ਗਵਾਲੀਅਰ ਤੋਂ ਪਰਤੀ ਪੈਦਲ ਯਾਤਰਾ ਦਾ ਅੰਮ੍ਰਿਤਸਰ ਪੁੱਜਣ ’ਤੇ ਸਵਾਗਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਨਵੰਬਰ
ਬੰਦੀ ਛੋੜ ਦਿਵਸ ਨੂੰ ਸਮਰਪਿਤ ਕਿਲ੍ਹਾ ਗਵਾਲੀਅਰ ਦੇ ਗੁਰਦੁਆਰਾ ਬੰਦੀ ਛੋੜ ਸਾਹਿਬ ਤੋਂ ਦਰਸ਼ਨ ਕਰਕੇ ਵਾਪਿਸ ਗੁਰੂ ਨਗਰੀ ਅੰਮ੍ਰਿਤਸਰ ਪਰਤੀ ਚੌਥੀ ਪੈਦਲ ਸ਼ਬਦ ਚੌਕੀ ਯਾਤਰਾ ਦਾ ਨਿਹੰਗ ਜਥੇਬੰਦੀ ਬੁੱਢਾ ਦਲ ਨਾਲ ਸਬੰਧਤ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਪੁੱਜਣ ’ਤੇ ਬੁੱਢਾ ਦਲ ਵੱਲੋਂ ਸਵਾਗਤ ਕੀਤਾ ਗਿਆ। ਇਹ ਯਾਤਰਾ ਅਰਦਾਸ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਵਾਨਾ ਹੋ ਗਈ। ਗਵਾਲੀਅਰ ਤੋਂ ਪੈਦਲ ਚਲੀ ਇਸ ਸ਼ਬਦ ਚੌਕੀ ਯਾਤਰਾ ਦਾ ਅੱਜ ਇਥੇ ਨਿਹੰਗ ਜਥੇਬੰਦੀ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਭਗਤ ਸਿੰਘ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ, ਜਗਦੀਸ਼ ਸਿੰਘ ਆਹਲੂਵਾਲੀਆ ਨੇ ਕਾਰਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਸਮੇਤ ਸ਼ਬਦ ਚੌਕੀ ਵਿੱਚ ਸ਼ਾਮਲ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ, ਨੂੰ ਸਿਰੋਪਾਓ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੱਤਰ ਸ੍ਰੀ ਬੇਦੀ ਅਤੇ ਬਾਬਾ ਸੇਵਾ ਸਿੰਘ ਨੇ ਸਾਂਝੇ ਤੌਰ ਤੇ ਦਸਿਆ ਕਿ ਇਹ ਚੌਥੀ ਪੈਦਲ ਯਾਤਰਾ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿਲ੍ਹਾ ਗਵਾਲੀਅਰ ਗਈ ਸੀ । ਇਹ ਸ਼ਬਦ ਚੌਕੀ ਯਾਤਰਾ ਕਿਲ੍ਹਾ ਗਵਾਲੀਅਰ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਵੱਖ-ਵੱਖ ਸੂਬਿਆਂ ਤੋਂ ਹੁੰਦੀ ਹੋਈ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਸੰਪੂਰਨ ਹੋਈ। ਇਸ ਮੌਕੇ ਬਾਬਾ ਮੱਘਰ ਸਿੰਘ ਮੁੱਖ ਗ੍ਰੰਥੀ ਬੁੱਢਾ ਦਲ, ਪਰਮਜੀਤ ਸਿੰਘ ਬਾਜਵਾ ਮੈਨੇਜਰ, ਬਾਬਾ ਗਗਨਦੀਪ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
ਨਿਹੰਗ ਜਥੇਬੰਦੀਆ ਵੱਲੋਂ ਮਹੱਲਾ ਅੱਜ
ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਜਥੇਬੰਦੀਆ ਵੱਲੋਂ 2 ਨਵੰਬਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਵਿਖੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਭੋਗ ਪੈਣ ਉਪਰੰਤ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਖਾਲਸਾਈ ਜੈਕਾਰਿਆਂ ਨਾਲ ਘੋੜਿਆਂ, ਹਾਥੀਆਂ, ਊਠਾਂ ਅਤੇ ਵੱਖ-ਵੱਖ ਵਾਹਨਾਂ ਰਾਹੀਂ ਮਹੱਲਾ ਕੱਢਿਆ ਜਾਵੇਗਾ।