ਅਮਰੀਕਾ ’ਚ ਰਾਜਦੂਤ ਦੇ ਅਹੁਦੇ ’ਤੇ ਕਵਾਤਰਾ ਦੀ ਨਿਯੁਕਤੀ ਦਾ ਸਵਾਗਤ
ਵਾਸ਼ਿੰਗਟਨ, 21 ਜੁਲਾਈ
ਭਾਰਤੀ-ਅਮਰੀਕੀ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਨੇ ਡਿਪਲੋਮੈਟ ਵਿਨੈ ਕਵਾਤਰਾ ਨੂੰ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਨਿਯੁਕਤ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਉਹ ਉਨ੍ਹਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਨ। ਸਾਬਕਾ ਵਿਦੇਸ਼ ਸਕੱਤਰ ਕਵਾਤਰਾ ਨੂੰ ਸ਼ੁੱਕਰਵਾਰ ਨੂੰ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਜਨਵਰੀ ਵਿੱਚ ਤਰਨਜੀਤ ਸੰਧੂ ਦੀ ਸੇਵਾਮੁਕਤੀ ਹੋਣ ਤੋਂ ਬਾਅਦ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਦਾ ਅਹੁਦਾ ਖਾਲੀ ਹੋ ਗਿਆ ਸੀ। ‘ਇੰਡਾਇਸਪੋਰਾ’ ਨੇ ਕਿਹਾ, ‘‘ਪਰਵਾਸੀ ਭਾਰਤੀ ਸਮੂਹ ਵਿਨੈ ਮੋਹਨ ਕਵਾਤਰਾ ਨੂੰ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਉਨ੍ਹਾਂ ਦੀ ਨਿਯੁਕਤੀ ’ਤੇ ਵਧਾਈ ਦਿੰਦਾ ਹੈ। ਕਵਾਤਰਾ ਬਿਨਾ ਸ਼ੱਕ ਅਮਰੀਕਾ-ਭਾਰਤ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ‘ਇੰਡਾਇਸਪੋਰਾ’ ਰਾਜਦੂਤ ਕਵਾਤਰਾ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ।’’ ਇਸੇ ਤਰ੍ਹਾਂ ਯੂਐੱਸ-ਇੰਡੀਆ ਸਟ੍ਰੈਟਜਿਕ ਐਂਡ ਪਾਰਟਨਰਸ਼ਿਪ ਫੋਰਮ (ਯੂਐੱਸਆਈਐੱਸਪੀਐੱਫ) ਦੇ ਪ੍ਰਧਾਨ ਤੇ ਸੀਈਓ ਮੁਕੇਸ਼ ਅਗੀ ਨੇ ਕਿਹਾ, ‘‘ਵਿਦੇਸ਼ ਸਕੱਤਰ ਵਜੋਂ ਕਵਾਤਰਾ ਨੇ ਅਹਿਮ ਭੂ-ਰਾਜਨੀਤਕ ਚੁਣੌਤੀਆਂ ਨਾਲ ਨਿਪਟਦੇ ਹੋਏ ਭਾਰਤੀ ਦੀ ਵਿਦੇਸ਼ ਨੀਤੀ ਨੂੰ ਮਹੱਤਵਪੂਰਨ ਤੌਰ ’ਤੇ ਅੱਗੇ ਵਧਾਇਆ ਹੈ। ਅਮਰੀਕਾ-ਭਾਰਤ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਣ ਲਈ ਮਿਲ ਕੇ ਕੰਮ ਕਰਨ ਦੀ ਆਸ ਹੈ।’’ -ਪੀਟੀਆਈ