ਹਜ਼ੂਰ ਸਾਹਿਬ ਤੋਂ ਆਈ ਸੰਗਤ ਦਾ ਸਵਾਗਤ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 21 ਨਵੰਬਰ
ਭਗਤੀ ਲਹਿਰ ਦੇ ਮਾਣਕ ਮੋਤੀ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਨਰਸੀ ਨਾਮਦੇਵ (ਜ਼ਿਲ੍ਹਾ ਸਤਾਰਾ) ਮਹਾਰਾਸ਼ਟਰ ਤੋਂ ਸ਼ੁਰੂ ਹੋ ਕੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਹੁੰਦੀ ਹੋਈ ਭਗਤ ਨਾਮਦੇਵ ਯਾਤਰਾ ਵਿੱਚ ਸ਼ਾਮਲ ਮਰਾਠੀ ਸੰਗਤ ਨੇ ਅੱਜ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਗੁਰਾ ਸਿੰਘ ਮਾਨ, ਐਡੀਸ਼ਨਲ ਅਵਤਾਰ ਸਿੰਘ ਪਿੱਦੀ, ਸਰਬਜੀਤ ਸਿੰਘ ਮੁੰਡਾ ਪਿੰਡ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਤੇ ਸਾਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਮਰਾਠੀ ਸੰਗਤ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਮੱਥਾ ਟੇਕਣ ਉਪਰੰਤ ਬਾਬਾ ਨਾਮਦੇਵ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਅਤੇ ਨਾਨਕ ਸਾਈਂ ਫਾਊਂਡੇਸ਼ਨ ਮਹਾਰਾਸ਼ਟਰ ਦੇ ਪ੍ਰਧਾਨ ਪੰਡਰੀਨਾਥ ਬੋਕਾਰੇ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਉਦੇਸ਼ ਮਹਾਰਾਸ਼ਟਰ ਦੀ ਸੰਗਤ ਨੂੰ ਪੰਜਾਬ ਵਿਚਲੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਦੇ ਨਾਲ-ਨਾਲ ਮਰਾਠੀ, ਪੰਜਾਬੀ ਭਾਈਚਾਰੇ ਨੂੰ ਮਜ਼ਬੂਤ ਬਣਾਉਣਾ ਹੈ। ਇਸ ਮੌਕੇ ਕੁਲਦੀਪ ਸਿੰਘ ਔਲਖ ਅਤੇ ਐਡੀਸ਼ਨਲ ਮੈਨੇਜਰ ਅਵਤਾਰ ਸਿੰਘ ਵੱਲੋਂ ਯਾਤਰਾ ਵਿੱਚ ਸ਼ਾਮਲ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ।