For the best experience, open
https://m.punjabitribuneonline.com
on your mobile browser.
Advertisement

ਖ਼ੈਰ ਹੋਵੇ

06:07 AM Jul 18, 2024 IST
ਖ਼ੈਰ ਹੋਵੇ
Advertisement

ਸੁਖਜੀਤ ਸਿੰਘ ਵਿਰਕ

Advertisement

ਵਿਆਹ ਸਮਾਗਮ ਵਿੱਚ ਹਾਜ਼ਰ ਹੋਣ ਲਈ ਪੈਲੇਸ ਪੁੱਜਾ ਤਾਂ ਉਮੀਦ ਮੁਤਾਬਿਕ ਕੰਨ ਪਾੜਵੇਂ ਡੀਜੇ ਦੇ ਰੌਲੇ ਨੇ ਸਵਾਗਤ ਕੀਤਾ। ਵਿਆਹ ਵਾਲੇ ਪਰਿਵਾਰ ਨੂੰ ਹੱਥ ਜੋੜ ਕੇ ਇਸ਼ਾਰੇ ਨਾਲ ਹੀ ਵਧਾਈ ਦਿੱਤੀ। ਕੁਝ ਜਾਣੇ ਪਛਾਣੇ ਸੱਜਣਾਂ ਨਾਲ ਸਾਂਝੇ ਮੇਜ਼ ’ਤੇ ਬੈਠ ਕੇ ਚਾਹ ਪਾਣੀ ਦਾ ਆਨੰਦ ਲੈ ਰਿਹਾ ਸਾਂ ਕਿ ਸਟੇਜ ਤੋਂ ਅਚਾਨਕ ਗਾਣੇ ਵੱਜਣੇ ਬੰਦ ਹੋ ਗਏ। ਸਮਾਗਮ ਵਿੱਚ ਸ਼ਾਮਲ ਕੁਝ ਗੱਭਰੂ ਸ਼ਰਾਬ ਦੇ ਨਸ਼ੇ ਵਿੱਚ ਸਟੇਜ ’ਤੇ ਚੜ੍ਹ ਗਏ ਸਨ ਅਤੇ ਨੱਚਦੀਆਂ ਲੜਕੀਆਂ ਨੂੰ ਨਾ-ਵਾਜਬ ਹਰਕਤਾਂ ਕਰ ਕੇ ਪ੍ਰੇਸ਼ਾਨ ਕਰ ਰਹੇ ਸਨ। ਸਟੇਜ ਸਕੱਤਰ ਮਾਹੌਲ ਸੁਖਾਵਾਂ ਰੱਖਣ ਲਈ ਪ੍ਰਬੰਧਕਾਂ ਨੂੰ ਮਦਦ ਲਈ ਬੇਨਤੀਆਂ ਕਰ ਰਿਹਾ ਸੀ।
ਚੇਤਿਆਂ ਵਿੱਚ ਉਸ ਕਲਾਕਾਰ ਕੁੜੀ ਅਤੇ ਦਰਸ਼ਕਾਂ ਵਿਚਕਾਰ ਹੋਈ ਤਕਰਾਰ ਉੱਭਰ ਆਈ; ਇਸ ਬਦਮਜ਼ਗੀ ਨੇ ਵਿਆਹ ਸਮਾਗਮ ਦਾ ਰੰਗ ਹੀ ਬਦਲ ਦਿੱਤਾ ਸੀ। ਬਹੁਤ ਸਾਰੇ ਸੰਜੀਦਾ ਲੋਕ ਗੰਧਲੇ ਹੋ ਰਹੇ ਵਿਆਹ ਸਮਾਗਮਾਂ ਦੀਆਂ ਵਧ ਰਹੀਆਂ ਕੁਰੀਤੀਆਂ ਤੋ ਬੇਹੱਦ ਪ੍ਰੇਸ਼ਾਨ ਹਨ। ਕੋਈ ਜ਼ਮਾਨਾ ਸੀ ਜਦੋ ਸਾਦੇ ਸਮਾਗਮਾਂ ਨਾਲ ਹੀ ਵਿਆਹ ਸੰਪੂਰਨ ਹੋ ਜਾਂਦੇ ਸਨ। ਸਾਧਾਰਨ ਪਰ ਮੋਹ ਭਰੀ ਆਓ ਭਗਤ ਕਰਦੇ ਲੋਕ ਰਵਾਇਤੀ ਮਠਿਆਈਆਂ ਅਤੇ ਚਾਹ ਪਾਣੀ ਦੀ ਸੇਵਾ ਮਗਰੋਂ ਬਰਾਤ ਲਈ ਕਿਸੇ ਧਰਮਸ਼ਾਲਾ, ਸਕੂਲ ਜਾਂ ਖੁੱਲ੍ਹੀ ਸੋਹਣੀ ਥਾਂ ’ਤੇ ਮੰਜਿਆਂ ’ਤੇ ਬੈਠਣ, ਲੰਮੇ ਪੈਣ ਦੇ ਕੀਤੇ ਇੰਤਜ਼ਾਮ ਰਿਸ਼ਤਿਆਂ ਵਿੱਚ ਮਿਠਾਸ ਭਰ ਦਿੰਦੀ ਸੀ। ਬਦਲਦੇ ਵਕਤ, ਆਧੁਨਿਕਤਾ, ਵਧੀ ਹੋਈ ਆਰਥਿਕ ਸਮਰੱਥਾ ਅਤੇ ਦਿਖਾਵੇ ਦੀ ਚਕਾਚੌਂਧ ਨੇ ਵਿਆਹ ਸਮਾਗਮਾਂ ਨੂੰ ਰੰਗਾਰੰਗ ਪ੍ਰੋਗਰਾਮਾਂ ਦਾ ਰੂਪ ਦੇ ਕੇ ਪੈਲੇਸਾਂ ਵਿੱਚ ਪਹੁੰਚਾ ਦਿੱਤਾ ਹੈ ਪਰ ਰਿਸ਼ਤੇ ਬੇਰੰਗ ਕਰ ਦਿੱਤੇ ਹਨ। ਰਿਸ਼ਤਿਆਂ ਵਿੱਚ ਚਾਚੇ, ਤਾਏ, ਮਾਮੇ, ਭੂਆ ਦੇ ਜੰਮੇ ਜਾਏ ਭੈਣ ਭਰਾ ਲੱਗਦੇ ਹਲਕੇ ਗਾਣਿਆਂ ’ਤੇ ਬੜੀ ਬੇਸ਼ਰਮੀ ਨਾਲ ਨੱਚਦੇ ਇੱਕ ਦੂਜੇ ਵੱਲ ਹੋਛੇ ਤੇ ਭੱਦੇ ਇਸ਼ਾਰੇ ਕਰਦੇ ਹਨ। ਫਿਰ ਸਟੇਜ ’ਤੇ ਨੱਚਦੀ ਕੁੜੀ ਉਨ੍ਹਾਂ ਦੀ ਕੀ ਲੱਗਦੀ ਸੀ/ਹੈ? ਮਨੋਰੰਜਨ ਖ਼ਾਤਿਰ ਬੁਲਾਏ ਗਰੁੱਪਾਂ ਦੀਆਂ ਅੱਧ-ਨੰਗੀਆਂ ਹੋ ਕੇ ਨੱਚਦੀਆਂ ਕੁੜੀਆਂ ਦੇ ਬੇਹੂਦਾ ਇਸ਼ਾਰਿਆਂ ਨੇ ਘਟਨਾਵਾਂ ਵਿੱਚ ਵਾਧਾ ਹੀ ਕੀਤਾ ਹੈ। ਹੈਰਾਨੀ ਹੁੰਦੀ ਹੈ ਜਦੋਂ ਮਾਪੇ ਅਤੇ ਹੋਰ ਰਿਸ਼ਤੇਦਾਰ ਨਵੀਂ ਪੀੜ੍ਹੀ ਨੂੰ ਕੋਝੀਆਂ ਹਰਕਤਾਂ ਤੋਂ ਰੋਕਣ ਦੀ ਥਾਂ ਖੁਦ ਉਨ੍ਹਾਂ ਵਿੱਚ ਜਾ ਸ਼ਾਮਲ ਹੁੰਦੇ ਹਨ। ਅਜਿਹੇ ਮੌਕੇ ਲਾਏ ਜਾਂਦੇ ਗਾਇਕਾਂ ਅਤੇ ਡੀਜੇ ਦੇ ਕੰਨ ਪਾੜਵੇਂ ਸ਼ੋਰ ਵਿੱਚੋਂ ਅੱਜ ਦੀ ਪੀੜ੍ਹੀ ਕਿਹੜਾ ਆਨੰਦ ਭਾਲਦੀ ਹੈ? ਚਾਰ ਘੰਟਿਆਂ ਵਿੱਚ ਸਿਮਟ ਚੁੱਕੇ ਵਿਆਹ ਸਮਾਗਮਾਂ ਵਿੱਚ ਕਦੀ ਕਦਾਈਂ ਮਿਲੇ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਕੋਈ ਪਰਿਵਾਰਕ ਜਾਂ ਦੋਸਤਾਨਾ ਗੱਲ ਵੀ ਨਹੀਂ ਕਰ ਸਕਦੇ। ਜੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਦੂਜਾ ਕੰਨ ਪਾੜਵੀਂ ਆਵਾਜ਼ ਕਾਰਨ ਮਜਬੂਰੀ ਵੱਸ ਬਿਨਾਂ ਸੁਣੇ/ਸਮਝੇ ਸਿਰ ਜਾਂ ਹੱਥ ਹਿਲਾ ਦਿੰਦਾ ਹੈ। ਵਿਆਹ ਸਮੇਂ ਸਮਾਜਿਕ, ਰਵਾਇਤੀ ਜਾਂ ਧਾਰਮਿਕ ਰਸਮਾਂ ਸਮੇਂ ਲੋਕ ਘੱਟ ਹੀ ਸ਼ਮੂਲੀਅਤ ਕਰਦੇ ਹਨ। ਸਿਰਫ ਖਾਣ ਪੀਣ ਅਤੇ ਪਾਰਟੀ ਸਮਾਗਮ ਨੂੰ ਤਰਜੀਹ ਦਿੱਤੀ ਜਾਂਦੀ ਹੈ। ਮਾੜੀ ਗੱਲ ਇਹ ਕਿ ਸਮਾਜ ਇਸ ਵਰਤਾਰੇ ਨੂੰ ਗੰਭਰੀਤਾ ਨਾਲ ਲੈਣ ਦੀ ਬਜਾਇ ਸਹਿਜੇ ਹੀ ਸਵੀਕਾਰ ਕਰਨ ਲੱਗ ਪਿਆ ਹੈ। ਅਜਿਹੇ ਕਈ ਸਮਾਗਮਾਂ ’ਤੇ ਫੋਕੀ ਟੌਹਰ ਖ਼ਾਤਿਰ ਕੀਤੇ ਫਾਇਰਾਂ ਨੇ ਖੁਸ਼ੀਆਂ ਨੂੰ ਮਾਤਮ ਵਿੱਚ ਤਬਦੀਲ ਕੀਤਾ ਹੈ ਪਰ ਅਸੀਂ ਅਜੇ ਵੀ ਸੁਧਰਨ, ਸੁਚੇਤ ਹੋਣ ਜਾਂ ਜਿ਼ੰਮੇਵਾਰੀ ਲੈਣ ਤੋਂ ਇਨਕਾਰੀ ਹਾਂ... ਸ਼ਾਲਾ ਖ਼ੈਰ ਹੋਵੇ!
ਸੰਪਰਕ: 98158-97878

Advertisement

Advertisement
Author Image

joginder kumar

View all posts

Advertisement