਮਲ ਸਨ। ਸੂਬਾਈ ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੇ ਜ਼ਿਲ੍ਹਾ ਮੈਜਿਸਟਰੇਟਾਂ ਤੋਂ ਮੌਤਾਂ ਸਬੰਧੀ ਵਿਸਥਾਰ ਵਿੱਚ ਰਿਪੋਰਟਾਂ ਮੰਗ ਲਈਆਂ ਹਨ। -ਪੀਟੀਆਈ

Advertisement

ਪੰਚਾਇਤੀ ਚੋਣਾਂ ’ਚ ਜਾਣਬੁੱਝ ਕੇ ਕੇਂਦਰੀ ਬਲਾਂ ਦੀ ਤਾਇਨਾਤੀ ਨਹੀਂ ਕੀਤੀ: ਭਾਜਪਾ
ਕੋਲਕਾਤਾ: ਸੂਬੇ ਵਿੱਚ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਦੌਰਾਨ ਜਾਣਬੁੱਝ ਕੇ ਕੇਂਦਰੀ ਬਲਾਂ ਦੀ ਤਾਇਨਾਤੀ ਨਹੀਂ ਕੀਤੀ ਗਈ। ਭਾਜਪਾ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਇਹ ਕਹਿੰਦੇ ਹੋਏ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਤਿੱਖਾ ਵਿਰੋਧ ਕੀਤਾ ਸੀ ਕਿ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਜੇ ਕੇਂਦਰੀ ਬਲਾਂ ਦੀ ਤਾਇਨਾਤੀ ਕਰ ਦਿੱਤੀ ਜਾਂਦੀ ਹੈ ਤਾਂ ਹਿੰਸਾ ਨਹੀਂ ਹੋਵੇਗੀ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਜੇਕਰ ਸੰਵੇਦਨਸ਼ੀਲ ਥਾਵਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਕੀਤੀ ਹੁੰਦੀ ਤਾਂ ਉੱਥੇ ਐਨੀ ਹਿੰਸਾ ਨਹੀਂ ਸੀ ਹੋਣੀ ਅਤੇ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾ ਕਿਸੇ ਡਰ ਤੋਂ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਕੇਂਦਰੀ ਬਲਾਂ ਨੂੰ ਪੋਲਿੰਗ ਬੂਥਾਂ ’ਤੇ ਤਾਇਨਾਤ ਕਰਨ ਦੀ ਥਾਂ ਉਨ੍ਹਾਂ ਨੂੰ ਸ਼ਾਹਰਾਹਾਂ ’ਤੇ ਪੈਟਰੋਲਿੰਗ ਕਰਨ ਲਗਾ ਦਿੱਤਾ ਜਾਂ ਪੁਲੀਸ ਥਾਣਿਆਂ ਵਿੱਚ ਹੀ ਰੱਖਿਆ ਗਿਆ। ਜਿੱਥੇ ਕੇਂਦਰੀ ਬਲਾਂ ਨੂੰ ਲਗਾਇਆ ਵੀ ਗਿਆ ਉੱਥੇ ਹਿੰਸਾ ਤੇ ਲੁੱਟ ਦੀਆਂ ਘਟਨਾਵਾਂ ਤੋਂ ਬਾਅਦ ਲਗਾਇਆ ਗਿਆ। -ਪੀਟੀਆਈ

ਚੋਣ ਹਿੰਸਾ ਬਾਰੇ ਸ਼ਾਹ ਨੂੰ ਰਿਪੋਰਟ ਸੌਂਪਣ ਲਈ ਰਾਜਪਾਲ ਦਿੱਲੀ ਰਵਾਨਾ
ਕੋਲਕਾਤਾ: ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਅੱਜ ਨਵੀਂ ਦਿੱਲੀ ਲਈ ਰਵਾਨਾ ਹੋ ਗਏ, ਜਿੱਥੇ ਪਹੁੰਚ ਕੇ ਉਨ੍ਹਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੇ ਜਾਣ ਅਤੇ ਸੂਬੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਹੋਈ ਹਿੰਸਾ ’ਤੇ ਇਕ ਰਿਪੋਰਟ ਸੌਂਪੇ ਜਾਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ।

ਪੱਛਮੀ ਬੰਗਾਲ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਦਰਸ਼ਨ ਹੋਏ ਹਿੰਸਕ
ਤਾਮਲੁਕ/ਚਾਕੁਲੀਆ/ਮਾਲਦਾ: ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਚਾਇਤੀ ਚੋਣਾਂ ਦੌਰਾਨ ਹੋਈ ਹਿੰਸਾ ਅਤੇ ਅਨਿਯਮਤਾਵਾਂ ਦੇ ਦੋਸ਼ਾਂ ਖ਼ਿਲਾਫ਼ ਅੱਜ ਵਿਰੋਧ ਪ੍ਰਦਰਸ਼ਨ ਹੋਏ। ਭਾਜਪਾ ਸਮਰਥਕਾਂ ਨੇ ਕੋਲਕਾਤਾ ਵਿੱਚ ਸੂਬਾਈ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ। ਇਸੇ ਤਰ੍ਹਾਂ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਵਿੱਚ ਭਾਜਪਾ ਕਾਰਕੁਨਾਂ ਨੇ ਨੰਦਕੁਮਾਰ ਵਿੱਚ ਹਲਦੀਆ-ਮੈਚੇਦਾ ਰਾਜਮਾਰਗ ਨੂੰ ਬਲਾਕ ਕਰ ਦਿੱਤਾ ਅਤੇ ਦੋਸ਼ ਲਾਇਆ ਕਿ ਸ੍ਰੀਕ੍ਰਿਸ਼ਨਪੁਰ ਹਾਈ ਸਕੂਲ ਵਿੱਚ ਵੋਟਿੰਗ ਕੇਂਦਰ ’ਤੇ ਵੋਟ ਪੇਟੀਆਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਤਾਮਲੁਕ ਵਿੱਚ ਭਾਜਪਾ ਦੀ ਯੂਥ ਇਕਾਈ ਦੇ ਆਗੂ ਤਮਸ ਡਿੰਡਾ ਨੇ ਕਿਹਾ, ‘‘ਸਾਨੂੰ ਤੜਕੇ 3 ਵਜੇ ਸੂਚਨਾ ਮਿਲੀ ਕਿ ਵੋਟ ਵਾਲੀਆਂ ਪੇਟੀਆਂ ਬਦਲੀਆਂ ਜਾ ਰਹੀਆਂ ਹਨ। ਅਸੀਂ ਕੇਂਦਰੀ ਬਲਾਂ ਦੀ ਸੁਰੱਖਿਆ ਵਿੱਚ ਖੇਤਰ ਦੇ ਸਾਰੇ ਵੋਟਿੰਗ ਕੇਂਦਰਾਂ ’ਤੇ ਮੁੜ ਵੋਟਿੰਗ ਕਰਾਉਣ ਤੋਂ ਇਲਾਵਾ ਵੋਟਿੰਗ ਕੇਂਦਰਾਂ ’ਤੇ ਹੀ ਵੋਟਾਂ ਦੀ ਗਿਣਤੀ ਕਰਾਉਣ ਦੀ ਮੰਗ ਕਰ ਰਹੇ ਹਾਂ।’’ ਨੰਦਕੁਮਾਰ ਥਾਣੇ ਦੇ ਮੁਖੀ ਮਨੋਜ ਕੁਮਾਰ ਝਾਅ ਨੇ ਦੱਸਿਆ ਕਿ ਮਾਮਲਾ ਵਧਣ ’ਤੇ ਪੁਲੀਸ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ। ਇਸੇ ਤਰ੍ਹਾਂ ਸ਼ਨਿਚਰਵਾਰ ਨੂੰ ਹੋਈ ਹਿੰਸਾ ਦੇ ਵਿਰੋਧ ਵਿੱਚ ਕਾਂਗਰਸੀ ਕਾਰਕੁਨਾਂ ਨੇ ਮਾਲਦਾ ਦੇ ਰਥਬਾੜੀ ਇਲਾਕੇ ਵਿੱਚ ਕੌਮੀ ਸ਼ਾਹਰਾਹ ਨੰਬਰ-12 ’ਤੇ ਜਾਮ ਲਗਾ ਦਿੱਤਾ। ਮਾਲਦਾ ਦੇ ਹਰੀਸ਼ਚੰਦਰਪੁਰ ਇਲਾਕੇ ਦੇ ਬਸਤਾ ਪਿੰਡ ਵਿੱਚ ਲੰਘੀ ਰਾਤ ਕਰੀਬ 10 ਵਜੇ ਕੁਝ ਸ਼ਰਾਰਤੀ ਅਨਸਰਾਂ ਨੇ ਰਾਜ ਮੰਤਰੀ ਤਾਜਮੁਲ ਹੁਸੈਨ ਦੀ ਕਾਰ ਦੀ ਭੰਨ੍ਹਤੋੜ ਕੀਤੀ। ਪਥਰਾਅ ਦੌਰਾਨ ਇਕ ਪੁਲੀਸ ਦੇ ਵਾਹਨ ਦੀ ਵੀ ਭੰਨ੍ਹਤੋੜ ਕੀਤੀ ਗਈ। -ਪੀਟੀਆਈ

Advertisement
Tags :
Author Image

Advertisement
Advertisement
×