ਦੌੜਾਕ ਵੈਭਵ ਸ਼ਿੰਦੇ ਦਾ ਪੰਜਾਬ ਪਹੁੰਚਣ ’ਤੇ ਸਵਾਗਤ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 21 ਨਵੰਬਰ
ਮਹਾਰਾਸ਼ਟਰ ਦੇ ਵਸਨੀਕ ਵੈਬਵ ਸ਼ਿੰਦੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੌੜ ਲਾ ਰਹੇ ਹਨ। ਵੈਭਵ ਸ਼ਿੰਦੇ ਦੇ ਅੰਬਾਲਾ ਤੋਂ ਪੰਜਾਬ ਵਿੱਚ ਦਾਖਲ ਹੋਣ ‘’ਤੇ ਉਨ੍ਹਾਂ ਦੇ ਮਿੱਤਰ ਰਮਨ ਮਾਹਲ ਤੇ ਹੋਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਸ਼ਿੰਦੇ ਨੇ ਦੱਸਿਆ ਕਿ ਉਹ 11 ਨਵੰਬਰ 2024 ਤੋਂ ਸ੍ਰੀਨਗਰ ਦੇ ਲਾਲ ਚੌਕ ਚੱਲੇ ਸਨ ਤੇ ਕੰਨਿ ਕੁਮਾਰੀ ਤੱਕ ਦੌੜ ਕੇ ਆਪਣਾ ਸਫ਼ਰ ਮੁਕੰਮਲ ਕਰਨ ਮਗਰੋਂ ‘ਗਿੰਨੀਜ਼ ਬੁੱਕ ਆਫ਼ ਦਿ ਵਰਲਡ ਰਿਕਾਰਡਜ਼’ ਵਿੱਚ ਆਪਣਾ ਨਾਂ ਦਰਜ ਕਰਾਉਣ ਇਛੁੱਕ ਹਨ। ਉਨ੍ਹਾਂ ਨਾਲ ਉਨ੍ਹਾਂ ਦੀ ਪੂਰੀ ਟੀਮ ਸਮੇਤ ਗੱਡੀ ਫ਼ੋਟੋਗ੍ਰਾਫੀ ਅਤੇ ਵੀਡੀਓਗ੍ਰਾਫ਼ੀ ਕਰ ਰਹੀ ਹੈ। ਉਹ ਰੋਜ਼ਾਨਾ 80 ਤੋਂ 100 ਕਿਲੋਮੀਟਰ ਤੱਕ ਦਾ ਸਫ਼ਰ ਦੌੜ ਕੇ ਤੈਅ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀਨਗਰ ਤੋਂ ਕੰਨਿਆ ਕੁਮਾਰੀ ਤੱਕ ਦੌੜ ਕੇ ਸਫ਼ਰ ਤੈਅ ਕਰਨ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਮੋੜ ਕੇ ਰੋਜ਼ਾਨਾ ਕਸਰਤ ਕਰ ਕੇ ਤੰਦਰੁਸਤ ਰਹਿਣ ਦਾ ਸੁਨੇਹਾ ਦੇਣਾ ਹੈ। ਜੇਕਰ ਨੌਜਵਾਨ ਤੰਦਰੁਸਤ ਰਹਿਣਗੇ ਤਾਂ ਦੇਸ਼ ਤੰਦਰੁਸਤ ਹੋਵੇਗਾ।