For the best experience, open
https://m.punjabitribuneonline.com
on your mobile browser.
Advertisement

ਤੂਤਾਂ ਵਾਲਾ ਖੂਹ

06:20 AM Sep 06, 2024 IST
ਤੂਤਾਂ ਵਾਲਾ ਖੂਹ
Advertisement

ਕਰਨੈਲ ਸਿੰਘ ਸੋਮਲ

Advertisement

ਮੇਰੇ ਬਚਪਨ ਦੇ ਮੁੱਢਲੇ ਮੌਜਾਂ ਵਾਲੇ ਦਿਨ ਨਾਨਕੀਂ ਗੁਜ਼ਰੇ। ਨਾਨੇ ਦੀ ਦੋ ਖੂਹਾਂ ਵਿੱਚ ਹਿੱਸੇਦਾਰੀ ਸੀ ਪਰ ਤੂਤਾਂ ਵਾਲੇ ਖੂਹ ਵਿੱਚ ਵਧੇਰੇ ਸੀ। ਸਾਰੇ ਖੂਹ ਪਿੰਡ ਦੀ ਵੱਸੋਂ ਦੇ ਨੇੜੇ ਨੇੜੇ ਸਨ। ਹਰ ਖੂਹ ਦਾ ਆਲਾ-ਦੁਆਲਾ ਬੜਾ ਰਮਣੀਕ ਹੁੰਦਾ ਸੀ। ਇੱਕ ਤਾਂ ਖੂਹ ਦੇ ਨੇੜੇ ਲਾਏ ਦਰੱਖ਼ਤਾਂ ਕਰਕੇ, ਦੂਜਾ ਨੇੜੇ ਦੇ ਖੇਤਾਂ ਵਿੱਚ ਹਰ ਰੁੱਤ ਦੀਆਂ ਹਰੀਆਂ-ਭਰੀਆਂ ਫ਼ਸਲਾਂ ਕਰਕੇ। ਹਲਟ ਨੂੰ ਬਲਦਾਂ ਦੀ ਜੋੜੀ ਖਿੱਚਦੀ ਜਾਂ ਬੋਤਾ। ਜਦੋਂ ਖੂਹਾਂ ਉੱਤੇ ਚੜਸਾਂ ਨਾਲ ਪਾਣੀ ਕੱਢਿਆ ਜਾਂਦਾ ਸੀ, ਉਸ ਸਮੇਂ ਦੇ ਨਸਾਰ, ਔਲੂ ਬਣੇ ਹੋਏ ਸਨ। ਖੂਹ ਵਿੱਚੋਂ ਭਰ ਭਰ ਆਉਂਦੀਆਂ ਟਿੰਡਾਂ ਪਾੜਛੇ ਵਿੱਚ ਡੁੱਲ੍ਹੀ ਜਾਂਦੀਆਂ। ਇਹ ਪਾਣੀ ਪਹਿਲਾਂ ਨਸਾਰ ਵਿੱਚ ਪੈਂਦਾ, ਫਿਰ ਔਲੂ ਵਿੱਚ ਤੇ ਫਿਰ ਖਾਲ਼ ਵਿੱਚ ਸਹਿਜੇ ਵਗਣ ਲੱਗਦਾ। ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਸਾਡੇ ਖੂਹ ਤੇ ਵੱਸਦਾ ਰੱਬ ਨੀ’ ਜਾਣੋ ਨਾਨੇ ਦੇ ਤੂਤਾਂ ਵਾਲੇ ਖੂਹ ਦਾ ਹੀ ਨਜ਼ਾਰਾ ਹੁੰਦਾ। ਇਹ ਖੂਹ ਮੈਨੂੰ ਕਦੇ ਨਹੀਂ ਭੁੱਲਿਆ।
ਵੱਡੇ ਹੋ ਕੇ ਨਾਨਕੀਂ ਜਾਣਾ ਘਟ ਗਿਆ ਤੇ ਫਿਰ ਕਦੇ-ਕਦਾਈਂ ਹੀ ਜਾ ਹੁੰਦਾ। ਫਿਰ ਵੀ ਜਦੋਂ ਜਾਣਾ ਉਸ ਖੂਹ ਵੱਲ ਹੋ ਤੁਰਨਾ। ਮੇਰਾ ਨਾਨਾ ਜਿਸ ਦੇ ਕੰਧਾੜੇ ਚੜ੍ਹ ਜਾਂ ਉਂਗਲ ਫੜ ਨਾਲ-ਨਾਲ ਜਾਈ ਜਾਂਦਾ, ਫਿਰ ਬਿਰਧ ਹੋ ਗਿਆ। ਇਕੇਰਾਂ ਬਹੁਤ ਦੇਰ ਪਿੱਛੋਂ ਗਏ ਨੇ ਪੁੱਛਿਆ ਨਾਨਾ ਕਿੱਥੇ ਹੈ, ਉੱਤਰ ਮਿਲਿਆ ਤੂਤਾਂ ਵਾਲੇ ਖੂਹ ਉੱਤੇ। ਮੈਂ ਤੇਜ਼ ਕਦਮੀਂ ਉੱਥੇ ਗਿਆ। ਨਾਨਾ ਮੰਜੇ ਉੱਤੇ ਬੈਠਾ ਸੀ। ਮੈਂ ਸਤਿ ਸ੍ਰੀ ਅਕਾਲ ਬੁਲਾਈ। ਕੋਈ ਜਵਾਬ ਨਾ ਆਇਆ। ਨਾਨੇ ਨੇ ਪੁੱਛਿਆ ‘ਕੌਣ ਐਂ ਤੂੰ?’ ਮੈਂ ਆਪਣਾ ਨਾਂ ਮੁੜ ਮੁੜ ਦੱਸਾਂ ਪਰ ਨਾਨੇ ਨੂੰ ਕੁੱਝ ਚੇਤੇ ਨਾ ਆਵੇ। ਬੜਾ ਝਟਕਾ ਲੱਗਿਆ। ਉਸ ਦੀ ਯਾਦਦਾਸ਼ਤ ਕੰਮ ਨਹੀਂ ਸੀ ਕਰ ਰਹੀ। ਫਿਰ ਮੈਂ ਆਲੇ-ਦੁਆਲੇ ਤੱਕਣ ਲੱਗਿਆ। ਖੂਹ ਕਿੱਥੇ ਸੀ। ਖੂਹ ਦੀ ਮੌਣ ਜਿਸ ਉੱਤੋਂ ਅਸੀਂ ਖੂਹ ਦੇ ਅੰਦਰ ਪਾਣੀ ਨੂੰ ਮੁੜ-ਮੁੜ ਤੱਕਦੇ, ਨਜ਼ਰ ਨਾ ਆਈ। ਕਦੇ ਉੱਚੀ ਅਵਾਜ਼ ਦਿੰਦੇ ਤੇ ਖੂਹ ਵਿੱਚੋਂ ਸਾਡੀ ਹੀ ਅਵਾਜ਼ ਮੋੜਵੀ ਆਉਂਦੀ। ਖੂਹ ਵਿੱਚ ਪਾਣੀ ਨਹੀਂ ਸੀ, ਮਿੱਟੀ ਹੀ ਭਰੀ ਹੋਈ ਸੀ। ਹੋਰ ਕੂੜ-ਕਬਾੜ ਵੀ ਡਿੱਗਿਆ ਹੋਇਆ ਸੀ। ਘੁੰਮਦੇ ਬੈੜ ਉੱਤੇ ਟਿੰਡਾਂ ਦੀ ਮਾਹਲ ਜੋ ਭਰ ਭਰ ਆਉਂਦੀ ਤੇ ਨਾਲੋ ਨਾਲ ਪਾੜਛੇ ਵਿੱਚ ਡੁੱਲ੍ਹਦੀ ਜਾਂਦੀ, ਉੱਥੇ ਕੋਈ ਨਹੀਂ ਸੀ। ਗਾਧੀ ਨੂੰ ਖਿੱਚਦੇ ਬਲਦ ਜਿਹੜੀ ਗੋਲ ਪੈੜ ਉੱਤੇ ਤੁਰਦੇ ਉਸ ਦਾ ਵੀ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਜਦੋਂ ਖੂਹ ਹੀ ਡਿੱਗ-ਢਹਿ ਗਿਆ ਸੀ, ਪਾਣੀ ਕਿੱਥੇ ਹੋਣਾ ਸੀ, ਤੇ ਆਲੇ-ਦੁਆਲੇ ਦਰੱਖਤ ਕਿੱਥੇ ਰਹਿਣੇ ਸਨ।
ਨਾਨੇ ਦਾ ਚੇਤਾ ਚਲੇ ਜਾਣ ਨਾਲ ਅਸੀਂ ਨਾਨਾ-ਦੋਹਤਾ ਇੱਕ-ਦੂਜੇ ਲਈ ਓਪਰੇ ਹੋ ਗਏ ਸਾਂ। ਮੈਨੂੰ ਭਰਮ ਸੀ ਕਿ ਨਾਨਾ ਗਿਲੇ ਵਜੋਂ ਮੈਨੂੰ ਕਹਿ ਰਿਹਾ ਸੀ ‘ਕੌਣ’,‘ਕੌਣ’। ਸ਼ਾਇਦ ਉਹ ਕਹਿੰਦਾ ਹੋਵੇ ਕਿ ਪਹਿਲਾਂ ਤੂੰ ਨਾਨਕਿਆਂ ਤੋਂ ਬਿਨਾਂ ਸਾਹ ਨਹੀਂ ਸੀ ਲੈਂਦਾ, ਹੁਣ ਭੁੱਲ ਹੀ ਗਿਆ। ਐਪਰ ਨਹੀਂ ਉਸ ਦਾ ਚੇਤਾ ਸਾਥ ਨਹੀਂ ਸੀ ਦੇ ਰਿਹਾ। ਹੁਣ ਮੇਰਾ ਆਪਣਾ ਚੇਤਾ ਵੀ ਵਧਦੀ ਉਮਰ ਕਰਕੇ ਥਿੜਕਣ ਲੱਗ ਪਿਆ ਹੈ। ਖੂਹ ਤੋਂ ਪਿੰਡ ਦੇਖਣ ਮੁੜਿਆ, ਗਭਲਾ ਖੂਹ ਜਿਸ ਤੋਂ ਸਾਰੇ ਘਰਾਂ ਲਈ ਘੜਿਆਂ ਵਿੱਚ ਪਾਣੀ ਭਰਦੇ ਹੁੰਦੇ ਸਨ, ਉਹ ਵੀ ਢਹਿਆ ਜਿਹਾ, ਕੂੜ-ਕਬਾੜ ਨਾਲ ਭਰਿਆ ਹੋਇਆ। ਇੱਥੇ ਹੀ ਨਹੀਂ ਮੈਂ ਦੇਰ ਪਿੱਛੋਂ ਆਪਣੇ ਪਿੰਡ ਗਿਆ, ਸਾਰੇ ਖੂਹ, ਇੱਕ-ਵਿੱਡੇ ਜਾਂ ਡਵਿੱਡੇ, ਅੱਧ-ਢਹੇ ਜਾਂ ਮਲਬੇ ਨਾਲ ਭਰੇ ਹੋਏ। ਪਾਣੀ ਕਿਤੇ ਵੀ ਨਾ ਦਿੱਸੇ। ਪਿੰਡ ਦੇ ਅੰਦਰਲਾ ਖੂਹ ਜਿਸ ਤੋਂ ਪਾਣੀ ਭਰਨ ਵਾਲਿਆਂ ਜਾਂ ਵਾਲੀਆਂ ਨੂੰ ਵਾਰੀ ਨਹੀਂ ਸੀ ਆਉਂਦੀ ਅਤੇ ਪਾਣੀ ਸਦਕੇ ਜਿੱਥੇ ਹਰ ਪਲ ਜਸ਼ਨ ਜਿਹੀ ਰੌਣਕ ਹੁੰਦੀ ਸੀ, ਹੁਣ ਉਸ ਖੂਹ ਨੂੰ ਤੱਕਣ ਦੀ ਵੀ ਮੇਰੇ ਵਿੱਚ ਹਿੰਮਤ ਨਹੀਂ ਸੀ।
ਬਦਲਾਉ ਜਿਹੜਾ ਕਿ ਹੁਣ ਬਹੁਤਾ ਹੀ ਤੇਜ਼ੀ ਨਾਲ ਘੂਕ ਰਿਹਾ ਹੈ, ਮੇਰੇ ਬਚਪਨ ਤੇ ਕਿਸ਼ੋਰ ਉਮਰ ਦੀਆਂ ਸੁਹਾਵਣੀਆਂ ਯਾਦਾਂ ਦੀਆਂ ਪਟਾਰੀਆਂ ਨੂੰ ਪਟਕ-ਪਟਕ ਮਾਰ ਰਿਹਾ ਸੀ। ਪਿੰਡ ਦੇ ਟੋਭਿਆਂ ਉੱਤੇ ਪਹਿਲਾਂ ਜਿਹਾ ਜੀਵਨ ਨਹੀਂ ਸੀ। ਘਣੀਆਂ ਛਾਵਾਂ ਵਾਲੇ ਬਰੋਟੇ ਵੀ ਮਰ ਮੁੱਕ ਗਏ ਸਨ। ਪਿੰਡ ਦੇ ਰਾਹ ਵਿੱਚ ਇੱਕ ਬੋੜਾ ਖੂਹ ਹੁੰਦਾ ਸੀ। ਉਸ ਅੰਦਰ ਸਿਰਫ਼ ਰੇਤ ਹੀ ਰਹਿ ਗਈ ਸੀ। ਉਸ ਨੂੰ ਵੇਖ ਕੇ ਮਾਯੂਸੀ ਹੁੰਦੀ ਸੀ। ਬਹੁਤੇ ਹੀ ਰਮਣੀਕ ਰਹੇ ਖੂਹ-ਟੋਭੇ ਹੁਣ ਬੇਰੌਣਕੇ ਹੋ ਗਏ ਹਨ। ਬਿਜਲੀ ਦੀਆਂ ਛੋਟੀਆਂ ਅਤੇ ਵੱਡੀਆਂ ਮੋਟਰਾਂ ਦੇ ਰਾਹੀਂ ਖੇਤਾਂ ਲਈ ਅਤੇ ਘਰਾਂ ਦੀ ਵਰਤੋਂ ਲਈ ਧਰਤੀ ਹੇਠੋਂ ਬੇਸ਼ੁਮਾਰ ਪਾਣੀ ਖਿੱਚਿਆ ਜਾ ਰਿਹਾ ਹੈ। ਇਸ ਦਾ ਤਲ ਹੇਠਾਂ, ਹੋਰ ਹੇਠਾਂ ਜਾ ਰਿਹਾ ਹੈ। ਜੇ ਸਾਰਾ ਪਾਣੀ ਇੰਜ ਹੀ ਬੇਹਿਸਾਬਾ ਕੱਢਿਆ ਜਾਂਦਾ ਰਿਹਾ, ਤਾਂ ਇਹ ਮੁੱਕ ਵੀ ਸਕਦਾ ਹੈ। ਮੇਰੇ ਹੁਣ ਦੇ ਵਸੇਬੇ ਵਾਲੇ ਨਗਰ ਵਿੱਚ ਘਰਾਂ ਦੀ ਵਰਤੋਂ ਲਈ ਭਾਖੜਾ ਨਹਿਰ ਤੋਂ ਪਾਣੀ ਲਿਆ ਜਾਂਦਾ ਹੈ। ਪਿੱਛੇ ਜਿਹੇ ਕਿਸੇ ਖ਼ਰਾਬੀ ਕਾਰਨ ਦੋ-ਤਿੰਨ ਦਿਨ ਪਾਣੀ ਦੀ ਬਹੁਤੀ ਕਿੱਲਤ ਰਹੀ। ਜੇ ਭਲਾ ਇੰਜ ਹੀ ਰਹਿੰਦਾ ਤਾਂ ‘ਫੂਹੀ ਫੂਹੀ’ ਨੂੰ ਤਰਸਣ ਵਾਲੀ ਹਾਲਤ ਹੋ ਗਈ ਸੀ। ਮੈਨੂੰ ਮੁੜ-ਮੁੜ ਪ੍ਰੋ. ਗੁਰਦਿਆਲ ਸਿੰਘ ਜੈਤੋ ਵਾਲਿਆਂ ਦਾ ਪੰਜਾਬੀ ਦੀ ਪਾਠ-ਪੁਸਤਕਾਂ ਵਿੱਚ ਪਾਇਆ ਪਾਠ ਯਾਦ ਆਵੇ। ਸ਼ਾਇਦ ਨਾਂ ਸੀ ‘ਜੇ ਭਲਾ ਬਾਲਣ ਮੁੱਕ ਜਾਵੇ’। ਇਸ ਵਿੱਚ ਈਂਧਣ ਖੁਣੋਂ ਕਿਤੇ ਵੀ ਅੱਗ ਨਾ ਬਲ ਸਕਣ ਦੀ ਸਥਿਤੀ ਚਿਤਰੀ ਗਈ ਸੀ। ਸਾਰੀ ਜ਼ਿੰਦਗੀ ਹੀ ਖਲੋ ਗਈ ਜਾਪਦੀ ਸੀ। ਪਾਣੀ ਕਦੇ ਮੁੱਕ ਜਾਵੇ ਤਾਂ? ਇਹ ਖ਼ਦਸ਼ੇ ਡਰਾਉਣੇ ਹਨ। ਸਾਡੀ ਬੇਸਮਝੀ ਦੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਸਿੱਟੇ ਨਿਕਲਣੇ ਹਨ। ਹੁਣ ਅਪਣੱਤ, ਮੋਹ-ਪਿਆਰ, ਸਾਂਝ, ਹਮਦਰਦੀ ਜਿਹੇ ਜੀਵਨ-ਸੋਮੇ ਵੀ ਤਾਂ ਸੁੱਕਣ ਲੱਗੇ ਹੋਏ ਹਨ।
ਸੰਪਰਕ: 9814157137

Advertisement
Advertisement

Advertisement
Author Image

joginder kumar

View all posts

Advertisement